ਰਹਿਰਾਸ ਬਾਣੀ ਦੀ ਬਣਤਰ–ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 13 ਪੰਨਿਆਂ ’ਤੇ ਜੋ ਨਿਤਨੇਮ ਦਰਜ ਹੈ, ਉਸ ਵਿੱਚ ਪਹਿਲੇ ਤੋਂ ਅਠਵੇਂ ਪੰਨੇ ਤੱਕ ‘ਜਪੁ’ ਬਾਣੀ, ਅੱਠਵੇਂ ਤੋਂ 10ਵੇਂ ਪੰਨੇ ਤੱਕ ‘ਸੋ ਦਰੁ’ ਦੇ ਪੰਜ ਸ਼ਬਦ, 10ਵੇਂ ਤੋਂ 12ਵੇਂ ਪੰਨੇ ਤੱਕ ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ 12ਵੇਂ ਅਤੇ 13ਵੇਂ ਪੰਨੇ ’ਤੇ ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ ਦਰਜ ਹਨ। ਇਥੇ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਸੋ ਦਰੁ, ਸੋ ਪੁਰਖੁ ਦੇ ਨੌਂ ਸ਼ਬਦ ਅਤੇ ਸੋਹਿਲਾ ਬਾਣੀ ਦੇ ਪੰਜ ਸ਼ਬਦ ਸਬੰਧਤ ਰਾਗਾਂ ਵਿੱਚ ਵੀ ਆਉਂਦੇ ਹਨ, ਫਿਰ ਇਨ੍ਹਾਂ ਨੂੰ ਇਥੇ ਅਲੱਗ ਕੱਢਕੇ ਲਿਖਣ ਦੀ ਲੋੜ ਕਿਉਂ ਪਈ? ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਤਿਗੁਰੂ, ਗੁਰੂ ਅਰਜਨ ਸਾਹਿਬ ਨੇ ਰਾਗਾਂ ਵਿੱਚ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਹੀ ਸਾਨੂੰ ਨਿਤਨੇਮ ਬਣਾ ਕੇ ਦੇ ਦਿੱਤਾ ਹੈ ਅਤੇ ਇਸੇ ਨਿਤਨੇਮ ਨੂੰ ਹੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਪ੍ਰਵਾਨਗੀ ਦਿੱਤੀ ਹੈ, ਕਿਉਂਕਿ ਉਨ੍ਹਾਂ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਤ ਕੀਤਾ ਹੈ। ਜੇ ਸਤਿਗੁਰੂ ਕੋਈ ਵਾਧਘਾਟ ਕਰਨਾ ਚਾਹੁੰਦੇ ਤਾਂ ਕਰ ਸਕਦੇ ਸਨ। ਸਤਿਗੁਰੂ ਨੇ ਆਪ ਹੀ ਗ੍ਰੰਥ ਸਾਹਿਬ ਦਾ ਦੁਬਾਰਾ ਸੰਪਾਦਨ ਕਰਕੇ ਨੌਵੇ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੋਥੀ ਸਾਹਿਬ ਵਿੱਚ ਦਰਜ ਕਰਾਈ ਸੀ, ਚਾਹੁੰਦੇ ਤਾਂ ਨਿਤਨੇਮ ਵਿੱਚ ਵੀ ਲੋੜੀਂਦੀ ਤਬਦੀਲੀ ਜਾਂ ਵਾਧਘਾਟ ਕਰ ਸਕਦੇ ਸਨ।
ਸਿੱਖ ਰਹਿਤ ਮਰਯਾਦਾ ਮੁਤਾਬਕ ਰਹਿਰਾਸ ਦਾ ਸਰੂਪ ਇਹ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ) ਬੇਨਤੀ ਚੌਪਈ(‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈਕੇ ‘ਦੁਸ਼ਟ ਦੋਖ ਤੇ ਤੇ ਲੇਹੁ ਬਚਾਈ’ ਤੱਕ, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ’ ਅਤੇ ਦੋਹਰਾ ‘ਸਗਲ ਦੁਆਰ ਕਉ ਛਾਡਿ ਕੈ’) ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਨੀ ਤੇ ਸਲੋਕ ਮਹਲਾ 5 ‘ਤੇਰਾ ਕੀਤਾ ਜਾਤੋ ਨਾਹੀ’)।
ਇਹ ਪੰਥ ਦੀ ਬਣਾਈ ਹੋਈ ਰਹਿਰਾਸ ਹੈ, ਪਰ ਸਿੱਖ ਕੌਮ ਵਿੱਚ ਤਾਂ ਹੋਰ ਕਈ ਰਹਿਰਾਸਾਂ ਪ੍ਰਚਲਤ ਹੋ ਗਈਆਂ ਹਨ। ਜਿਸ ਡੇਰੇ ਦਾ ਜੀ ਕੀਤਾ, ਆਪਣੇ ਡੇਰੇ ਦੀ ਮਰਯਾਦਾ ਜਾਂ ਆਪਣੇ ਵੱਡੇ ਮਹਾਂਪੁਰਖਾਂ ਦਾ ਨਾਂ ਲੈਕੇ, ਕੁਝ ਬਾਣੀਆਂ ਅੱਗੇ ਜੋੜ ਲਈਆਂ, ਕੁਝ ਪਿੱਛੇ ਜੋੜ ਲਈਆਂ। ਕਈਆਂ ਨੇ ਬੇਨਤੀ ਚੌਪਈ ਦੇ ਵਿੱਚ ਕਈ ਹੋਰ ਬੰਦ ਜੋੜ ਲਏ। ਪੰਥ ਵਿੱਚ ਇਕਸਾਰਤਾ ਲਿਆਉਣ ਦੇ ਨਾਂ ‘ਤੇ ਜੋ ਰਹਿਰਾਸ ਤਿਆਰ ਕੀਤੀ ਗਈ, ਉਹ ਤਾਂ ਵਿਰਲਿਆਂ ਤੱਕ ਹੀ ਸੀਮਤ ਰਹਿ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ’ ਨਾਂਅ ਜਾਂ ਸਿਰਲੇਖ ਹੇਠ ਕੋਈ ਬਾਣੀ ਦਰਜ ਨਹੀਂ ਹੈ, ਲੇਕਿਨ ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁਝ ਇਤਿਹਾਸਕ ਕਿਤਾਬਾਂ ਵਿੱਚ ਇਹ ਸਿਰਲੇਖ ਲਿਖਿਆ ਮਿਲਦਾ ਹੈ। ਇਹ ਕਦੋਂ ਅਤੇ ਕਿਵੇਂ ਪ੍ਰਚਲਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਾਪਦਾ ਹੈ ਕਿ ‘ਸੋ ਦਰੁ’ ਬਾਣੀ ਦੇ ਚੌਥੇ ਸ਼ਬਦ ਵਿੱਚ ਆਈਆਂ ‘ਰਹਾਉ’ ਦੀਆਂ ਪੰਕਤੀਆਂ, ‘ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥’ ਤੋਂ ਬਾਣੀ ਦਾ ਨਾਂ ਰਹਿਰਾਸ ਰਖ ਲਿਆ ਗਿਆ ਹੋਵੇਗਾ। ਕੁਝ ਵੀ ਹੋਵੇ, ਸਿੱਖ ਸੰਧਰਭ ਵਿੱਚ ਰਹਿਰਾਸ ਦਾ ਭਾਵ ਹੈ, ਸ਼ਾਮ ਨੂੰ ਕਰਨ ਵਾਲਾ ਨਿਤਨੇਮ। ਸਿੱਖ ਰਹਿਤ ਮਰਯਾਦਾ ਵਿੱਚ ਰਹਿਰਾਸ ਨੂੰ ਪੂਰਨਤਾ ਦੇਣ ਦੇ ਨਾਂ ‘ਤੇ, ਗੁਰੂ ਗ੍ਰੰਥ ਸਾਹਿਬ ਦੇ 8 ਤੋਂ 12 ਪੰਨਿਆਂ ਤੱਕ ‘ਸੋ ਦਰੁ’, ‘ਸੋ ਪੁਰਖੁ’ ਬਾਣੀਆਂ ਦੇ ਸਿਰਲੇਖ ਹੇਠ ਦਰਜ ਨੌਂ ਸ਼ਬਦ, ਪਹਿਲੇ ਲੈਕੇ, ਪਿਛੇ ਬਾਕੀ ਸ਼ਬਦ ਆਪ ਜੋੜ ਲਏ ਗਏ ਹਨ। ਰਹੁਰੀਤ ਕਮੇਟੀ ਨੇ ਇਨ੍ਹਾਂ ਨੌਂ ਸ਼ਬਦਾਂ ਤੋਂ ਬਾਅਦ ਵਿੱਚ ਕੁਝ ਸ਼ਬਦ ਆਪਣੇ ਕੋਲੋਂ ਜੋੜੇ, ਕੁਝ ਡੇਰਿਆਂ ਨੇ, ਇਨ੍ਹਾਂ ਤੋਂ ਪਹਿਲੇ ਵੀ ਜੋੜ ਲਏ। ਇਸ ਪੰਥ ਪ੍ਰਵਾਨਤ ਰਹਿਰਾਸ ਦੇ ‘ਬੇਨਤੀ ਚੌਪਈ’ ਭਾਗ ਵਿੱਚ ਵੀ ਛੋਟੀ-ਵੱਡੀ ਚੌਪਈ ਦੇ ਨਾਂ ਤੇ ਕੁਝ ਬੰਦ ਆਪੇ ਜੋੜ ਲਏ।  ਉਹ ਕੋਈ ਪੰਥ ਨਾਲੋਂ ਛੋਟੇ ਥੋੜਾ ਹੀ ਹਨ। ਇਥੇ ਇਕ ਬਹੁਤ ਵੱਡਾ ਅਤੇ ਗੰਭੀਰ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਧੂਰੀ ਬਾਣੀ ਨੂੰ ਗੁਰੂ ਰੂਪ ਵਿੱਚ ਮਾਨਤਾ ਦਿੱਤੀ ਹੈ? ਐਸਾ ਸੋਚਣਾ ਵੀ, ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ ਵਿਅਕਤੀ, ਵਿਅਕਤੀ-ਸਮੂਹ ਜਾਂ ਪੰਥ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪੰਥ ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ ਵਿੱਚ ਕਬਿਯੋ ਬਾਚ ‘ਬੇਨਤੀ ਚੌਪਈ’ ਨਾਮਕ ਰਚਨਾ, ਬਚਿਤ੍ਰ ਨਾਟਕ ਪੋਥੇ ਵਿੱਚੋਂ ਜੋੜ ਲਈ।

