ਵਿਵੇਕ ਦੀ ਵਿਵੇਕਤਾ—ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਨਾਂਮ ਵੀ ‘ਵਿਵੇਕ’ ਸੀ ਤੇ ਸੀ ਵੀ ਵਿਵੇਕਸ਼ੀਲ,

ਨਿੱਕੀ ਜਿਹੀ ਫੇਰੀ ਸਾਡੀ ਧਰਤੀ ਤੇ ਲਾ ਗਿਆ ।

ਇੰਡੀਆ ਦੇ ਵਿੱਚੋਂ ਇਸ ਯਾਤਰਾ ਨੂੰ ਸ਼ੁਰੂ ਕਰ,

ਦੂਜੇ ਸਿਰੇ ਆਕੇ ਉਹ ਕਨੇਡਾ ‘ਚ ਮੁਕਾ ਗਿਆ ।

ਚੜ੍ਹਦੀ ਜੁਆਨੀ ਵਿੱਚ ਅੰਗ ਦਾਨ ਕਰ ਉਹਤਾਂ,

ਜਿੰਦਗੀ ਦੇ ਨਾਲ ਸੱਚਾ ਇਸ਼ਕ ਨਿਭਾ ਗਿਆ ।

ਦਾਨ ਕਿਤੇ ਅੰਗ ਮੁੜ ਜਿੰਦਗੀ ਨੂੰ ਜੀਂਵਦੇ ਨੇ,

ਜਾਂਦਾ-ਜਾਂਦਾ ਕਈਆਂ ਵਿੱਚ ਜਿੰਦਗੀ ਜਿਵਾ ਗਿਆ ।

ਉਪਦੇਸ਼ ਦੇਣ ਨਾਲੋਂ ਜਿੰਦਗੀ ‘ਚ ਧਾਰਕੇ ਉਹ,

ਜਾਗਰੂਪ ਲੋਕਾਂ ‘ਚ ਮਿਸਾਲ ਬਣ ਛਾ ਗਿਆ ।

ਭਾਵੇਂ ਇਹ ਵੀ ਸੱਚ ਹੈ ਕਿ ਜਾਣ ਵਾਲਾ ਚਲਾ ਗਿਆ,

ਪਰ ਇਹ ਵੀ ਸੱਚ ਕਈਆਂ ਜੀਵਾਂ ‘ਚ ਸਮਾ ਗਿਆ ।

ਹਸੂਂ-ਹਸੂਂ ਕਰਦਾ ਸੁਭਾਵੋਂ ਮਿੱਠ-ਬੋਲੜਾ ਸੀ,

ਸੁਣਿਆਂ ਮੈਂ ਲੋਕੀਂ ਕਹਿੰਦੇ ਰੱਬ ਜੀ ਨੂੰ ਭਾ ਗਿਆ ।

ਉਮਰਾਂ ਦੇ ਨਾਲ ਕੋਈ ਵੱਡਾ ਕਦੇ ਹੋਂਵਦਾ ਨਾ,

ਨਿੱਕੀ ਜਿਹੀ ਉਮਰੇ ਉਹ ਸਾਨੂੰ ਸਮਝਾ ਗਿਆ ।

ਮੈਂ ਮੇਰੀ ਛੱਡਕੇ ਮਨੁੱਖਤਾ ਲਈ ਜੂਝਣੇ ਲਈ,

ਬਣਕੇ ਪ੍ਰੇਰਨਾ ਉਹ ਰਾਹ ਰੁਸ਼ਨਾ ਗਿਆ ।

ਇੱਕ ਨਹੀਂ ਕਈ ਉਹ ਕਲਾਵਾਂ ਦਾ ਸੁਮੇਲ ਹੈਸੀ,

ਹੋਣ ਲਈ ਅਮਰ ਨਵੀਂ ਕਲਾ ਸਿਖਲਾ ਗਿਆ ।

 

ALL ARTICLES AND NEWS

Tag Cloud

DHARAM

Recent Post

Meta