ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ

ਗੁਰੂ ਨਾਨਕ ਦੇਵ ਜੀ ਨੇ 1500 ਈਸਵੀ ਦੇ ਲਾਗੇ ਇੱਕ ਪਰਮਾਤਮਾ ਵਿਚ, ਜਿਹੜਾ ਅਕਾਰ ਰਹਿਤ ਤੇ ਜੂਨ ਰਹਿਤ ਹੈ ਦੇ ਬਣਾਏ ਜਾਤਿ ਰਹਿਤ ਸਮਾਜ ਵਿੱਚ ਆਪਣੇ ਵਿਸ਼ਵਾਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਪਰਚਾਰਿਆਂ ਕਿ ਇੱਕ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਇਹ ਉਸ ਦੇ ਹੀ ਬਣਾਏ ਹੋਏ ਸਿਧਾਂਤ ਅਨਕੂਲ ਚੱਲ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਦਰ ਦੀ ਕੁਦਰਤ ਦੇ ਅਸੂਲ਼ਾਂ ਅਨੁਸਾਰ ਚਲਣ ਦੀ ਸਿਖਿਆ ਦਿਤੀ। ਗੁਰੂ ਨਾਨਕ ਦੇਵ ਜੀ ਤੋਂ ਪਿਛੋਂ ਦੂਸਰੇ ਗੁਰੂ ਸਾਹਿਬਾਂ ਨੇ ਸਰਬੱਤ ਦੇ ਭਲੇ ਵਾਲੇ ਇਸ ਸਿਧਾਂਤ ਦਾ ਵਿਸਥਾਰ ਤੇ ਪਰਚਾਰ ਕੀਤਾ। ਗੁਰੂ ਗਰੰਥ ਸਾਹਿਬ ਸਾਂਝੀਵਾਲਤਾ ਦੀ ਇਸ ਵਿਚਾਰਧਾਰਾ ਦਾ ਲਿਖਤੀ ਰੂਪ ਹੈ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ —967

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥

ਸਹਿ ਟਿਕਾ ਦਿਤੋਸੁ ਜੀਵਦੈ— ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ॥

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥

ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ

ਗਰੂ ਨਾਨਕ ਦੇਵ ਜੀ ਨੇ ‘ਸੱਚ ਦਾ ਮਾਰਗ’ ਇੱਕ ਨਵੇਂ ਤੇ ਨਿਰਾਲੇ ਧਰਮ ਦੀ ਨੀਂਹ ਰੱਖਕੇ ਸਾਰੀ ਉਮਰ ਲੋਕਾਂ ਨੂੰ ਸਚਿਆਰੇ ਤੇ ਗਿਅਨਾਵਾਨ ਬਨਣ ਦਾ ਉਪਦੇਸ ਦ੍ਰਿੜ੍ਹ ਕਰਵਾਇਆ। ਆਪ ਜੀ ਨੇ ਜਿਉਂਦੇ ਜੀਅ, ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ, ਇਸ ਨਵੇਂ ਚਲਾਏ ਧਰਮ ਨੂੰ ਆਪਣੇ ਅਕਾਲ ਚਲਾਣੇ ਤੋਂ ਪਿਛੋਂ ਇਸ ਧਰਤੀ ਤੇ ਚਲਦਾ ਰੱਖਣ ਲਈ ਕੇਵਲ ਯੋਗਤਾ ਦੇ ਆਧਾਰ ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ੀ। ਉਨ੍ਹਾਂ ਅਪਣੇ ਪੁਤਰਾਂ ਦਾ ਵੀ ਲਿਹਾਜ ਨਹੀਂ ਕੀਤਾ। ਗੁਰੂ ਗਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਤੇ ਪੁਤਰਾਂ ਦੀ ਘੋਖ ਕੀਤੀ ਅਤੇ ਲਹਿਣਾ ਜੀ ਇਸ ਪਰਖ ਵਿੱਚ ਪੂਰੇ ਉੱੁਤਰੇ। ਗੁਰਬਾਣੀ ਵਿੱਚ ਇਹ ਵੀ ਅੰਕਿਤ ਹੈ ਕਿ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਸਿਰ ਮੱਥੇ ਤੇ ਮੰਨਦੇ ਸਨ ਤੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਉਨ੍ਹਾਂ ਦੇ ਕਹਿਣੇ ਨਹੀਂ ਲਗਦੇ ਸਨ। ਗੁਰੁ ਅੰਗਦ ਦੇਵ ਜੀ ਨੇ ਗੁਰੁ ਅਮਰ ਦਾਸ ਜੀ ਨੂੰ ਅਤੇ ਫਿਰ ਇਹਨਾਂ ਨੇ ਗੁਰੂ ਰਾਮ ਦਾਸ ਨੂੰ ਯੋਗਤਾ ਦੇ ਆਧਾਰ ਤੇ ਹੀ ਗੁਰ-ਗੱਦੀ ਬਖਸ਼ੀ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥

ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ— 767

ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥

ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥

ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ—140

ਸਾਨੂੰ ਸਤਿਗੁਰਾਂ ਚਿਤਾਵਨੀ ਦੇ ਕੇ ਸਮਝਾਇਆ ਹੈ ਕਿ ਗੁਣਹੀਨ ਤੇ ਅਯੋਗ ਆਗੂ ਸਿਰਫ ਆਪਣਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਆਪਣੇ ਸਾਥੀਆਂ ਤੇ ਜਨਤਾ ਦਾ ਬੇੜਾ ਵੀ ਗਰਕ ਕਰਦੇ ਹਨ। ਅੰਧਾ ਆਗੂ ਹੋਛੀ ਅਕਲ ਕਰਕੇ ਸਹੀ ਰਾਹ ਨਹੀਂ ਪਛਾਣ ਸਕਦਾ। ਬੇਈਮਾਨ ਲੀਡਰਾਂ ਪਿਛੇ ਤਾਂ ਮੂਰਖ ਹੀ ਲਗਦੇ ਨੇ, ਸਿਆਣੇ ਲੋਕ ਲਕੀਰ ਦੇ ਫਕੀਰ ਨਹੀ ਹੁੰਦੇ।

ਖਾੜਕੂ ਸਿੱਖ ਲਹਿਰ ਦੇ ਆਗੂ ਭਾਈ ਦਲਜੀਤ ਸਿੰਘ ਦੀ ਪਤਰਕਾਰ ਅਵਤਾਰ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦਾ ਕੁੱਝ ਅੰਸ਼ ਨਵੰਬਰ 30, 2005 ਦੇ ਅੰਮ੍ਰਿਤਸਰ ਟਾਈਮਜ਼ ਅਖਬਾਰ ਛਪਿਆ ਸੀ। “ਸਿੱਖ ਸੰਘਰਸ਼ ਦੇ ਕੁਰਾਹੇ ਪੈਣ ਦੇ ਕੀ ਕਾਰਨ ਹਨ” ਦੇ ਸਵਾਲ ਦਾ ਦਲਜੀਤ ਸਿੰਘ ਦਾ ਦਿੱਤਾ ਜਵਾਬ ਅਵਤਾਰ ਸਿੰਘ ਨੇ ਇਹ ਲਿਖਿਆ ਸੀ ਕਿ “— ਜੋ ਲੋਕ ਖਾੜਕੂ ਸੰਘਰਸ਼ ਦੇ ਨੁਮਾਇੰਦੇ ਬਣੇ ਹੋਏ ਸਨ — ਉਨ੍ਹਾਂ ਵਿੱਚ ਕਈ ਰਾਜਸੀ ਤੌਰ ਤੇ ਬੇਈਮਾਨ ਹੀ ਨਹੀਂ ਬਲਕਿ ਸਿਆਸੀ ਪਖੋਂ ਬੌਣੇ ਵੀ ਸਨ। ਅੱਜ ਉਹ ਕਿੱਥੇ ਖੜੇ ਹਨ। ਸਭ ਨੇ ਦੇਖ ਹੀ ਲਏ ਹਨ। — ਗੁਰਮਤਿ ਦੇ ਰੰਗ ਵਿੱਚ ਰੰਗੇ ਵਿਦਵਾਨਾਂ ਦਾ ਇੱਕ ਪੈਨਲ ਬਣਾਉਣ ਦਾ ਵੀ ਸਾਡਾ ਵਿਚਾਰ ਹੈ ਤਾ ਕਿ ਸਿੱਖ ਕੌਮ ਅਤੇ ਖਾਸ ਕਰਕੇ ਸਿੱਖ ਜਵਾਨੀ ਨੂੰ ਭਟਕਣ ਤੋਂ ਬਚਾਇਆ ਜਾ ਸਕੇ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨਾਲ, ਉਨ੍ਹਾਂ ਦੀ ਪ੍ਰਧਾਨਗੀ ਵੇਲੇ, ਅਜੀਤ ਅਖਬਾਰ ਦੇ ਨੁਮਾਇੰਦਆਂ ਦਿਲਜੀਤ ਸਿੰਘ ਬੇਦੀ ਅਤੇ ਕੰਵਰ ਮਨਜੀਤ ਸਿੰਘ ਦੀ ਵਿਸ਼ੇਸ਼ ਮੁਲਾਕਾਤ ਦਾ ਵੇਰਵਾ ਅਜੀਤ ਅਖਬਾਰ ਵਿੱਚ ਛਪਿਆਂ ਸੀ। “ਅੱਜਕਲ੍ਹ ਸੰਤ ਸਮਾਜ, ਹੋਰ ਸਾਧੂ ਸੰਤ ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਮਰਯਾਦਾਵਾਂ ਚਲਾਈਆਂ ਹੋਈਆਂ ਹਨ, ਆਪਣੇ-ਆਪਣੇ ਅੰਮ੍ਰਿਤ ਛਕਾ ਰਹੇ ਹਨ” ਦੇ ਸਵਾਲ ਦਾ ਪ੍ਰਧਾਨ ਸਾਹਿਬ ਦਾ ਦਿੱਤਾ ਜਵਾਬ ਪਤਰਕਾਰਾਂ ਨੇ ਇਹ ਲ਼ਿਖਿਆ ਸੀ ਕਿ “ਹਾਂ ਇਹ ਮੁੱਢਲੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕਸੂਰ ਹੈ। ਜਦੋਂ ਅਸੀਂ ਆਪਣੇ ਗੁਰੂ ਦੀ ਗਲ ਸਹੀ ਰੂਪ ਵਿੱਚ ਲੋਕਾਂ ਸਾਹਮਣੇ ਨਹੀਂ ਪ੍ਰਚਾਰ ਸਕੇ। ਅਸੀਂ ਇਸ ਕਾਰਜ ਵਿੱਚ ਅਸਮਰੱਥ ਰਹੇ ਹਾਂ ਕਿ ਗੁਰਮਤਿ ਵਿਚਾਰਧਾਰਾ ਦਾ ਪੂਰੀ ਤਰਾਂ ਪ੍ਰਚਾਰ ਕਰ ਸਕੀਏ। ਜੇ ਸਹੀ ਅਰਥਾਂ ਵਿੱਚ ਪ੍ਰਚਾਰ ਹੋ ਗਿਆ ਹੁੰਦਾ ਤਾਂ ਲੋਕ ਉਧਰ ਨਾਂ ਅਕਰਸ਼ਿਤ ਹੁੰਦੇ। ਕੋਈ ਗਲ ਜੇ ਏਧਰ ਉਧਰ ਹੋ ਕੇ ਕਰ ਰਿਹਾ ਹੈ, ੳਨ੍ਹਾਂ ਨਾਲੋਂ ਵੱਧ ਕਸੂਰਵਾਰ ਉਹ ਲੋਕ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਗੁਰੂ ਬਾਰੇ, ਗੁਰੂ ਇਤਿਹਾਸ ਬਾਰੇ, ਗੁਰਦੁਆਰਾ ਸਾਹਿਬਾਨ ਬਾਰੇ, ਉਹ ਦੀ ਅਹਿਮੀਅਤ ਬਾਰੇ, ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦੇ। ਪੱਕੇ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਅਹਿਸਾਸ ਹੈ ਕਿ ਇਹ ਸਾਡੀ ਜ਼ਿਮੇਵਾਰੀ ਸੀ ਜੋ ਅਸੀਂ ਪਿਛਲੇ ਸਮੇਂ ਵਿੱਚ ਪੂਰੀ ਤਰ੍ਹਾਂ ਨਿਭਾਅ ਨਹੀਂ ਸਕੇ ਤੇ ਅਸੀਂ ਭਵਿੱਖ ਵਿੱਚ ਪੂਰਾ ਯਤਨ ਕਰਾਂਗੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਤਰਾਂ ਨਿਭਾਈਏ।”

