ਸਿੱਖ ਲੀਡਰ ਏਜੰਡੇ ਬਣਾਉਣ ਦੇ ਤਾਂ ਬਹੁਤ ਮਾਹਿਰ ਹਨ, ਲੇਕਿਨ ਪਹਿਰਾ ਦੇਣ ਵੇਲੇ ਕੋਈ ਮਾਈ ਦਾ ਲਾਲ ਹੀ ਖੜ੍ਹਦਾ ਹੈ…?-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਇੱਕ ਅਜਿਹਾ ਏਜੰਡਾ ਜਿਸ ਵਿਚ ਦੁਨੀਆਂ ਦੇ ਤਮਾਮ ਮਸਲੇ ਹੱਲ ਕਰਨ ਦੀ ਸ਼ਕਤੀ ਅਤੇ ਵਿਧੀ ਹੈ, ਪਰ ਸਿੱਖ ਬਹੁਤੀ ਵਾਰ ਗੁਰੂ ਤੋਂ ਵੀ ਸਿਆਣੇ ਹੋ ਤੁਰਦੇ ਹਨ ਅਤੇ ਆਪਣੀ ਸਿਆਣਪ ਨਾਲ ਆਪਣੀ ਹਉਂਮੇ ਨੂੰ ਪੱਠੇ ਤਾਂ ਜਰੁਰ ਪਾ ਲੈਂਦੇ ਹਨ, ਪਰ ਕੌਮ ਦਾ ਕੁਝ ਨਹੀਂ ਬਣਦਾ। ਗੁਰੂ ਸਾਹਿਬ ਨੇ ਪੰਥ ਬਣਾਇਆ ਸੀ ਅਤੇ ਆਪਣੇ ਆਪ ਨੂੰ ਪੰਥ ਵਿਚ ਅਭੇਦ ਕਰ ਲਿਆ ਸੀ, ਲੇਕਿਨ ਅੱਜ ਸਿੱਖਾਂ ਨੇ ਪੰਥਕ ਜਥੇਬੰਦੀਆਂ ਬਣਾਉਣ ਦੇ ਨਾਮ ਹੇਠ ਗੁਰੂ ਦੇ ਸਰੀਰ ਨੂੰ ਹੀ ਵੰਡ ਦਿੱਤਾ ਹੈ, ਕਿਉਂਕਿ ਗੁਰੂ ਸਾਹਿਬ ਨੇ ਖੁਦ ਬਚਨ ਕੀਤੇ ਸਨ, ਕਿ “ਅੱਜ ਤੋਂ ਆਤਮਾ ਗ੍ਰੰਥ ਵਿਚ ਅਤੇ ਸਾਡੇ ਪ੍ਰਾਨ ਪੰਥ ਵਿਚ ਹੋਣਗੇ”, ਫਿਰ ਜਦੋਂ ਸਿੱਖਾਂ ਨੇ ਆਪਣਾ ਵਜੂਦ ਪੰਥ ਹੀ ਖਤਮ ਕਰ ਲਿਆ ਤਾਂ ਫਿਰ ਖਵਾਰੀਆਂ ਨੇ ਤਾਂ ਬੂਹਾ ਮੱਲਣਾ ਹੀ ਸੀ। ਸਿੱਖਾਂ ਨੇ ਬਹੁਤ ਸਾਰੇ ਏਜੰਡੇ ਬਨਾਏ ਅਤੇ ਸਮੇਂ ਸਮੇਂ ਸੰਘਰਸ਼ ਕੀਤਾ, ਪਰ ਸੰਘਰਸ਼ ਫੇਲ੍ਹ ਹੋ ਜਾਣ ਤੇ ਨਿਰਾਸ਼ਤਾ ਵਿੱਚੋਂ ਨਿਕਲਣ ਨੂੰ ਵਾਸਤੇ ਆਗੂ ਕੋਈ ਨ ਕੋਈ ਨਵਾਂ ਏਜੰਡਾ ਤਿਆਰ ਕਰ ਲੈਂਦੇ ਰਹੇ ਹਨ।

