ਰੱਬ ਕੇਵਲ ਹਿੰਦੂ ਮੰਦਰਾਂ ਵਿਚ ਰਹਿੰਦੈ, ਮਸਜਿਦਾਂ, ਚਰਚਾਂ, ਗੁਰਦਵਿਰਆਂ ਵਿਚ ਨਹੀਂ!! -Spokesman Editorial

ਰੱਬ ਕੇਵਲ ਹਿੰਦੂ ਮੰਦਰਾਂ ਵਿਚ ਰਹਿੰਦੈ, ਮਸਜਿਦਾਂ, ਚਰਚਾਂ, ਗੁਰਦਵਿਰਆਂ ਵਿਚ ਨਹੀਂ!! :

ਦਿੱਲੀ ਵਿਚ ਬੀਜੇਪੀ ਸਰਕਾਰ ਦੇ ਬਣਨ ਮਗਰੋਂ, ”ਹਿੰਦੂਤਵੀ” ਆਗੂਆਂ ਨੇ ਇਕਦੰਮ ਚਹਿਕਣਾ ਸ਼ੁਰੂ ਕਰ ਦਿਤਾ ਤੇ ਬੜੀ ਦੇਰ ਤੋਂ ਵੀਰਾਨ ਪਏ ਬਾਗ਼ ਵਿਚੋਂ ਵੀ, ਹਰ ਰੋਜ਼ ਬੜੀਆਂ ਦਿਲਚਸਪ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਸਾਲ ਵਜੋਂ, ਕੁੱਝ ਨਮੂਨੇ ਹਾਜ਼ਰ ਹਨ:
# ਹਿੰਦੁਸਤਾਨ ਵਿਚ ਪੈਦਾ ਹੋਇਆ ਹਰ ਬੰਦਾ ‘ਹਿੰਦੂ’ ਹੈ ਤੇ ਹਰ ਹਿੰਦੁਸਤਾਨੀ ਨੂੰ ਅਪਣਾ ਧਰਮ, ਹਿੰਦੂ ਲਿਖਵਾਣਾ ਚਾਹੀਦਾ ਹੈ।
#ਹਿੰਦੂ ਔਰਤਾਂ ਨੂੰ 10-10 ਬੱਚੇ ਪੈਦਾ ਕਰਨੇ ਚਾਹੀਦੇ ਹਨ (ਤਾਕਿ 4 ਵਿਆਹ ਕਰਵਾਉਣ ਵਾਲੇ ਮੁਸਲਮਾਨਾਂ ਨੂੰ ਢੁਕਵਾਂ ਜਵਾਬ ਦਿਤਾ ਜਾ ਸਕੇ)।
# ਜਿਨ੍ਹਾਂ ਸੂਬਿਆਂ ਵਿਚ ਕੇਵਲ ਹਿੰਦੂ ਰਹਿੰਦੇ ਹਨ, ਉਥੇ ਪੂਰਨ ਸ਼ਾਂਤੀ ਹੈ ਜਦਕਿ ਜਿਥੇ ਜਿਥੇ ਗ਼ੈਰ-ਹਿੰਦੂ ਰਹਿੰਦੇ ਹਨ, ਉਥੇ ਹਿੰਸਾ ਅਤੇ ਗੜਬੜ ਹੁੰਦੀ ਰਹਿੰਦੀ ਹੈ। ਇਸ ਮਸਲੇ ਦਾ ਇਕੋ ਇਕ ਹੱਲ ਇਹ ਹੈ ਕਿ ਸਾਰੇ ਸੂਬਿਆਂ ਵਿਚ ਹਿੰਦੂ ਮੁੱਖ ਮੰਤਰੀ ਹੋਣ–ਕਸ਼ਮੀਰ, ਪੰਜਾਬ ਅਤੇ ਨਾਰਥ-ਈਸਟ ਰਾਜਾਂ ਸਮੇਤ।
#ਭਾਰਤ ਵਿਚ ਕੋਈ ਘੱਟ-ਗਿਣਤੀ ਹੈ ਈ ਨਹੀਂ। ਡੀ.ਐਨ.ਏ. ਕਰਵਾਇਆ ਜਾਏ ਤਾਂ ਸਾਰੇ ਹਿੰਦੁਸਤਾਨੀ, ਅੰਦਰੋਂ ਹਿੰਦੂ ਹੀ ਨਿਕਲਣਗੇ।
ਇਹੋ ਜਹੇ ਕਈ ਹੋਰ ਬਚਨ ਵੀ ਸੁਣਾਈ ਦੇਣ ਲੱਗ ਪਏ। ਪਰ ਹੁਣ ਇਕ ਤਾਜ਼ਾ ‘ਹਿੰਦੂਤਵਾ ਬਚਨ’ ਨੇ ਤਾਂ ਪਿਛਲੇ ਸਾਰੇ ਬਚਨਾਂ ਨੂੰ ਹੀ ਮਾਤ ਪਾ ਦਿਤਾ ਹੈ। ਬੀਜੇਪੀ ਨੇਤਾ ਸੁਬਰਾਮਨੀਅਮ ਸਵਾਮੀ ਦੀ ਚੁੰਝ ਵਿਚੋਂ ਜਿਹੜੀ ਤਾਜ਼ਾ ਸੰਗੀਤਮਈ ਆਵਾਜ਼ ਨਿਕਲੀ ਹੈ, ਉਹ ਫ਼ਮਾਉਦੀ ਹੈ ਕਿ, ”ਪ੍ਰਮਾਤਮਾ ਕੇਵਲ ਹਿੰਦੂ ਮੰਦਰਾਂ ਵਿਚ ਰਹਿੰਦਾ ਹੈ ਕਿਉਂਕਿ ਮੰਦਰ, ਰੱਬ ਦਾ ਘਰ ਹੁੰਦੇ ਹਨ ਜਦਕਿ ਮਸਜਿਦ ਤੇ ਚਰਚ ਕੇਵਲ ਪੂਜਾ ਕਰਨ ਲਈ ਇਮਾਰਤਾਂ ਹੁੰਦੀਆਂ ਹਨ।” ਸੁਬਰਾਨੀਅਮ ਸਵਾਮੀ ਨੇ ਅਪਣੇ ਆਪ ਨੂੰ ‘ਤਰਕਵਾਦੀ’ ਸਾਬਤ ਕਰਨ ਲਈ ਇਹ ਵੀ ਫ਼ਰਮਾਇਆ ਕਿ ”ਮੇਰੀ ਗੱਲ ਨੂੰ ਕੋਈ ਅਤਿ-ਕਥਨੀ ਨਾ ਸਮਝ ਬੈਠੇ, ਇਸ ਲਈ ਮੈਂ ਪੱਕੀ ਦਲੀਲ ਵੀ ਦੇਵਾਂਗਾ। ਵੇਖੋ ਮੇਰੇ ਕੋਲ ਸਾਊਦੀ ਅਰਬ ਦੀ ਇਕ ਦਸਤਾਵੇਜ਼ ਹੈ। ਉਥੋਂ ਦੀ ਮੁਸਲਮਾਨ ਸਰਕਾਰ ਦਾ ਹੁਕਮ ਹੈ ਕਿ ਦੇਸ਼ ਵਿਚ ਸੜਕਾਂ ਦੀ ਉਸਾਰੀ ਲਈ, ਕੁੱਝ ਮਸਜਿਦਾਂ ਡੇਗ ਦਿਤੀਆਂ ਜਾਣ। ਇਸ ਤੋਂ ਕੀ ਸਾਬਤ ਹੁੰਦਾ ਹੈ? ਇਹੀ ਕਿ ਮਸਜਿਦਾਂ ਵਿਚ ਰੱਬ ਨਹੀਂ ਹੁੰਦਾ। ਜੇ ਹੁੰਦਾ ਤਾਂ ਉਨ੍ਹਾਂ ਨੂੰ ਡੇਗ ਦੇਣ ਦੀ ਗੱਲ ਕਿਸੇ ਨੇ ਨਹੀਂ ਸੀ ਕਰਨੀ। ਇਸੇ ਲਈ ਤਾਂ ਕਿਸੇ ਹਿੰਦੂ ਮੰਦਰ ਨੂੰ ਨਹੀਂ ਡੇਗਿਆ ਜਾਂਦਾ ਕਿਉੁਕਿ ਮੰਦਰ ਵਿਚ ਰੱਬ ਆਪ ਰਹਿੰਦਾ ਹੈ।”
ਭੋਲੇ ਪੰਛੀ ਸੁਬਰਾਮਨੀਅਮ ਨੂੰ ਕੌਣ ਦੱਸੇ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ, ਸੈਂਕੜੇ ਮੰਦਰ ਡੇਗੇ ਗਏ ਹਨ ਤੇ ਉਥੇ ਰਹਿੰਦੇ ਹਿੰਦੂਆਂ ਨੇ ਕਦੇ ਇਹ ਨਹੀਂ ਕਿਹਾ ਕਿ ਇਥੇ ਰੱਬ ਰਹਿੰਦਾ ਹੈ, ਇਸ ਲਈ ਇਨ੍ਹਾਂ ਨੂੰ ਨਹੀਂ ਸੀ ਡੇਗਿਆ ਜਾਣਾ ਚਾਹੀਦਾ।
ਸੱਚੀ ਗੱਲ ਇਹੀ ਹੈ ਕਿ ਰੱਬ, ਕਾਇਨਾਤ ਦੇ ਜ਼ੱਰੇ ਜ਼ੱਰੇ ਜਾਂ ਕਣ ਕਣ ਵਿਚ ਰਹਿੰਦਾ ਹੋਇਆ ਵੀ, ਕਿਸੇ ਖ਼ਾਸ ਥਾਂ ਤੇ ਨਹੀਂ ਰਹਿੰਦਾ। ਇਸੇ ਲਈ ਸਾਰੇ ਧਰਮਾਂ ਦੇ ਗ੍ਰੰਥਾਂ ਵਿਚ ਇਕ ਸਵਾਲ ਜ਼ਰੂਰ ਦਰਜ ਕੀਤਾ ਹੋਇਆ ਮਿਲਦਾ ਹੈ ਕਿ ਰੱਬ ਕਿਥੇ ਰਹਿੰਦਾ ਹੈ? ਇਸਲਾਮ ਕਹਿੰਦਾ ਹੈ ਕਿ ਉਹ ਸਤਵੇਂ ਅਸਮਾਨ ਤੇ ਰਹਿੰਦਾ ਹੈ। ਹਿੰਦੂ ਗ੍ਰੰਥ ਕਹਿੰਦੇ ਹਨ ਕਿ ਉਹ ਸਵਰਗ-ਲੋਕ ਵਿਚ ਰਹਿੰਦਾ ਹੈ। ਬਾਬੇ ਨਾਨਕ ਨੂੰ ਵੀ ਇਹੀ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਦਾ ਬੜਾ ਸਪੱਸ਼ਟ ਉੱਤਰ ਸੀ ਕਿ
”ਦੁਨੀਆਂ ਦੇ ਲੋਕੋ, ਤੁਸੀ ਕਿਉੁਂਕਿ ਇਕ ਸਮੇਂ ਇਕ ਥਾਂ ਤੇ ਹੀ ਰਹਿ ਸਕਦੇ ਹੋ, ਇਸ ਲਈ ਤੁਹਾਨੂੰ ਲਗਦਾ ਹੈ ਕਿ ਰੱਬ ਵੀ ਕਿਸੇ ਇਕ ਥਾਂ ਤੇ ਜ਼ਰੂਰ ਰਹਿੰਦਾ ਹੋਵੇਗਾ ਤੇ ਕੋਠੀ ਜਾਂ ਮਹਿਲ ਵਰਗੇ ਕਿਸੇ ਮਕਾਨ ਵਿਚ ਤਖ਼ਤ ਤੇ ਬੈਠਾ ਹੋਵੇਗਾ। ਨਹੀਂ ਅਜਿਹਾ ਨਹੀਂ ਹੈ। ਉਹ ਮਨੁੱਖਾਂ ਵਰਗਾ ਨਹੀਂ ਸਗੋਂ ਇਕੋ ਇਕ ਹਸਤੀ ਹੈ ਜਿਹੜੀ ਅਪਣੇ ਸਾਜੇ ਹੋਏ ਬ੍ਰਹਮੰਡ ਦੇ ਕਣ ਕਣ ਵਿਚ ਮੌਜੂਦ ਹੋਣ ਦੇ ਬਾਵਜੂਦ, ਕਿਸੇ ਇਕ ਖ਼ਾਸ ਥਾਂ ਦੀ ਵਾਸੀ ਨਹੀਂ ਆਖੀ ਜਾ ਸਕਦੀ।”
ਸੁਬਰਾਮਨੀਅਮ ਸਵਾਮੀ ਵਰਗੇ ਭਗਵੀਆਂ ਐਨਕਾਂ ਵਾਲੇ ਬੰਦੇ ਆਪ ਤਾਂ ਬਾਬੇ ਨਾਨਕ ਦੇ ਦੱਸੇ ਸੱਚ ਨੂੰ ਸਮਝ ਨਹੀਂ ਸਕਦੇ ਪਰ ਉਹ ਦੂਜਿਆਂ ਨੂੰ ਵੀ ਅੱਖਾਂ ਹੁੰਦਿਆਂ ‘ਅੰਨ੍ਹਾ’ ਬਣਾਈ ਰਖਣਾ ਚਾਹੁੰਦੇ ਹਨ। ਭਗਤ ਨਾਮਦੇਵ ਨੇ ਜਦ ‘ਹਿੰਦੂ ਅੰਨ੍ਹਾ ਤੁਰਕੂ ਕਾਣਾ’ ਕਿਹਾ ਸੀ ਤਾਂ ਉਨ੍ਹਾਂ ਦਾ ਮਕਸਦ ਕਿਸੇ ਪ੍ਰਤੀ ਮੰਦਾ ਬੋਲਣਾ ਬਿਲਕੁਲ ਵੀ ਨਹੀਂ ਸੀ ਬਲਕਿ ਇਹੀ ਦਸਣਾ ਸੀ ਕਿ ਸੁਬਰਾਮਨੀਅਮ ਸਵਾਮੀ ਦੀ ਤਰ੍ਹਾਂ, ਹਿੰਦੂ ਪੂਰੀ ਤਰ੍ਹਾਂ ਆਗਿਆਨਤਾ ਵਿਚ ਫਸੇ ਹੋਏ ਸਨ ਜਦਕਿ ਤੁਰਕੀ ਤੋਂ ਆਏ ਮੁਸਲਮਾਨ, ਅੱਧ ਪਚੱਧੇ ਗਿਆਨ ਨੂੰ ਹੀ ਸਮਝ ਸਕੇ ਸਨ। ਅਖ਼ੀਰ ਤੇ ਉਨ੍ਹਾਂ ਨੇ ਜੋ ਨਤੀਜਾ ਕਢਿਆ, ਉਹ ਇਹੀ ਸੀ ਕਿ ‘ਗਿਆਨੀ’ (ਗਿਆਨਵਾਨ) ਹੀ ਸੱਭ ਤੋਂ ਸਿਆਣਾ ਹੈ ਅਰਥਾਤ ਅੰਧ-ਵਿਸ਼ਵਾਸ ਦਾ ਤਿਆਗ ਕਰਨ ਵਾਲਾ ਬੰਦਾ ਜੋ ਸੱਚੇ ਗਿਆਨ ਦੇ ਸਰੋਵਰ ਵਿਚ ਮਨ ਦੀਆਂ ਡੁਬਕੀਆਂ ਲਵਾਉਂਦਾ ਰਹਿੰਦਾ ਹੈ, ਉਹੀ ਸਿਆਣਾ ਹੈ, ਬਾਕੀ ਤਾਂ ਅੰਧ-ਵਿਸ਼ਵਾਸੀ ਲੋਕ ਹੀ ਹਨ ਜੋ ਅੱਖਾਂ ਪੂਰੀ ਤਰ੍ਹਾਂ ਬੰਦ ਕਰ ਕੇ ਜਾਂ ਅੱਧੀਆਂ ਖੋਲ੍ਹ ਕੇ, ਪੁਜਾਰੀ ਸ਼੍ਰੇਣੀ ਦੇ ਝੂਠ ਨੂੰ ਹੀ ਸੱਚ ਮੰਨੀ ਬੈਠੇ ਹਨ।
