ਜ਼ੋਮਬੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਇਹ ਕੀ ? ਇਹ ਲੋਗ ਕੌਣ ਹਨ ਜੋ ਦਿਸ ਤਾਂ ਮੁਰਦਾ ਰਹੇ ਹਨ, ਪਰ ਤਖਤਾਂ ਵੱਲ ਵਧਦੇ ਜਾ ਰਹੇ ਹਨ ਤੇ ਰਾਹ ਵਿੱਚ ਆਉਣ ਵਾਲੇ ਹਰ ਸਿੱਖ ਨੂੰ ਜਿੰਦਾ ਹੀ ਖਾ ਰਹੇ ਹਨ ? (ਕੁਲਦੀਪ ਸਿੰਘ ਉੱਚੀ ਜਿਹੀ ਬੋਲਿਆ)

ਭੱਜ ਵੀਰ ! ਤਿਆਰੀ ਕਰ ! ਇਹ ਤਾਂ ਸਿੱਖ ਦਿਸ ਰਹੀਆਂ ਲਾਸ਼ਾਂ ਹਨ ਜਿਨ੍ਹਾਂ ਦੇ ਜ਼ਮੀਰ ਮਰ ਚੁੱਕੇ ਹਨ ਤੇ ਇਹ ਜਿਸ ਪਾਸੇ ਵੱਲ ਨੂੰ ਤੁਰ ਪੈਂਦੇ ਹਨ, ਉਸ ਪੂਰੇ ਰਸਤੇ ਵਿੱਚ ਆਪਣੀਆਂ ਵਰਗੀਆਂ ਲਾਸ਼ਾ ਬਣਾ ਰਹੇ ਹਨ ਤੇ ਜੋ ਇਨ੍ਹਾਂ ਕੱਲੇਆਂ ਦੇ ਵੱਸ ਵਿੱਚ ਨਹੀਂ ਆਉਂਦਾ ਇਹ ਉਸ ਪਿੱਛੇ ਝੁੰਡ ਬਣਾ ਕੇ ਪੈ ਜਾਂਦੇ ਹਨ ਤੇ ਉਸਨੂੰ ਵੀ ਇੱਕ ਲਾਸ਼ ਬਣਾ ਦਿੰਦੇ ਹਨ ਤੇ ਜੇ ਇਨ੍ਹਾਂ ਨੂੰ ਰੋਕਿਆ ਨਾ ਗਿਆ ਤਾਂ ਇਹ ਤਾਂ ਗੁਰੂ ਦੇ ਸਿਧਾਂਤ ਨੂੰ ਵੀ ਇੱਕ ਲਾਸ਼ ਬਣਾਉਣ ਲਈ ਉਤਾਵਲੇ ਦਿੱਸ ਰਹੇ ਹਨ ! (ਹਰਗੁਣ ਸਿੰਘ ਨੇ ਦਸਿਆ)

ਕੁਲਦੀਪ ਸਿੰਘ : ਪਰ ਸਾਡੇ ਵਿੱਚ ਇਹ ਜ਼ੋਮਬੀ ਆਏ ਕਿਵੇਂ ?

