ਸਿੱਖਾਂ ਦੀ ਆਜ਼ਾਦੀ ਦੇ ਅਲੰਬਰਦਾਰ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤੇ ਜਿੰਦਗੀ ਦੇ ਸੱਤਰ ਵਰ੍ਹੇ ਪੂਰੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਰਾਜ ਵਾਲੇ ਪੰਜਾਬ, ਜਿਸ ਨੂੰ ਸੌੜੀ ਸਿਆਸਤ ਨੇ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਅਤੇ ਦੂਜਾ ਭਾਰਤੀ ਪੰਜਾਬ ਬਣਾ ਦਿਤਾ। ਇਹ ਇਤਿਹਾਸਕ ਸਚ ਹੈ ਕਿ ਜਿਹੜਾ ਪਾਸਾ ਲਹਿੰਦੇ ਵਾਲਾ ਪੰਜਾਬ ਹੈ, ਉਸ ਵਿੱਚ ਬਹੁਤ ਸਾਰੇ ਅਮੀਰ ਸਿੱਖ ਘਰਾਣੇ ਸਨ ਅਤੇ ਸਭ ਦੀ ਆਪਣੀ ਰਿਆਸਤਾਂ ਵਰਗੀ ਸਰਦਾਰੀ ਸੀ। ਉਸ ਵੇਲੇ ਵੀ ਬਹੁਤ ਸਾਰੇ ਸਿੱਖ ਖਾਨਦਾਨ ਆਪਣੇ ਬੱਚਿਆਂ ਨੂੰ ਉਚ ਦਰਜੇ ਦੀ ਤਲੀਮ ਦਿਵਾਉਣ ਵਾਸਤੇ ਵਲੈਤ ਪੜ੍ਹਣ ਭੇਜਦੇ ਸਨ, ਕਹਿਣ ਤੋਂ ਭਾਵ ਭਾਰਤੀ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਕੋਲ ਸਿੱਖੀ ਜਜਬਾ, ਅਮੀਰਤ ਅਤੇ ਪੜ੍ਹਾਈ ਵੀ ਸੀ। ਬਹੁਤ ਸਾਰੇ ਸਿੱਖ ਘਰਾਣਿਆਂ ਕੋਲ ਆਪਣੇ ਕਿਲੇ ਜਾਂ ਅਟਾਰੀਆਂ ਸਨ ਉਹਨਾਂ ਵਿੱਚੋਂ ਇੱਕ ਘਰਾਣਾ ਪਿੰਡ ਮਾਨਾ ਵਾਲਾ ਦਾ ਸੀ, ਜਿਸ ਵਿੱਚੋਂ ਸਰਦਾਰ ਬਹਾਦੁਰ ਸ. ਹਰਨਾਮ ਸਿੰਘ ਨੇ ਆਪਣਾ ਵੱਖਰਾ ਕਿਲਾ, ਪਿੰਡ ਕਿਲਾ ਹਰਨਾਮ ਸਿੰਘ ਬਣਾ ਲਿਆ ਸੀ। ਜਿਸ ਦਾ ਰਕਬਾ 326 ਮੁਰੱਬਿਆਂ ਵਿੱਚ ਫੈਲਿਆ ਹੋਇਆ ਸੀ ਅਤੇ ਪੰਜ ਪਿੰਡ ਹੋਰ ਵੀ ਨਾਲ ਜੁੜੇ ਹੋਏ ਸਨ।

ਇਸ ਰਈਸ ਘਰਾਣੇ ਵਿੱਚ ਸ਼ੁਰੁਆਤੀ ਦੌਰ ਤੋਂ ਹੀ ਸਿਆਸੀ ਗੁੜ੍ਹਤੀ ਸੀ ਅਤੇ ਸ. ਜੋਗਿੰਦਰ ਸਿੰਘ ਮਾਨ 1937 ਵਿੱਚ ਹੀ ਅਣਵੰਡੇ ਪੰਜਾਬ ਵਿੱਚੋਂ ਐਮ.ਐਲ ਏ. ਬਣੇ ਅਤੇ ਲਗਾਤਾਰ 1947 ਤੱਕ ਐਮ.ਐਲ.ਏ. ਰਹੇ, ਪਰ ਆਜ਼ਾਦੀ ਮਿਲਦਿਆਂ ਹੀ ਪੰਜਾਬ ਦੇ ਮੰਤਰੀ ਬਣ ਗਏ ਅਤੇ ਫਿਰ ਪੰਜ ਸਾਲ ਮਾਲ ਮਹਿਕਮੇ ਅਤੇ ਮੁੜ ਵਸੇਬਾ ਵਿਭਾਗ ਦੇ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਸੰਨ 1952 ਵਿੱਚ ਪੈਪਸੂ ਵੱਲੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ 1964 ਤੱਕ ਲਗਾਤਾਰ ਰਾਜ ਸਭਾ ਵਿੱਚ ਨੁਮਾਇੰਦਗੀ ਕਰਦੇ ਰਹੇ, ਇਸ ਪਿੱਛੋਂ 1967 ਵਿੱਚ ਫਿਰ ਵਿਧਾਨਸਭਾ ਦੇ ਸਪੀਕਰ ਵਜੋਂ ਵੀ ਸੇਵਾ ਕੀਤੀ। ਇਸ ਘਰਾਣੇ ਦੇ ਛੋਟੇ ਸਪੁੱਤਰ ਸ. ਭੁਪਿੰਦਰ ਸਿੰਘ ਮਾਨ ਵੀ 1945 ਵਿੱਚ ਐਮ.