ਇਹ ਕਬਿਯੋ ਬਾਚ ‘ਬੇਨਤੀ ਚੌਪਈ’ ਰਚਨਾ, ਇਸ ਬਚਿਤ੍ਰ ਨਾਟਕ ਪੋਥੇ ਦੇ ਪਖਯਾਨ ਚਰਿਤ੍ਰ(ਪ੍ਰਚਲਤ ਨਾਂ: ਤ੍ਰਿਆ ਚਰਿਤ੍ਰ) ਦਾ ਹਿੱਸਾ ਹੈ। “ਪਖਯਾਨ ਚਰਿਤ੍ਰ” ਇੱਕ ਬਹੁਤ ਲੰਬੀ ਕਾਵ-ਰਚਨਾ ਹੈ। ਇਹ ਇਸ ਪੋਥੇ ਦੇ ਪੰਨਾ 809 ਤੋਂ ਸ਼ੁਰੂ ਹੋ ਕੇ ਪੰਨਾ 1388 ਤੱਕ ਚਲਦੀ ਹੈ, ਜਿਸ ਵਿੱਚ ਕਈ ਪ੍ਰਕਾਰ ਦੀਆˆ ਚੌਪਈਆˆ, ਦੋਹਰੇ, ਸੋਰਠਾ, ਅੜਿਲ, ਆਦਿਕ ਕੁਲ ਮਿਲਾ ਕੇ 7539 ਬੰਦ ਹਨ (ਹਾਲਾਂਕਿ ਪਖਯਾਨ ਚਰਿਤ੍ਰ ਦੇ ਅੰਤ ਤੇ ਇਹ ਗਿਣਤੀ 7555 ਦਿੱਤੀ ਗਈ ਹੈ) ਅਤੇ ਇਨ੍ਹਾˆ ਨੂੰ 404 ਚਰਿਤ੍ਰਾˆ ਵਿੱਚ ਅੰਕਤਿ ਕੀਤਾ ਹੋਇਆ ਹੈ (ਚਰਿਤ੍ਰ ਨੰਬਰ 1 ਤੋˆ ਲੈ ਕੇ 404 ਤੱਕ)। ਇਹ ਚਰਿਤ੍ਰ ਕੁਝ ਜਾਇਜ਼-ਨਾਜਾਇਜ਼ ਸਬੰਧਾਂ ਦੀਆਂ ਪ੍ਰੇਮ ਕਹਾਣੀਆਂ ਹਨ, ਜਿਨ੍ਹਾਂ ਵਿੱਚ ਅਤਿ ਨੰਗੇਜ਼ ਭਰਪੂਰ, ਕਾਮ-ਉਕਸਾਊ, ਅਸ਼ਲੀਲ ਭਾਸ਼ਾ ਵਰਤੀ ਗਈ ਹੈ। ਇਸ ਭਾਗ ਦੀ ਸ਼ੁਰੂਆਤ ਵੀ “ਸ੍ਰੀ ਭਗਉਤੀ ਜੀ ਸਹਾਇ” ਨਾਲ ਸੁਰੂ ਹੁੰਦੀ ਹੈ। ਇਸ ਰਚਨਾ ਦਾ ਪਹਿਲਾ ਛੰਦ ਹੈ:

ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ।
ਹਲਬੀ ਜੁਨਬੀ ਮਗਰਬੀ ਤੁਹੀ ਹੈ। ਨਿਹਾਰੌ ਜਹਾ ਆਪੁ ਠਾਢੀ ਵਹੀ ਹੈ। 1।
ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ ਹੁੰਦਾ ਹੈ। ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਬੀ, ਜੁਨਬੀ, ਮਗਰਬੀ (ਆਦਿ ਇਲਾਕਿਆˆ ਦੇ ਸ਼ਸਤ੍ਰ ਅਸਤ੍ਰ) ਹੈˆ। ਜਿਥੇ ਵੀ ਵੇਖਦਾ ਹਾˆ, ਉਥੇ ਹੀ (ਤੂੰ) ਆਪ ਖੜੋਤੀ ਹੈ। 1।

ਇਸ ਤਰ੍ਹਾਂ ਬਾਕੀ ਪੁਸਤਕ ਵਾਂਗ ਇਸ ਭਾਗ ਦੀ ਸ਼ੁਰੂਆਤ ਵੀ ਹਿੰਦੂ ਦੇਵੀ, ‘ਭਗੌਤੀ’  ਦੀ ਅਰਾਧਨਾ ਕਰਕੇ ਸ਼ੁਰੂ ਹੁੰਦੀ ਹੈ। ਇਸ ਦਾ ਆਖੀਰਲਾ ਚਰਿਤ੍ਰ ਨੰਬਰ 404 (ਬੰਦ 1 ਤੋˆ 405 ਤੱਕ) 1359 ਪੰਨੇ ਤੋਂ ਸ਼ੁਰੂ ਹੋ ਕੇ 1388 ਪੰਨੇ ਤੱਕ(ਪ੍ਰਕਾਸ਼ਕ ਭਾ. ਚਤਰ ਸਿੰਘ ਜੀਵਨ ਸਿੰਘ) ਚਲਦਾ ਹੈ। ਇਸ 404ਵੇਂ ਚਰਿਤ੍ਰ ਦਾ ਪਹਿਲਾ ਬੰਦ ਹੈ:

ਸਬੁਧਿ ਬਾਚ ਚੌਪਈ
ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।
ਜਿਹ ਜਸ ਪੁਰੀ ਚੌਦੰਹੂ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। 1।
ਅਰਥ: ਸਬੁਧਿ ਨੇ ਕਿਹਾ – ਚੌਪਈ। ਸਤਿ ਸੰਧਿ ਨਾ ਦਾ ਇੱਕ ਰਾਜਾ ਦਸਿਆ ਜਾˆਦਾ ਸੀ। (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿੱਚ ਹੋਇਆ ਕਿਹਾ ਜਾˆਦਾ ਸੀ। ਉਸ ਦਾ ਯਸ਼ ਚੌਦਾˆ ਲੋਕਾˆ ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। 1।
ਇਸ ਤੋਂ ਸਪੱਸ਼ਟ ਹੈ ਕਿ ਇਹ ਚਰਿਤ੍ਰ ਕਿਸੇ ਸਤਿ ਸੰਧਿ ਰਾਜੇ ਦੀ ਕਹਾਣੀ ਹੈ। ਇਹ ਪ੍ਰਸੰਗ ਚਲਦਾ ਲੜੀ ਨੰਬਰ 15 ਤੇ ਆ ਜਾˆਦਾ ਹੈ, ਜਿਸ ਵਿੱਚ ਲਿਖਿਆ ਹੈ:

ਸਤਿ ਸੰਧਿ ਦੇਵਿਸ ਇਤ ਪਾਯੋ। ਦੀਰਘ ਦਾੜ ਉਹ ਓਰ ਰਿਸਾਯੋ।
ਬਜ੍ਰ ਬਾਣ ਬਿਛੂਆ ਕੈ ਕੈ ਬ੍ਰਣ। ਜੂਝਿ ਜੂਝਿ ਭਟ ਗਿਰਤ ਭਏ ਰਣ। 15।
ਅਰਥ: ਇਕ ਪਾਸੇ ਤੋਂ ਦੇਵਤਿਆਂ ਦਾ ਸੁਆਮੀ ਸਤਿ ਸੰਧਿ ਚੜ੍ਹ ਪਿਆ ਅਤੇ ਉਸ ਪਾਸੇ ਤੋਂ ਦੀਰਘ ਦਾੜ੍ਹ ਰੋਹ ਵਿੱਚ ਆ ਗਿਆ। ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਘਾਇਲ ਸ਼ੂਰਵੀਰ ਜੂਝ ਜੂਝ ਕੇ ਰਣ-ਭੂਮੀ ਵਿਚ ਡਿਗ ਰਹੇ ਸਨ।15।

ਇਸ ਤੋਂ ਪਤਾ ਚਲਦਾ ਹੈ ਕਿ ਦੇਵਤਿਆ ਦੇ ਰਾਜੇ ਸਤਿ ਸੰਧਿ ਦਾ  ਦੀਰਘ ਦਾੜ ਨਾਂ ਦੇ ਰਾਖਸ਼ ਨਾਲ ਜੰਗ ਹੋ ਰਿਹਾ ਹੈ। ਇਸ ਰਚਨਾ ਦੇ 27ਵੇਂ  ਬੰਦ ਵਿੱਚ ਲਿਖਿਆ ਹੈ ਕਿ ਇਹ ਜੰਗ 20 ਸਾਲ ਦਿਨ ਰਾਤ ਚਲਦਾ ਰਿਹਾ ਤੇ ਅੰਤ ਉਹ ਦੋਵੇਂ ਰਾਜੇ ਜੰਗ ਵਿੱਚ ਮਾਰੇ ਗਏ:

ਚੌਪਈ
ਬੀਸ ਬਰਸ ਨਿਸੁ ਦਿਨ ਰਨ ਕਰਾ। ਦੁੰਹੂ ਨ੍ਰਿਪਨ ਤੇ ਏਕ ਨਾ ਟਰਾ।
ਅੰਤ ਕਾਲ ਤਿਨ ਦੁਹੂੰ ਖਪਾਯੋ ।ਉਹਿ ਕੌ ਇਹ ਇਹ ਕੌ ਉਹਿ ਘਾਯੌ ।27।
ਅਰਥ: ਵੀਹ ਸਾਲ ਰਾਤ ਦਿਨ ਯੁੱਧ ਕਰਦੇ ਰਹੇ। ਪਰ ਦੋਹਾਂ ਰਾਜਿਆਂ ਵਿੱਚੋ ਇਕ ਵੀ ਨਾ ਟਲਿਆ। ਅੰਤ ਵਿੱਚ ਕਾਲ ਨੇ ਉਨ੍ਹਾਂ ਦੋਹਾਂ ਨੂੰ ਨਸ਼ਟ ਕਰ ਦਿੱਤਾ। ਉਸ ਨੇ ਇਸ ਨੂੰ ਅਤੇ ਇਸ ਨੂੰ ਉਸ ਨੂੰ ਮਾਰ ਦਿੱਤਾ।

ਅੱਗੋਂ ਇਸ ਦਾ ਲੇਖਕ ਇਹ ਵੱਡਾ ਗਪੌੜ ਛਡਦਾ ਹੈ ਕਿ ਇਹ ਜੋ ਭਿਆਨਕ ਜੰਗ ਹੋਇਆ ਉਸ ਵਿੱਚ ਅਗਨੀ ਉਠੀ ਅਤੇ ਉਸ ਅਗਨੀ ਵਿੱਚੋਂ ਇਕ ਇਸਤਰੀ(ਬਾਲਾ) ਪੈਦਾ ਹੋਈ:

ਭੁਜੰਗ ਛੰਦ
ਜਬੈ ਛੂਹਨੀ ਤੀਸ ਸਾਹਸ੍ਰ ਮਾਰੇ । ਦੋਊ ਰਾਵਈ ਰਾਵ ਜੂਝ ਕਰਾਰੇ ।
ਮਚਿਯੋ ਲੋਹ ਗਾਢੌ ਉਠੀ ਅਗਨਿ ਜਵਾਲਾ । ਭਈ ਤੇਜ ਤੌਨੇ ਹੁਤੇ ਏਕ ਬਾਲਾ ।28।
ਅਰਥ: ਜਦ ਤੀਹ ਹਜ਼ਾਰ ਅਛੋਹੋਣੀ ਸੈਨਾ ਮਾਰੀ ਗਈ (ਤਦ) ਦੋਵੇਂ ਰਾਜੇ (ਆਪਸ ਵਿੱਚ) ਕਠੋਰਤਾ ਨਾਲ ਜੂਝ ਮਰੇ। (ਤਦ) ਭਿਆਨਕ ਯੁੱਧ ਮਚਿਆ ਅਤੇ ਉਸ ਵਿਚੋਂ ਅਗਨੀ ਉਠੀ। ਉਸ ਤੇਜ ਵਿੱਚੋਂ ਇਕ ‘ਬਾਲਾ’ (ਇਸਤਰੀ ਪੈਦਾ ਹੋਈ।

ਅਗਲੇ ਦੋ ਬੰਦਾਂ ਵਿਚ ਉਸ ਦੀ ਖੁਬਸੂਰਤੀ ਦਾ ਵਰਨਣ ਕਰਨ ਤੋਂ ਬਾਅਦ ਇਸ ਦਾ ਲੇਖਕ ਲਿਖਦਾ ਹੈ ਕਿ ਜੰਮਣ ਤੋਂ ਬਾਅਦ, ਉਹ ਇਸਤਰੀ ਆਪਣੇ ਵਾਸਤੇ ਕੋਈ ਪੁਰਸ਼ ਲਭਣ ਲੱਗ ਪਈ ਪਰ ਉਸ ਨੂੰ ਆਪਣੇ ਕਾਬਲ ਕੋਈ ਮਰਦ ਨਹੀਂ ਲੱਭਾ ਸੋ ਉਸ ਨੇ ਇਹ ਨਿਰਣਾ ਕੀਤਾ ਕਿ ਉਹ ਜਗਤ ਦੇ ਸੁਆਮੀ ਮਹਾਂਕਾਲ ਨਾਲ ਹੀ ਵਿਆਹ ਕਰੇਗੀ:

ਫਿਰ ਜਿਯ ਮੈ ਇਹ ਭਾਤਿ ਬਿਚਾਰੀ । ਬਰੌ ਜਗਤ ਕੇ ਪਤਿਹਿ ਸੁਧਾਰੀ ।
ਤਾ ਤੇ ਕਰੌ ਦੀਨ ਹਵੈ ਸੇਵਾ । ਹੋਇ ਪ੍ਰਸੰਨ ਕਾਲਿਕਾ ਦੇਵਾ ।31।
ਅਰਥ: ਫਿਰ ਉਸ ਨੇ ਮਨ ਵਿੱਚ ਇਹ ਵਿਚਾਰ ਬਣਾਇਆ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕੀਤਾ ਜਾਏ। ਤਾਂ ਜੋ ਪੂਰੀ ਨਿਮਰਤਾ ਨਾਲ (ਉਨ੍ਹਾਂ ਦੀ) ਸੇਵਾ ਕਰਾਂ (ਜਿਸ ਕਰ ਕੇ) ਮਹਾਕਾਲ (ਕਾਲਿਕਾ ਦੇਵਾ) ਪ੍ਰਸੰਨ ਹੋ ਜਾਣ ।31।

ਹੁਣ ਉਹ ਮਹਾਕਾਲ ਨੂੰ ਪ੍ਰਸੰਨ ਕਰਨ ਦੇ ਕਈ ਉਪਾਇ ਕਰਨ ਲੱਗ ਪਈ। ਅਖੀਰ ਮਾਹਾਕਾਲ ਨੇ ਸ਼ਰਤ ਲਾ ਦਿੱਤੀ ਕਿ ਤੂੰ ਮੈਨੂੰ ਤਦ ਹੀ ਵਰ ਸਕੇਂਗੀ ਜਦੋਂ ਸਵਾਸ ਬੀਜ ਰਾਕਸ਼ਸ ਮਾਰਿਆ ਜਾਵੇਗੀ। ਫਿਰ ਕੀ ਸੀ ਉਸ ਨੇ ਅਸਤ੍ਰ ਸ਼ਸਤ੍ਰ ਸਜਾ ਲਏ ਤੇ ਉਸ ਰਾਕਸ਼ਸ ਨਾਲ ਜੁੱਧ ਕਰਨ ਲਈ ਨਿਕਲ ਪਈ:

ਅਰਧ ਰਾਤ ਬੀਤਤ ਭੀ ਜਬ ਹੀ । ਆਗਯਾ ਭਈ ਨਾਥ ਕੀ ਤਬ ਹੀ।
ਸਵਾਸ ਬੀਜ ਦਾਨਵ ਜਬ ਮਰਿ ਹੈ । ਤਿਹ ਪਾਛੇ ਸੁੰਦਰਿ ਮੁਹਿ ਬੁਰਿ ਹੈ ।35।
ਇਹ ਬਿਧਿ ਤਿਹ ਆਗਯਾ ਜਬ ਭਈ । ਦਿਨਮਨਿ ਚੜਿਯੋ ਰੈਨਿ ਮਿਟਿ ਗਈ ।
ਸਾਜੇ ਸਸਤ੍ਰ ਚੰਚਲਾ ਤਬ ਹੀ । ਰਨ ਕੌ ਚਲੀ ਸਾਥ ਲੈ ਸਭ ਹੀ ।36।
ਅਰਥ: ਜਦੋਂ ਅੱਧੀ ਰਾਤ ਬੀਤ ਗਈ, ਤਦੋਂ ਹੀ ਸੁਆਮੀ ਦੀ ਆਗਿਆ ਹੋਈ। ਜਦੋਂ ਸਵਾਸ ਬੀਜ ਨਾਂ ਦਾ ਦੈਂਤ ਮਾਰਿਆ ਜਾਵੇਗਾ, ਉਸ ਪਿਛੋਂ ਹੀ ਸੁੰਦਰੀ (ਤੂੰ) ਮੈਨੂੰ ਵਰੇਂਗੀ।35।
ਉਸ ਨੂੰ ਜਦ ਇਸ ਤਰ੍ਹਾਂ ਦੀ ਆਗਿਆ ਹੋਈ, ਤਾਂ ਸੂਰਜ ਚੜਿਆ ਅਤੇ ਰਾਤ ਗੁਜ਼ਰ ਗਈ। ਤਦ ਹੀ ਬਾਲਾ ਨੇ ਸ਼ਸਤ੍ਰ ਸਜਾ ਲਏ ਅਤੇ ਸਭ ਨੂੰ ਨਾਲ ਲੈਕੇ ਯੁੱਧ ਲਈ ਚਲ ਪਈ ।36॥

ਅਗਲੇ ਬੰਦਾਂ ਵਿੱਚ ਵਰਨਣ ਕੀਤਾ ਹੈ ਕਿ ਇਹ ਬਾਲਾ ਜਿਸ ਦਾ ਨਾਂ ਇਸ ਦਾ ਲੇਖਕ ਕੁਮਾਰੀ ਦੂਲਹ ਦੇਈ ਲਿਖਦਾ ਹੈ, ਨੇ ਬਹੁਤ ਯੁੱਧ ਕੀਤਾ, ਬਹੁਤ ਦੈਂਤ ਮਾਰੇ ਪਰ ਜਿਹੜਾ ਦੈਂਤ ਮਰ ਕੇ ਡਿਗਦਾ ਸੀ, ਉਸ ਦੇ ਲਹੂ ਵਿੱਚੋਂ ਹੋਰ ਦੈਂਤ ਪੈਦਾ ਹੋ ਜਾਂਦਾ ਸੀ । ਉਹ ਦੈਤ ਮਨੁੱਖਾਂ ਨੂੰ ਆਪਨੀਆਂ ਦਾੜ੍ਹਾਂ ਨਾਲ ਚਬਾ ਜਾਂਦੇ ਸਨ। ਆਖਰ ਹਾਰ ਕੇ ਉਸ ਨੇ ਮਹਾਕਾਲ ਅਗੇ ਬੇਨਤੀ ਕੀਤੀ। ਜਿਸ ਦਾ ਵਰਨਣ ਲੇਖਕ ਨੇ 52ਵੇਂਬੰਦ ਵਿੱਚ ਇੰਝ ਕੀਤਾ ਹੈ:

ਚਿਤ ਮੋ ਕੀਯਾ ਕਾਲਕਾ ਧਯਾਨਾ । ਦਰਸਨ ਦਿਯਾ ਆਨ ਭਗਵਾਨਾ ।
ਕਰਿ ਪ੍ਰਨਾਮ ਚਰਨਨ ਉਠਿ ਪਰੀ । ਬਿਨਤੀ ਭਾਤਿ ਅਨਿਕ ਤਨ ਕਰੀ ।52।
ਸਤਿ ਕਾਲ ਮੈ ਦਾਸ ਤਿਹਾਰੀ । ਅਪਨੀ ਜਾਨਿ ਕਰੋ ਪ੍ਰਤਿਪਾਰੀ ।
ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ । ਬਾਹਿ ਗਹੇ ਕੀ ਲਾਜ ਬਿਚਾਰਹੁ ।53।
ਅਰਥ: ਕਾਲਕਾ ਨੇ ਚਿਤ ਵਿਚ ਧਿਆਨ ਕੀਤਾ, ਤਾਂ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ। ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾਂ ਦੇ ਚਰਨਾਂ ਤੇ ਡਿੱਗ ਪਈ ਅਤੇ ਅਨੇਕ ਤਰ੍ਹਾਂ ਨਾਲ ਬੇਨਤੀ ਕੀਤੀ ।52।
ਹੇ ਸਤਿ ਕਾਲ ! ਮੈਂ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ ਮੇਰੀ ਪਾਲਣਾ ਕਰੋ। ਮੇਰੇ ਗੁਣ ਅਤੇ ਅਵਗੁਣ ਕੁਝ ਨਾ ਵੇਖੋ ਅਤੇ ਬਾਂਹ ਪਕੜਨ ਦੀ ਲਾਜ ਰਖੋ ।53।