ਉਂਜ ਤਾਂ ਬਹੁਤ ਸਾਰੇ ਏਜੰਡੇ ਬਣੇ ਪਰ ਇੱਕ ਏਜੰਡਾ ਹੁਣ ਤੋਂ ਥੋੜੇ ਦਿਨਾਂ ਬਾਅਦ ਭਾਵ 2 ਮਈ 1994 ਨੂੰ ਵੀ ਤਿਆਰ ਕੀਤਾ ਗਿਆ ਅਤੇ ਉਸ ਨੂੰ “ਅੰਮ੍ਰਿਤਸਰ ਐਲਾਨਨਾਮੇ” ਦਾ ਨਾਮ ਦਿੱਤਾ ਗਿਆ ਸੀ। ਜਿਸ ਨੂੰ ਬਹੁਤ ਸਾਰੇ ਪੰਥਕ ਲੀਡਰਾਂ ਨੇ ਇਕੱਠੇ ਹੋ ਕੇ ਪ੍ਰਵਾਨ ਕੀਤਾ, ਪਰ ਬਾਅਦ ਵਿਚ ਸਿਰਫ ਸ. ਸਿਮਰਨਜੀਤ ਸਿੰਘ ਮਾਨ ਦਾ ਏਜੰਡਾ ਹੀ ਬਣ ਕੇ ਰਹਿ ਗਿਆ। ਇਸ ਤੋਂ ਪਹਿਲਾਂ ਵੀ ਸਿੱਖ ਹੋਂਮਲੈਂਡ ਅਤੇ “ਅਨੰਦਪੁਰ ਦਾ ਮਤਾ” ਹੋਂਦ ਵਿਚ ਆਇਆ, ਜਿਸ ਦੇ ਕਰਤਾ ਇੱਕ ਸੱਚੇ ਤੇ ਸੁੱਚੇ ਆਗੂ ਸ. ਕਪੂਰ ਸਿੰਘ ਆਈ.ਸੀ.ਐਸ. ਸਨ। ਉਹਨਾਂ ਨੇ ਜੋ ਇਹ ਦੋ ਏਜੰਡੇ ਤਿਆਰ ਕੀਤੇ ਦਰਅਸਲ ਉਹ ਦਿਲੋਂ ਕੌਮ ਨੂੰ ਕੋਈ ਰਸਤਾ ਵਿਖਾਉਣਾ ਲੋਚਦੇ ਸਨ, ਪਰ ਨਾਲ ਦੀ ਲੀਡਰਸ਼ਿਪ ਦੇ ਕਦਮ ਸਾਬਤ ਨਾ ਹੋਣ ਕਰਕੇ, ਉਹ ਪੰਥ ਦਰਦੀ ਕਲਪਦੀ ਆਤਮਾ ਨਾਲ ਕੌਮ ਨੂੰ ਫਤਹਿ ਬੁਲਾ ਗਿਆ ਅਤੇ ਮਤਾ ਅਨੰਦਪੁਰ ਦਾ ਬੇਸ਼ੱਕ ਸੂਬਿਆਂ ਵਾਸਤੇ ਵੱਧ ਅਧਿਕਾਰਾਂ ਦੀ ਤਰਜਮਾਨੀ ਕਰਦਾ ਹੈ, ਪਰ ਭਾਰਤੀ ਨਿਜ਼ਾਮ ਦੇ ਜਬਰ ਅਤੇ ਸ਼ਕਨੀਪੁਨੇ ਕਰਕੇ, ਉਹ ਸਿਰਫ ਅਕਾਲੀਆਂ ਦਾ ਪ੍ਰੋਗ੍ਰਾਮ ਬਣਕੇ ਹੀ ਰਹਿ ਗਿਆ, ਜਿਸ ਨੂੰ ਭਗਵੀ ਗੁੜਤੀ ਵਾਲੇ ਭਾਰਤੀ ਮੀਡੀਆ ਨੇ ਵੱਖਵਾਦੀ ਮਤਾ ਆਖ ਕੇ ਹੀ ਪ੍ਰਚਾਰਿਆ ਅਤੇ ਉਸ ਦੇ ਅੰਦਰਲੀ ਸਾਂਝੀਵਾਲਤਾ ਨੂੰ ਸ਼ਬਦਾਂ ਦੇ ਚਕਰਵਿਊ ਵਿੱਚ ਹੀ ਦਫਨ ਕਰ ਦਿੱਤਾ।