ਗੁਰਬਾਣੀ ਸਮਝਾਉਣੀ ਗੁਰਦਵਾਰਿਆਂ ਦਾ ਮੁੱਖ ਫਰਜ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਬੰਧ ਤੋਂ ਬਾਹਰ ਦੇ ਗੁਰਦਵਾਰਿਆਂ ਦੇ ਪ੍ਰਬੰਧਕ ਗੁਰਬਾਣੀ ਸਮਝਾਉਣ ਦਾ ਆਪਣਾ ਫਰਜ਼ ਨਹੀਂ ਨਿਭਾ ਰਹੇ। ਕੀ ਸਿੱਖੀ ਦਾ ਪ੍ਰਚਾਰ ਹਿੰਦੂ, ਮੁਸਲਮਾਨ ਜਾਂ ਈਸਾਈ ਕਰਨ ਗੇ? ਕੀ ਇਹ ਸਿਖਾਂ ਦੀ ਡਿਉਟੀ ਨਹੀਂ?

ਪਿਛਲੀ ਸਦੀ ਵਿੱਚ ਸਿੱਖ ਪੰਥ ਦੀ ਬੇਇਜ਼ਤੀ, ਦੁਰਗਤੀ ਅਤੇ ਖਜ਼ਲ ਖੁਆਰੀ ਹੋਣ ਦਾ ਮੁੱਖ ਕਾਰਨ ਸਿੱਖ ਸੰਗਤਾਂ ਦਾ ਲੋਭ, ਲਾਲਚ, ਸੁਆਰਥ ਤੇ ਭਾਈ-ਭਤੀਜਾਵਾਦ ਦੇ ਅਸਰ ਹੇਠ, ਗੁਰ ਸਿਧਾਤਾਂ ਦੇ ਉਲਟ ਚਲਕੇ ਤੇ ਆਪਣੀ ਵੋਟ ਦੀ ਗਲਤ ਵਰਤੋਂ ਕਰਕੇ, ਗੁਰਦੁਆਰਾ ਕਮੇਟੀਆਂ ਦੇ ਗੁਰਬਾਣੀ ਗਿਆਨ ਤੋਂ ਕੋਰੇ, ਨਾਲਾਇਕ ਤੇ ਸੁਆਰਥੀ ਨੁਮਾਇੰਦੇ ਚੁਨਣਾ ਹੈ। ਜਦੋਂ ਤੱਕ ਸਿੱਖ ਵੋਟਰ ਯੋਗਤਾ ਵਾਲਾ ਗੁਰਸਿਧਾਂਤ ਵਿਸਾਰ ਕੇ ਆਪਣੀ ਵੋਟ ਦੀ ਗਲਤ ਵਰਤੋਂ ਕਰਨ ਗੇ ਤਦ ਤੱਕ ਸਿਖ ਖੁਆਰ ਹੁੰਦੇ ਹੀ ਰਹਿਣ ਗੇ। ਸਤਿਗੁਰਾਂ ਦੇ ਹੁਕਮਾਂ ਤੋਂ ਆਕੀ ਹੋਣ ਵਾਲਿਆਂ ਦੀ ਬੇਇਜ਼ਤੀ ਤਾਂ ਹੋਣੀ ਹੀ ਹੋਣੀ ਹੈ। ਸਫਲਤਾ ਗੁਰਸਿਧਾਂਤ ਤੇ ਚਲੇ ਬਿਨਾ ਨਹੀਂ ਹੋ ਸਕਦੀ। ਲੋਕਾਂ ਕੋਲ ਵੋਟ ਇੱਕ ਬਹੁਤ ਵੱਡੀ ਤਾਕਤ ਹੈ ਜਿਸ ਦੁਆਰਾ ਉਹ ਸੱਚੇ-ਸੁੱਚੇ, ਸਹੀ ਤੇ ਸੂਝ ਬੂਝ ਵਾਲੇ ਗਿਆਨਵਾਨ ਉਮੀਦਵਾਰ ਚੁਣ ਸਕਦੇ ਹੋ।

ਜੁਗਰਾਜ ਸਿੰਘ ਧਾਲੀਵਾਲ।

Tag Cloud

DHARAM

Meta