ਪੀ. ਬਣ ਗਏ, ਪਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ, ਉਹ ਉਥੋਂ ਦੀ ਸੰਵਿਧਾਨ ਘੜਣੀ ਕਮੇਟੀ ਦੇ ਮੈਂਬਰ ਅਤੇ ਸ. ਭੁਪਿੰਦਰ ਸਿੰਘ ਮਾਨ ਭਾਰਤ ਦੀ ਸੰਵਿਧਾਨ ਘੜਣੀ ਕਮੇਟੀ ਦੇ ਮੈਂਬਰ ਬਣ ਗਏ, ਜਿਥੇ ਉਹਨਾਂ ਕੋਲ ਵੱਡੇ ਰੁੱਤਬੇ ਅਤੇ ਅਮੀਰਤ ਪਿਤਾ ਪੁਰਖੀ ਹੀ ਸੀ, ਉਥੇ ਕੌਮੀ ਪਿਆਰ ਵੀ ਡਲ੍ਹਕਾਂ ਮਾਰਦਾ ਸੀ, ਜਦੋਂ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਤਾਂ ਸ.ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਖਰੜੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਕਿ ਅਸੀਂ ਇਸ ਸੰਵਿਧਾਨ ਨੂੰ ਰੱਦ ਕਰਦੇ ਹਾਂ, ਇਹ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਇਨਸਾਫ਼ ਨਹੀਂ ਦੇਵੇਗਾ। ਜਿਥੇ ਸਾਹਿਬ-ਏ-ਜਾਇਦਾਦ ਸੀ, ਉਥੇ ਉਚੀ ਤਲੀਮ ਅਤੇ ਨਾਲ ਨਾਲ ਸਿਖੀ ਜਜਬਾ ਵੀ ਭਰਪੂਰ ਸੀ।

ਸ. ਜੋਗਿੰਦਰ ਸਿੰਘ ਮਾਨ ਜਿਹਨਾਂ ਕੋਲ ਆਜ਼ਾਦੀ ਤੋਂ ਪਹਿਲਾਂ ਸ਼ਿਮਲਾ ਡਲਹੌਜੀ ਆਦਿਕ ਥਾਵਾਂ ਉਪਰ ਆਪਣੇ ਘਰ ਸਨ ਅਤੇ ਸ.ਜੋਗਿੰਦਰ ਸਿੰਘ ਦੀਆਂ ਦੋ ਧੀਆਂ ਅਤੇ ਦੋ ਸਪੁਤਰਾਂ ਵਿੱਚੋਂ ਛੋਟੇ ਸਪੁੱਤਰ ਸ. ਸਿਮਰਨਜੀਤ ਸਿੰਘ ਮਾਨ ਨੂੰ ਮਾਤਾ ਗੁਰਬਚਨ ਕੌਰ ਨੇ ਸ਼ਿਮਲਾ ਵਿਖੇ ਹੀ 20 ਮਈ 1943 ਨੂੰ ਜਨਮ ਦਿੱਤਾ। ਆਪਣੇ ਬਜੁਰਗਾਂ ਦੀ ਵਿਰਾਸਤ ਨੂੰ ਕਾਇਮ ਰੱਖਦਿਆਂ ਆਪਣੇ ਧੀਆਂ ਪੁੱਤਰਾਂ ਨੂੰ ਚੰਗੀ ਤਲੀਮ ਦਿਵਾਉਣ ਵਾਸਤੇ, ਵੱਡੇ ਸਪੁੱਤਰ ਸ. ਮਨਜੀਤ ਸਿੰਘ ਮਾਨ ਨੂੰ ਔਕਸਫੋਰਡ ਯੂਨੀਵਰਸਿਟੀ ਵਿੱਚ ਪੜਾਇਆ, ਜਿੱਥੇ ਉਹਨਾਂ ਦੀ ਬਲੋਚਸਤਾਨੀ ਆਗੂ ਬੁਗਤੀ ਅਤੇ ਜਨਾਬ ਜੁਲਫਕਾਰ ਅਲੀ ਭੁੱਟੋ ( ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਰਤੀ ਬਣੇ ) ਨਾਲ ਡੂੰਘੀ ਦੋਸਤੀ ਬਣੀ। ਸ. ਸਿਮਰਨਜੀਤ ਸਿੰਘ ਮਾਨ ਨੇ ਸਕੂਲੀ ਵਿੱਦਿਆ ਸ਼ਿਮਲਾ ਤੋਂ ਪ੍ਰਾਪਤ ਕਰਕੇ, ਫਿਰ ਉਚੇਰੀ ਸਿੱਖਿਆ ਵਾਸਤੇ ਚੰਡੀਗੜ੍ਹ ਦੇ ਸਰਕਾਰੀ ਕਾਲਿਜ਼ ਵਿੱਚ ਦਾਖਲਾ ਲਿਆ ਅਤੇ ਬੀ.