ਜਦੋਂ ਵੀ ਅਕਾਲੀ ਦਲ ਕੋਲੋਂ ਸਤ੍ਹਾ ਗਈ ਜਾਂ ਅਕਾਲੀਆਂ ਨੂੰ ਇਹ ਲੱਗਾ ਕਿ ਸਾਡੀ ਪੁੱਛ ਪ੍ਰਤੀਤ ਜਿਹੀ ਘਟ ਗਈ ਹੈ, ਤਾਂ ਕੋਈ ਨਾ ਕੋਈ ਮੁੱਦਾ ਖੜ੍ਹਾ ਕਰ ਲੈਂਦੇ ਹਨ, ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਮੁੱਦਾ ਹੁੰਦਾ ਤਾਂ ਕੌਮੀ ਹੀ ਹੈ, ਪਰ ਜਿਸ ਦਿਨ ਸਤ੍ਹਾ ਦੀ ਘੋੜੀ ਦੀ ਲਗਾਮ ਹੱਥ ਆ ਜਾਵੇ, ਉਸ ਦਿਨ ਸਭ ਕੁਝ ਭੁੱਲ ਜਾਂਦਾ ਹੈ, ਖੂਹ ਵਿਚ ਪੈਣ ਮੁੱਦੇ ਅਤੇ ਖਾਤੇ ਵਿਚ ਡਿੱਗੇ ਕੌਮ, ਅਕਾਲੀ ਲਾਲ ਬੱਤੀਆਂ ਦੀ ਚਕਾਚੌਂਧ ਅਤੇ ਸਰਕਾਰੀ ਗੱਡੀਆਂ ਦੇ ਹੂਟਰਾਂ ਦੇ ਰੌਲੇ ਵਿਚ ਗਵਾਚ ਜਾਂਦੇ ਹਨ। ਅਕਾਲੀਆਂ ਨੇ 1992 ਦੀ ਚੋਣ ਦਾ ਕੁੱਝ ਖਾੜਕੂ ਜਥੇਬੰਦੀਆਂ ਦੇ ਆਖਣ ਉੱਤੇ ਬਾਈਕਾਟ ਕਰਕੇ ਬੱਜਰ ਗਲਤੀ ਕੀਤੀ ਅਤੇ ਸਿਰਫ ਛੇ ਫੀ ਸਦੀ ਵੋਟਾਂ ਨਾਲ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਹੋਂਦ ਵਿਚ ਆ ਗਈ, ਜਿਸ ਨੇ ਸਿੱਖ ਗਭਰੂਆਂ ਦੇ ਤਾਂ ਆਹੂ ਲਾਉਣੇ ਹੀ ਸੀ, ਅਕਾਲੀਆਂ ਨੂੰ ਵੀ ਬੇਅੰਤ ਸਿੰਘ ਨੇ ਰੋਜ਼ ਦਿਹਾੜੀ ਧਮਕੀਆਂ ਦੇਣੀਆਂ ਕਿ ਤੁੰਨ ਕੇ ਰੱਖ ਦੇਵਾਗਾ। ਉਸ ਵੇਲੇ ਅਕਾਲੀ ਬੇਵੱਸ ਹੋਏ ਨਜਰ ਆਉਂਦੇ ਸਨ, ਪਰ ਅਕਾਲੀਆਂ ਦੀ ਕਿਸਮਤ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਚਾਰ ਸੌ ਸਾਲਾ ਬੰਦੀਛੋੜ ਦਿਵਸ ਆ ਗਿਆ। ਜਿਸ ਉੱਤੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਕਾਇਮ ਮੁਕਾਮ ਜਥੇਦਾਰ ਭਾਈ ਮਨਜੀਤ ਸਿੰਘ ਨੇ ਕੁਝ ਧਾਰਮਿਕ ਗਤੀਵਿਧੀਆਂ ਅਰੰਭੀਆਂ ਤਾਂ ਅਕਾਲੀਆਂ ਨੂੰ ਵੀ ਖੁੱਡਾਂ ਵਿਚੋਂ ਬਾਹਰ ਨਿਕਲ ਦਾ ਹੌਂਸਲਾ ਮਿਲ ਗਿਆ।

