ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਦਾ ਬਿਆਨ ‘‘ਗਰੀਬਾਂ ਦੀ ਸੇਵਾ ਦੇ ਪਿੱਛੇ ਮਦਰ ਟੈਰੇਸਾ ਦਾ ਮੁੱਖ ਮਕਸਦ ਗਰੀਬਾਂ ਨੂੰ ਈਸਾਈ ਬਣਾਉਣਾ ਸੀ’’ ਦਾ ਵਿਸ਼ਲੇਸ਼ਣ -: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

* ‘ਪ੍ਰਾਈਵੇਟ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ’ -ਨਾਇਡੂ, ਪਾਰਲੀਮਾਨੀ ਅਫੇਅਰਜ਼ ਮਿਨਿਸਟਰ
* ਚੀਨ ਵਲੋਂ ਭਾਰਤੀ ਅੰਬੈਸਡਰ ਨੂੰ ਤਲਬ ਕਰਕੇ, ਅਰੁਣਾਚਲ ਪ੍ਰਦੇਸ਼ ਦੇ ਮੁੱਦੇ ‘ਤੇ ਤਾੜਨਾ!
* ‘ਸਹੁ ਵੇ ਜੀਆ, ਅਪਣਾ ਕੀਆ’

ਵਾਸ਼ਿੰਗਟਨ (ਡੀ. ਸੀ.) 25 ਫਰਵਰੀ, 2015- ਅਮਰੀਕਾ ਦੇ ਦਬਾਅ ਹੇਠ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਈਸਾਈਆਂ ਦੇ ਇੱਕ ਸਮਾਗਮ ਵਿੱਚ ਸ਼ਮਾਂ ਰੌਸ਼ਨ ਕੀਤੀ ਸੀ ਅਤੇ ਬੜੀ ਮੋਮੋਠੱਗਣੀ ਸੁਰ ਵਿੱਚ ਭਾਰਤ ਵਿੱਚ ਧਾਰਮਿਕ ਅਜ਼ਾਦੀ ਦੀ ਗੱਲ ਕਰਦਿਆਂ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ ਅਤੇ ਧਾਰਮਿਕ ਅਜ਼ਾਦੀ ਦੇ ਹੱਕ ਨੂੰ ਯਕੀਨੀ ਬਣਾਇਆ ਜਾਵੇਗਾ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਦਿਸ਼ਾ ਬਿਆਨ ਕਰ ਰਹੀ ਹੈ। ਅਜੇ ਮੋਦੀ ਦੇ ਉਪਰੋਕਤ ਬਿਆਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ, ਕਿ ਆਰ. ਐਸ. ਐਸ. ਦੇ ਮੁਖੀ ਭਾਗਵਤ ਨੇ ਭਰਤਪੁਰ, ਰਾਜਸਥਾਨ ਵਿੱਚ ਇੱਕ ਨਵਾਂ ਬਿਆਨ ਦਾਗਿਆ ਹੈ! ਆਰ. ਐਸ. ਐਸ. ਸਮਰਥਕ, ਐਨ. ਜੀ. ਓ. -‘ਅਪਨਾ ਘਰ’ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਮੋਹਨ ਭਾਗਵਤ ਨੇ ਕਿਹਾ, ‘ਮਦਰ ਟੈਰੇਸਾ ਦੀ ਮਨੁੱਖੀ ਸੇਵਾ, ਇੱਕ ਢੌਂਗ ਸੀ। ਗਰੀਬਾਂ ਦੀ ਸੇਵਾ ਕਰਨ ਦਾ ਉਸ ਦਾ ਮੁੱਖ ਮਕਸਦ, ਉਨ੍ਹਾਂ ਗਰੀਬਾਂ ਨੂੰ ਈਸਾਈ ਬਨਾਉਣਾ ਸੀ।’

ਮੋਹਨ ਭਾਗਵਤ ਦੇ ਇਸ ਬਿਆਨ ਦੀ ਗੂੰਜ, ਭਾਰਤੀ ਪਾਰਲੀਮੈਂਟ ਦੇ ਸ਼ੁਰੂ ਹੋਏ ਤਾਜ਼ਾ ਬੱਜਟ ਸੈਸ਼ਨ ਵਿੱਚ ਵੀ ਪਈ। ਵਿਰੋਧੀ ਧਿਰ ਵਲੋਂ ਇਸ ਬਿਆਨ ‘ਤੇ ਇਤਰਾਜ਼ ਜ਼ਾਹਰ ਕੀਤਾ ਗਿਆ, ਜਦੋਂ ਕਿ ਸਰਕਾਰੀ ਧਿਰ ਵਲੋਂ ਮੋਹਨ ਭਾਗਵਤ ਦਾ ਪੂਰਾ ਬਚਾਅ ਕੀਤਾ ਗਿਆ। ਪਾਰਲੀਮੈਂਟ ਅਫੇਅਰਜ਼ ਮਿਨਿਸਟਰ ਵੈਂਕਈਆ ਨਾਇਡੂ ਨੇ ਕਿਹਾ, ‘ਜੇ ਵਿਰੋਧੀ ਧਿਰ ਇਸ ਮੁੱਦੇ ‘ਤੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਤਾਂ ਬਾਹਰ ਹੋਰ ਵੀ ਤਰੀਕੇ ਹਨ। ਸਰਕਾਰ ਦਾ ਇਸ ਬਿਆਨ ਨਾਲ ਸਬੰਧ ਨਹੀਂ ਪਰ ਪ੍ਰਾਈਵੇਟ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।’ ਯਾਦ ਰਹੇ ਕਿ ਹੁਣੇ ਜਿਹੇ ਕੇਂਦਰੀ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬਿਆਨ ਦਿੱਤਾ ਸੀ ਕਿ ਸੈਕੂਲਰਿਜ਼ਮ ਅਤੇ ਸੋਸ਼ਲਿਜ਼ਮ ਸ਼ਬਦ ਸੰਵਿਧਾਨ ਵਿੱਚੋਂ ਕੱਢਣ ਲਈ ਬਹਿਸ ਹੋਣੀ ਚਾਹੀਦੀ ਸੀ। ਇਹ ਹੀ ਰਵੀ ਸ਼ੰਕਰ ਸੰਸਦ ਵਿੱਚ ਮੋਹਨ ਭਾਗਵਤ ਦਾ ਬਚਾਅ ਕਰ ਰਿਹਾ ਸੀ। ਪਾਰਲੀਮੈਂਟ ਦੇ ਬਾਹਰ, ਬੀ. ਜੇ. ਪੀ. ਦੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਮੀਨਾਕਸ਼ੀ ਲੇਖੀ ਨੇ ਕਿਹਾ, ‘ਨਵੀਨ ਚਾਵਲਾ ਦੀ ਮਦਰ, ਟੈਰੇਸਾ ਸਬੰਧੀ ਲਿਖੀ ਪੁਸਤਕ ਪੜ੍ਹੋ, ਜਿਸ ਵਿੱਚ ਉਸ ਨੇ ਮੰਨਿਆ ਹੈ ਕਿ ਉਹ ਸਮਾਜ-ਸੇਵਕਾ ਨਹੀਂ ਹੈ ਬਲਕਿ ਜੀਸਸ ਦੀ ਸੇਵਾ ਵਿੱਚ ਹੈ ਅਤੇ ਉਸ ਦੇ ਮਿਸ਼ਨ ਦਾ ਪ੍ਰਚਾਰ ਕਰਨਾ, ਉਸ ਦੇ ਜੀਵਨ ਦਾ ਮਨੋਰਥ ਹੈ।’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, ‘ਮੈਂ ਕਲਕੱਤਾ ਦੇ ਨਿਰਮਲ ਹਿਰਦੇ ਆਸ਼ਰਮ ਵਿੱਚ ਮਦਰ ਟੈਰੇਸਾ ਨਾਲ ਕੁਝ ਮਹੀਨੇ ਕੰਮ ਕੀਤਾ ਹੈ। ਉਹ ਇੱਕ ਭਲੀ ਆਤਮਾ ਸੀ। ਆਰ. ਐਸ. ਐਸ. ਘੱਟੋ-ਘੱਟ ਉਸ ਨੂੰ ਤਾਂ ਬਖਸ਼ ਦਵੇ।’