ਹਰਗੁਣ ਸਿੰਘ : ਮਨਮਤ, ਸੱਤਾ ਦੀ ਭੁੱਖ ਅੱਤੇ ਬਿਪਰਨ ਕੀ ਰੀਤ ਦੇ ਜ਼ੋਮਬੀ ਨੇ ਪਹਿਲਾਂ ਸਿੱਖ ਸਰੂਪ ਵਾਲੇ ਸਿਆਸੀ ਲੀਡਰਾਂ ਨੂੰ ਖਾਦਾ (ਉਨ੍ਹਾਂ ਦੇ ਜ਼ਮੀਰ ਨੂੰ ਖਾਦਾ) ਤੇ ਓਹ ਪੰਥਕ ਕਹਾਉਣ ਤੋ ਬਾਗੀ ਹੋ ਗਏ ! ਫਿਰ ਇਹ ਨਵੇਂ ਜ਼ੋਮਬੀ ਅੱਗੇ ਵੱਧੇ ਤੇ ਇਨ੍ਹਾਂ ਨੇ ਆਪਣੇ ਹੀ ਭਰਾਵਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ! ਇਹ ਮਾਣਸ-ਖਾਣੇ ਹਰ ਦਿਨ ਵੱਧ ਰਹੇ ਹਨ ਤੇ ਇਸ ਪਿੱਛੇ ਕਾਰਣ ਇਨ੍ਹਾਂ ਦੀ ਹੋਂਦ ਬਾਰੇ ਆਮ ਸਿੱਖਾਂ ਵਿੱਚ ਜਾਣਕਾਰੀ ਦੀ ਕਮੀ ਹੈ ! ਦਿਨ ਵੇਲੇ (ਸਾਹਮਣੇ) ਤਾਂ ਇਹ ਜ਼ੋਮਬੀ ਬਹੁਤ ਭਲੇ ਨਜ਼ਰ ਆਉਂਦੇ ਹਨ ਤੇ ਉਨ੍ਹਾਂ ਦੀ ਚਿੱਟੀ ਦਿੱਖ ਵੇਖ ਕੇ ਵੱਡੀ ਗਿਣਤੀ ਧੋਖਾ ਖਾ ਰਹੀ ਹੈ, ਪਰ ਰਾਤ ਵੇਲੇ (ਧਿਆਨ ਭਟਕਦੇ ਹੀ) ਇਹ ਜ਼ੋਮਬੀ ਸ਼ਰਾਬ-ਨਸ਼ੇ, ਪਤਿਤਪੁਣੇ, ਅਗਿਆਨ ਅੱਤੇ ਗੁਰਬਾਣੀ ਦੀ ਬਿਪਰਨ ਕੀ ਰੀਤ ਅਨੁਸਾਰ ਵਿਆਖਿਆ ਰਾਹੀਂ ਭੋਲੇ ਭਾਲੇ ਸਿੱਖਾਂ ਦਾ ਸ਼ਿਕਾਰ ਸ਼ੁਰੂ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਵੀ ਅਗਿਆਨੀ ਜ਼ੋਮਬੀ ਬਣਾ ਦਿੰਦੇ ਹਨ!

ਕੁਲਦੀਪ ਸਿੰਘ : ਪਰ ਇਨ੍ਹਾਂ ਤੋ ਬਚਾਓ ਕਿਵੇਂ ਹੋਵੇਗਾ ? ਇਨ੍ਹਾਂ ਜ਼ੋਮਬੀਆਂ ਨੂੰ ਰੋਕਿਆ ਨਾ ਗਿਆ ਤਾਂ ਇਹ ਪੂਰੇ ਪੰਥ ਨੂੰ ਆਪਣੇ ਵਰਗੀ ਚਲਦੀ ਫਿਰਦੀ ਲਾਸ਼ ਬਣਾ ਦੇਣਗੇ, ਜਿਸ ਉੱਤੇ ਫਿਰ ਕੁਝ ਅਸਰ ਨਹੀਂ ਕਰੇਗਾ ਤੇ ਓਹ ਮਨਮਤ ਅੱਤੇ ਜ਼ਲਾਲਤ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤੇ ਜਾਉਣਗੇ !

ਹਰਗੁਣ ਸਿੰਘ : ਬਚਾਓ ਕੇਵਲ ਤੇ ਕੇਵਲ ਗੁਰਬਾਣੀ ਦੀ ਸੇਧ ਨਾਲ ਹੋ ਸਕਦੀ ਹੈ ! ਕਿਓਂਕਿ ਇਹ “ਸਿੱਖ ਸਰੂਪ ਵਿੱਚ ਤੁਰ ਰਹੇ ਜ਼ੋਮਬੀ” ਜੇਕਰ ਡਰਦੇ ਹਨ ਤਾਂ ਕੇਵਲ ਸੱਚ ਤੋਂ ਅੱਤੇ ਗਿਆਤ ਰਹੇ ਕੀ ਗਿਆਨ ਰੂਪੀ ਸੱਚ ਕੇਵਲ ਤੇ ਕੇਵਲ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸ਼ਰਣ (ਆਪ ਪੜ੍ਹਨ ਅੱਤੇ ਵਿਚਾਰਨ) ਵਿੱਚ ਹੀ ਮਿਲਦਾ ਹੈ !

ਕੁਲਦੀਪ ਸਿੰਘ : ਪਰ ਇਨ੍ਹਾਂ ਜ਼ੋਮਬੀਆਂ ਦਾ ਨਿਸ਼ਾਨਾ ਤਖਤਾਂ ਵੱਲ ਕਿਓਂ ਹੈ ?