ਏ. ਦਾ ਇਮਤਿਹਾਨ ਪਹਿਲੇ ਦਰਜੇ ਵਿੱਚ ਪਾਸ ਕਰਨ ਦੇ ਨਾਲ ਨਾਲ ਸੋਨੇ ਦਾ ਤਮਗਾ ਹੀ ਹਾਸਲ ਕੀਤਾ ਅਤੇ ਥੋੜੇ ਸਮੇਂ ਵਿੱਚ ਹੀ ਸ. ਮਾਨ ਸਿਰਫ 22 ਵਰਿਆਂ ਦੀ ਉਮਰ ਵਿੱਚ ਆਈ.ਪੀ.ਐਸ.ਵਾਸਤੇ ਚੁਣੇ ਗਏ। ਜਿੱਥੋਂ 1967 ਦੇ ਆਈ.ਪੀ.ਐਸ. ਬੈਚ ਵਿੱਚ ਉਹਨਾਂ ਦਾ ਭਾਰਤੀ ਪੁਲਿਸ ਅਫਸਰ ਦਾ ਜੀਵਨ ਆਰੰਭ ਹੋ ਗਿਆ।

ਸ. ਮਾਨ ਨੇ ਪੰਜਾਬ ਵਿੱਚ ਕਈ ਜਿਲਿਆਂ ‘ਚ ਬਤੌਰ ਐਸ.ਪੀ., ਵਿਜੀਲੈਂਸ ਵਿਭਾਗ ਅਤੇ ਫਿਰ ਐਸ.ਐਸ.ਪੀ. ਵਜੋਂ ਸੇਵਾ ਕੀਤੀ। ਸ.ਮਾਨ ਬਾਰੇ ਇਹ ਮਸ਼ਹੂਰ ਕਿ ਜਿਹੜਾ ਪੁਲਿਸ ਵਾਲਾ ਸਿਪਾਹੀ ਦਾਹੜੀ ਕੱਟਦਾ ਸੀ ਤੇ ਜਦੋਂ ਆ ਕੇ ਉਹ ਦਾਹੜੀ ਰੱਖਣ ਦਾ ਪ੍ਰਣ ਕਰ ਲਵੇ ਤਾਂ ਸ. ਮਾਨ ਉਸ ਉੱਤੇ ਬੜੇ ਮਿਹਰਬਾਨ ਹੁੰਦੇ ਸਨ। ਅਜਿਹੀ ਸਿੱਖੀ ਸੋਚ ਕਾਰਨ ਹੀ ਉਹਨਾਂ ਦੀ ਨੇੜਤਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਬਣ ਗਈ, ਸਰਕਾਰ ਨੂੰ ਵੀ ਇੱਕ ਖਬਰ ਸੀ ਕਿ ਇੱਕ ਤਾਂ ਖੂਨ ਹੀ ਬਗਾਵਤੀ ਹੈ, ਜਿਹਨਾਂ ਦੇ ਚਾਚਾ ਜੀ ਨੇ ਸੰਵਿਧਾਨ ਉੱਤੇ ਦਸਤਖਤ ਨਹੀਂ ਕੀਤੇ ਅਤੇ ਹੁਣ ਉਹ ਪੁਲਿਸ ਵਾਲਿਆਂ ਦੀ ਦਾਹੜੀਆਂ ਰਖਵਾ ਰਿਹਾ ਹੈ ਅਤੇ ਭਿੰਡਰਾਂਵਾਲਿਆਂ ਨਾਲ ਵੀ ਨੇੜਤਾ ਹੈ, ਕਦੇ ਵੀ ਕੁੱਝ ਵਾਪਰ ਸਕਦਾ ਹੈ ਤਾਂ ਸਰਕਾਰ ਨੇ ਸ. ਮਾਨ ਨੂੰ ਪੰਜਾਬ ਤੋਂ ਦੂਰ ਮਹਾਰਾਸ਼ਟਰ ਵਿੱਚ ਭੇਜ ਦਿੱਤਾ, ਜਿੱਥੇ ਉਹ ਬਤੌਰ ਡੀ.ਆਈ.ਜੀ. ਤੈਨਾਤ ਸਨ, ਪਰ ਅਚਾਨਕ ਭਾਰਤੀ ਨਿਜ਼ਾਮ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ, ਜਿਸ ਨਾਲ ਸ. ਮਾਨ ਬੜੇ ਉਪਰਾਮ ਮਹਿਸੂਸ ਕਰਨ ਲੱਗੇ ਅਤੇ ਅਖੀਰ 17 ਜੂਨ 1984 ਨੂੰ ਭਾਰਤੀ ਨਿਜ਼ਾਮ ਦੀ ਨੌਕਰੀ ਅਤੇ ਡੀ.ਆਈ.ਜੀ. ਦੇ ਰੁੱਤਬੇ ਨੂੰ ਲੱਤ ਮਾਰਦਿਆਂ ਅਸਤੀਫਾ ਦੇ ਦਿੱਤਾ।

ਸ. ਮਾਨ ਜਿਹਨਾਂ ਥਾਵਾਂ ਉੱਤੇ ਪੜ੍ਹਦੇ ਰਹੇ, ਉਥੋਂ ਹੋਰ ਵੀ ਬਹੁਤ ਸਾਰੇ ਦੋਸਤ ਉਚੇ ਰੁੱਤਬਿਆਂ ਤੇ ਗਏ ਜਾਂ ਕੁੱਝ ਵੱਡੇ ਸਿਆਸਤਦਾਨਾਂ ਦੇ ਨੇੜੇ ਪਹੁੰਚੇ, ਉਹਨਾਂ ਵਿੱਚੋਂ ਕੁੱਝ ਲੋਕ ਜਿਹੜੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਰਜੀਵ ਗਾਂਧੀ ਦੇ ਵੀ ਨੇੜੇ ਸਨ ਅਤੇ ਸ. ਮਾਨ ਨਾਲ ਵੀ ਕਲਾਸ ਮੇਟ ਵਾਲਾ ਪਿਆਰ ਸੀ, ਉਹਨਾਂ ਨੇ ਸ. ਮਾਨ ਨੂੰ ਦੱਸਿਆ ਕਿ ਤੁਸੀਂ ਜਲਦੀ ਰੂਪੋਸ਼ ਹੋ ਜਾਓ, ਸਾਨੂੰ ੳੁੱਚ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤੁਹਾਨੂੰ ਭਾਰਤੀ ਨਿਜ਼ਾਮ ਨੇ ਖਤਮ ਕਰ ਦੇਣਾ ਹੈ ਤਾਂ ਸ. ਮਾਨ ਰੂਪੋਸ਼ ਹੋ ਗਏ, ਪਰ ਭਾਰਤ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ, ਨਿਪਾਲ ਬਾਰਡਰ ਤੇ ਫੜੇ ਗਏ, ਜਿਥੋਂ ਫਿਰ ਉਹਨਾਂ ਨੂੰ ਬਹੁਤ ਦਿਨ ਤੀਜੇ ਦਰਜੇ ਦਾ ਤਸ਼ਦੱਦ ਕਰਕੇ, ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ. ਮਾਨ ਇਹ ਬਿਆਨ ਦੇ ਦੇਣ ਕਿ ਮੈਂ ਡੀ.ਆਈ.ਜੀ. ਦੇ ਅਹੁਦੇ ਤੋਂ ਅਸਤੀਫਾ ਜਜਬਾਤੀ ਹੋ ਕੇ ਦਿੱਤਾ ਹੈ, ਪਰ ਸ.ਜੋਗਿੰਦਰ ਸਿੰਘ ਮਾਨ ਦਾ ਖੂਨ ਇਸ ਤਰ੍ਹਾਂ ਕਿਵੇ ਝੁਕ ਸਕਦਾ ਸੀ। ਸ. ਮਾਨ ਨੇ ਤਸ਼ਦੱਦ ਕਰਕੇ ਪੁੱਛ ਪੜਤਾਲ ਕਰ ਰਹੇ ਅਧਿਕਾਰੀਆਂ ਨੂੰ ਦਲੇਰੀ ਨਾਲ ਜਵਾਬ ਦਿਤਾ ਕਿ ਮੈਂ ਭਾਵੁਕ ਹੋ ਕੇ ਜਾਂ ਕਿਸੇ ਜਜਬਾਤਾਂ ਦੇ ਬਹਿਕਾਵੇ ਵਿੱਚ ਆ ਕੇ ਅਸਤੀਫਾ ਦੇਣਾ ਹੁੰਦਾ ਤਾਂ 7 ਜੂਨ ਹੀ ਦੇ ਦਿੰਦਾ, ਪਰ ਮੈਂ ਤਾਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਮਝਕੇ ਕਿ ਭਾਰਤੀ ਨਿਜ਼ਾਮ ਦੇ ਰਾਜ ਵਿੱਚ ਸਿੱਖ ਕੌਮ ਦੀ ਹੋਂਦ ਖਤਰੇ ਵਿੱਚ ਹੈ ਤੇ ਸਾਨੂੰ ਇਸ ਦੀਆਂ ਨੌਕਰੀਆਂ ਤਿਆਗ ਦੇਣੀਆਂ ਚਾਹੀਦੀਆਂ ਹਨ।

ਇੱਥੋਂ ਆਰੰਭ ਹੁੰਦੀ ਹੈ ਸ. ਸਿਮਰਨਜੀਤ ਸਿੰਘ ਮਾਨ ਦੇ ਬਿੱਖੜੇ ਪੈਂਡੇ ਦੀ ਦਾਸਤਾਨ, ਜਦੋਂ ਬਜੁਰਗ ਬਾਪੂ ਸ. ਜੋਗਿੰਦਰ ਸਿੰਘ ਮਾਨ ਅਤੇ ਇੱਕ ਘਰਾਣੇ ਘਰ ਦੀ ਧੀ, ਪੰਜਾਬ ਦੇ ਮੁੱਖ ਸਕਤਰ ਸ.ਗਿਆਨ ਸਿੰਘ ਕਾਹਲੋਂ ਦੀ ਸਪੁੱਤਰੀ ਬੀਬੀ ਗੀਤਇੰਦਰ ਕੌਰ, ਆਪਣੇ ਇਕਲੌਤੇ ਪੁੱਤਰ ਇਮਾਨ ਸਿੰਘ ਮਾਨ ਅਤੇ ਦੋ ਧੀਆਂ ਪਵਿੱਤ ਕੌਰ ਅਤੇ ਨਾਨਕੀ ਕੌਰ, ਬੱਚਿਆਂ ਦੀ ਸੰਭਾਲ, ਆਪਣੇ ਨਜ਼ਰਬੰਦ ਪਤੀ ਦੀਆਂ ਮੁਲਾਕਾਤਾਂ,ਅਦਾਲਤਾਂ ਦੇ ਚੱਕਰ ਆਦਿਕ ਕਾਰਣ, ਇੱਕ ਘੁੱਗ ਵੱਸਦੇ ਘਰ ਵਿੱਚ ਬਰਲ ਪੈ ਗਿਆ ਸੀ, ਲੇਕਿਨ ਸ. ਮਾਨ ਦੀ ਅਡੋਲਤਾ ਅਤੇ ਪਰਿਵਾਰ ਦੇ ਹਠ ਕਰਕੇ, ਜਿਉਂ ਜਿਉਂ ਹਕੂਮਤ ਤੰਗੀਆਂ ਦਿੰਦੀ ਗਈ, ਕੌਮ ਸ. ਮਾਨ ਨੂੰ ਸਤਿਕਾਰ ਦੇਣ ਲੱਗ ਪਈ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਸ. ਮਾਨ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਹੀ ਅਕਾਲੀ ਧੜਿਆਂ ਨੇ ਆਪਣਾ ਆਗੂ ਮੰਨ ਲਿਆ, 1989 ਦੀ ਲੋਕ ਸਭਾ ਚੋਣ ਦੌਰਾਨ ਪੰਥ ਨੇ ਹਲਕਾ ਤਰਨਤਾਰਨ ਵਿੱਚੋਂ ਸ. ਮਾਨ ਨੂੰ ਪੂਰੇ ਭਾਰਤ ਵਿੱਚੋਂ ਦੂਜੇ ਨੰਬਰ ਤੇ ਵੱਧ ਵੋਟਾਂ ਨਾਲ ਜਿਤਾ ਦਿੱਤਾ, ਜਿਸ ਨਾਲ ਭਾਰਤੀ ਨਿਜ਼ਾਮ ਨੂੰ ਸ. ਮਾਨ ਨੂੰ ਰਿਹਾ ਕਰਨਾ ਪਿਆ।

ਸ. ਮਾਨ ਨਾਲ ਬਹੁਤ ਵਾਰੀ ਇਕੱਠੇ ਬੈਠਣ, ਕੰਮ ਕਰਨ ਜਾਂ ਸਫਰ ਕਰਨ ਦਾ ਮੌਕਾ ਮਿਲਿਆ, ਜਿਥੇ ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਗੱਲਾਂ ਦਾ ਖੁਲਾਸਾ ਵੀ ਕਰ ਦੇਣਾ, ਜਿਹੜੀਆਂ ਆਮ ਲੋਕਾਂ ਵਾਸਤੇ ਬਹੁਤ ਦੂਰ ਦੀਆਂ ਬਾਤਾਂ ਹਨ। ਸ. ਮਾਨ ਨੂੰ ਦਾਸ ਨੇ ਪੁੱਛਿਆ ਕਿ ਤੁਸੀਂ ਇਹ ਖਾਲਿਸਤਾਨ ਦਾ ਸਬਕ ਕਿੱਥੋਂ ਯਾਦ ਕੀਤਾ ਹੈ ਤਾਂ ਬੜੀ ਗੰਭੀਰਤਾ ਨਾਲ ਜਵਾਬ ਦਿੱਤਾ ਕਿ ਮੇਰੇ ਬਾਪੂ ਜੀ, ਮੇਰਾ ਸਾਰਾ ਪਰਿਵਾਰ ਭਾਰਤੀ ਨਿਜ਼ਾਮ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਤੋਂ ਖੁਸ਼ ਨਹੀਂ ਸੀ ਅਤੇ ਮੇਰੇ ਬੇਬੇ ਜੀ ਤੇ ਬਾਪੂ ਜੀ ਨੇ ਇਹ ਸਭ ਕੁੱਝ ਮੈਨੂੰ ਵਿਰਾਸਤ ਵਿੱਚ ਦਿੱਤਾ ਕਿ ਬੇਟਾ ਸਿੱਖਾਂ ਦੀ ਆਜ਼ਾਦੀ ਵਾਸਤੇ, ਅਸੀਂ ਉਸ ਤਰੀਕੇ ਨਹੀਂ ਲੜ ਸਕੇ, ਜਿਸ ਤਰੀਕੇ ਦੀ ਲੜਾਈ ਹੁਣ ਤੂੰ ਆਰੰਭ ਕੀਤੀ ਹੈ, ਪਰ ਹੁਣ ਅਸੀਂ ਤੇਰੇ ਨਾਲ ਹਾਂ, ਜੇ ਸਾਡੀ ਜਿੰਦਗੀ ਖਤਮ ਵੀ ਹੋ ਜਾਵੇ ਤਾਂ ਵੀ ਡੋਲਣਾ ਨਹੀਂ ਸਾਡਾ ਖੂਨ ਤੇਰੇ ਅੰਦਰ ਹੈ ਅਤੇ ਸਿੱਖਾਂ ਦੀ ਆਜ਼ਾਦੀ ਵਾਸਤੇ ਲੜਾਈ ਲੜਦੇ ਰਹਿਣਾ ਹੈ। ਸ. ਮਾਨ ਨੇ ਦੱਸਿਆ ਕਿ ਸ. ਗੰਗਾ ਸਿੰਘ ਢਿੱਲੋਂ ਨੂੰ ਮੇਰੇ ਪਿਤਾ ਜੀ ਨੇ ਹੀ ਖਾਲਿਸਤਾਨ ਵਾਸਤੇ ਕੰਮ ਕਰਨ ਲਈ ਬਾਹਰ ਭੇਜਿਆ ਸੀ ਤੇ ਉਸ ਪਿੱਛੋਂ ਸ. ਜਗਜੀਤ ਸਿੰਘ ਚੌਹਾਨ ਨੂੰ ਮੇਰੇ ਬਾਪੂ ਜੀ ਨੇ ਹੀ ਇਸ ਪਾਸੇ ਵੱਲ ਨੂੰ ਤੋਰਿਆ ਅਤੇ ਉਸ ਦੀ ਮੱਦਦ ਵਾਸਤੇ ਇੱਕ ਕਾਰ ਵੀ ਖਰੀਦ ਕੇ ਦਿੱਤੀ ਸੀ, ਸੋ ਇਸ ਤਰ੍ਹਾਂ ਹੀ ਮੇਰੇ ਅੰਦਰ ਸਿੱਖਾਂ ਦੀ ਆਜ਼ਾਦੀ ਦਾ ਬੀਜ ਆਪਣੇ ਮਾਪਿਆਂ ਦੀ ਕੌਮ ਪ੍ਰਸਤੀ ਵੇਖ ਵੇਖ ਹੀ ਪੁੰਗਰ ਪਿਆ ਸੀ।