ਆਰ. ਐਸ. ਐਸ. ਮੁਖੀ ਵਲੋਂ ਐਸੇ ਮੌਕੇ ਮਦਰ ਟੈਰੇਸਾ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਜਦੋਂ ਕਿ ਮੋਦੀ ਸਰਕਾਰ, ਆਪਣਾ ਘੱਟਗਿਣਤੀਆਂ ਪ੍ਰਤੀ ਅਕਸ ਸੁਧਾਰਨ ਲਈ, ਜ਼ੁਬਾਨੀ-ਕਲਾਮੀ ਬਿਆਨਬਾਜ਼ੀ ਕਰ ਰਹੀ ਹੈ। ਮਦਰ ਟੈਰੇਸਾ ਸਿਰਫ ਇੱਕ ਈਸਾਈਅਤ ਦੀ ‘ਸੰਤ’ ਹੀ ਨਹੀਂ ਹੈ, ਬਲਕਿ ਉਸ ਨੂੰ ਮਨੁੱਖੀ ਸੇਵਾ ਲਈ ‘ਨੋਬਲ ਇਨਾਮ’ ਵੀ ਮਿਲਿਆ ਸੀ। ਯੂਗੋਸਲਾਵੀਆ ਮੂਲ ਦੀ ਇਸ ਸਮਾਜ-ਸੇਵਕਾ ਨੂੰ, ਭਾਰਤ ਦਾ ਸਭ ਤੋਂ ਵੱਡਾ ਸਿਵਲ ਸਨਮਾਨ ‘ਭਾਰਤ ਰਤਨ’, ਵੀ ਦਿੱਤਾ ਗਿਆ ਸੀ। ਸੋ ਜ਼ਾਹਰ ਹੈ ਕਿ ਆਰ. ਐਸ. ਐਸ. ਨੇ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਵਿੱਚ ਰਾਜ ਮੋਦੀ-ਜੇਤਲੀ ਦਾ ਨਹੀਂ ਹੈ, ਬਲਕਿ ਹਿੰਦੂਤਵੀ ਵਿਚਾਰਧਾਰਾ ਦਾ ਹੈ, ਜਿਸ ਦੀ ਗੱਲ ਹੀ ਅਸਰਅੰਦਾਜ਼ ਹੋਵੇਗੀ। ਮੋਦੀ-ਜੇਤਲੀ ਤਾਂ ਸਾਡੇ ‘ਸ਼ੋਅ-ਬੁਆਏ’ ਹਨ, ਜਿਨ੍ਹਾਂ ਦੀ ਜਦੋਂ ਮਰਜ਼ੀ ਛੁੱਟੀ ਕੀਤੀ ਜਾ ਸਕਦੀ ਹੈ।

ਇੱਕ ਪਾਸੇ ਜਦੋਂ ਮੋਹਨ ਭਾਗਵਤ ਆਪਣਾ ਬਿਆਨ ਦਾਗ ਰਿਹਾ ਹੈ, ਠੀਕ ਉਸ ਸਮੇਂ ਅਮਰੀਕਾ ਦੇ ਇੱਕ ਹਿੰਦੂ ਲੀਡਰ ਰਾਜਨ ਜੈਦ ਵਲੋਂ, ਵੈਟੀਕਨ ਦੇ ਪੋਪ ਨੂੰ ਇੱਕ ਪ੍ਰਾਈਵੇਟ ਲੈਟਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਾਰਦਰਨ ਆਇਰਲੈਂਡ ਦੇ ਡਾਓਸੀਜ਼ ਪਰੀਸਟ ਰੋਨਾਲਡ ਕੋਹਾਊਨ ਨੂੰ ਤਾੜਨਾ ਕੀਤੀ ਜਾਏ ਕਿ ਉਹ ਯੋਗਾ ਦਾ ਵਿਰੋਧ ਨਾ ਕਰੇ। ਇਸ ਪੱਤਰ ਅਨੁਸਾਰ, ਉਪਰੋਕਤ ਈਸਾਈ ਆਗੂ ਨੇ, ਕੈਥੋਲਿਕ ਈਸਾਈਆਂ ਨੂੰ ਕਿਹਾ ਹੈ ਕਿ ‘ਉਹ ਯੋਗਾ ਨਾ ਕਰਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਆਤਮਿਕ ਸਿਹਤ ਨੂੰ ਖਤਰਾ ਹੋਵੇਗਾ। ਯੋਗਾ, ਸ਼ੈਤਾਨ ਦੀ ਕਾਢ ਹੈ, ਇਹ ਤੁਹਾਡੇ ਅੰਦਰ ਹਨ੍ਹੇਰਾ ਭਰੇਗਾ ਅਤੇ ਫਿਰ ਰੱਬ ਦੀ ਦੁਨੀਆ ਵੱਲ ਲਿਜਾਣ ਦੀ ਥਾਂ, ਸ਼ੈਤਾਨ ਦੀ ਬੁੱਕਲ ਵਿੱਚ ਲਿਆ ਸੁੱਟੇਗਾ।’

