ਸੰਗਮਰਮਰ ਅੱਤੇ ਸੋਨਾ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ http://nikkikahani.com/

ਸੰਗਮਰਮਰ ਨੂੰ ਜਦੋਂ ਤੋ ਸਿੱਖਾਂ ਨੇ ਹੱਥ ਪਾਇਆ ਹੈ, ਮਕਰਾਨੇ ਦੀ ਖਾਨਾਂ ਦੇ ਮਾਲਕਾਂ ਦੀ ਬੱਲੇ ਬੱਲੇ ਹੋ ਗਈ ਹੈ ! ਇਤਨੇ ਸੋਹਣੇ ਗੁਰੂ ਘਰ ਬਣ ਰਹੇ ਨੇ ਸੰਗਮਰਮਰ ਨਾਲ ਕੀ ਰਹੇ ਰੱਬ ਦਾ ਨਾਓ ! (ਹੁਕਮ ਸਿੰਘ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਸੀ)

ਇੰਦਰਜੀਤ ਸਿੰਘ : ਕੌਮ ਦਾ ਇਤਨਾ ਜਿਆਦਾ ਪੈਸਾ ਉਡਾਉਣ ਨਾਲੋਂ ਸਿੱਖ ਬੱਚਿਆਂ ਦੀ ਸਕੂਲ ਫੀਸ ਮਾਫ਼ ਕਰ ਕੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦੇ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਮਾਇਆ ਸਫਲ ਹੋ ਜਾਂਦੀ ! ਬੱਚੇ ਉੱਚੀਆਂ ਪੜ੍ਹਾਈਆਂ ਕਰਨਗੇ ਤਾਂ ਕੌਮ ਦੀ ਤਰੱਕੀ ਬਹੁਤ ਤੇਜੀ ਨਾਲ ਹੋਵੇਗੀ !

ਵੈਸੇ ਵੀ ਇਤਨਾ ਮਹਿੰਗਾ ਅੱਤੇ ਸੋਹਣਾ ਸੰਗਮਰਮਰ ਲਾ ਕੇ ਉੱਤੇ ਗਲੀਚੇ ਹੀ ਵਿਛਾਣੇ ਹਨ ਤਾਂ ਕੀ ਫਾਇਦਾ ਅਜੇਹੀ ਫਜੂਲ ਖਰਚੀ ਦਾ ? ਇਹੀ ਪੈਸੇ ਗਰੀਬਾਂ ਅੱਤੇ ਲੋੜਵੰਦਾਂ ਨੂੰ ਦਿੱਤੇ ਜਾਣ ਤਾਂ ਜੋ ਆਪਣੇ ਭਰਾਵਾਂ ਦੀ ਮਦਦ ਨਾਲ ਤਰੱਕੀ ਕਰ ਸਕਣ ! (ਸਰਬਜੀਤ ਕੌਰ ਨੇ ਆਪਣੇ ਵਿਚਾਰ ਰੱਖੇ)

ਬੱਚਿਆਂ ਨੇ ਇੱਕ ਦਿਨ ਮਰ ਜਾਣਾ ਹੈ ਪਰ ਇਹ ਸੋਹਣਾ ਸੰਗਮਰਮਰ ਅੱਤੇ ਸੋਨਾ ਹਮੇਸ਼ਾਂ ਲਈ ਲਗਿਆ ਰਹੇਗਾ ! ਤੁਹਾਡੀ ਦਾਹੜੀ ਚਿੱਟੀ ਹੋ ਗਈ ਪਰ ਅੱਕਲ ਅਜੇ ਤਕ ਨਹੀਂ ਆਈ ! ਤੁਸੀਂ ਦੁਸ਼ਮਣ ਹੋ ਗੁਰੂ ਘਰ ਦੇ ਜੋ ਹਰ ਗੱਲ ਤੇ ਆਪਣੀ ਕਿੰਤੂ-ਪ੍ਰੰਤੂ ਲੈ ਕੇ ਆ ਜਾਂਦੇ ਹੋ ! ਸਾਡੇ ਪ੍ਰਧਾਨ ਕਦੀ ਗਲਤ ਨਹੀਂ ਕਰਦੇ, ਓਹ ਜਿੰਦਾਬਾਦ ਹਨ, ਜਿੰਦਾਬਾਦ ਸਨ ਤੇ ਜਿੰਦਾਬਾਦ ਰਹਿਣਗੇ ! (ਪ੍ਰਧਾਨ ਦੀ ਕੜਛੀ ਮਨਮੁਖ ਸਿੰਘ ਨੇ ਆਪਣੀ ਜਬਲੀ ਨਾਲ ਮਾਹੌਲ ਵਿਗਾੜਿਆ)