ਇਹਨਾਂ ਚਾਰ ਸੌ ਸਾਲਾ ਸਮਾਗਮਾਂ ਵਿਚੋਂ ਹੀ ਪੰਥਕ ਏਕੇ ਦੀ ਗੱਲ ਤੁਰੀ। ਬਾਕੀ ਧਿਰਾਂ ਨੇ ਤਾਂ ਇੱਕ ਹੋਣ ਦੀ ਸਹਿਮਤੀ ਭਰ ਦਿੱਤੀ ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤੀ ਨਿਜ਼ਾਮ ਨੇ ਸਮਝਾ ਦਿੱਤਾ ਕਿ ਹੁਣ ਜਿਹੜਾ ਪੰਥ ਦੇ ਵਿਰੁੱਧ ਖੜ੍ਹਾ ਹੋਵੇਗਾ, ਭਾਰਤੀ ਨਿਜ਼ਾਮ ਉਸਦੀ ਸੂਬੇਦਾਰੀ ਨੂੰ ਪੁਸ਼ਤਾਂ ਤੱਕ ਪੱਕੀ ਕਰਨ ਦੀ ਜਿੰਮੇਵਾਰੀ ਲਵੇਗਾ ਅਤੇ ਥੋੜੇ ਸਮੇਂ ਵਿਚ ਹੀ ਉਸ ਨੂੰ ਅਸਲੀ ਪੰਥ ਦਾ ਦਰਜਾ ਵੀ ਦਿਵਾ ਦੇਵੇਗਾ। ਸ. ਬਾਦਲ ਅੰਦਰ ਕੁਰਸੀ ਅਤੇ ਸਿਆਸੀ ਤਾਕਤ ਦੀ ਲਾਲਸਾ ਤਾਂ ਜਨਮ ਸਿੱਧ ਹੀ ਕੁੱਟ ਕੇ ਭਰੀ ਹੋਈ ਹੈ, ਇਸ ਕਰਕੇ ਸ. ਬਾਦਲ ਇੱਕ ਪਾਸੇ ਅਤੇ ਬਾਕੀ ਦਾ ਸਾਰਾ ਪੰਥ ਇੱਕ ਪਾਸੇ ਖਲੋ ਗਿਆ, ਲੇਕਿਨ ਇਹ ਵੀ ਜਿਹੜੇ ਵੇਖਣ ਨੂੰ ਤਾਂ ਪੰਥ ਦਿੱਸਦੇ ਸਨ, ਪਰ ਅੰਦਰੋ ਅੰਦਰੀ ਕੁਰਸੀ ਵਾਸਤੇ ਲਾਲਾਂ ਇਹਨਾਂ ਦੀਆਂ ਬਾਦਲ ਨਾਲੋਂ ਵੀ ਲੰਬੀਆਂ ਡਿੱਗਦੀਆਂ ਸਨ। ਜਦੋਂ ਬਾਦਲ ਦੀ ਹੈਂਕੜ ਦਾ ਕੋਈ ਇਲਾਜ਼ ਨਾ ਹੋਇਆ ਤਾਂ ਜਥੇਦਾਰ ਅਕਾਲ ਤਖਤ ਨੇ ਬਾਕੀ ਦੇ ਸਿੱਖ ਆਗੂਆਂ ਨੂੰ ਇੱਕ ਲੜੀ ਵਿਚ ਪਰੋਣ ਵਾਸਤੇ ਕੁਝ ਵਿਦਵਾਨਾਂ ਦੀ ਮੱਦਦ ਨਾਲ, ਇੱਕ ਨਵਾਂ ਏਜੰਡਾ ਹੋਂਦ ਵਿਚ ਲਿਆਂਦਾ, ਜਿਸ ਨੂੰ “ਅੰਮ੍ਰਿਤਸਰ ਐਲਾਨ ਨਾਮਾ” ਆਖਿਆ ਜਾਂਦਾ ਹੈ ਅਤੇ ਉਸ ਦਿਨ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਵੀ ਹੋ ਗਿਆ।