ਸ. ਮਾਨ ਨੂੰ ਸਮੇਂ ਦੀ ਹਕੂਮਤ ਨੇ ਬੜੇ ਹੱਥਕੰਡੇ ਵਰਤਕੇ ਸਿੱਖਾਂ ਦੀ ਅਗਵਾਈ ਤੋਂ ਲਾਂਭੇ ਕਰਨ ਦਾ ਯਤਨ ਕੀਤਾ, ਜਿਸ ਕਰਕੇ ਕੁੱਝ ਲੋਕ, ਜਿਹੜੇ ਸਿੱਖਾਂ ਦੀ ਆਜ਼ਾਦੀ ਨੂੰ ਵੇਚ ਕੇ ਪੰਜਾਬ ਦੇ ਹਾਕਮ ਬਣ ਬੈਠੇ ਅਤੇ ਭਾਰਤੀ ਨਿਜ਼ਾਮ ਉਹਨਾਂ ਦੀ ਪਿੱਠ ਉੱਤੇ ਅੱਜ ਤੱਕ ਖੜ੍ਹਾ ਉਹਨਾਂ ਦੀ ਪਹਿਰੇਦਾਰੀ ਕਰ ਰਿਹਾ ਹੈ। ਸ. ਮਾਨ ਬਹੁਤ ਵਾਰੀ ਕਹਿੰਦੇ ਹਨ ਕਿ ਹੁਣ ਬੇਸ਼ਕ ਕੋਈ ਮੁੱਕਰੀ ਜਾਵੇ, ਪਰ ਮੈਂ ਸ.ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਰਜੀਤ ਸਿੰਘ ਬਰਨਾਲਾ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ, ਸਾਰੇ ਲੀਡਰਾਂ ਤੋਂ ਸਮਾਂ-ਬ-ਸਮਾਂ ਖਾਲਿਸਤਾਨ ਦੇ ਮਤੇ ਉੱਤੇ ਦਸਤਖਤ ਕਰਵਾਏ ਹਨ, ਇਹ ਵੱਖਰੀ ਗੱਲ ਹੈ ਕਿ ਉਹ ਸਾਬਤ ਨਹੀਂ ਰਹਿ ਸਕੇ। ਸ. ਮਾਨ ਨੇ ਕਿਹਾ ਕਿ ਜਦੋਂ ਕਿਤੇ ਬਿੱਲੀ ਦੇ ਗਲ ਟੱਲੀ ਬੰਨਣ ਦੀ ਨੌਬਤ ਆਉਂਦੀ ਸੀ ਤਾਂ ਉਸ ਵੇਲੇ ਸਾਰੇ ਲੀਡਰ ਮੈਨੂੰ ਅੱਗੇ ਲਾਉਂਦੇ ਸਨ, ਜਿਵੇ ਸ੍ਰੀ ਚੰਦਰ ਸ਼ੇਖਰ ਦੇ ਪ੍ਰਧਾਨ ਮੰਤਰੀ ਹੁੰਦਿਆਂ, ਜਦੋਂ ਸਿੱਖਾਂ ਨੇ ਇਹਨਾਂ ਰਵਾਇਤੀ ਲੀਡਰਾਂ ਨੂੰ ਮਜਬੂਰ ਕਰ ਦਿੱਤਾ ਕਿ ਸਿੱਖਾਂ ਦੀ ਆਜ਼ਾਦੀ ਬਾਰੇ ਸਰਕਾਰ ਨਾਲ ਗੱਲ ਕਰੋ ਤਾਂ ਸਾਰੇ ਰਵਾਇਤੀ ਅਕਾਲੀਆਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ, ਮੈਨੂੰ ਇਸ ਮੁੱਦੇ ਉੱਤੇ ਗੱਲ ਕਰਨ ਵਾਸਤੇ ਵਜ਼ੀਰ-ਏ-ਆਜ਼ਮ ਕੋਲ ਭੇਜਿਆ।

ਸ. ਮਾਨ ਦਾ ਕਹਿਣਾ ਹੈ ਕਿ ਸ੍ਰੀ ਚੰਦਰ ਸ਼ੇਖਰ ਨੇ ਖਾੜਕੂਆਂ ਨਾਲ ਗੱਲ ਕਰਕੇ ਸਿੱਖਾਂ ਅਤੇ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੀ ਇੱਛਾ ਜਿਤਾਈ ਸੀ, ਪਰ ਉਸ ਵੇਲੇ ਕੁੱਝ ਖਾੜਕੂ ਧਿਰਾਂ ਖਾਸ ਕਰਕੇ ਡਾ: ਸੋਹਣ ਸਿੰਘ ਅਤੇ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਪੰਥਕ ਕਮੇਟੀ ਨੇ ਸਾਥ ਨਾ ਦਿੱਤਾ। ਬਾਬਾ ਗੁਰਬਚਨ ਸਿੰਘ ਮਾਨੋਚਾਹਿਲ ਵੀ ਇਸ ਗੱਲ ਉੱਤੇ ਅੜ੍ਹ ਗਏ ਕਿ ਗੱਲਬਾਤ ਜਨੇਵਾ ਵਿੱਖੇ ਹੀ ਹੋਵੇਗੀ ਅਤੇ ਰਾਸ਼ਟਰਪਤੀ ਨਾਲ ਹੀ ਹੋਵੇਗੀ, ਪ੍ਰਧਾਨ ਮੰਤਰੀ ਨਾਲ ਨਹੀਂ ਕਰਨੀ, ਲੇਕਿਨ ਮੈਂ ਬਹੁਤ ਸਮਝਾਇਆ, ਪਰ ਨਹੀਂ ਮੰਨੇ। ਸ੍ਰੀ ਚੰਦਰ ਸ਼ੇਖਰ ਨੇ ਫਿਰ ਮੈਨੂੰ ਗਲਬਾਤ ਕਰਨ ਵਾਸਤੇ ਕਿਹਾ, ਪਰ ਮੈਂ ਜਵਾਬ ਦੇ ਦਿੱਤਾ ਕਿ ਖਾੜਕੂਆਂ ਦੀ ਸਹਿਮਤੀ ਤੋਂ ਬਿਨ੍ਹਾਂ ਮੈਂ ਕੋਈ ਗੱਲ ਨਹੀਂ ਕਰਨੀ। ਸ੍ਰੀ ਵੀ.