ਅਗਲੇ ਦੋ ਬੰਦਾਂ ਵਿਚ ਉਸ ਦੇ ਬੇਨਤੀ ਦਾ ਵਰਨਣ ਕਰਦਾ ਹੋਇਆ ਲੇਖਕ ਅਗੋਂ ਲਿਖਦਾ ਹੈ ਕਿ ਇਹ ਬੇਨਤੀ ਸੁਣ ਕੇ ਕਾਲ ਪ੍ਰਸੰਨ ਹੋ ਗਿਆ ਅਤੇ ਖੁਸ਼ ਹੋਕੇ ਉਸ ਨੇ ਬਾਲਾ ਨੂੰ ਕਿਹਾ ਕੇ ਤੂੰ ਫਿਕਰ ਨਾ ਕਰ, ਮੈਂ ਦੈਤਾਂ ਨੂੰ ਮਾਰ ਦਿਆਂਗਾ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਾਂਗਾ। ਅਤੇ ਸ਼ਸਤ੍ਰ ਚੁੱਕ ਕੇ ਯੁੱਧ ਦੀ ਤਿਆਰੀ ਕਰ ਲਈ:

ਹੜ ਹੜ ਸੁਨਤ ਕਾਲ ਬਚ ਹਸਾ । ਭਗਤ ਹੇਤ ਕਟਿ ਸੌ ਅਸਿ ਕਸਾ ।
ਚਿੰਤ ਨਾ ਕਰਿ ਮੈ ਅਸੁਰ ਸੰਘਰਿ ਹੌ । ਸਰਲ ਸੋਕ ਭਗਤਨ ਕੋ ਹਰਿ ਹੌ।56।
ਅਰਥ: ਇਹ ਬਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹਸਿਆ ਅਤੇ ਭਗਤ (ਦੀ ਰਖਿਆ ਲਈ) ਤਲਵਾਰ ਨੂੰ ਲਕ ਨਾਲ ਕਸਿਆ। (ਅਤੇ ਕਹਿਣ ਲੱਗਾ-ਹੇ ਬਾਲਾ !) ਚਿੰਤਾ ਨਾ ਕਰ, ਮੈਂ ਦੈਤਾਂ ਨੂੰ ਮਾਰਾਂਗਾ ਅਤੇ ਭਗਤਾਂ ਦਾ ਸਾਰਾ ਦੁਖ ਦੁਰ ਕਰਾਂਗਾ।56।

ਇਸ ਤੋਂ ਬਾਅਦ ਮਹਾਕਾਲ ਦੇ ਦੈਤਾਂ ਨਾਲ ਯੁੱਧ ਦਾ ਵਰਨਣ ਹੈ। ਇਹ ਪ੍ਰਸੰਗ ਚਲਦਾ ਚਲਦਾ 375 ਬੰਦ ਤੇ ਪਹੁੰਚਦਾ ਹੈ, ਜਿਥੇ ਉਸ ਰਾਖਸ਼ ਦਾ ਸੀਸ ਕਟਿਆ ਜਾਂਦਾ ਹੈ ਅਤੇ ਉਹ ਮਾਰਿਆ ਜਾਂਦਾ ਹੈ:

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ।ਸਭਹਿਨ ਆਨਿ ਬਧਾਈ ਦਈ। 375।

ਅਰਥ: ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਆਕਾਸ਼ ਤੋˆ ਫੁਲਾˆ ਦੀ ਬਰਖਾ ਹੋਈ। ਸਾਰਿਆˆ ਨੇ ਆ ਕੇ ਵਧਾਈ ਦਿੱਤੀ। 375।
ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। 376।
ਅਰਥ: (ਅਤੇ ਕਿਹਾ) ਹੇ ਲੋਕਾˆ ਦੇ ਰਾਜੇ! ਤੁਸੀˆ ਧੰਨ ਹੋ, (ਤੁਸੀˆ) ਦੁਸ਼ਟਾˆ ਨੂੰ ਮਾਰ ਕੇ ਗ਼ਰੀਬਾˆ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰਖਿਆ ਕਰੋ। 376।

ਡਾ. ਰਤਨ ਸਿੰਘ ਜੱਗੀ ਨੇ ਸ੍ਰੀ ਅਸਿਕੇਤ ਦੇ ਅਰਥ ਮਹਾਂਕਾਲ ਕੀਤੇ ਹਨ, ਜੋ ਇਸ ਬਮਦ ਤੋਂ ਆਪ ਹੀ ਸਪੱਸ਼ਟ ਹਨ।  ਇਹ ਹਿੰਦੂ ਦੇਵਤਾ ਹੈ ਅਤੇ ਇਸ ਬਚਿਤ੍ਰ ਨਾਟਕ ਪੋਥੇ ਵਿੱਚ, ਇਸ ਦਾ ਵਰਨਣ ਬਾਰ ਬਾਰ ਆਉਂਦਾ ਹੈ। ਇਸ ਤੋˆ ਬਾਅਦ, ਸਿੱਖ ਰਹਿਤ ਮਰਯਾਦਾ ਵਾਲੀ “ਕਬ੍ਹਯੋ ਬਾਚ ਬੇਨਤੀ ਚੌਪਈ” ਆਰੰਭ ਹੁੰਦੀ ਹੈ, ਜਿਸ ਵਿੱਚ ਇਸ ਜਿਤ ਵਾਸਤੇ ਮਹਾਂਕਾਲ ਦੇਵਤੇ ਦਾ ਸ਼ੁਕਰਾਨਾ ਅਤੇ ਵਡਿਆਈ ਕੀਤੀ ਗਈ ਹੈ। ਇਸ ਵਿੱਚ ਸ਼ਬਦ ਅਸਿਧੁਜ ਵਰਤਿਆ ਗਿਆ ਹੈ, ਇਹ ਵੀ ਮਹਾਂਕਾਲ ਦੇਵਤੇ ਵਾਸਤੇ ਹੀ ਵਰਤਿਆ ਜਾਂਦਾ ਹੈ:

ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ।
ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰੋ ਪ੍ਰਤਿਪਾਰਾ। 377।
ਅਰਥ: ਕਵੀ ਨੇ ਬੇਨਤੀ ਕੀਤੀ, ਚੌਪਈ: (ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ। (ਤਾˆ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾˆ ਨਾਲ ਜੜਿਆ ਰਹੇ। ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ। 377।

ਜੇ ਅਸਿਧੁਜ ਤਵ ਸਰਨੀ ਪਰੇ। ਤਿਨ ਕੇ ਕਾਲ ਦੁਸਟ ਦੁਖਿਤ ਹੈਵ ਮਰੇ।
ਪੁਰਖ ਜਵਨ ਪਗੁ ਪਰੇ ਤਿਹਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ। 397।
ਅਰਥ: ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿੱਚ ਪੈˆਦੇ ਹਨ, ਉਨ੍ਹਾˆ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ। (ਜੋ) ਪੁਰਸ਼ ਤੁਹਾਡੀ ਸ਼ਰਨ ਵਿੱਚ ਪੈˆਦੇ ਹਨ, ਉਨ੍ਹਾˆ ਦੇ ਸਾਰੇ ਸੰਕਟ ਤੁਸੀˆ ਦੂਰ ਕਰ ਦਿੰਦੇ ਹੋ। 397।

ਖੜਗਕੇਤੁ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ।
ਸਰਬ ਠੌਰ ਮੋ ਹੋਹੁ ਸਹਾਈ। ਦੁਸਟ ਦੋਖ ਤੇ ਲੇਹੁ ਬਚਾਈ। 401।
ਅਰਥ: ਹੇ ਖੜਗਕੇਤ! ਮੈˆ ਤੁਹਾਡੀ ਸ਼ਰਨ ਵਿੱਚ ਹਾˆ। ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ। ਸਭ ਥਾˆਵਾˆ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋˆ ਬਚਾ ਲਵੋ। 401।
ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਖ ਕੋ ਹਰਤਾ। ਦੁਸਟ ਦੇਖਿਯਨ ਕੋ ਛੈ ਕਰਤਾ। 402।
ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈˆ) ਸ਼ੁਭ ਗੁਣਾˆ ਨਾਲ ਭਰਪੂਰ ( ‘ਸਭਰਾਤਾ’ ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾˆ ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾˆ (ਵੈਰੀਆˆ) ਅਤੇ ਦੋਖੀਆˆ ਨੂੰ ਨਸ਼ਟ ਕਰਨ ਵਾਲੀ ਹੈ। 402।
(ਇਹ ਦੇਵੀ, ਅਕਾਲ ਪੁਰਖ ਤਾˆ ਨਹੀˆ ਹੋ ਸਕਦੀ)

ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।
ਮਨ ਬਾਛਤ ਫਲ ਪਾਵੈˆ ਸੋਈ। ਦੁਖ ਨ ਤਿਸੈ ਬਿਆਪਤ ਕੋਈ। 403।
ਅਰਥ: ਜਦ ਸ੍ਰੀ ਅਸਿਧੁਜ (ਮਹਾਂਕਾਲ) ਦਿਆਲ ਹੋਏ, ਤਾˆ ਉਸੇ ਵੇਲੇ (ਮੈˆ ਇਹ) ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀˆ ਹੋਵੇਗਾ। 403।

(ਅੜਿਲ
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ।
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੋ ਰਹੈ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। 404।
ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾˆ) ਉਹ ਜੀਭ ਪ੍ਰਾਪਤ ਕਰ ਲਵੇਗਾ। ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾˆ ਉਸ ਦੇ ਅੰਦਰ) ਸਿਆਣਪ ਆ ਜਾਏਗੀ। ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀˆ ਰਹੇਗਾ, ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ। 404।
(ਹੁਣ ਤੱਕ ਤਾਂ ਇਸ ਦੇ ਹਜ਼ਾਰਾˆ ਵਾਰ ਪਾਠ ਹੋ ਚੁੱਕੇ ਹਨ, ਪਰ ਅੱਜ ਤੱਕ ਤਾਂ ਕੋਈ ਗੁੰਗਾ ਜੁਬਾਨ ਪ੍ਰਾਪਤ ਨਹੀਂ ਕਰ ਸਕਿਆ ਅਤੇ ਨਾਂ ਹੀ ਕੋਈ ਮੂਰਖ ਸਿਆਣਾ ਹੋ ਰਿਹਾ ਹੈ)

ਚੌਪਈ
ਸੰਬਤ ਸੱਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨਿ ਤੀਨਿ ਕਹਿੱਜੈ।
ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ। ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ। 405।
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੋˆ ਚਾਰ ਸੌ ਚਾਰ ਚਰਿਤ੍ਰ ਸਮਾਪਤਮ
ਸਤੁ ਸੁਭਮ ਸਤੁ। 404। 7555। ਅਫਜੂੰ।

ਸਾਡੀ ਪੰਥ-ਪ੍ਰਵਾਨਤ ਰਹਿਰਾਸ ਵਿੱਚ, ਇਸ ਦੇ 377ਵੇਂ ਬੰਦ ਤੋਂ 401ਵੇਂ ਬੰਦ ਤੱਕ(25 ਬੰਦ) ਲੈਕੇ ਇਸ ਦੀ ਗਿਣਤੀ ਆਪੇ ਤਬਦੀਲ ਕਰਕੇ 1 ਤੋਂ 25 ਕਰ ਦਿੱਤੀ ਗਈ ਹੈ। ਪਹਿਲਾਂ ਤਾਂ, ਇਸ ਪੋਥੇ ਦੇ ਕੁਝ ਭਾਗ ਬਾਰੇ ਤਾਂ ਸ਼ਾਇਦ ਕੌਮ ਵਿੱਚ ਕੁਝ ਦੁਬਿਧਾ ਹੋਵੇ, ਪਰ ਕੁਝ ਚੋਣਵੇਂ ਸੁਆਰਥੀ ਲੋਕਾਂ ਨੂੰ ਛੱਡ ਕੇ, ਇਸ ਤ੍ਰਿਆ ਚਰਿਤ੍ਰ ਬਾਰੇ ਤਾਂ ਕੌਮ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤ ਹੈ ਕਿ ਇਹ ਅਸ਼ਲੀਲ ਭਾਗ ਕਿਸੇ ਤਰ੍ਹਾਂ ਵੀ ਗੁਰੂ ਕ੍ਰਿਤ ਨਹੀਂ ਹੋ ਸਕਦਾ। ਚੰਡੀਗੜ੍ਹ ਦੇ ਇਕ ਜਗਿਆਸੂ ਵਿਦਵਾਨ ਸ੍ਰ. ਸੰਤੋਖ ਸਿੰਘ ਵਲੋਂ ਇਸ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: 36672 ਮਿਤੀ 03-8-1973 ਵਿੱਚ ਵੀ ਇਹ ਪ੍ਰੋੜਤਾ ਕੀਤੀ ਗਈ ਸੀ ਕਿ ‘ਪਖਯਾਨ ਚਰਿਤ੍ਰ’, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:

“ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।
“ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।”
ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ.ਗੁ.ਪ੍ਰ.ਕਮੇਟੀ ਲਈ

ਪਹਿਲਾਂ ਤਾਂ 405 ਬੰਦਾਂ ਦੀ ਰਚਨਾ ਵਿੱਚੋਂ ਆਪਣੀ ਮਰਜ਼ੀ ਦੇ 25 ਬੰਦ ਛਾਂਟ ਲਏ, ਫੇਰ ਇਸ ਦੇ ਗਿਣਤੀ ਦੇ ਨੰਬਰ ਆਪੇ ਬਦਲ ਲਏ ਗਏ, ਜਿਵੇਂ ਇਹ 25 ਬੰਦਾਂ ਦੀ ਰਚਨਾ ਹੀ ਹੋਵੇ, ਨਾਲ ਸਿਰਲੇਖ ਵਿੱਚ ਪਾਤਿਸ਼ਾਹੀ 10 ਆਪਣੇ ਕੋਲੋਂ ਜੋੜ ਦਿੱਤਾ, ਹਾਲਾਂਕਿ ਇਹ ਉਥੇ ਦਰਜ ਨਹੀਂ ਹੈ। ਕੌਮ ਦਾ ਇਕ ਵੱਡਾ ਹਿੱਸਾ ਇਸ ‘ਕਬਿਯੌ ਬਾਚ ਬੇਨਤੀ ਚੌਪਈ’ ਰਚਨਾ ਬਾਰੇ ਕਾਫੀ ਭਾਵੁਕ ਹੈ, ਇਸ ਦਾ ਮੂਲ ਕਾਰਨ ਮੈਂ ਇਸ ਵਿਚਲੀਆਂ ਕੁਝ ਪੰਕਤੀਆਂ ਸਮਝਦਾ ਹਾਂ:
“ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥
ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥”

