ਰਾਸ਼ਟਰੀ ਖੇਡ – ਰੋਡ ਰੇਜ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਅੰਨਾਂ ਹੈ ਬੁੱਢੇ ? ਤੇਰੀ ਤਾਂ ਉਮਰ ਮੁੱਕ ਚਲੀ, ਮੈਨੂੰ ਤਾਂ ਜੀ ਲੈਣ ਦੇ ! (ਸਕੂਟਰ ਨਾਲ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਬਾਅਦ ਗੁੱਸੇ ਵਿੱਚ ਕਾਰ ਤੋਂ ਉਤਰਦੇ ਹੋਏ ਗੁਰਮੀਤ ਸਿੰਘ ਦੇ ਹੱਥ ਵਿੱਚ ਬੇਸਬਾਲ ਦਾ ਡੰਡਾ ਸੀ !)

ਬੇਟਾ ਗਲਤੀ ਕਿਸੀ ਤੋਂ ਵੀ ਹੋ ਸਕਦੀ ਹੈ ! ਲੜਾਈ ਵਿੱਚ ਕੀ ਰਖਿਆ ਹੈ ? (ਕਹਿੰਦੇ ਹੋਏ ਬਜ਼ੁਰਗ ਨੇ ਆਪਣੇ ਮੁੰਹ ‘ਤੇ ਬੰਨਿਆ ਹੋਇਆ ਕਪੜਾ ਲਾਹ ਦਿੱਤਾ)

ਤਾਇਆ ਜੀ ਤੁਸੀਂ ? (ਬਜ਼ੁਰਗ ਹਰਮੋਹਨ ਸਿੰਘ ਦੀ ਸ਼ਕਲ ਵੇਖਦੇ ਹੀ ਗੁਰਮੀਤ ਦੇ ਸ਼ਬਦ ਕੁੱੜਤਨ ਤੋਂ ਮਿਠਾਸ ਵਿੱਚ ਬਦਲ ਗਏ)

ਕਿਓਂ ਮੈਨੂੰ ਨਹੀਂ ਮਾਰੇਂਗਾ ਆਪਣੇ ਮਸ਼ਹੂਰ ਡੰਡੇ ਨਾਲ ? ਪਤਾ ਨਹੀਂ, ਭਾਰਤ ਵਿੱਚ ਕੋਈ ਬੇਸ-ਬਾਲ ਖੇਲਦਾ ਵੀ ਨਹੀਂ, ਪਰ ਬੇਸਬਾਲ ਦੇ ਡੰਡਿਆਂ ਦਾ ਸਭ ਤੋਂ ਜਿਆਦਾ ਇਸਤੀਮਾਲ ਭਾਰਤੀ ਕਰ ਰਹੇ ਹਨ ! ਮੇਰੇ ਕੋਲ ਤੇਰੀਆਂ ਬਹੁਤ ਸ਼ਿਕਾਇਤਾਂ ਆਈਆਂ ਸਨ ਕੀ ਤੂੰ ਗੱਲ ਗੱਲ ‘ਤੇ ਮਾਰ ਕੁਟਾਈ ਕਰਨ ਲੱਗ ਜਾਉਂਦਾ ਹੈ ! ਇਸੀ ਕਰਕੇ ਅੱਜ ਮੈਂ ਆਪ ਜਾਣ-ਬੂਝ ਕੇ ਤੇਰੀ ਗੱਡੀ ਦੇ ਅੱਗੇ ਆਇਆ ਸੀ ! (ਹਰਮੋਹਨ ਸਿੰਘ ਨੇ ਆਪਣੀ ਗੱਲ ਮੁਕਾਈ)

ਗੁਰਮੀਤ ਸਿੰਘ (ਸ਼ਰਮ ਨਾਲ) : ਗਲਤੀ ਹੋ ਗਈ ਤਾਇਆ ਜੀ ! (ਡੰਡਾ ਕਾਰ ਵਿੱਚ ਰਖ ਦਿੰਦਾ ਹੈ)

ਹਰਮੋਹਨ ਸਿੰਘ (ਪਿਆਰ ਨਾਲ) : ਪੁੱਤਰ ਜੀ ! ਸੜਕ ‘ਤੇ ਚਲਦੇ ਹੋਏ ਕੁਝ ਵੀ ਹੋ ਸਕਦਾ ਹੈ ! ਗਲਤੀ ਕਿਸੀ ਤੋਂ ਵੀ ਹੋ ਸਕਦੀ ਹੈ ! ਹਜ਼ਾਰਾਂ-ਲੱਖਾਂ ਗੱਡੀਆਂ ਚਲਦਿਆਂ ਹਨ, ਤਾਂ ਕਿਧਰੇ ਵੀ ਨਿੱਕੀ ਮੋਟੀ ਟੱਕਰ ਜਾਂ ਝਰੀਟ ਲੱਗ ਹੀ ਸਕਦੀ ਹੈ ! ਇੱਕ ਨਿੱਕੀ ਜਿਹੀ ਮੁਸਕੁਰਾਹਟ ਜਾਂ ਨਿੱਕੀ ਜਿਹੀ ਪਿਆਰ ਭਰੀ ਮਾਫ਼ੀ ਮੰਗਣ ਨਾਲ ਜੋ ਲੜਾਈ ਖਤਮ ਹੋ ਸਕਦੀ ਹੈ, ਉਸਨੂੰ ਕਿਓਂ ਵੱਡਾ ਕਰਨਾ ? ਜੇਕਰ ਕੋਈ ਪੰਜ ਸੈਕੰਡ ਲਈ ਜਿਆਦਾ ਰੋਡ ‘ਤੇ ਖੜਾ ਵੀ ਹੋ ਗਿਆ ਤਾਂ ਪਿੱਛੋਂ ਹਾਰਨ ‘ਤੇ ਹਾਰਨ ਮਾਰਣ ਨਾਲ ਕੀ ਹੋ ਜਾਵੇਗਾ ? ਹੁਣ ਓਹ ਬੰਦਾ ਸੜਕ ‘ਤੇ ਰਹਿਣ ਤਾਂ ਨਹੀਂ ਆਇਆ ਨਾ !