ਪੀ ਸਿੰਘ ਨੇ ਵੀ ਮੈਨੂੰ ਅਮਨ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਪਰ ਮੈਂ ਹਲਵਾਰੇ ਹਵਾਈ ਅੱਡੇ ਉੱਤੇ ਹੀ ਆਪਣਾ ਪੱਖ ਦੱਸ ਦਿੱਤਾ ਸੀ ਕਿ ਸਿੱਖਾਂ ਦੀਆਂ ਮੰਗਾਂ ਮੰਨੇ ਬਿਨਾਂ ਸ਼ਾਂਤੀ ਸੰਭਵ ਨਹੀਂ। ਉਸ ਸਮੇਂ ਮੇਰੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਜਾਂ ਕੁੱਝ ਆਰਥਿਕ ਸਹੂਲਤਾਂ ਦੇ ਤੋਹਫ਼ੇ ਵੀ ਸਨ, ਪਰ ਜੋ ਮੇਰੇ ਬਾਪੂ ਜੀ ਦੀ ਹਦਾਇਤ ਸੀ, ਉਸ ਤੇ ਚੱਲਦਿਆਂ ਕਦੇ ਰੁੱਤਬਿਆਂ ਪਿੱਛੇ ਲਾਲਾਂ ਨਹੀਂ ਸੁੱਟੀਆਂ ਅਤੇ ਨਾ ਹੀ ਅਜੋਕੇ ਰਾਜਨੀਤੀਵਾਨਾਂ ਵਾਂਗੂੰ ਧਨ ਇਕੱਠਾ ਕੀਤਾ ਹੈ। ਜੋ ਹੈ ਆਪਣੇ ਪਰਿਵਾਰ ਦੀ ਵਿਰਾਸਤ ਹੈ। ਕਦੇ ਪੰਜਾਬ ਦਾ ਸੂਬੇਦਾਰ ਬੇਅੰਤ ਸਿੰਘ ਕਹਿੰਦਾ ਸੀ ਕਿ ਮਾਨ ਦੀ ਜਮੀਨ ਖੋਹ ਕੇ, ਉਥੇ ਜੇਲ੍ਹ ਬਣਾਉਣੀ ਹੈ, ਪਰ ਨਾਂ ਉਸਦਾ ਰਾਜ ਰਿਹਾ ਅਤੇ ਨਾਂ ਆਪ ਰਿਹਾ, ਅੱਜ ਵੀ ਪੰਜਾਬ ਦਾ ਸੂਬੇਦਾਰ ਮੇਰੀ ਜੱਦੀ ਜਮੀਨ ਵਿੱਚੋਂ ਬਿਜਲੀ ਦੀਆਂ ਵੱਡੀਆਂ ਲਾਈਨਾਂ ਕੱਢਕੇ ਮੇਰੀ ਜਾਇਦਾਦ ਨੂੰ ਖਰਾਬ ਕਰ ਰਿਹਾ ਹੈ, ਇਹ ਸਭ ਕੁੱਝ ਭਾਰਤੀ ਨਿਜ਼ਾਮ ਦੀ ਨੀਤੀ ਦਾ ਹਿੱਸਾ ਹੈ ਅਤੇ ਇਹਨਾਂ ਦਾ ਹੁਣ ਆਖਰੀ ਹਮਲਾ ਮੇਰੀ ਜਾਇਦਾਦ ਉੱਤੇ ਹੈ।

ਸ. ਮਾਨ ਨੇ ਕਿਹਾ ਕਿ ਮੈਨੂੰ ਇਕ ਪਾਸੇ ਨਹੀਂ, ਸਾਰੇ ਪਾਸੇ ਹੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਮੈਂ ਪਾਰਲੀਮੈਂਟ ਦਾ ਮੈਂਬਰ ਬਣਕੇ ਗਿਆ ਤਾਂ ਬਾਦਲ ਦਲ ਦੇ ਦੋਹਾਂ ਮੈਂਬਰਾਂ ਸ. ਜੋਰਾ ਸਿੰਘ ਮਾਨ ਅਤੇ ਸ. ਤਰਲੋਚਨ ਸਿੰਘ ਤੁੜ ਨੇ ਸਪੀਕਰ ਨੂੰ ਲਿਖ ਕੇ ਦੇ ਦਿੱਤਾ ਕਿ ਸਾਡੇ ਸਾਰਿਆਂ ਵੱਲੋਂ ਸ.ਮਾਨ ਹੀ ਬੋਲਣਗੇ ਤਾਂ ਮੈਨੂੰ ਕਾਫੀ ਸਮਾਂ ਮਿਲ ਜਾਂਦਾ ਸੀ ਅਤੇ ਮੈਂ ਸਿੱਖਾਂ ਦੇ ਮਸਲਿਆਂ ਨੂੰ ਉਠਾਇਆ, ਪਰ ਸ. ਬਾਦਲ ਨੇ ਇਸ ਗੱਲ ਤੋਂ ਖਿਝ ਕੇ ਅਗਲੀ ਵਾਰ ਸ. ਜੋਰਾ ਸਿੰਘ ਮਾਨ ਅਤੇ ਸ. ਤੁੜ ਨੂੰ ਲੋਕ ਸਭਾ ਦੀਆਂ ਟਿਕਟਾਂ ਤੋਂ ਹੀ ਜਵਾਬ ਦੇ ਦਿੱਤਾ।

