ਸੌਦਾ ਸਾਧ ਨੂੰ ਸਜ਼ਾ ਜਾਂ ਮਾਫ਼ੀ, ਬਾਦਲਾਂ ਦੀ ਵੋਟ ਨੀਤੀ ਅਤੇ ਪੰਥਕ ਸਿਧਾਂਤਾਂ ਦਾ ਘਾਣ… !! -: ਗੁਰਿੰਦਰਪਾਲ ਸਿੰਘ ਧਨੋਲਾ 9316176519, 9501624019

ਗੁਰੂ ਨਾਨਕ ਪਾਤਸ਼ਾਹ ਵਲੋਂ ਸਿੱਖ ਧਰਮ ਨੂੰ ਹੋਂਦ ਵਿਚ ਲਿਆਉਣ ਪਿੱਛੇ ਇਹ ਇੱਕ ਵੱਡਾ ਕਾਰਨ ਸੀ ਕਿ ਸਾਰੇ ਧਾਰਮਿਕ ਆਗੂ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਸਨ । ਜਿਸ ਕਰਕੇ ਸਮੁੱਚੀ ਲੁਕਾਈ ਤੜਫ਼ ਰਹੀ ਸੀ। ਕਿਸੇ ਵੀ ਖੇਤਰ ਵਿਚ ਕੋਈ ਵਿਧੀ ਵਿਧਾਂਤ ਲਾਗੂ ਨਹੀਂ ਹੁੰਦਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਕੁੱਝ ਸਿਧਾਂਤਾਂ ਨੂੰ ਸਨਮੁੱਖ ਰਖ ਕੇ ਕੌਮ ਦੀ ਸਿਰਜਣਾ ਕਰਦਿਆਂ ਅਜਿਹਾ ਚਿਤਵਿਆ ਸੀ ਕਿ ਭਾਵੇਂ ਕਿਡਾ ਵੀ ਸੰਕਟ ਆ ਜਾਵੇ ਪਰ ਮੇਰੀ ਕੌਮ ਦੇ ਵਾਰਿਸ ਸਿਧਾਤਾਂ ਨੂੰ ਤਿਲਾਜੰਲੀ ਨਹੀ ਦੇਣਗੇ। ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਬਾਬੇ ਨਾਨਕ ਨੇ ਆਪਣੇ ਪੁਤੱਰਾਂ ਨੂੰ ਪਰਚਾ ਪਾਇਆ। ਪਰ ਸਿਧਾਂਤਾਂ ਦੀ ਕਸਵੱਟੀ ਤੇ ਖਰੇ ਨਾ ਉਤਰਨ ਕਰਕੇ ਉਹ ਗੁਰਗੱਦੀ ਦੇ ਹੱਕਦਾਰ ਨਾ ਬਣ ਸਕੇ ਸਗੋਂ ਇਕ ਸਿੱਖ ਭਾਈ ਲਹਿਣਾ ਗੁਰੂ ਅੰਗਦ ਬਣਕੇ ਨਾਨਕਸ਼ਾਹੀ ਰੱਬੀ ਜੋਤ ਦੇ ਵਾਰਿਸ ਬਣੇ।

ਇਨ੍ਹਾਂ ਸਿਧਾਂਤਾਂ ਦੀ ਪਰਪਖਤਾ, ਸਲਾਮਤੀ ਅਤੇ ਭਵਿਖ ਵਿਚਲੀ ਪਹਿਰੇਦਾਰੀ ਨੂੰ ਧਿਆਨ ਵਿਚ ਰਖਦਿਆਂ ਗੁਰੂ ਘਰ ਨੇ ਸ਼ਹਾਦਤਾਂ ਦੀ ਝੜੀ ਲਗਾ ਦਿਤੀ । ਗੁਰੂ ਦੇ ਸਿੱਖ ਵੀ ਗੁੜਤੀ ਵਿਚ ਮਿਲੀ ਜੀਵਨ ਜਾਚ ਦੀ ਲਾਜ ਰਖਦਿਆਂ ਬੰਦ-ਬੰਦ ਕਟਵਾ ਗਏ , ਚਰਖੜੀਆਂ ਚੜ ਗਏ, ਦੇਗਾਂ ਵਿਚ ਉੱਬਲ ਗਏ, ਪੁੱਠੀਆਂ ਖੱਲਾਂ ਲੁਹਾ ਗਏ, ਆਰਿਆਂ ਨਾਲ ਚੀਰੇ ਗਏ, ਭਾਵੇਂ ਰੰਬੀਆਂ ਨਾਲ ਖੋਪਰ ਲਹਿ ਗਏ ਪਰ ਸਿਧਾਂਤਾਂ ਪ੍ਰਤੀ ਕਿਤੇ ਨੇੜੇ ਨਹੀਂ ਫੱਟਕਣ ਦਿਤਾ । ਗੁਰੂ ਸਹਿਬਾਨ ਜਾਂ ਸਾਡੇ ਵਡਾਰੂ ਗੁਰਸਿੱਖਾਂ ਵਲੋਂ ਵਿਖਾਈ ਅਡੋਲਤਾ ਅਤੇ ਕੁਰਬਾਨੀ ਵਾਲਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਤਾਂ ਕਿ ਅਸੀਂ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚਲਕੇ ਗੁਰੂ ਪੁਤੱਰਾਂ ਦੀ ਪਦੱਵੀ ਦੇ ਹੱਕਦਾਰ ਬਣ ਸਕੀਏ। ਲੇਕਿਨ ਇੱਕੀਵੀਂ ਸਦੀ ਵਿਚ ਅੱਜ ਜਦੋਂ ਸੰਸਾਰ ਇਕ ਪਿੰਡ ਬਣ ਚੁਕਿਆ ਹੈ ਅਤੇ ਹਰ ਕੌਮ ਧਰਮ ਫਿਰਕਾ ਤਰਕੀ ਕਰ ਰਿਹਾ ਹੈ ਪਰ ਸਿੱਖ ਪੰਥ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ।

ਹਰ ਰੋਜ਼ ਸਿਧਾਂਤਾਂ ਦੀ ਹਾਨੀ ਹੁੰਦੀ ਹੈ, ਜਿਸ ਕਰਕੇ ਹਰ ਰੋਜ਼ ਸੂਰਜ ਕੌਮ ਵਾਸਤੇ ਇਕ ਨਵੀਂ ਨਮੋਸ਼ੀ ਦਾ ਦਿਨ ਲੈ ਕੇ ਚੜਦਾ ਹੈ । ਅੱਜ ਦਾ ਦਿਨ ਵੀ ਸਿੱਖਾਂ ਦੇ ਇਤਿਹਾਸ ਵਿਚ ਇਕ ਕਾਲੇ ਦਿਨ ਵਜੋਂ ਦਰਜ਼ ਹੋ ਗਿਆ ਹੈ । ਜਦੋਂ ਚੰਦ ਵੋਟਾਂ ਦੀ ਖਾਤਿਰ ਕੌਮੀ ਸਿਧਾਂਤ ਕੁਰਬਾਣ ਕਰ ਦਿੱਤੇ ਗਏ। ਇਸ ਵੇਲੇ ਸਿੱਖ ਕੌਮ ਦੀਆਂ ਸਾਰੀਆਂ ਸੰਸਥਾਂਵਾਂ ਤੇ ਕਾਬਿਜ਼ ਇਕੋ ਇਕ ਪਰਿਵਾਰ ਆਪਣੀ ਡਿੱਗ ਰਾਜਨੀਤਕ ਛੱਤ ਨੂੰ ਥੱਮੀਂ ਦੇਣ ਵਾਸਤੇ ਕਿਸੇ ਨਾ ਕਿਸੇ ਸਿਧਾਂਤ ਦੀ ਬਲੀ ਦੇ ਦਿੰਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਕ ਸਮੇਂ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਚੋਣਾਂ ਵਿਚ ਅਕਾਲੀ ਦਲ ਦੀ ਮਦਦ ਨਹੀਂ ਕੀਤੀ ਸੀ ਜਿਸ ਤੋਂ ਖਫ਼ਾ ਹੋ ਕੇ ਡੇਰਾ ਮੁੱਖੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ । ਇਹ ਵੀ ਚਰਚਾ ਵਿਚ ਆਇਆ ਕਿ ਪਹਿਲਾਂ ਡੇਰਾ ਮੁਖੀ ਨੂੰ ਸਿੱਖ ਗੁਰੂ ਸਾਹਿਬਾਨ ਵਿਰੋਧੀ ਸਵਾਂਗ ਰਚਾਊਣ ਲਈ ਕੁੱਝ ਲੋਕਾਂ ਰਾਹੀਂ ਤਿਆਰ ਕੀਤਾ ਗਿਆ। ਕੁੱਝ ਲੋਕਾਂ ਨੇ ਇਹ ਵੀ ਤੱਤ ਪ੍ਰਗਟ ਕੀਤੇ ਕਿ ਡੇਰਾ ਮੁੱਖੀ ਵਾਸਤੇ ਗੁਰੂ ਸਾਹਿਬਾਨ ਵਰਗੇ ਕੱਪੜੇ ਵੀ ਬਾਦਲ ਪਰਿਵਾਰ ਦੇ ਸਹਿਯੋਗੀਆਂ ਵਲੋਂ ਡਿਜਾਇਨ ਕਰਕੇ ਦਿਤੇ ਗਏ । ਡੇਰਾ ਮੁੱਖੀ ਸੌਦਾ ਸਾਧ ਨੂੰ ਬਠਿੰਡਾ ਜ਼ਿਲੇ ਦੇ ਪਿੰਡ ਸਲਾਬਤ ਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗੀ ਪੁਸ਼ਾਕ ਪਾ ਕੇ, ਅੰਮ੍ਰਿਤ ਸੰਚਾਰ ਦੀ ਵਿਧੀ ਦੀ ਨਕਲ ਕਰਦਿਆਂ ਰੁਹ ਅਫ਼ਜਾ ਘੋਲ ਕੇ ਲੋਕਾਂ ਨੂੰ ਜਾਮ ਏ ਇੰਸਾਂ ਪਿਆਇਆ ਗਿਆ। ਜਿਸਦਾ ਸਿੱਖ ਪੰਥ ਨੇ ਗੰਭੀਰ ਨੋਟਿਸ ਲਿਆ ਅਤੇ ਬਾਦਲ ਪਰਿਵਾਰ ਤੇ ਸਰਕਾਰ ਰਾਜਸੀ ਕਿੜ ਤਹਿਤ ਇਕ ਤੀਰ ਨਾਲ ਦੋ ਸ਼ਿਕਾਰ ਕੀਤੇ । ਇਕ ਪਾਸੇ ਤਾਂ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਵਿਰੁਧ ਨਾ ਮ੍ਯਿਲਵਰਤਣ ਦਾ ਹੁਕਮਨਾਮਾ ਜਾਰੀ ਕਰਵਾਕੇ, ਆਪਣੇ ਆਪ ਨੂੰ ਪੰਥ ਪ੍ਰਸਤ ਵਿਖਾਇਆ ਅਤੇ ਦੂਜੇ ਪਾਸੇ ਸੌਦਾ ਸਾਧ ਸ਼ੀਸ਼ੇ ਵਿਚ ਉਸਦੇ ਭਵਿਖ ਦੀ ਤਸਵੀਰ ਦੇ ਦਰਸ਼ਨ ਵੀ ਕਰਵਾ ਦਿੱਤੇ ਕਿ ਬਾਦਲਾਂ ਨੂੰ ਵੋਟ ਨਾ ਪਾਊਣ ਦਾ ਖਮਿਆਜਾ ਕਿਵੇਂ ਭੁਗਤਣਾ ਪੈਂਦਾ ਹੈ। ਇਸ ਤੋਂ ਬਾਅਦ ਫਿਰ ਵੋਟਾਂ ਆਈਆਂ ਤਾਂ ਸੌਦਾ ਸਾਧ ਨਾਲ ਵੋਟਾਂ ਦਾ ਸੌਦਾ ਕਰਕੇ ਉਸਦੇ ਗਲੇ ਵਿਚ ਪਈ ਕਾਨੂੰਨੀ ਜੰਜੀਰ ਦੀਆਂ ਕੜੀਆਂ ਢਿੱਲੀਆਂ ਕਰ ਦਿਤੀਆਂ ਗਈਆਂ ਅਤੇ ਉਸ ਵਿਰੁਧ ਲੱਗੇ ਦੋਸ਼ ਬਾਦਲ ਸਰਕਾਰ ਨੇ ਵਾਪਿਸ ਲੈ ਲਏ।