ਹਿੰਦੂ ਲੀਡਰਾਂ ਦੀ ਇਸ ‘ਡਬਲ ਗੇਮ’ ਨੂੰ ਕਿਨ੍ਹਾਂ ਲਫਜ਼ਾ ਵਿੱਚ ਬਿਆਨਿਆ ਜਾਵੇ? ਇੱਕ ਪਾਸੇ ਇਹ ਮਨੁੱਖਤਾ ਦੀ ਸੇਵਾ ਕਰਨ ਵਾਲੀ ਮਦਰ ਟੈਰੇਸਾ ਨੂੰ ਮਰਣ ਤੋਂ ਬਾਅਦ ਵੀ ਅਪਮਾਨਿਤ ਕਰ ਰਹੇ ਹਨ ਅਤੇ ਦੂਸਰੇ ਪਾਸੇ ਚਾਹੁੰਦੇ ਹਨ ਕਿ ਕੈਥੋਲਿਕ ਪੋਪ ਇਨ੍ਹਾਂ ਦੇ ਇਸ ਝੂਠੇ ਦਾਅਵੇ ‘ਤੇ ਮੋਹਰ ਲਾਵੇ ਕਿ ‘ਯੋਗਾ, ਮਨੁੱਖਤਾ ਲਈ ਕਲਿਆਣਕਾਰੀ ਹੈ।’ ਇਸ ਦੋਹਰੀ ਨੀਤੀ ਦਾ ਮਕਸਦ, ਭਾਰਤੀ ਈਸਾਈਆਂ ‘ਤੇ ਦਬਾਅ ਬਣਾਈ ਰੱਖਣਾ ਹੈ ਤਾਂਕਿ ਉਹ ਆਰ. ਐਸ. ਐਸ. ਵਲੋਂ ਈਸਾਈਆਂ ਨੂੰ ‘ਘਰ ਵਾਪਸੀ’ ਦੇ ਨਾਂ ਥੱਲੇ, ਮੁੜ ਹਿੰਦੂ ਬਣਾਉਣ ਦੇ ਯਤਨਾਂ ਦਾ ਵਿਰੋਧ ਨਾ ਕਰਨ। ਇਸ ਪਿਛੋਕੜ ਵਿੱਚ ਮੋਦੀ ਵਲੋਂ ਈਸਾਈਆਂ ਸਮੇਤ ਬਾਕੀ ਘੱਟਗਿਣਤੀਆਂ ਨੂੰ ਦਿੱਤਾ ਗਿਆ ਭਰੋਸਾ, ਇੱਕ ਕੌਡੀ ਜਿੰਨੀ ਅਹਿਮੀਅਤ ਵੀ ਨਹੀਂ ਰੱਖਦਾ।

