ਰੰਧਾਵੇ ਨੂੰ ਸ਼ਾਂਤਮਈ ਸਵਾਲ ਕਰਨ ਵਾਲੀਆਂ ਬੀਬੀਆਂ ਨੂੰ ਮਿਲੀ ਸਿਰ ਲਾਹੁਣ ਦੀ ਧਮਕੀ

hari randhawaਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸੰਤ ਸਮਾਜ ਦੇ ਆਗੂ ਅਤੇ ਪ੍ਰਸਿੱਧ ਕਥਾਵਾਚਕ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵਲੋਂ ਇੱਕ ਕਥਾ ਦੌਰਾਨ ਬੀਬੀਆਂ ਦੇ ਮਾਸਿਕ ਧਰਮ (ਮਾਹਵਾਰੀ) ਨੂੰ ਲੈ ਕੇ ਕੀਤੇ ‘ਪ੍ਰਵਚਨਾਂ’ ‘ਤੇ ਇਤਰਾਜ਼ ਕਰ ਰਹੀਆਂ ਸਥਾਨਕ ਬੀਬੀਆਂ ਉਨ੍ਹਾਂ ਨਾਲ ਵਿਚਾਰ ਕਰਨ ਲਈ ਅੱਜ ਸਥਾਨਕ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਪੁੱਜੀਆਂ ਪਰ ਪ੍ਰਬੰਧਕਾਂ ਵਲੋਂ ਸ਼ਾਂਤੀਪੂਰਨ ਵਿਚਾਰ ਕਰਨ ਦੀ ਥਾਂ ਮਸਲੇ ਨੂੰ ਉਲਝਾ ਲਿਆ ਗਿਆ। ਉਲਟਾ ਇਨ੍ਹਾਂ ਬੀਬੀਆਂ ਨੂੰ ਉੱਥੇ ਮੌਜੂਦ ਕੁਝ ਲੋਕਾਂ ਵਲੋਂ ਸਿਰ ਲਾਹੁਣ ਦੀ ਧਮਕੀ ਦਿੱਤੀ ਗਈ ਅਤੇ ਸੰਤ ਹਰੀ ਸਿੰਘ ਦੀਆਂ ਕੁਝ ਸ਼ਰਧਾਲੂ ਬੀਬੀਆਂ ਵਲੋਂ ਬੇਹੱਦ ਹੀ ਭੱਦੀ ਅਤੇ ਅਸ਼ਲੀਲ ਭਾਸ਼ਾ ਵਰਤੀ ਗਈ।

ਵਿਚਾਰ ਕਰਨ ਗਈਆਂ ਬੀਬੀਆਂ ਨੇ ਮੀਡੀਆ ਨਾਲ ਗੱਲ ਕਰਿਦਆਂ ਦੱਸਿਆ ਕਿ ਪਹਿਲਾਂ ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਵਿਚਾਰ ਕਰ ਸਕਦੇ ਹੋ ਪਰ ਬਾਅਦ ਵਿੱਚ ਉਲਝਾ ਲਿਆ ਗਿਆ। ਪਹਿਲਾਂ ਕਿਹਾ ਗਿਆ ਕਿ ਦੀਵਾਨ ਹਾਲ ‘ਚ ਜਾ ਕੇ ਵਿਚਾਰ ਹੋਵੇਗੀ ਪਰ ਫੇਰ ਲੰਮਾ ਸਮਾਂ ਢਾਡੀ ਲਗਾਏ ਰੱਖੇ। ਕਾਫੀ ਦੇਰ ਬਾਅਦ ਜਦੋਂ ਸੰਤ ਹਰੀ ਸਿੰਘ ਸਟੇਜ ‘ਤੇ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਇੱਥੇ ਵਿਚਾਰ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਲੜੀਵਾਰ ਕਥਾ ਕਰਨੀ ਹੈ। ਇਸ ਦੌਰਾਨ ਪ੍ਰਬੰਧਕਾਂ ਵਲੋਂ ਪੁਲਿਸ ਸੱਦ ਲਈ ਗਈ ਜਦਕਿ ਇਨ੍ਹਾਂ ਬੀਬੀਆਂ ਨੇ ਉੱਥੇ ਕਿਸੇ ਵੀ ਤਰਾਂ ਦੀ ਨਾਅਰੇਬਾਜ਼ੀ ਜਾਂ ਭੜਕਾਊ ਕਾਰਵਾਈ ਨਹੀਂ ਸੀ ਕੀਤੀ।

ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਬੀਬੀਆਂ ਨੂੰ ਉੱਥੇ ਮੌਜੂਦ ਇੱਕ ਵਿਅਕਤੀ ਵਲੋਂ ਸਿਰ ਲਾਹੁਣ ਦੀ ਧਮਕੀ ਵੀ ਦਿੱਤੀ ਗਈ, ਜਿਸ ਬਾਰੇ ਇਨ੍ਹਾਂ ਬੀਬੀਆਂ ਨੇ ਪੁਲਿਸ ਕੋਲ ਉਸ ਵਿਅਕਤੀ ਸੀ ਸ਼ਨਾਖਤ ਕਰਵਾ ਕੇ, ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉੱਥੇ ਮੌਜੂਦ ਸੰਤਾਂ ਦੀਆਂ ਸ਼ਰਧਾਲੂ ਬੀਬੀਆਂ ਵਲੋਂ ਸਵਾਲ-ਕਰਤਾ ਬੀਬੀਆਂ ਨੂੰ ਨਿੱਜੀ ਜੀਵਨ ਬਾਰੇ ਬੇਹੱਦ ਭੱਦੇ ਅਤੇ ਅਸ਼ਲੀਲ ਸਵਾਲ ਪੁੱਛੇ ਗਏ, ਜੋ ਇੱਥੇ ਲਿਖਣੇ ਵਾਜਿਬ ਨਹੀਂ। ਫਿਰ ਕਿਹਾ ਗਿਆ ਕਿ ਉਹੀ ਸਵਾਲ ਕਰ ਸਕਦਾ ਹੈ, ਜੋ ਪੂਰਨ ਗੁਰਸਿੱਖ ਹੋਵੇ। ਜਦ ਇੱਕ ਪੂਰਨ ਗੁਰਸਿੱਖ ਨੇ ਸਵਾਲ ਕਰਨੇ ਚਾਹੇ ਤਾਂ ਵੀ ਰੌਲਾ ਪਾ ਲਿਆ ਗਿਆ ਅਤੇ ਬੀਬੀਆਂ ਨੂੰ ਕਿਹਾ ਗਿਆ ਕਿ ਆਪਣੇ ਘਰਵਾਲੇ ਨਾਲ ਲੈ ਕੇ ਆਇਓ।

ਬੇਹੱਦ ਨਿਰਾਸ਼ ਇਨ੍ਹਾਂ ਬੀਬੀਆਂ ਨੇ ਦੱਸਿਆ ਕਿ ਸਾਨੂੰ ਪ੍ਰਬੰਧਕਾਂ ਅਤੇ ਸੰਤ ਹਰੀ ਸਿੰਘ ਤੋਂ ਅਜਿਹੀ ਉਮੀਦ ਨਹੀਂ ਸੀ ਅਤੇ ਨਾ ਹੀ ਸ਼ਰਧਾਲੂ ਬੀਬੀਆਂ ਤੋਂ। ਉਨ੍ਹਾਂ ਕਿਹਾ ਕਿ ਜੋ ਪ੍ਰਚਰਕ ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦੇ ਸਕਦਾ, ਸੰਗਤ ਦੀ ਦੁਬਿਧਾ ਦੂਰ ਨਹੀਂ ਕਰ ਸਕਦਾ, ਉਹ ਕੌਮ ਨੂੰ ਕੀ ਸੇਧ ਦੇਵੇਗਾ? ਅਜਿਹੇ ਪ੍ਰਚਾਰਕਾਂ ਨੂੰ ਫਿਰ ਗੁਰਦੁਆਰਿਆਂ ‘ਚ ਸੱਦਣ ਦਾ ਕੀ ਫਾਇਦਾ ਹੈ?