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਰਮ ਜੋ ਮਰਜ਼ੀ ਹੋਣ, ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਇਕ ਕਵਿਤਾ ਗਾਉਣ ਨਾਲ ਹੀ ਵਾਹਿਗੁਰੂ ਸਾਡੇ ਅਤੇ ਸਾਡੇ ਪਰਿਵਾਰ ਦੀ ਰਖਿਆ ਵਾਸਤੇ ਬਹੁੜ ਆਵੇ, ਸਾਡਾ ਪਰਿਵਾਰ ਸੁਖੀ ਵੱਸੇ ਅਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣ। ਜੇ ਇਹ ਸਚਮੁਚ ਹੋ ਸਕਦਾ ਹੋਵੇ ਤਾਂ ਇਸ ਤੋਂ ਸਸਤਾ ਸੌਦਾ ਤਾਂ ਹੋਰ ਹੋ ਹੀ ਨਹੀਂ ਸਕਦਾ। ਜਿਥੇ ਸਾਡਾ ਸੁਆਰਥ ਆ ਜਾਵੇ, ਉਥੇ ਅਸੀਂ ਸਿਧਾਂਤਕ ਪੱਖ ਸੋਚਣ ਦੀ ਤਾਂ ਕਦੀ ਖੇਚਲ ਹੀ ਨਹੀਂ ਕਰਦੇ, ਕਿ ਜਿਹੜੇ ਸਤਿਗੁਰੂ ਫੁਰਮਾਉਂਦੇ ਹਨ:

“ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥” {ਧਨਾਸਰੀ ਮਃ 5, ਪੰਨਾ 671}
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ (ਮੈਨੂੰ ਕੋਈ ਵੈਰੀ ਨਹੀਂ ਦਿੱਸਦਾ), ਮੈਂ ਭੀ ਕਿਸੇ ਦਾ ਵੈਰੀ ਨਹੀਂ ਬਣਦਾ । ਮੈਨੂੰ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਆਪ ਹੀ ਹੈ, (ਸਭਨਾਂ ਦੇ) ਅੰਦਰ (ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ) ਖਿਲਾਰਿਆ ਹੋਇਆ ਹੈ ।2।
(ਹੇ ਭਾਈ ! ਸਾਧ ਸੰਗਤਿ ਦੀ ਬਰਕਤਿ ਨਾਲ) ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ । ਮੇਰੇ ਮਨ ਦਾ (ਪਰਮਾਤਮਾ ਨਾਲੋਂ ਬਣਿਆ ਹੋਇਆ) ਵਿਛੋੜਾ (ਸਾਧ ਸੰਗਤਿ ਦੀ ਕਿਰਪਾ ਨਾਲ) ਕਿਤੇ ਦੂਰ ਚਲਾ ਗਿਆ ਹੈ, ਜਦੋਂ ਮੈਂ ਸਾਧ ਸੰਗਤਿ ਦੀ ਸਰਨ ਲਈ, ਤਦੋਂ ਮੇਰੇ ਪ੍ਰਭੂ-ਪਾਤਿਸ਼ਾਹ ਨੇ ਮੈਨੂੰ (ਆਪਣੇ ਚਰਨਾਂ ਦਾ) ਮਿਲਾਪ ਦੇ ਦਿੱਤਾ ਹੈ ।3।

ਕਿ ਉਹੀ ਨਾਨਕ ਜੋਤਿ ਸਤਿਗੁਰੂ ਇਹ ਲਿੱਖ ਸਕਦੇ ਹਨ:

‘ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥’

ਸਤਿਗੁਰੂ ਦਾ ਦੁਸ਼ਮਨ ਕੌਣ ਹੈ, ਜਿਸਦੇ ਵਾਸਤੇ ਉਹ ਇਹ ਲਿਖਣਗੇ? ਨਾਲੇ ਕੀ ਉਹ ਕਿਸੇ ਸ੍ਰੀ ਅਸਿਕੇਤ ਜਾਂ ਸ੍ਰੀ ਅਸਿਧੁਜ(ਮਹਾਂਕਾਲ) ਦੇਵਤੇ ਦੇ ਪੂਜਕ ਸਨ, ਜਿਸ ਅੱਗੇ ਉਹ ਬੇਨਤੀ ਕਰਨਗੇ?

“ਬੇਨਤੀ ਚੌਪਈ” ਪੜ੍ਹਨ ਤੋˆ ਬਾਅਦ ਜਿਹੜਾ “ਸਵੈਯਾ ਤੇ ਦੋਹਰਾ” ਪੜ੍ਹੇ ਜਾˆਦੇ ਹਨ, ਉਹ ਬਚਿਤ੍ਰ ਨਾਟਕ ਪੋਥੇ ਦੇ 254 ਅੰਕ ਤੇ “ਚੌਬੀਸ ਅਵਤਾਰ”  ਭਾਗ ਦੇ ਅਖੀਰਲੇ ਬੰਦਾਂ ਲੜੀ ਨੰਬਰ 863 ਅਤੇ 864 ਵਿੱਚ ਅੰਕਿਤ ਹਨ, ਜਿਸ ਵਿੱਚ ਸਭ ਤੋਂ ਪਹਿਲਾਂ ਇਸ ਦੇ ਲੇਖਕ ਨੇ ਆਪਣੀ ਇਸ਼ਟ ‘ਭਗਉਤੀ ਦੇਵੀ’ ਦੀ ਉਸਤਤ ਕਰਦੇ ਸ਼ੁਰੂਆਤ ਇੰਝ ਕੀਤੀ ਹੈ:

‘ਸ੍ਰੀ ਭਗਉਤੀ ਜੀ ਸਹਾਇ’

ਇਸ ਤੋਂ ਬਾਅਦ, ਪਹਿਲੀ ਚੌਪਈ ਇੰਝ ਆਰੰਭ ਹੁੰਦੀ ਹੈ:

ਅਬ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ।
ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸ੍ਹਯਾਮ ਜਥਾ ਮਤਿ ਭਾਈ। 1।
ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ, ਇਸ ਦੇ ਅਰਥ ਕਰਦੇ ਹਨ: ਹੁਣ (ਮੈˆ) ਚੌਵੀ ਅਵਾਤਾਰਾ (ਦੀ ਕਥਾ) ਕਹਿੰਦਾ ਹਾˆ ਜਿਸ ਤਰ੍ਹਾˆ ਦੀ ਉਨ੍ਹਾˆ ਦੀ ਲੀਲਾ (‘ਅਖਾਰਾ’) ਵੇਖੀ ਹੈ। ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ, ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ। 1।

ਇਹ ਪੜ੍ਹਨ ਤੋˆ ਸਾਫ ਪਤਾ ਲਗਦਾ ਹੈ ਕਿ ਇਹ ਰਚਨਾ ਕਿਸੇ “ਸਿਆਮ ਕਵੀ” ਦੀ ਲਿਖੀ ਹੋਈ ਹੈ ਅਤੇ ਇਸ ਵਿੱਚ ਹਿੰਦੂ ਦੇਵੀ-ਦੇਵਤਿਆˆ, ਪੁਰਾਤਨ ਅਵਤਾਰਾˆ ਤੇ ਰਾਜੇ-ਰਾਣੀਆˆ ਦੀਆˆ ਮਿਥਿਹਾਸਕ ਕਹਾਣੀਆˆ ਦਾ ਹੀ ਵਰਣਨ ਕੀਤਾ ਹੋਇਆ ਹੈ। ਇਸ ਦੇ ਰਾਮ-ਅਵਤਾਰ ਭਾਗ ਵਿੱਚੋਂ ਜੋ ਬੰਦ ਰਹਿਰਾਸ ਬਾਣੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਹ ਇਸ ਤਰ੍ਹਾਂ ਹੈ:

ਪਾਂਇ ਗਹੇ ਜਬ ਤੇ ਤੁਮਰੇ। ਤਬ ਤੇ ਕੋਊ ਆਂਖ ਤਰੇ ਨਹੀਂ ਅਨਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨਾ ਮਾਨਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ।
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈਂ ਨ ਕਹਯੋ ਸਬ ਤੋਹਿ ਬਖਾਨਯੋ॥863॥