ਹਰਗੁਣ ਸਿੰਘ : ਕਿਓਂ ਕੀ ਇਨ੍ਹਾਂ ਨੂੰ ਪਤਾ ਹੈ ਕੀ ਆਮ ਸਿੱਖ ਇਨ੍ਹਾਂ ਤਖਤਾਂ ਨੂੰ ਆਪਣਾ “ਧੁਰਾ” ਮੰਨਦਾ ਹੈ ਤੇ ਉਸ ਧੁਰੇ ਤੋਂ ਕਹਿਆ ਹੋਇਆ ਸ਼ਬਦ ਓਹ ਪੱਥਰ ਤੇ ਲਕੀਰ ਵਾਂਗ ਸਮਝਦਾ ਹੈ ! ਇਸ ਕਰ ਕੇ ਇਨ੍ਹਾਂ ਜ਼ੋਮਬੀਆਂ ਨੇ ਨਿਸ਼ਾਨਾ ਹੀ ਤੱਖਤ ਬਣਾਏ ਹਨ ਤਾਂਕਿ ਇੱਕ ਝੱਟਕੇ ਵਿੱਚ ਪੰਥ ਦੇ ਏਕੇ ਵਾਲੇ ਜੀਵਨ ਨੂੰ ਦੋ ਫਾੜ ਕਰ ਦਿੱਤਾ ਜਾਵੇ ਅੱਤੇ ਫਿਰ ਇਹ ਸਿੱਖ ਕਦੀ ਆਪਸ ਵਿੱਚ ਇੱਕ ਨਾ ਹੋ ਸਕਣ ! ਇਹ ਜ਼ੋਮਬੀ ਇੱਕ ਇੱਕ ਸਿੱਖ ਦਾ ਸ਼ਿਕਾਰ ਕਰ ਰਹੇ ਹਨ ਤੇ ਉਪਰੋਂ ਸੋਹਣੇ ਸੋਹਣੇ ਰੂਪ ਬਣਾ ਕੇ (ਸਿੱਖੀ ਸਰੂਪ ਅੱਤੇ ਬਾਣੇ ਦੀ ਦੁਵਰਤੋਂ ਕਰਕੇ) ਸਿੱਖਾਂ ਨੂੰ ਗੁਰਮਤ ਤੋਂ ਦੂਰ ਲੈ ਜਾ ਰਹੇ ਹਨ ! ਇੱਕ ਪੰਥ ਅੱਤੇ ਇੱਕ ਗਰੰਥ ਦੇ ਥੰਮ ਨੂੰ ਇਹ ਜ਼ੋਮਬੀ ਤੋੜਨ ਦੀਆਂ ਅਪਾਰ ਕੋਸ਼ਿਸ਼ਾਂ ਕਰ ਰਹੇ ਹਨ !

ਕੁਲਦੀਪ ਸਿੰਘ ਜੋਸ਼ ਵਿੱਚ ਬੋਲਿਆ : ਜਦੋਂ ਤਕ ਗੁਰੂ ਕਾ ਇੱਕ ਸਿੱਖ ਵੀ ਜਿੰਦਾ ਹੈ ਤੱਦ ਤਕ ਇਨ੍ਹਾਂ ਜ਼ੋਮਬੀਆਂ ਦੀਆਂ ਕੋਸ਼ਿਸ਼ਾਂ ਕਾਮਿਆਬ ਨਹੀਂ ਹੋ ਪਾਉਣਗੀਆਂ ! ਆਓ ਆਮ ਸੰਗਤਾਂ ਦੇ ਸਾਹਮਣੇ ਇਨ੍ਹਾਂ ਜ਼ੋਮਬੀਆਂ ਦਾ ਸਹੀ ਰੂਪ ਪੇਸ਼ ਕਰੀਏ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ! ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੇ ਲੜ ਲਗੀਏ ਅੱਤੇ ਉਸ ਬਾਣੀ ਨੂੰ ਆਪ ਪੜ੍ਹੀਏ ਅੱਤੇ ਵਿਚਾਰੀਏ ਤਾਂ ਹੀ ਸਾਡੀ ਜ਼ਿੰਦਗੀ ਵਿੱਚੋਂ ਇਨ੍ਹਾਂ ਜ਼ੋਮਬੀਆਂ ਦਾ ਖਾਤਮਾ ਹੋਵੇਗਾ !

Tag Cloud

DHARAM

Meta