ਸਿੱਖਾਂ ਦੇ ਗੁਰਦੁਆਰਿਆਂ ਵਿਚ ਹੋਣ ਵਾਲੇ ਨਿਤਨੇਮ ਵਿਚ ਰੋਜ਼ ਪੜੀ ਜਾਂਦੀ ਹੈ ਰਾਮ ਕਥਾ -: ਸ. ਉਪਕਾਰ ਸਿੰਘ ਫ਼ਰੀਦਾਬਾਦ

* ਦੂਜਿਆਂ ਨੂੰ ਘੁਰਕੀ ਮਾਰਨ ਵਾਲੇ ਅਖੌਤੀ ਜੱਥੇਦਾਰ ਆਪ ਤਾਂ ਰਾਮ ਕਥਾ ਵਾਲੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੂ ਬਣਾਈ ਬੈਠੇ ਹਨ
* ‘ਗੁਰਦੁਆਰੇ ਵਿਚ ਕੇਵਲ ਗੁਰਬਾਣੀ ਅਤੇ ਗੁਰਮਤਿ ਸਬੰਧੀ ਹੀ ਕਥਾ ਵਖਿਆਣ ਕੀਤਾ ਜਾ ਸਕਦਾ ਹੈ ਹੋਰ ਕਿਸੇ ਅਨਮਤੀ ਗ੍ਰੰਥ ਦਾ ਵਖਿਆਣ ਨਹੀਂ ਕੀਤਾ ਜਾ ਸਕਦਾ’ ਕੀ ਗਿਆਨੀ ਗੁਰਬਚਨ ਸਿੰਘ ਦਾ ਇਹ ਉਪਦੇਸ਼ ਦੂਜਿਆਂ ਵਾਸਤੇ ਹੀ ਹੈ ?