ਅੰਮ੍ਰਿਤਸਰ ਐਲਾਨਨਾਮੇ ਵਿਚ ਦਰਜ਼ ਸ਼ਬਦਾਵਲੀ ਸੀ ਕਿ

“ਸ਼੍ਰੋਮਣੀ ਪੰਥ ਅਕਾਲੀ ਦਲ ਜਮਹੂਰੀਅਤ ਦੇ ਦਾਇਰਿਆਂ ਵਿਚ ਰਹਿਕੇ, ਗੁਰੂ ਗ੍ਰੰਥ ਸਾਹਿਬ ਜੀ ਉੱਤੇ ਅਧਾਰਤ ਪੰਜਾਬੀ ਕੌਮੀ ਸਭਿਆਚਾਰ ਦੇ ਮੋਹਰੀ ਹੋਣ ਵਜੋਂ,ਸਿੱਖ ਕੌਮ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ, ਜਦੋ ਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ, ਜਿਥੇ ਉਹ ਅਜਾਦੀ ਦਾ ਨਿਘ ਮਾਨ ਸਕਣ।” ਵੰਡ ਤੋਂ ਪਹਿਲਾਂ ਕਾਂਗਰਸ ਨੇ ਇਕ ਅਜਿਹਾ ਖਿੱਤਾ ਬਣਾਉਣ ਦਾ ਵਾਹਦਾ ਕੀਤਾ ਸੀ, ਪਰ ਅਜੇ ਤੱਕ ਇਹ ਹੋਂਦ ਵਿਚ ਨਹੀਂ ਆਇਆ, ਸਿਰਫ ਅਜਿਹੇ ਖਿੱਤੇ ਦੇ ਹੋਂਦ ਵਿਚ ਆਉਣ ਨਾਲ ਹੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਰੀਝਾ ਪੂਰੀਆਂ ਹੋ ਸਕਦੀਆਂ ਹਨ। ਅਜਿਹਾ ਖ਼ਿੱਤਾ ਘਟ ਗਿਣਤੀਆਂ ਦੇ ਜਜਬਾਤ ਨੂੰ ਮੂਰਤੀਮਾਨ ਕਰਨ ਵਿੱਚ ਸਹਾਈ ਹੋਵੇਗਾ। ਇਤਿਹਾਸ ਦੇ ਇਸ ਮੋੜ ਤੇ ਇਕ ਪਾਸੇ ਜੇ ਦੱਖਣ ਪੂਰਬੀ ਏਸ਼ੀਆ ਬੇਚੈਨ ਹੈ ਤਾਂ ਦੂਜੇ ਪਾਸੇ ਪੱਛਮੀ ਕੌਮ ਵੀ ਆਪਣੀ ਤਕਦੀਰ ਘੜਨ ਲਈ ਕਦਰਾਂ ਕੀਮਤਾ ਦੇ ਨਵੇ ਸਿਰਿਓ ਵਿਉਂਤਨ ਲਈ ਵੀ ਕੋਸ਼ਿਸ਼ਾ ਕਰ ਰਹੀਆਂ ਹਨ। ਅਜਿਹੀ ਹਾਲਤ ਵਿਚ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਬ੍ਰਹਿਮੰਡੀ ਏਕਤਾ ਅਤੇ ਇਕਸੁਰਤਾ, ਸੰਵਾਦ, ਸ਼ਾਇਰਾਨਾ ਤਰਜਿ-ਏ-ਜਿੰਦਗੀ, ਲੁੱਟ ਖਸੁੱਟ ਰਹਿਤ ਰਾਜਨੀਤੀ ਅਤੇ ਦੂਜਿਆਂ ਨੂੰ ਅਪੀਲ ਕਰਨ ਵਾਲੀ ਮਾੜੀ ਬਿਰਤੀ ਤੋਂ ਮੁਕਤ ਖ਼ਿੱਤਾ, ਹੋਰਨਾ ਸਭਿਆਚਾਰਾ ਲਈ ਵੀ ਚਾਨਣ ਮੁਨਾਰਾ ਹੋਵੇਗਾ। ਇਸ ਖਿੱਤੇ ਵਿੱਚ ਸਿੱਖੀ ਜੀਵਨ ਜਾਚ ਉੱਤੇ ਉਸਰੀਆਂ ਵਿਲੱਖਣ ਧਾਰਮਿਕ, ਆਰਥਿਕ, ਰਾਜਸੀ ਅਤੇ ਸਮਾਜਿਕ ਸੰਸਥਾਵਾ, ਇੱਕ ਪਾਸੇ ਮੌਲਿਕ ਚੇਤਨਤਾ ਨੂੰ ਸਕਾਰ ਕਰਨਗੀਆਂ ਅਤੇ ਦੂਜੇ ਪਾਸੇ ਉਹਨਾਂ ਨੂੰ ਇਤਿਹਾਸ ਵਿਚ ਇੱਕ ਅਜਿਹਾ ਮੌਕਾ ਪ੍ਰਦਾਨ ਕਰਨਗੀਆਂ, ਜੋ ਪਿਛਲੇ ਸਮੇਂ ਵਿਚ ਨਹੀਂ ਮਿਲਿਆ। ਅਜਿਹੀ ਪ੍ਰਾਪਤੀ ਨਾਲ ਸਿੱਖੀ ਅਤੇ ਪੰਜਾਬੀਅਤ ਸੰਸਾਰ ਸਭਿਆਚਾਰ ਨੂੰ ਆਪਣੇ ਅਤਿਅੰਤ ਸੁੰਦਰ ਇਜਹਾਰ ਰਾਹੀ ਗੌਰਵਸ਼ੀਲ ਯੋਗਦਾਨ ਦੇ ਸਕੇਗੀ।