ਹੁਣ 2017 ਦੀ ਵਿਧਾਨ ਸਭਾ ਚੋਣਾਂ ਵਿਚ ਬਾਦਲ ਪਰਿਵਾਰ ਨੇ ਜਦੋਂ ਆਪਣਾ ਵਜ਼ਨ ਤੋਲ ਕੇ ਵੇਖਿਆ ਹੈ ਤਾਂ ਕਾਫ਼ੀ ਕਮਜ਼ੋਰੀ ਮਹਿਸੂਸ ਕੀਤੀ ਹੈ। ਜਿਸ ਕਰਕੇ ਉਨ੍ਹਾਂ ਨੂੰ ਆਪਣੇ ਰਾਜਸੀ ਸਿੰਘਾਸਨ ਦੇ ਪਾਵੇ ਅਸਥਿਰ ਨਜ਼ਰ ਆਏ ਤਾਂ ਹੁਣ ਕੋਈ ਨਵਾਂ ਪੱਤਾ ਖੇਡਣਾ ਲਾਜ਼ਮੀ ਹੋ ਗਿਆ ਸੀ। ਪੰਥ ਦਰਦੀ ਤਾਂ ਪਹਿਲਾਂ ਹੀ ਬਾਦਲ ਦੀਆਂ ਪੰਥ ਮਾਰੂ ਨੀਤੀਆਂ ਕਰਕੇ ਬਾਦਲ ਦਲ ਤੋਂ ਦੂਰੀ ਬਣਾਈ ਬੈਠੇ ਸਨ। ਪਰ ਨਾਲ ਹੀ ਹਰ ਪਾਸਿਂਓ ਦੁੱਖੀ ਹੋਇਆ ਕਿਸਾਨ ਜਿੱਥੇ ਖੁਦਕਸ਼ੀਆਂ ਕਰ ਰਿਹਾ ਹੈ ਉੱਥੇ ਬਾਦਲ ਸਰਕਾਰ ਦੇ ਵਿਰੁਧ ਵੀ ਸੜਕਾਂ ਉੱਤੇ ਉਤਰ ਆਇਆ ਹੈ। ਮੁਲਾਜ਼ਮ ਮਜ਼ਦੂਰ ਅਤੇ ਬੇਰੁਜ਼ਗਾਰ ਨੌਜੁਆਨ ਪਹਿਲਾਂ ਹੀ ਸਰਕਾਰ ਪ੍ਰਤੀ ਅੰਤਾਂ ਦਾ ਰੋਹ ਲਈ ਬੈਠੇ ਹਨ। ਅਜਿਹੇ ਹਲਾਤਾਂ ਵਿਚ ਜਿੱਥੇ ਬਾਦਲ ਪਰਿਵਾਰ ਨੂੰ ਆਪਣੀ ਰਾਜਨੀਤੀ ਬਚਾਉਣ ਲਈ ਵੱਡੇ ਸਹਾਰੇ ਦੀ ਲੋੜ ਸੀ, ਉੱਥੇ ਸੌਦਾ ਸਾਧ ਲਈ ਵੀ ਮੌਕੇ ਦੀ ਗੰਭੀਰਤਾ ਦਾ ਫਾਇਦਾ ਉਠਾਉਣ ਦੀ ਨੀਤੀ ਨੂੰ ਤਰਜੀਹ ਦਿਤੀ।

ਕਲ ਪਰਸੋਂ ਹੀ ਸੌਦਾ ਸਾਧ ਦੀ ਨਵੀਂ ਫ਼ਿਲਮ ਐਮ ਐਸ ਜੀ 2 ਉੱਤੇ ਪਾਬੰਦੀ ਲਗਾ ਕੇ ਬਾਦਲ ਸਰਕਾਰ ਨੇ ਸੌਦਾ ਸਾਧ ਨੂੰ ਹਲੂਣਾ ਦਿਤਾ ਸੀ ਤਾਂ ਕਿ 2017 ਦੀ ਚੋਣ ਵਾਰੇ ਕੋਈ ਗਲਬਾਤ ਦਾ ਢੰਗ ਬਣ ਸਕੇ। ਜਿਊਂ ਹੀ ਸੌਦਾ ਸਾਧ ਵਲੋਂ ਕੁੱਝ ਥਾਵਾਂ ਤੇ ਪ੍ਰਦਰਸ਼ਨ ਕਰਕੇ ਅਤੇ ਵਿਚੋਲਿਆਂ ਰਾਹੀਂ ਬਾਦਲ ਸਰਕਾਰ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤੋਂ ਹੀ ਸਮਝੋਤੇ ਲਈ ਪੱਬਾਂ ਭਾਰ ਹੋਏ ਬੈਠੇ ਬਾਦਲ ਪਰਿਵਾਰ ਨੇ ਸੌਦਾ ਸਾਧ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਕਿ ਸਿਰਫ ਫ਼ਿਲਮ ਹੀ ਨਹੀਂ ਸਾਰੇ ਝਗੜੇ ਮੁਢੋਂ ਹੀ ਮੁਕਾਏ ਜਾ ਸਕਦੇ ਹਨ, ਜੇ ਇਮਾਨਦਾਰੀ ਨਾਲ ਇਕ ਦੂਜੇ ਦੀ ਮਦਦ ਕਰਨ ਦੀ ਗਲ ਬਣ ਜਾਏ। ਸੌਦਾ ਸਾਧ ਵੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਧਰਤੀ ਉੱਤੇ ਪੈਰ ਪਾਊਣ ਨੂੰ ਤਰਸ ਰਿਹਾ ਹੈ ਅਤੇ ਉਸ ਦੇ ਪ੍ਰੇਮੀ ਵੀ ਖ੍ਯੁੱਲ ਕੇ ਪਹਿਲਾਂ ਵਾਂਗੂ ਨਹੀਂ ਵਿਚਰ ਰਹੇ ਇਸ ਕਰਕੇ ਸੌਦਾ ਸਾਧ ਨੇ ਵੀ ਸਮਝੌਤੇ ਵਾਸਤੇ ਝੱਟ ਗਰਦਨ ਨੀਵੀਂ ਕਰ ਲਈ ।

ਜਿਸ ਵੇਲੇ ਸੌਦਾ ਸਾਧ ਵਲੋਂ ਸਵਾਂਗ ਰਚਾਇਆ ਗਿਆ ਸੀ ਤਾਂ ਉਸ ਵੇਲੇ ਵੀ ਬਹੁਤ ਸਾਰੇ ਅਮਨ ਪਸੰਦ ਅਤੇ ਸੂਝਵਾਨ ਲੋਕਾਂ ਨੇ ਸਮਾਜਿਕ ਸ਼ਾਂਤੀ ਨੂੰ ਮੱਦੇਨਜ਼ਰ ਰਖਦਿਆਂ ਸੌਦਾ ਸਾਧ ਨੂੰ ਸਲਾਹ ਦਿਤੀ ਸੀ ਕਿ ਉਸ ਗੁਰੂ ਸਾਹਿਬ ਦਾ ਸਵਾਂਗ ਰਚਾਇਆ ਜਾਣਾ ਇਕ ਬਹੁਤ ਘਟੀਆ ਤੇ ਘਿਨਾਊਣਾ ਕਾਰਨਾਮਾ ਹੈ ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਰੁਹਾਨੀ ਰੂਹਾਂ ਦਾ ਨਿਰਾਦਰ ਹੋਇਆ ਹੈ ਇਸ ਕਰਕੇ ਸੌਦਾ ਸਾਧ ਨੂੰ ਬਿਨਾ ਕਿਸੇ ਦੇਰੀ ਤੋਂ ਸਿੱਖ ਪੰਥ ਪਾਸੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ, ਪਰ ਉਸ ਵੇਲੇ ਦੀ ਮਾਫ਼ੀ ਬਾਦਲ ਦਲ ਦੇ ਵੋਟ ਬੈਂਕ ਵਿਚ ਵਾਧਾ ਨਹੀਂ ਕਰ ਸਕਦੀ ਸੀ ਇਸ ਕਰਕੇ ਬਾਦਲੀ ਤੰਤਰ ਨੇ ਆਪਣੀ ਕੂਟਨੀਤੀ ਰਾਹੀਂ ਸੌਦਾ ਸਾਧ ਨੂੰ ਜਿੱਦ ਉੱਤੇ ਅੜੇ ਰਹਿਣ ਲਈ ਉਕਸਾਇਆ । ਜੇ ਕਰ ਉਸ ਸਮੇਂ ਹੀ ਸੌਦਾ ਸਾਧ ਮਾਫ਼ੀ ਮੰਗ ਲੈਂਦਾ ਤਾਂ ਗਲ ਇਥੋਂ ਤਕ ਨਹੀਂ ਵਧਣੀ ਸੀ ਅਤੇ ਨਾ ਹੀ ਉਸ ਨੂੰ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਪਿੱਛੇ ਬਾਦਲਾਂ ਦੀ ਸਿਆਸਤ ਹੀ ਕੰਮ ਕਰਦੀ ਸੀ ਜਿਸਨੂੰ ਨਾ ਤਾਂ ਸਿੱਖ ਸਮਝ ਸਕੇ ਅਤੇ ਨਾ ਹੀ ਸੌਦਾ ਸਾਧ ਸਮਝ ਸਕਿਆ, ਪਰ ਅੱਜ ਜਦੋਂ ਅਚਾਨਕ ਸੌਦਾ ਸਾਧ ਦਾ ਮਾਫ਼ੀਨਾਮਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪਹੁੰਚਿਆ ਹੈ ਤਾਂ ਕੁਝ ਪਲਾਂ ਵਿਚ ਹੀ ਉਸਨੂੰ ਮਾਫ਼ ਕਰ ਦਿਤਾ ਗਿਆ ਹੈ।

ਇਸ ਨਾਲ ਪੰਥਕ ਹਲਕਿਆਂ ਵਿਚ ਇਕ ਦਮ ਖਲਬਲੀ ਮਚ ਗਈ ਹੈ ਕਿਉਂਕਿ ਕਿਸੇ ਵੀ ਛੋਟੇ ਵੱਡੇ ਮਸਲੇ ਲਈ ਜਥੇਦਾਰ ਕਈ ਕਈ ਮੀਟਿੰਗਾਂ ਕਰਕੇ ਕੋਈ ਫੈਸਲਾ ਸੁਣਾਉਂਦੇ ਹਨ ਪਰ ਇਹ ਇਨਾਂ ਵੱਡਾ ਕੌਮੀ ਮਸਲਾ ਜਿਸਦਾ ਸਬੰਧ ਕਿਸੇ ਇਕ ਧਿਰ ਜਾਂ ਸਿਰਫ ਕੌਮ ਨਾਲ ਹੀ ਨਹੀਂ ਸਗੋਂ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਦੇ ਆਦਰ ਨਾਲ ਵੀ ਜੁੜਿਆ ਹੋਇਆ ਹੈ ਪਰ ਇਸ ਮਸਲੇ ਸਬੰਧੀ ਕਿਸੇ ਨੂੰ ਭਿਣਖ ਤਕ ਨਹੀਂ ਪੈਣ ਦਿਤੀ ਗਈ। ਅੱਜ ਸਿੱਖਾਂ ਵਿਚ ਇਹ ਚਰਚਾ ਹੈ ਕਿ ਸਰਦਾਰ ਬਾਦਲ ਨੇ ਹਰ ਕੌਮੀ ਸੰਸਕਾਰ ਨੂੰ ਆਪਣੀ ਸੋੜੀ ਰਾਜਨੀਤੀ ਕਾਰਨ ਦਾਅ ਉੱਤੇ ਲਗਾ ਦਿਤਾ ਹੈ। ਇਕ ਸਿੱਖ ਦੂਜੇ ਨੂੰ ਫੋਨ ਕਰਕੇ ਪੁੱਛ ਰਿਹਾ ਹੈ ਕਿ ਹੁਣ ਸਿੱਖ ਕੌਮ ਦਾ ਕੀ ਬਣੇਗਾ? ਇਹ ਸਵਾਲ ਹਰ ਸਿੱਖ ਦੇ ਜਿਹਨ ਵਿਚ ਗ੍ਰਹਿਣ ਵਾਂਗੂੰ ਜਾਪ ਰਿਹਾ ਹੈ ।

ਪ੍ਰਕਾਸ਼ ਸਿੰਘ ਬਾਦਲ ਜਿਹੜਾ ਨਾ ਕਦੇ ਪੰਥਕ ਸੀ ਅਤੇ ਨਾ ਪੰਥਕ ਹੈ, ਆਪਣਾ ਕੰਮ ਬੜੀ ਸਾਫ਼ ਗੋਈ ਨਾਲ ਕਰਦਾ ਜਾ ਰਿਹਾ ਹੈ । ਕੋਈ ਵੀ ਅਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਜਿਸ ਨਾਲ ਸਿਧਾਂਤਾਂ ਦਾ ਬੇੜਾਗਰਕ ਹੁੰਦਾ ਹੋਵੇ ਅਤੇ ਕੌਮ ਵਾਸਤੇ ਕੋਈ ਨਵੀਂ ਦੁਸ਼ਵਾਰੀ ਪੈਦਾ ਹੁੰਦੀ ਹੋਵੇ। ਹਰ ਸਮੇਂ ਪੰਥ ਵਿਰੋਧੀ ਸ਼ਕਤੀਆਂ ਦਾ ਸਾਥ ਦੇ ਕੇ ਆਪਣੀ ਸਿਆਸਤ ਵਿਚ ਕਾਮਯਾਬ ਰਹਿਣ ਵਾਲਾ ਬਾਦਲ ਸਿੱਖੀ ਦਾ ਘਾਣ ਵੀ ਕਰੀ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਸਿੱਖਾਂ ਦਾ ਵੱਡਾ ਆਗੂ ਵੀ ਅਖਵਾਉਂਦਾ ਹੈ ਪਰ ਜੋ ਲੋਕ ਪੰਥ ਦਰਦੀ ਅਤੇ ਸਿਧਾਂਤਾਂ ਦੀ ਰਾਖੀ ਕਰਨ ਦਾ ਹੋਕਾ ਦਿੰਦੇ ਹਨ ਉਹ ਧੜੇ ਬੰਦੀਆਂ ਵਿਚ ਵਿਚਰਕੇ ਕੌਮ ਦਾ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਵੱਡਾ ਨੁਕਸਾਨ ਕਰ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਰਨਾ ਹੈ ਬੇ-ਰੋਕ ਕਰੀ ਜਾ ਰਿਹਾ ਹੈ ਪਰ ਪੰਥਕ ਜੱਥੇਬੰਦੀਆਂ ਈਰਖਾ ਦੀਆਂ ਦੀਵਾਰਾਂ ਓਹਲੇ ਖਲੋਤੀਆਂ ਗੁਰੂ ਗੋਬਿੰਦ ਸਿੰਘ ਦਾ ਘਰ, ਗੁਰੂ ਪੰਥ ਨੂੰ ਉਜੜਦਾ ਵੇਖ ਰਹੀਆਂ ਹਨ। ਇਤਿਹਾਸ ਦੇ ਪੰਨਿਆਂ ਤੇ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਔਰੰਗਜੇਬ ਜਾਂ ਵਜ਼ੀਦਾ ਖਾਨ ਵਾਲੇ ਰੰਗ ਵਿਚ ਲਿਖਿਆ ਜਾਵੇਗਾ ਉੱਥੇ ਸਾਨੂੰ ਪੰਥਕ ਕਹਾਊਣ ਵਾਲਿਆਂ ਨੂੰ ਵੀ ਦੀਵਾਨ ਸੁੱਚਾ ਨੰਦ ਵਾਲੇ ਪੰਨੇ ਉੱਤੇ ਹੀ ਥਾਂ ਮਿਲੇਗੀ। ਇਸ ਲਈ ਗੁਰੂ ਖਾਲਸਾ ਪੰਥ ਜਾਗੋ! ਹਾਲੇ ਵੀ ਵੇਲਾ ਹੈ ਭਾਈ ਮਹਾਂ ਸਿੰਘ ਵਾਂਗੂੰ ਖਿਦਰਾਣੇ ਦੀ ਢਾਬ ਉਤੇ ਹੀ ਗੁਰੂ ਨਾਲ ਸਾਂਝ ਪਾ ਲਈਏ ਸ਼ਾਇਦ ਕਿਤੇ ਇਤਿਹਾਸ ਚਾਲੀ ਮੁਕਤਿਆਂ ਦੇ ਚਰਨਾਂ ਵਿਚ ਥੋੜੀ ਜਿਹੀ ਜਗਾ ਦੇ ਦੇਵੇ।

ਗੁਰੂ ਰਾਖਾ!!

Tag Cloud

DHARAM

Meta