ਕੱਲ ਪੀ.ਜੀ.ਆਈ. ਹਸਪਤਾਲ ਵਿੱਚ ਜੇਰੇ ਇਲਾਜ਼ ਸ. ਸਿਮਰਨਜੀਤ ਸਿੰਘ ਮਾਨ ਦੀ ਖਬਰ ਲੈਣ ਵਾਸਤੇ, ਦਾਸ ਲੇਖਕ, ਸ. ਜਸਵੰਤ ਸਿੰਘ ਅਤੇ ਸ.ਗੋਪਾਲ ਸਿੰਘ ਸਿੱਧੂ ਨਾਲ ਪਹੁੰਚਿਆ ਤਾਂ ਬੀਬੀ ਗੀਤਇੰਦਰ ਕੌਰ ਵੀ ਉਥੇ ਹਾਜਰ ਸਨ, ਸ. ਮਾਨ ਨੇ ਬੜੀ ਚੜ੍ਹਦੀਕਲਾ ਵਿੱਚ ਫਤਿਹ ਦਾ ਜਵਾਬ ਦਿੱਤਾ ਅਤੇ ਤਕਰੀਬਨ ਦੋ ਘੰਟੇ ਕੌਮੀ ਦਰਦ ਸਾਂਝੇ ਕੀਤੇ, ਬੇਸ਼ੱਕ ਕਦੇ ਭਾਗਲਪੁਰ ਦੀ ਜੇਲ੍ਹ, ਕਦੇ ਪੰਜਾਬ ਦੀਆਂ ਜੇਲ੍ਹਾਂ, ਕਦੇ ਕੱਥੂਨੰਗਲ ਵਿੱਖੇ ਗੁੰਡਾ ਬ੍ਰਿਗੇਡ ਦੇ ਹਮਲੇ, ਕਦੇ ਅਦਾਲਤਾਂ ਵਿੱਚਲੇ ਕੇਸਾਂ ਦੀ ਸਾਲਾਂ ਬੱਧੀ ਖਜਲ ਖੁਆਰੀ, ਕਦੇ ਸਰੀਰਕ ਸਮਸਿਆਵਾਂ ਨੇ ਘੇਰਿਆ, ਪਰ ਸ. ਮਾਨ ਫਿਰ ਵੀ ਦ੍ਰਿੜਤਾ ਨਾਲ ਸਿੱਖਾਂ ਦੀ ਆਜ਼ਾਦੀ ਦੇ ਏਜੰਡੇ ਉੱਤੇ ਪਹਿਰਾ ਦੇ ਰਹੇ ਹਨ। ਸ. ਮਾਨ ਨੇ ਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕਰਕੇ, ਸਿੱਖਾਂ ਵਿੱਚੋਂ ਸਰਕਾਰੀ ਖੌਫ਼ ਖਤਮ ਕੀਤਾ, ਅੱਜ ਹਰ ਕਾਰ, ਮੋਟਰ ਸਾਇਕਲ ਤੇ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਹੈ। ਥਕਾ ਦੇਣ ਵਾਲੀ ਅਦਾਲਤੀ ਲੜਾਈ ਲੜ ਕੇ ਖਾਲਿਸਤਾਨ ਕਹਿਣ ਦੀ ਖੁੱਲ੍ਹ ਵੀ ਸ.ਮਾਨ ਨੇ ਲੈ ਕੇ ਦਿੱਤੀ, ਸਾਰੇ ਅਕਾਲੀਆਂ ਤੋਂ ਇੱਕ ਵਾਰ ਖਾਲਿਸਤਾਨ ਦੇ ਏਜੰਡੇ ਉੱਤੇ ਦਸਖਤ ਕਰਵਾ ਕੇ ਖਾਲਿਸਤਾਨ ਦਾ ਇੱਕ ਇਤਿਹਾਸ ਬਣਾ ਦਿੱਤਾ ਹੈ।

ਅੱਜ ਵੀ ਜਿੰਦਗੀ ਦੇ ਸੱਤਰ ਵਰੇ ਪੂਰੇ ਕਰਦਿਆਂ ਜਦੋਂ ਇਕਹੱਤਰਵੇਂ ਨੂੰ ਆਰੰਭ ਕਰ ਰਹੇ, ਉਸ ਵੇਲੇ ਵੀ ਹੌਂਸਲਾ ਬੁਲੰਦ ਹੈ, ਇਰਾਦਾ ਦਿਰੜ ਹੈ ਅਤੇ ਆਸ ਹੈ ਕਿ ਇੱਕ ਦਿਨ ਸਿੱਖਾਂ ਨੂੰ ਆਜ਼ਾਦੀ ਜਰੂਰ ਮਿਲੇਗੀ। ਇਸ ਲਈ ਦਾਸ ਲੇਖਕ ਅਤੇ ਸ. ਜਸਪਾਲ ਸਿੰਘ ਹੇਰਾਂ ਸਮੇਤ ਅਦਾਰਾ ਪਹਿਰੇਦਾਰ ਨਾਲ ਜੁੜੇ, ਸਭ ਕਲਮੀ ਕਾਮੇਂ ਅਤੇ ਪਾਠਕ ਇਸ ਆਜ਼ਾਦੀ ਦੇ ਪ੍ਰਵਾਨੇ ਅਤੇ ਇੱਕ ਬੇਲਾਗ ਪੰਥਕ ਸ਼ਖਸੀਅਤ ਸ. ਸਿਮਰਨਜੀਤ ਸਿੰਘ ਮਾਨ ਨੂੰ ਜਨਮ ਦਿਨ ਮੁਬਾਰਿਕ ਆਖਦੇ ਹੋਏ, ਵਾਹਿਗੁਰੂ ਅੱਗੇ ਆਰਦਾਸ ਕਰਦੇ ਹਾਂ ਕਿ ਤੰਦਰੁਸਤੀ ਦੀ ਦਾਤ ਬਖਸ਼ੇ ਅਤੇ ਕੌਮੀ ਏਜੰਡੇ ਵੀ ਪ੍ਰਾਪਤੀ ਵਾਸਤੇ ਬਲ ਦੇਵੇ।

Tag Cloud

DHARAM

Meta