ਉਨ੍ਹਾਂ ਕਿਹਾ ਕਿ ਅਸੀਂ ਵੀ ਨਿੱਤਨੇਮੀ, ਰੋਜ਼ਾਨਾ ਪਾਠ ਕਰਨ ਵਾਲੀਆਂ ਹਾਂ। ਜੇਕਰ ਕੋਈ ਪ੍ਰਚਾਰਕ ਸਿੱਖੀ ‘ਚ ਗੁਰੂਆਂ ਵਲੋਂ ਬਖਸ਼ੇ ਔਰਤਾਂ ਨੂੰ ਬਰਾਬਰਤਾ ਦੇ ਸਿਧਾਂਤ ਦੇ ਉਲਟ ਬੋਲੇ ਤਾਂ ਅਸੀਂ ਚੁੱਪ ਨਹੀਂ ਬਹਿ ਸਕਦੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਬੀਬੀਆਂ ਆਪਣੇ ਨਿੱਜੀ ਮਸਲੇ ਲਈ ਨਹੀਂ ਬਲਕਿ ਸਮੁੱਚੀਆਂ ਸਿੱਖ ਔਰਤਾਂ ਬਾਰੇ ਗੱਲ ਕਰਨ ਗਈਆਂ ਸਨ ਅਤੇ ਸਭ ਤੋਂ ਵੱਧ ਵਿਰੋਧ ਉੱਥੇ ਮੌਜੂਦ ਸੰਤ ਹਰੀ ਸਿੰਘ ਦੀਆਂ ਸ਼ਰਧਾਲੂ ਬੀਬੀਆਂ ਵਲੋਂ ਹੀ ਕੀਤਾ ਗਿਆ।

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੰਚਾਲਕ ਗਿਆਨੀ ਨਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਹੋ ਨਹੀਂ ਸਕਿਆ। ਇੱਕ ਨੌਜਵਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਗਿਆਨੀ ਗਿਆਨੀ ਨਰਿੰਦਰ ਸਿੰਘ ਨਾਲ ਇਸ ਵਿਸ਼ੇ ‘ਤੇ ਗੱਲ ਕੀਤੀ ਸੀ ਕਿ ਸੰਤ ਹਰੀ ਸਿੰਘ ਜਿਹੇ ਕਿਸੇ ਵੱਡੇ ਪ੍ਰਚਾਰਕ ਨੂੰ ਇੰਝ ਨਹੀਂ ਕਹਿਣਾ ਚਾਹੀਦਾ ਕਿ ਮਾਸਿਕ ਧਰਮ ਦੌਰਾਨ ਔਰਤਾਂ ਅਪਵਿੱਤਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਧਾਰਮਿਕ ਕਾਰਜ ਕਰਨ ਦਾ ਕੋਈ ਹੱਕ ਨਹੀਂ। ਨੌਜਵਾਨ ਨੇ ਕਿਹਾ ਕਿ ਉਲਟਾ ਗਿਆਨੀ ਨਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਕਿੰਨੀਆਂ ਔਖੀਆਂ ਚਾਦਰਾਂ ਸਾਫ ਕਰਨੀਆਂ ਜਿੱਥੇ ਬਹਿ ਕੇ ਔਰਤਾਂ ਪਾਠ ਕਰਦੀਆਂ ਮਾਸਿਕ ਧਰਮ ਵੇਲੇ।

ਬੇਹੱਦ ਨਿਰਾਸ਼ ਇਹ ਬੀਬੀਆਂ ਹੁਣ ਇਹ ਮਸਲਾ ਜਥੇਦਾਰ ਅਕਾਲ ਤਖਤ ਕੋਲ ਚੁੱਕਣ ਬਾਰੇ ਵਿਚਾਰ ਕਰ ਰਹੀਆਂ ਹਨ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵੀ ਬਣਾਈ ਗਈ ਹੈ, ਜੋ ਵੀਡੀਓ ਬਣਾਉਣ ਵਾਲੇ ਫੇਸਬੁੱਕ ਜਾਂ ਯੂ-ਟਿਊਬ ‘ਤੇ ਜਲਦੀ ਹੀ ਪਾ ਸਕਦੇ ਹਨ।

Tag Cloud

Meta