ਦੋਹਰਾ ।

ਸਗਲ ਦੁਆਰ ਕੋ ਛਾਡਿ ਕੈ ਗਹਿਓ ਤੁਹਾਰੋ ਦੁਆਰ।
ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ॥864॥

ਜੇ ਐਸਾ ਸਾਕਤ ਲਿਖਾਰੀ ਰਾਮ, ਰਹੀਮ, ਪੁਰਾਨ, ਕੁਰਾਨ ਨੂੰ ਨਹੀˆ ਮੰਨਦਾ, ਤਾˆ ਇਹ ਸਾਰਾ ਪ੍ਰਸੰਗ ਲਿਖਣ ਦਾ ਇਹ ਭਾਵ ਨਹੀˆ ਕਿ ਉਹ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ। ਉਸ ਨੇ ਆਪ ਹੀ 863ਵੇਂ ਬੰਦ ਦੀ ਤੀਸਰੀ ਪੰਕਤੀ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ‘ਅਸਿਪਾਨ’ ਦਾ ਪੁਜਾਰੀ ਹੈ। ਅਸਿਪਾਨਿ, ਅਸਿਧੁਜ, ਅਸਿਕੇਤ ਸ਼ਬਦ ਇਸ ਪੋਥੇ ਵਿੱਚ ਮਹਾਂਕਾਲ ਵਾਸਤੇ ਹੀ ਵਰਤੇ ਗਏ ਹਨ। ਦੋਹਰਾ 864 ਤੋˆ ਬਾਅਦ, ਇਹ ਬਿਆਨ ਕੀਤਾ ਹੋਇਆ ਹੈ ਕਿ “ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ”।

ਜਿਵੇਂ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਕੁਝ ਸ਼ਬਦ ਜੋੜ ਲਏ, ਉਸੇ ਤਰ੍ਹਾਂ ਕੁਝ ਡੇਰਿਆ ਵਲੋਂ ਰੱਖਿਆ ਦੇ ਸ਼ਬਦਾਂ ਦੇ ਨਾਂ ਤੇ ਸੋਹਿਲਾ ਬਾਣੀ ਦੇ ਪਹਿਲਾਂ ਵੀ ਕੁਝ ਸ਼ਬਦ ਜੋੜ ਲਏ ਗਏ ਹਨ। ਪਹਿਲਾਂ ਤਾਂ ਇਹ ਸੋਚਣਾ ਕਿ ਕਿਸੇ ਸ਼ਬਦ ਨੂੰ ਮੰਤ੍ਰ ਵਾਂਗੂ ਪੜ੍ਹ ਕੇ ਸੌਣ ਨਾਲ, ਵਾਹਿਗੁਰੂ ਸਾਰੀ ਰਾਤ ਸਾਡੀ ਰੱਖਿਆ ਕਰੇਗਾ, ਇਕ ਨਿਰੋਲ ਗੁਰਮਤਿ ਵਿਰੋਧੀ, ਬ੍ਰਾਹਮਣੀ ਸੋਚ ਹੈ। ਸਿੱਖ ਦੇ ਅੰਦਰ ਤਾਂ ਗੁਰਬਾਣੀ ਦੇ ਇਲਾਹੀ ਗਿਆਨ ਤੋਂ ਪ੍ਰਾਪਤ ਹੋਈ, ਉਹ ਆਤਮਕ ਸ਼ਕਤੀ ਹੈ, ਜਿਸ ਕਾਰਨ ਉਹ ਕਿਸੇ ਦੁਸ਼ਮਣ ਜਾਂ ਮੌਤ ਤੋਂ ਕਦੇ ਡਰ ਨਹੀਂ ਖਾਂਦਾ।
ਕੁਝ ਵੀਰ ਆਖਣਗੇ ਕਿ, ਜੀ ! ਹਰਜ਼ ਕੀ ਹੈ, ਗੁਰਬਾਣੀ ਹੀ ਤਾਂ ਪੜ੍ਹ ਰਹੇ ਹਾਂ? ਹਰਜ਼ ਬਹੁਤ ਵੱਡਾ ਹੈ, ਉਹ ਇਹ ਕਿ ਸਤਿਗੁਰੂ ਦੀ ਆਪਣੀ ਬਣਾਈ ਮਰਯਾਦਾ ਤੋੜ ਕੇ, ਆਪਣੀ ਵਡੇਰੀ ਸਿਆਣਪ ਹੋਣ ਦਾ ਭਰਮ ਪਾਲ ਰਹੇ ਹਾਂ।
ਇਕ ਹੋਰ ਇਲਜ਼ਾਮ ਅਕਸਰ ਲਾਇਆ ਜਾਂਦਾ ਹੈ ਕਿ ਇਹ ਨਿਤਨੇਮ ਨੂੰ ਛੋਟਾ ਕਰਨਾ ਚਾਹੁੰਦੇ ਹਨ। ਅਸੀਂ ਆਪ ਵਿਚਾਰੀਏ ਕਿ ਸਿੱਖ ਦਾ ਨਿਤਨੇਮ ਕੀ ਹੋ ਸਕਦਾ ਹੈ? ਸਿੱਖ ਦਾ ਨਿਤਨੇਮ ਹੈ, ਰੋਜ਼ ਗੁਰਬਾਣੀ ਪੜ੍ਹਨਾ। ਇਹ ਗੱਲ ਸਿੱਖ ਰਹਿਤ ਮਰਯਾਦਾ ਵਿੱਚ ਵੀ ਨਿਤਨੇਮ ਨਾਲ ਦਰਜ ਹੈ ਕਿ ਸਿੱਖ ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਪੜ੍ਹੇ, ਅੰਮ੍ਰਿਤ ਸੰਸਕਾਰ ਦੀ (ਟ) ਮੱਦ ਵਿੱਚ ਵੀ ਅਗੋਂ ਲਿਖਿਆ ਹੈ: ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਨਣਾ’। ਹਰ ਸਿੱਖ ਨੂੰ ਇਸ ਉਤੇ ਅਮਲ ਕਰਨਾ ਚਾਹੀਦਾ ਹੈ, ਨੇਮ ਨਾਲ ਜਿਤਨਾ ਵੱਧ ਤੋਂ ਵੱਧ ਸਮਾਂ ਕੱਢ ਸਕੇ, ਗੁਰਬਾਣੀ ਪੜ੍ਹਨੀ ਅਤੇ ਵਿਚਾਰਨੀ ਚਾਹੀਦੀ ਹੈ।
ਵਿਸ਼ੇ ਦਾ ਨਿਚੋੜ ਇਹ ਹੈ ਕਿ ਸਤਿਗੁਰੂ ਨੇ ਆਪ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨੇ, ਸਿੱਖ ਦਾ ਨਿਤਨੇਮ ਬਣਾਕੇ ਦਿੱਤਾ ਹੈ, ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਪਹਿਲਾਂ ਹੋਈ ਭੁਲ ਨੂੰ ਫੌਰਨ ਸੁਧਾਰ ਕੇ ਆਪਣੀ ਸਿੱਖ ਰਹਿਤ ਮਰਯਾਦਾ ਵਿੱਚ ਲੋੜੀਂਦੀ ਤਬਦੀਲੀ ਕਰ ਲੈਣੀ ਚਾਹੀਦੀ ਹੈ। ਹਰ ਸਿੱਖ ਨੂੰ ਇਸੇ ਸਤਿਗੁਰੂ ਦੀ ਬਣਾਈ ਮਰਯਾਦਾ ‘ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ ਅਮਲੀ ਜੀਵਨ ਬਤੀਤ ਕਰਨਾ  ਚਾਹੀਦਾ ਹੈ।

ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

Tag Cloud

DHARAM

Meta