ਪਰ ਗੁੱਸਾ ਤਾਂ ਆ ਹੀ ਜਾਂਦਾ ਹੈ ਨਾ ਤਾਇਆ ਜੀ !

ਜੇਕਰ ਗੁੱਸਾ ਆ ਜਾਵੇ ਤਾਂ ਸਾਹਮਣੇ ਬੰਦੇ ਨੂੰ ਆਪਣਾ ਭਰਾ, ਪਿਓ, ਮਾਂ, ਮਿੱਤਰ ਸਮਝ ਲਿਆ ਕਰ, ਫਿਰ ਵੇਖੀਂ ਗੁੱਸਾ ਕਿਵੇਂ ਗਾਇਬ ਹੁੰਦਾ ਹੈ ! ਡਰੋ ਕਿਸੀ ਤੋਂ ਵੀ ਨਹੀਂ, ਪਰ ਹੋ ਸਕੇ ਤਾਂ ਕਿਸੀ ਨੂੰ ਡਰਾਵਾ ਵੀ ਨਾ ਦਿਓ ! ਪਿਆਰ ਨਾਲ ਦੋ ਬੋਲ ਬੋਲੋ ਤੇ ਆਪਣੇ ਆਪਣੇ ਰਾਹ ਚੱਲੋ ! ਜੇਕਰ ਜਿਆਦਾ ਲੱਗ ਵੀ ਗਈ ਹੈ, ਤਾਂ ਪੁੱਤਰ ਇੰਸ਼ੋਰੇੰਸ ਕਿਸ ਵਾਸਤੇ ਹੈਂ ? ਦੂਜੇ ਬੰਦੇ ਨੂੰ ਕੁੱਟਣ ਨਾਲ ਕੀ ਤੇਰੀ ਵਸੂਲੀ ਹੋ ਜਾਵੇਗੀ ? ਯਾਦ ਰਖੀਂ, ਕੀ “ਗਲਤੀਆਂ ਪਲੋਂ ਸੇ ਹੋਤੀ ਹੈਂ, ਭੁਗਤਨਾ ਸਦਿਓਂ ਕੋ ਪੜਤਾ ਹੈ” ! ਇਕੱਲੇ ਸਾਡੇ ਦੇਸ਼ ਵਿੱਚ ਹੀ ਹਜ਼ਾਰਾਂ ਬੰਦੇ ਰੋਡ-ਰੇਜ ਵਿੱਚ ਹਰ ਸਾਲ ਮਾਰੇ ਜਾਂਦੇ ਹਨ !

ਮੈਂ ਆਪਣੇ ਗੁੱਸੇ ਤੇ ਕਾਬੂ ਰਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਤਾਇਆ ਜੀ ! ਮੈਨੂੰ ਤੁਹਾਡੀ ਗੱਲ ਪੂਰੀ ਤਰਾਂ ਸਮਝ ਆ ਗਈ ਹੈ ਤੇ ਉਮੀਦ ਹੈ ਕੀ ਕਹਾਣੀ ਪੜਨ ਵਾਲੇ ਮੇਰੇ ਵੀਰਾਂ ਨੂੰ ਵੀ ਸਮਝ ਆ ਗਈ ਹੋਵੇਗੀ ! (ਬੇਸਬਾਲ ਦਾ ਡੰਡਾ ਮੈਂ ਹੁਣ ਖੇਡਣ ਲਈ ਇਸਤੀਮਾਲ ਕਰਾਂਗਾ, ਨਾ ਕੀ ਕਿਸੀ ਨੂੰ ਕੁੱਟਣ ਲਈ)

ਵੈਸੇ ਇਤਨਾ ਜਿਆਦਾ ਇਹ ਬੇਸਬਾਲ ਦਾ ਬੈਟ ਵਿੱਕਦਾ ਹੈ, ਉਸ ਹਿਸਾਬ ਨਾਲ ਤਾਂ “ਰੋਡ-ਰੇਜ ਨੂੰ ਰਾਸ਼ਟਰੀ ਖੇਡ” ਐਲਾਨ ਕਰ ਦੇਣਾ ਚਾਹੀਦਾ ਹੈ ! (ਹਰਮੋਹਨ ਸਿੰਘ ਨੇ ਹਸਦੇ ਹੋਏ ਕਿਹਾ)

Tag Cloud

DHARAM

Meta