ਭਾਰਤ ਵਲੋਂ ਅਮਰੀਕਾ ਦਾ ਹੱਥਠੋਕਾ ਬਣ ਕੇ, ਚੀਨ ਦੇ ਖਿਲਾਫ ਭੁਗਤਣ ਦੀ ਨੀਤੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। 20 ਫਰਵਰੀ ਨੂੰ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਰੁਣਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਿਆ। 21 ਫਰਵਰੀ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ, ਭਾਰਤ ਦੇ ਚੀਨ ਵਿੱਚ ਅੰਬੈਸਡਰ ਅਸ਼ੋਕ ਕਾਨਥਾ ਨੂੰ ਬੀਜਿੰਗ ਵਿੱਚ ਤਲਬ ਕਰਕੇ, ਮੋਦੀ ਦੇ ਦੌਰੇ ਦੇ ਖਿਲਾਫ ਆਪਣਾ ਵਿਰੋਧ ਜਤਾਇਆ। ਚੀਨ ਦੇ ਉੱਪ ਵਿਦੇਸ਼ ਮੰਤਰੀ ਲੀਊ ਜ਼ਿਨਮਿਨ ਨੇ ਸਪੱਸ਼ਟ ਸ਼ਬਦਾਂ ਵਿੱਚ ਭਾਰਤੀ ਅੰਬੈਸਡਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘ਤੁਹਾਡਾ ਅਰੁਣਾਚਲ ਪ੍ਰਦੇਸ਼, ਸਾਡਾ ਇਲਾਕਾ ਹੈ। ਤੁਹਾਡੇ ਪ੍ਰਧਾਨ ਮੰਤਰੀ ਦਾ ਦੌਰਾ ਚੀਨ ਦੀ ਖੇਤਰੀ ਪ੍ਰਭੂਸੱਤਾ ਅਤੇ ਹਿੱਤਾਂ ਵਿੱਚ ਸਿੱਧੀ ਦਖਲਅੰਦਾਜ਼ੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’

ਯਾਦ ਰਹੇ, ਪਿਛਲੇ ਕੁਝ ਦਿਨਾਂ ਵਿੱਚ ਚੀਨ ਵਲੋਂ ਕੀਤਾ ਗਿਆ ਇਹ ਦੂਸਰਾ ਪ੍ਰੋਟੈਸਟ ਹੈ। ਕਿਸੇ ਮੁਲਕ ਵਲੋਂ, ਦੂਸਰੇ ਮੁਲਕ ਦੇ ਅੰਬੈਸਡਰ ਨੂੰ ਤਲਬ ਕਰਕੇ ਝਾੜ ਪਾਣੀ, ਇੱਕ ਗੰਭੀਰ ਕੂਟਨੀਤਕ ਐਕਟ ਮੰਨਿਆ ਜਾਂਦਾ ਹੈ। ਇਸ ਤੋਂ ਅਗਲਾ ਕਦਮ, ਅੰਬੈਸਡਰ ਨੂੰ, ਦੇਸ਼ ‘ਚੋਂ ਬਾਹਰ ਕੱਢਣਾ ਹੁੰਦਾ ਹੈ। ਸੋ ਜ਼ਾਹਰ ਹੈ ਕਿ ਚੀਨ ਦੇ ਆਗੂ, ਭਾਰਤ ਸਰਕਾਰ ਦੀਆਂ ਚੀਨ-ਵਿਰੋਧੀ ਸਰਗਰਮੀਆਂ ਤੋਂ ਗੁੱਸੇ ਨਾਲ ਨੱਕੋ-ਨੱਕ ਭਰੇ ਹੋਏ ਹਨ। ਇਹ ਗੁੱਸਾ ਕਦੀ ਵੀ ਪੂਰੀ ਤਰ੍ਹਾਂ ਜਲਵਾਗਰ ਹੋ ਸਕਦਾ ਹੈ। ਭਵਿੱਖ ਵਿੱਚ ਚੀਨ-ਭਾਰਤ ਦੇ ਰਿਸ਼ਤਿਆਂ ਵਿੱਚ ਹੋਰ ਵੀ ਵਿਗਾੜ, ਕਿਸੇ ਗੰਭੀਰ ਟਕਰਾਅ ਵੱਲ ਵੀ ਲਿਜਾ ਸਕਦਾ ਹੈ। ਭਾਰਤ ਦੀ ਇਸ ਸਥਿਤੀ ਨੂੰ ਵੇਖਦਿਆਂ, ਗੁਰਬਾਣੀ ਦਾ ਫੁਰਮਾਣ ਯਾਦ ਆ ਰਿਹਾ ਹੈ –

‘ਸਹੁ ਵੇ ਜੀਆ, ਆਪਣਾ ਕੀਆ।’

Tag Cloud

DHARAM

Meta