ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਦਿੱਤਾ ਪੰਥ ਵਿਰੋਧੀ ਫੈਸਲਾ, ਪੰਜਾਂ ਪਿਆਰਿਆਂ ਨੂੰ ਕੀਤਾ ਬਰਖ਼ਾਸਤ

ਅੰਮ੍ਰਿਤਸਰ( 1 ਜਨਵਰੀ, 2015): ਲੰਮੇ ਸਮੇਂ ਤੋਂ ਸਿਆਸੀ ਹਿਤਾਂ ਲਈ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਫਿਰ ਸਿੱਖ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰਦਿਆਂ, ਸਿੱਖ ਕੌਮ ਦੀ ਰੁਹ ਮੰਨੇ ਜਾਂਦੇ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਦਰਕਿਨਾਰ ਕਰਕੇ ਆਪਣੇ ਰਾਜਸੀ ਮਾਲਕਾਂ ਦੀਆਂ ਸਿਆਸੀ ਇਛਾਵਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਵਿੱਚੋਂ ਚਾਰਾਂ ਨੂੰ ਅੱਜ ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਅੰਤਰਿਗ ਕਮੇਟੀ ਦੀ ਮੀਟਿੰਗ ਵਿੱਚ ਇਹ ਪੰਥ ਵਿਰੋਧੀ ਫੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਇਹ ਸਾਬਤ ਹੁੰਦਾ ਹੈ ਕਿ ਕਮੇਟੀ ਅਤੇ ਇਸਦਾ ਸ੍ਰਪਰਸਤ ਬਾਦਲ ਦਲ ਪੰਜਾਂ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਨੌਕਰ ਮੁਲਾਜ਼ਮਾਂ ਤੋਂ ਵੱਧ ਕੁੱਝ ਨਹੀਂ ਸਮਝਦਾ।

ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਸਿੱਖ ਵਿਰੋਧੀ ਸੌਦਾ ਸਾਧ ਨੂੰ ਦਿੱਤੇ ਅਖੋਤੀ ਮਾਫੀਨਾਮੇ ‘ਤੇ ਕੌਮ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਗਿਆਨੀ ਗੁਰਬਚਨ ਸਿੰਘ ਅਤੇ ਦੂਸਰੇ ਜੱਥੇਦਾਰ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੇ ਸਨਮੁੱਖ ਪੇਸ਼ ਨਹੀਂ ਹੋਏ ਸਨ। ਜਿਸ ਕਰਕੇ ਅਗਲੀ ਕਾਰਵਾਈ ਕਰਦਿਆਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਜੱਥੇਦਾਰਾਂ ਦੀਆਂ ਸੇਵਾਂ ਤੁਰੰਤ ਖਤਮ ਕੀਤੀਆਂ ਜਾਣ।

ਸ਼੍ਰੋਮਣੀ ਕਮੇਟੀ ਨੇ ਜੱਥੇਦਾਰਾਂ ਦੀ ਸੇਵਾਵਾਂ ਖਤਮ ਕਰਨ ਦੀ ਬਜ਼ਾਏ ਪੰਜਾਂ ਪਿਆਰਿਆਂ ਦੀ ਬਰਖਾਸਤੀ ਕਰ ਦਿੱਤੀ ਸੀ, ਪਰ ਪੰਥਕ ਦਬਾਅ ਦੇ ਚੱਲਦਿਆਂ ਪ੍ਰਧਾਨ ਅਵਤਾਰ ਸਿੰਘ ਨੇ ਬਰਖਾਸਤੀ ਦੇ ਹੁਕਮ ਵਾਪਿਸ ਲੈ ਲਏ ਸਨ।

ਪੰਜ ਪਿਆਰੇ ਜੱਥੇਦਾਰਾਂ ਨੂੰ ਸੇਵਾ ਮੁਕਤ ਕਰਨ ਦੇ ਆਪਣੇ ਫੈਸਲੇ ‘ਤੇ ਦ੍ਰਿੜ ਰਹੇ ਅਤੇ ਉਨ੍ਹਾਂ ਅੱਗੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਜੱਥੇਦਾਰਾਂ ਨੂੰ ਸੇਵਾ ਮੁਕਤ ਕਰਨ ਦਾ 1 ਜਨਵਰੀ ਦਾ ਸਮਾਂ ਦੇ ਦਿੱਤਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਗਲੀ ਕਾਰਵਾਈ 2 ਜਨਵਰੀ ਨੂੰ ਕਰਨ ਦਾ ਐਲਾਨ ਕੀਤਾ ਸੀ।

ਅੱਜ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਂ ਪਿਆਰਿਆਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਵਿੱਚੋਂ ਚਾਰਾਂ ਨੂੰ ਬਰਤਰਫ ਕਰ ਦਿੱਤਾ ਗਿਆ, ਜਦਕਿ ਇੱਕ ਪਿਆਰਾ ਕਾਰਜ਼ਕਾਲ ਪੂਰਾ ਹੋਣ ਕਰਕੇ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕਿਆ ਹੈ।

ਪੰਥਕ ਧਿਰਾਂ ਦਲ ਖਾਲਸਾ ਅਤੇ ਸ਼ਰੋਮਣੀ ਅਕਾਲੀ ਦਲ ਅਮਮ੍ਰਿਤਸਰ ਵੀ ਪੰਜ ਪਿਆਰਿਆਂ ਦੇ ਸਮਰਥਨ ਵਿੱਚ ਖੜ ਗਈਆਂ ਹਨ।ਦਲ ਖਾਲਸਾ ਵੱਲੋਂ ਬਿਆਨ ਜਾਰੀ ਕਰਕੇ ਐਗਜ਼ੈਕਟਿਵ ਦੇ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਪੰਥ ਦੀਆਂ ਭਾਵਾਨਾਵਾਂ ਦੀ ਕਦਰ ਕਰਦੇ ਹੋਏ ਜਥੇਦਾਰਾਂ ਨੂੰ ਖਾਰਿਜ ਕਰਨ ਤੇ ਪੰਜ ਪਿਆਰਿਆਂ ਨੂੰ ਇਕੱਲੇ ਜਾ ਸਿਰਫ ਸ਼ਰੋਮਣੀ ਕਮੇਟੀ ਦੇ ਮੁਲਾਜਮ ਸਮਝਣ ਦੀ ਗਲਤੀ ਨਾ ਕਰਨ।

Tag Cloud

DHARAM

Meta