ਅਕਾਲੀ ਦਲ ਦਾ ਇਹ ਮੱਤ ਹੈ ਕਿ ਹਿੰਦੋਸਤਾਨ ਵੱਖ ਵੱਖ ਕੌਮੀ ਸਭਿਆਚਾਰਾ ਦਾ ਇਕ ਉਪਮਹਾਦੀਪ ਹੈ, ਜਿਸ ਵਿੱਚ ਹਰ ਸਭਿਆਚਾਰ ਦੀ ਆਪਣੀ ਨਿਵੇਕਲੀ ਵਿਰਾਸਤ ਅਤੇ ਨਿਵੇਕਲੀ ਮੁੱਖਧਾਰਾ ਹੈ। ਇਸ ਉਪਮਹਾਦੀਪ ਨੂੰ ਇਕ ਕੰਨਫੈਡਰਲ ਵਿਧਾਨ ਰਾਹੀ ਨਵੇ ਸਿਰਿਓ ਜਥੇਬੰਦਕ ਕਰਨ ਲੋੜ ਹੈ ਤਾਂ ਜੋ ਹਰ ਸਭਿਆਚਾਰ ਆਪਣੀ ਪ੍ਰਤਿਬਾ ਅਤੇ ਆਭਾ ਅਨੁਸਾਰ ਪ੍ਰਫੁਲਤ ਹੋਵੇ ਅਤੇ ਆਪਣੀ ਵਿਸ਼ੇਸ਼ ਖੁਸ਼ਬੂ ਵਿਸ਼ਵ ਸਭਿਆਚਾਰ ਨੂੰ ਦੇ ਸਕੇ। ਜੇ ਇਸ ਤਰ੍ਹਾਂ ਦਾ ਕੰਨਫੈਡਰਲ ਨਵ ਸੰਗਠਤ ਢਾਂਚਾ ਹਿੰਦੁਸਤਾਨੀ ਹੁਕਮਰਾਨਾ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਸ਼ਿਰੋਮਣੀ ਅਕਾਲੀ ਦਲ ਕੋਲ, ਇਕ ਪ੍ਰਭੁ ਸਤ੍ਹਾ ਸਪੰਨ ਰਾਜ ਦੀ ਮੰਗ ਕਰਨ ਅਤੇ ਇਸ ਲਈ ਜੱਦੋ ਜਹਿਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਰਹਿ ਜਾਵੇਗਾ”।