(ਜਸਪ੍ਰੀਤ ਕੌਰ ਫ਼ਰੀਦਾਬਾਦ 14 ਜੁਲਾਈ 2014)
ਬੀਤੇਂ ਦਿਨੀਂ ਛੱਪੀ ਖਬਰ ਜਿਸ ਵਿਚ ਲੰਡਨ ਦੇ ਨੈਵਿਲ ਰੋਡ ਰਾਮਗੜੀਆ ਸਿੱਖ ਗੁਰਦੁਆਰੇ ਵਿਚ ਹੋਣ ਵਾਲੀ ਰਾਮ ਕਥਾ ’ਤੇ ਜਥੇਦਾਰਾਂ ਦੀ ਘੁਰਕੀ ਤੋਂ ਬਾਅਦ ਰੋਕ ਲਗ ਗਈ ’ਤੇ ਪ੍ਰਤੀਕਰਮ ਕਰਦਿਆਂ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ ਕਿ ਕਿੰਨੀ ਅਜੀਬ ਗਲ ਹੈ ਕਿ ਦੂਜਿਆਂ ਨੂੰ ਘੁਰਕੀ ਮਾਰਨ ਵਾਲੇ ਅਖੌਤੀ ਜਥੇਦਾਰ ਆਪ ਉਸ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੁ ਥਾਪੀ ਬੈਠੇ ਹਨ ਜਿਸ ਵਿਚ ਦਸ਼ਰਥ ਦੇ ਪੁੱਤਰ ਰਾਮਚੰਦਰ ਦੀ ਰਾਮ ਕਥਾ ਨੂੰ ਜੁਗੋ ਜੁਗ ਅਟਲ ਕਿਹਾ ਹੈ ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜੇ ਰਾਮ ਕਥਾ ਨਾਲ ਗੁਰਦੁਆਰੇ ਮੰਦਰਾਂ ਦਾ ਰੂਪ ਬਣ ਜਾਣਗੇ ਤਾਂ ਅਜਿਹਾ ਤਾਂ ਸਿੱਖਾਂ ਦੇ ਹਰੇਕ ਗੁਰਦੁਆਰੇ ਵਿਚ ਸਿੱਖਾਂ ਦੇ ਨਿਤਨੇਮ ਵਿਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਰਾਮ ਅਵਤਾਰ (ਰਾਮਚੰਦਰ ਦੀ ਉਸਤਤਿ) ਪੜ੍ਹ ਕੇ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਇੰਟਰਨੈਟ ਦੇ ਯੂ-ਟਿਉਬ ’ਤੇ ਪਈ ਸ਼੍ਰੀ ਕਲਗੀਧਰ ਸਤਿਸੰਗ ਮੰਡਲ ਜਰੀਪਟਕਾ ਨਾਗਪੁਰ ਮਹਾਂਰਾਸ਼ਟਰ ਦੇ ਮਾਧਵ ਦਾਸ ਮਮਤਾਨੀ ਵੱਲੋਂ ਅਖੌਤੀ ਦਸਮ ਗ੍ਰੰਥ ਰਾਹੀਂ ਮਿਥਿਹਾਸਕ ਅਤੇ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ ਅਤੇ ਅਪਣੀ ਗੱਲ ਦੀ ਪ੍ਰੋੜਤਾ ਉਹ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਰਾਹੀਂ ਕਰਦਾ ਹੈ । ਅਖੌਤੀ ਦਸਮ ਗ੍ਰੰਥ ਦੀ ਰਚਨਾ 24 ਅਵਤਾਰ ਵਿਚੋਂ ਰਾਮ ਅਵਤਾਰ ਦਾ ਹਵਾਲਾ ਦਿੰਦਿਆਂ ਉਹ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿਚ ਵੀ ਦਸ਼ਰਥ ਪੁੱਤਰ ਰਾਮਚੰਦਰ ਦੀ ਕਥਾ ਨੂੰ ਜੁੱਗ ਜੁੱਗ ਅਟਲ ਕਿਹਾ ਹੈ ਅਤੇ ਜੋ ਕੋਈ ਇਸ ਕਥਾ ਨੂੰ ਸੁਨੇਗਾ ਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ । ਵੀਡੀਉ ਵਿਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਨੂੰ ਵਾਰ ਵਾਰ ਰਾਮਚੰਦਰ ਦੀਆਂ ਤਸਵੀਰਾਂ ਨਾਲ ਮਿਲਾ ਕੇ ਇਹ ਵਿਖਾਉਣ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬਾਨ ਦਸ਼ਰਥ ਪੁੱਤਰ ਰਾਮਚੰਦਰ ਦੇ ਸ਼ਰਧਾਲੂ ਸਨ। ਮਮਤਾਨੀ ਵੀਡੀਉ ਵਿਚ ਇਹ ਵੀ ਕਹਿੰਦਾ ਹੈ ਕਿ ਗੁਰੂ ਨਾਨਕ ਕੇ ਹਰ ਸਿੱਖ ਕਾ ਫਰਜ਼ ਹੈ ਕਿ ਵੋ ਦਸਮ ਗ੍ਰੰਥ ਕੀ ਇਸ ਰਾਮ ਕਥਾ ਕੋ ਸਾਰੇ ਵਿਸ਼ਵ ਮੇਂ ਫੈਲਾਏ।

ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਥੇ ਰਾਮਚੰਦਰ ਨੂੰ ਰੱਬ ਮੰਨਣ ਤੋਂ ਇਨਕਾਰੀ ਹਨ ਅਤੇ ਇਹ ਪ੍ਰਗਟਾਵਾ ਕਰਦੀਆਂ ਹਨ ਕਿ ਇਸਤਰੀ ਤੋਂ ਜਨਮ ਲੈਣ ਵਾਲਾ ਮਨੁੱਖ, ਅਪਣੀ ਔਰਤ ਤੇ ਭਰਾ ਦੇ ਵਿਛੁਣਨ ਉਤੇ ਰੋਣ ਵਾਲਾ, ਅਤੇ ਰਾਵਣ ਨੂੰ ਧੋਖੇ ਨਾਲ ਮਾਰਣ ਵਾਲਾ ਵੱਡਾ ਕਿਵੇਂ ਹੋ ਸਕਦਾ ਹੈ ? ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਮ ਤਾਂ ਅਜੂਨੀ, ਸੈਭੰ, ਨਿਰਭਉ, ਨਿਰਵੈਰ ਵਰਗੇ ਗੁਣਾਂ ਦਾ ਮਾਲਕ ਸ਼੍ਰਿਸ਼ਟੀ ਦਾ ਕਰਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧੀ ਗ੍ਰੰਥ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ 24 ਅਵਤਾਰ ਦੀ ਰਚਨਾ ਰਾਮ ਅਵਤਾਰ ਵਿਚ ਰਾਮਚੰਦਰ ਦੀ ਕਥਾ ਨੂੰ ਜੁਗੋ ਜੁਗ ਅਟਲ ਆਖਦਾ ਹੈ ਅਤੇ ਜਿਹੜਾ ਕੋਈ ਇਹ ਕਥਾ ਨੂੰ ਸੁਨੇ ਅਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਬਚਿੱਤਰ ਨਾਟਕ ਦਾ ਲਿਖਾਰੀ ਦੋਗਲਾ ਵੀ ਹੈ ਉਹ ਇਕ ਪਾਸੇ ਰਾਮ ਦੀ ਕਥਾ ਨੂੰ ਜੁਗੋ ਜੁਗ ਅਟਲ ਕਹਿੰਦਾ ਹੈ, ਦੂਜੇ ਪਾਸੇ ਅਖੀਰ’ਤੇ ਪਲਟੀ ਮਾਰ ਕੇ ਕਹਿੰਦਾ ਹੈ ਕਿ ਮੈਂ ਰਾਮ ਰਹੀਮ ਪੁਰਾਨ ਕੁਰਾਨ ਨੂੰ ਨਹੀਂ ਮੰਨਦਾ ਮੇਰਾ ਇਸ਼ਟ ਸ਼੍ਰੀ ਅਸਿਪਾਨ (ਮੁੰਡ ਕੀ ਮਾਲਾ ਪਾਉਣ ਵਾਲਾ ਕਾਲ) ਹੈ ਜਦ ਰਾਮ ਨੂੰ ਮੰਨਦਾ ਹੀ ਨਹੀਂ ਹੈ ਤਾਂ ਉਸ ਦੀ ਉਸਤਤਿ ਵਿਚ ਰਾਮ ਅਵਤਾਰ ਦੇ 67 ਸਫੇ ਲਿਖਣ ਦੀ ਕੀ ਲੋੜ ਸੀ ?

ਉਨ੍ਹਾਂ ਕਿਹਾ ਕਿ ਕਵੀ ਸਿਆਮ ਵਾਲੀ ਗੱਲ ਤਾਂ ਸਮਝ ਪੈਂਦੀ ਹੈ ਕਿ ਉਹ ਆਪਣੇ ਇਸ਼ਟ ਕਾਲ/ਮਹਾਂਕਾਲ ਪ੍ਰਤੀ ਸਮਰਪੱਤ ਹੈ ਪਰ ਅਜਿਹੀ ਰਚਨਾ ਵਿਚੋਂ ਸਿੱਖ ਕੌਮ ਕਿਸ ਕਿਸਮ ਦਾ ਗੁਰਮਤਿ ਉਪਦੇਸ਼ ਲੱਭ ਰਹੀ ਹੈ ? ਜਿਸ ਨੂੰ ਬਿਨਾਂ ਸੋਚੇ -ਵਿਚਾਰੇ ਨਿਤਨੇਮ ਹੇਠ ਨਿਤ ਪੜ੍ਹੀ ਜਾ ਰਹੀ ਹੈ । ਸ. ਉਪਕਾਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਅਨਮਤੀ ਅਤੇ ਦੇਵੀ ਦੇਵਤਾਵਾਂ ਦੀ ਉਸਤਤਿ ਨਾਲ ਭਰੀਆਂ ਪਈਆਂ ਹਨ ਜਿਸ ਵਿਚ ਕਿਸੇ ਕਿਸਮ ਦਾ ਗੁਰਮਤਿ ਸੰਦੇਸ਼ ਨਹੀਂ ਮਿਲਦਾ ਜੇ ਅਖੌਤੀ ਜਥੇਦਾਰ ਇਹ ਗੱਲ ਮੰਨਦੇ ਹਨ ਕਿ ਗੁਰਦੁਆਰਿਆਂ ਵਿਚ ਗੁਰਮਤਿ ਵਖਿਆਨ ਹੋ ਸਕਦਾ ਹੈ ਤਾਂ ਇਸ ਅਨਮਤੀ ਗ੍ਰੰਥ ਨੂੰ ਸਿੱਖੀ ਦੇ ਵਿਹੜੇ ਵਿਚੋਂ ਬਾਹਰ ਕਢਣ ਦੀ ਲੋੜ ਹੈ।

Tag Cloud

DHARAM

Meta