ਸੇਵਾ ਸਿੰਘ : ਸੰਗਮਰਮਰ ਦੀ ਉਮਰ ਤਕਰੀਬਨ ਢਾਈ ਸੌ ਤੋਂ ਤਿੰਨ ਸੌ ਸਾਲ ਹੁੰਦੀ ਹੈ ਪਰ ਕਾਰ ਸੇਵਾ ਦੇ ਨਾਮ ਤੇ ਹਰ ਪੰਜ-ਦਸ ਸਾਲ ਦੇ ਵਿੱਚ ਵਿੱਚ ਉਸਨੂੰ ਹਟਾ ਕੇ ਨਵਾਂ ਪੱਥਰ ਲਾ ਦਿੱਤਾ ਜਾਂਦਾ ਹੈ ! ਇਹ ਇੱਕ ਵੱਡਾ ਉਜਾੜਾ ਹੈ ਸੰਗਤ ਵੱਲੋਂ ਭੇਂਟ ਕੀਤੀ ਗਈ ਮਾਇਆ ਦਾ ! ਇਸ ਪਿਰਤ ਉੱਤੇ ਰੋਕ ਹੋਣੀ ਚਾਹੀਦੀ ਹੈ !

ਗੁਰੂ ਘਰ ਸੋਹਣਾ ਬਣਾਉਣਾ ਬਹੁਤ ਜਰੂਰੀ ਹੈ ਅੱਤੇ ਹੋਣਾ ਵੀ ਚਾਹੀਦਾ ਹੈ, ਪਰ ਜੇਕਰ ਇਹ ਕੰਮ “ਗੁਰੂ ਦੇ ਸਿੱਖਾਂ, ਜਿਨ੍ਹਾਂ ਨੂੰ ਹਰ ਸਟੇਜ ਤੋਂ ਗੁਰੂ ਰੂਪ ਸਾਧ ਸੰਗਤ ਜੀ ਕਹਿਆ ਜਾਂਦਾ ਹੈ” ਦੀ ਭਲਾਈ, ਉਨ੍ਹਾਂ ਦੀ ਪੜ੍ਹਾਈ ਅੱਤੇ ਸਿਹਤ ਨੂੰ ਛਿੱਕੇ ਤੇ ਟੰਗ ਕੇ ਕੀਤਾ ਜਾਵੇਗਾ ਤਾਂ ਸ਼ਾਇਦ ਗੁਰੂ ਮਹਾਰਾਜ ਵੀ ਖੁਸ਼ ਨਹੀਂ ਹੋਣਗੇ ! ਗਿਆਤ ਰਹੇ ਕੀ ਭਾਵੇਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕਰੋੜਾਂ ਰੁਪਇਆ ਸੰਗਮਰਮਰ ਜਾਂ ਸੋਨੇ ਦੇ ਰੂਪ ਵਿੱਚ ਸ਼ਰਧਾ ਦੇ ਨਾਮ ਤੇ ਲਾ ਦਿੱਤਾ ਜਾਵੇ ਪਰ ਗੁਰੂ ਦੇ ਸਿਧਾਂਤ ਦੇ ਹਿਸਾਬ ਨਾਲ ਉਸ ਤੋਂ ਜਿਆਦਾ ਵੱਡਾ ਉੱਦਮ “ਕਿਸੀ ਸਿੱਖ ਨੂੰ ਇੱਕ ਸ਼ਬਦ ਦੇ ਅਰਥ ਸਮਝਾਉਣਾ ਹੈ” ! (ਸਰਬਜੀਤ ਕੌਰ ਨੇ ਕਿਹਾ)

ਇੰਦਰਜੀਤ ਸਿੰਘ (ਗੱਲ ਮੁਕਾਉਂਦਾ ਹੋਇਆ): ਹੁਣ ਫੈਸਲਾ ਸੰਗਤ ਕਰੇ ਕੀ “ਮਾਇਆ ਨਾਲ ਜੁੜਨਾ ਹੈ” ਜਾਂ “ਸ਼ਬਦ ਗੁਰੂ” ਨਾਲ ? ਅਸਲ ਵਿੱਚ ਮਾਇਆ ਸਿਰਫ ਇੱਕ ਸਾਧਨ ਹੈ ਗੁਰੂ ਪ੍ਰਤੀ ਆਪਣਾ ਸਤਿਕਾਰ ਦਰਸ਼ਾਉਣ ਦਾ ਪਰ ਅਸਲ ਸਤਿਕਾਰ ਸਿੱਖ ਆਪਣੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਹੀ ਕਰ ਸਕਦਾ ਹੈ ! ਹਰ ਸਿੱਖ ਗੁਰਬਾਣੀ ਨਾਲ ਘਿੱਸ ਕੇ ਸੰਗਮਰਮਰ ਵਰਗਾ ਸੋਹਣਾ ਅੱਤੇ ਗੁਰਬਾਣੀ ਦੀ ਭੱਠੀ ਵਿੱਚ ਤਪ ਕੇ ਸੋਨੇ ਵਰਗਾ ਵੱਡਮੁੱਲਾ ਬਣ ਜਾਵੇ ਤਾਂ ਇਨ੍ਹਾਂ ਦੁਨਿਆਵੀ ਪਦਾਰਥਾਂ ਦੀ ਹੋਂਦ ਆਪੇ ਨਿਗੂਣੀ ਜਾਪੇਗੀ !

– ਬਲਵਿੰਦਰ ਸਿੰਘ ਬਾਈਸਨ
http://nikkikahani.com/

Tag Cloud

DHARAM

Meta