ਇਹ ਹੈ ਅੰਮ੍ਰਿਤਸਰ ਐਲਾਨ ਨਾਮੇ ਦਾ ਅਸਲੀ ਰੂਪ, ਜਿਸ ਨੂੰ ਕੁੱਝ ਅਖਬਾਰਾਂ ਨੇ ਬੜਾ ਹੀ ਖਤਰਨਾਕ ਦਸਤਾਵੇਜ਼ ਆਖ ਕੇ ਭੰਡਿਆ।

ਇਸ ਐਲਾਨਨਾਮੇ ਉੱਤੇ ਪਹਿਰਾ ਦੇਣ ਵਾਸਤੇ ਸ. ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਆਦਿਕ ਨੇ ਅਕਾਲ ਤਖਤ ਸਾਹਿਬ ਦੇ ਸਨਮੁੱਖ ਨਵੇਂ ਏਜੰਡੇ ਨੂੰ ਲਾਗੂ ਕਰਵਾਉਣ ਵਾਸਤੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਦਾ ਪ੍ਰਣ ਲਿਆ।

ਜਿਸ ਵਿਚ ਉਹਨਾ ਨੇ ਇਹ ਪ੍ਰਣ ਪੱਤਰ ਪੜਿ੍ਹਆ “ਅਸੀਂ ਅਕਾਲ ਤਖਤ ਸਾਹਿਬ ਜੀ ਅਤੇ ਦਰਬਾਰ ਸਾਹਿਬ ਦੀ ਪਾਵਣ ਧਰਤੀ ਉੱਤੇ ਬੈਠ ਕੇ ਪਿਛਲੇ ਦਿਨਾਂ ਤੋਂ ਆਪਸੀ ਏਕਤਾ ਦੇ ਸਿਧਾਂਤ ਅਧਾਰਤ ਵਿਚਾਰਾਂ ਕਰਨ ਮਗਰੋਂ, ਇਹ ਪ੍ਰਣ ਅੱਜ ਦੇ ਇਸ ਪੰਥਕ ਇਕੱਠ ਵਿਚ ਗੁਰੂ ਸੰਗਤਾਂ ਦੇ ਸਾਹਮਣੇ ਕਰਦੇ ਹਾਂ, ਅੱਜ ਤੋਂ ਅਸੀਂ ਸਾਰੇ ਮਤਭੇਦ ਭੁਲਾਕੇ ਕੌਮੀ ਹਿੱਤਾ ਦੀ ਖਾਤਿਰ ਇਕੱਠੇ ਵਿਚਰਾਗੇ, ਪੰਥ ਦੋਖੀਆਂ ਦੀਆਂ ਸਾਜਿਸ਼ਾਂ ਅਧੀਨ ਆਪਸੀ ਖਿਚੋਤਾਨ ਦੇ ਸ਼ਿਕਾਰ ਹੋਣ ਤੋਂ ਪੂਰਨ ਤੌਰ ਉੱਤੇ ਮੁਕਤ ਰਹਾਂਗੇ।