ਸੁਬਰਾਮਨੀਅਮ ਸਵਾਮੀ ਵਰਗੇ ਦੇਸ਼ ਦੇ ਨੇਤਾਵਾਂ ਨੂੰ ਅਪਣਾ ਧਿਆਨ, ਆਮ ਲੋਕਾਂ ਦੀਆਂ ਕੁੱਲੀ, ਗੁੱਲੀ, ਜੁੱਲੀ ਤੇ ਮਨੁੱਖੀ ਅਧਿਕਾਰਾਂ ਦੀਆਂ ਸਮੱਸਿਆਵਾਂ ਵਲ ਹੀ ਕੇਂਦਰਿਤ ਰਖਣਾ ਚਾਹੀਦਾ ਹੈ ਤੇ ਜੇ ਧਰਮ ਦੀ ਗੱਲ ਉਨ੍ਹਾਂ ਨੇ ਕਰਨੀ ਹੈ ਤਾਂ ਕਿਸੇ ਮੰਦਰ ਵਿਚ ਪੁਜਾਰੀ ਵਜੋਂ ਜਾ ਲੱਗਣ ਤੇ ਉਸ ਤੋਂ ਪਹਿਲਾਂ ਖ਼ੂਬ ਪੜ੍ਹਨ, ਗਿਆਨ ਹਾਸਲ ਕਰਨ। ਜਿਨ੍ਹਾਂ ਨੂੰ ਰੱਬ ਦੇ ਸੰਕਲਪ ਬਾਰੇ ਏ ਬੀ ਸੀ ਜਿੰਨੀ ਵੀ ਜਾਣਕਾਰੀ ਨਹੀਂ, ਉਹ ਲੋਕ ਅਪਣੀ ਫ਼ਿਰਕੂ ਸੋਚ ਨੂੰ ਖਾਦ ਦੇਣ ਲਈ ਜਦ ਧਰਮ ਅਤੇ ਰੱਬ ਦਾ ਨਾਂ ਵਰਤਦੇ ਹੋਏ ਖ਼ਾਲਸ ਝੂਠ ਬੋਲਦੇ ਹਨ ਤਾਂ ਸਮੁੱਚੀ ਮਾਨਵਤਾ ਨਾਲ ਧ੍ਰੋਹ ਕਮਾ ਰਹੇ ਹੁੰਦੇ ਹਨ। ਰੱਬ ਨਾ ਮੰਦਰ ਵਿਚ ਰਹਿੰਦਾ ਹੈ, ਨਾ ਮਸਜਿਦ ਵਿਚ, ਨਾ ਕਿਸੇ ਹੋਰ ਖ਼ਾਸ ਥਾਂ। ਉਹ ਤਾਂ ਮਨੁੱਖ ਦੇ ਮਨ ਅੰਦਰ ਰਹਿੰਦਾ ਹੈ ਤੇ ਮੰਦਰ, ਮਸਜਿਦ, ਗੁਰਦਵਾਰੇ ਤੇ ਚਰਚ ਤਾਂ ਮਨ ਨੂੰ ਧਾਰਮਕ ਮਾਹੌਲ ਵਿਚ ਰੱਖ ਕੇ, ‘ਗਿਆਨਵਾਨ’ ਬਣਾਉਣ ਦੇ ਕੇਂਦਰ ਮਾਤਰ ਹੁੰਦੇ ਹਨ। ਇਨ੍ਹਾਂ ਧਰਮ ਅਸਥਾਨਾਂ ਅੰਦਰ ਵੀ ਬਹੁਤ ਸਾਰੇ ਪਾਪੀ ਰਹਿੰਦੇ ਹਨ ਤੇ ਬਾਹਰ ਵੀ ਬੜੇ ਧਰਮੀ ਰਹਿੰਦੇ ਹਨ।

Tag Cloud

DHARAM

Meta