ਸਾਡੀ ਸੋਚ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ, ਅਸੀਂ ਹਰ ਉਸ ਕਾਰਜ਼ ਲਈ ਹਮੇਸ਼ਾ ਯਤਨਸ਼ੀਲ ਹੋਵਾਗੇ, ਜੋ ਸਾਨੂੰ ਖਾਲਸਾ ਪੰਥ ਦੀਆਂ ਪ੍ਰੇਰਨਾਵਾ ਵਿਚੋਂ ਪ੍ਰਾਪਤ ਹੈ ਅਤੇ ਹੋਵੇਗਾ। ਖਾਲਸਾਈ ਰਵਾਇਤ ਦੀ ਪਾਲਣਾ ਲਈ ਆਪਣਾ ਤਨ ਮਨ ਧਨ ਕੌਮ ਨੂੰ ਸਮਰਪਿਤ ਕਰਦੇ ਹਾਂ, ਅਸੀਂ ਹਰ ਮੁੰਮਕਿਨ ਯਤਨ ਕਰਕੇ ਸਮੁੱਚੀਆ ਪੰਥਕ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਉੱਤੇ ਇਕੱਠੇ ਕਰਕੇ, ਕੌਮੀ ਕਾਰਜ਼ ਲਈ ਜਮਹੂਰੀ ਢੰਗ ਤਰੀਕੇ ਨਾਲ ਸਦੀਵੀ ਤੌਰ ਉੱਤੇ ਜੂਝਦੇ ਰਹਾਗੇ। ਕਿਸੇ ਵੀ ਸੂਰਤ ਵਿਚ ਕੌਮ ਨਾਲ ਵਿਸਾਹਘਾਤ ਨਹੀਂ ਕਰਾਗੇ ਅਤੇ ਇੱਕ ਸੇਵਕ ਦੀ ਹੈਸੀਅਤ ਵਿਚ ਵਿਚਰਾਂਗੇ।”

ਲੇਕਿਨ ਇੱਕ ਇੱਕ ਕਰਕੇ ਸਾਰੇ ਹੀ ਆਗੂ ਮੁੜ ਕੇ ਫਿਰ ਕੁਰਸੀਆਂ ਦੇ ਲਾਲਚ ਵੱਸ ਬਾਦਲ ਦੇ ਵਿਹੜੇ ਚਲੇ ਗਏ। ਕੇਵਲ ਸ. ਸਿਮਰਨਜੀਤ ਸਿੰਘ ਮਾਨ ਹੀ ਅਕਾਲੀ ਦਲ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਐਲਾਨਨਾਮੇ ਦੇ ਅਲੰਬਦਾਰ ਰਹਿ ਗਏ, ਪਰ ਉਹਨਾਂ ਦੀ ਪਾਰਟੀ ਦਾ ਵਜੂਦ ਰੋਜ਼ ਦੀ ਰੋਜ਼ ਸੁੰਗੜਦਾ ਗਿਆ ਤੇ ਇਹ ਕੌਮੀ ਏਜੰਡਾ ਵੀ ਅੱਜ ਕਿਤਾਬਾ ਦੇ ਪੰਨਿਆ ਦਾ ਸ਼ਿੰਗਾਰ ਬਣਕੇ ਰਹਿ ਗਿਆ ਜਾਪਦਾ ਹੈ।

ਹੁਣ ਪਤਾ ਨਹੀਂ ਸਿੱਖ ਕਿਸ ਏਜੰਡੇ ਉੱਤੇ ਇਕਠੇ ਹੋ ਕੇ ਪਹਿਰਾ ਦਿੰਦੇ ਹਨ, ਕੌਮ ਤਾਂ ਆਗੂਆਂ ਦੀਆਂ ਨਿੱਤ ਦਿਹਾੜੇ ਨਵੀਆਂ ਕਲਾਬਾਜੀਆਂ ਤੋਂ ਨਿਰਾਸ਼ ਹੋ ਚੁੱਕੀ ਹੈ। ਇਸ ਕਰਕੇ ਹੀ ਹੁਣ ਕੁੱਝ ਹੋਈ ਜਾਵੇ ਕੌਮ ਭਾਣਾ ਹੀ ਮੰਨਨ ਵਿਚ ਬਿਹਤਰੀ ਸਮਝਦੀ ਹੈ। ਆਓ ਅਰਦਾਸ ਕਰੀਏ ਕਿ ਕੋਈ ਏਜੰਡਾ ਅਜਿਹਾ ਹੋਵੇ, ਜਿਸ ਨੂੰ ਸਾਡੇ ਆਗੂ ਸਿਰੇ ਲਾਉਣ ਅਤੇ ਕੌਮ ਨੂੰ ਕੋਈ ਮੰਜ਼ਿਲ ਮਿਲ ਜਾਵੇ।

ਗਰੂ ਰਾਖਾ !!

ALL ARTICLES AND NEWS

Tag Cloud

DHARAM

Recent Post

Meta