‘ਮੋਦੀ ਯੁੱਗ’ ਵਿੱਚ ਕੀ ਕਰਨ ਸਿੱਖ? ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713

19ਵੀਂ ਸਦੀ ਦਾ ਅੰਤ, ਜਦ ‘ਮਹਾਰਾਜਾ’ ਰਣਜੀਤ ਸਿੰਘ ਦਾ ‘ਯੁੱਗ’ ਮੁੱਕ ਚੁੱਕਾ ਸੀ ਅਤੇ ਸਿੱਖ ਆਪਣਾ ਕੁੱਬਾ ਲੱਕ ਸਿੱਧਾ ਕਰਨ ਲਈ ਯਤਨਸ਼ੀਲ ਸਨ, ਤਾਂ ਸਿੱਖ ਵਿਚਾਰਧਾਰਾ ਤੋਂ ਚਿੰਤਤ, ਬਾਣੀਆ/ਆਰੀਆ ਸਿਧਾਂਤ ਦਾ ਉਪਾਜਕ ਸਵਾਮੀ ਦਇਆਨੰਦ ਪੰਜਾਬ (ਲਾਹੌਰ) ਆਇਆ। ਮਜੀਠੀਆ ਪਰਿਵਾਰ ਲਈ ਛੱਡੀਆਂ ਸੇਧਾਂ ਦੇ ਨਾਲ ਨਾਲ ਉਸ ਨੇ ਲਗਭਗ 200 ਸਾਬਤ ਸੂਰਤ ਸਿੱਖਾਂ ਨੂੰ ਰੋਡ-ਮੋਡ ਕਰਕੇ ਮਸ਼ਹੂਰ ਬਜ਼ਾਰ ਅਨਾਰਕਲੀ ਵਿਖੇ ‘ਸ਼ੁੱਧੀਕਰਨ’ ਦੇ ਨਾਂ ਤੇ ਜਲੂਸ ਕਢਵਾਇਆ। ਉਹ ਕਾਲਖ ਪੰਜਾਬ ਉੱਪਰ ਅੱਜ ਵੀ ਸੰਘਣੇ ਰੂਪ ਵਿੱਚ ਛਾਈ ਹੋਈ ਹੈ। ਕਾਲਖ ਹੈ ਨਾਨਕ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣ ਦੀ ਅਤੇ ਸਿੱਖਾਂ ਦੀ ‘ਕੁਲ਼ਨਾਸ’ ਦੀ ਸੰਘਣੀ ਧੁੰਦ। 23 ਮਾਰਚ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ, ਨਰਿੰਦਰ ਮੋਦੀ ਪਹਿਲੀ ਵਾਰ ਬਤੌਰ ਪ੍ਰਧਾਨ ਮੰਤਰੀ ਭਾਰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਧਾਰੇ, ਆਪਣਾ ਨਿੱਜੀ ਇਤਿਹਾਸ ਨਾਲ ਲੈ ਕੇ ਆਏ। ਇਹ ਇਤਿਹਾਸ ਸਭ ਜਾਣਦੇ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਸਿਰੋਪੇ ਪ੍ਰਾਪਤ ਕੀਤੇ। ਨਾਲ ਹੀ ਬਾਦਲਾਂ ਦੀ ਪਲਟਣ ਨੇ ਵੀ। ਮੇਰੀ ਰੂਹ ਕੰਬੀ। ਚੇਤਾ ਆਇਆ ਹਰਿਮੰਦਰ ਸਾਹਿਬ ਵਿਖੇ ਮੱਸੇ ਰੰਘੜ ਦੇ ‘ਜਸ਼ਨਾਂ’ ਦਾ। ਪਰ ਮੋਦੀ ਨੇ ਤਾਂ ਇੰਦਰਾ ਗਾਂਧੀ ਦੀ ਨਫਰਤ ਦੇ ਪਾਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦ ਤਿੰਨ ਵਾਰ ਮੱਥਾ ਟੇਕਿਆ ਤਾਂ ‘ਬਾਦਲਕੇ’ ਕਤਾਰਾਂ ਵਿੱਚ ਬਤੌਰ ਦਰਸ਼ਕ ਖੜ੍ਹੇ ਸਨ, ਅਤੇ ਅਣਖੀਲੇ ਸਿੱਖ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਛੱਡ ਰਹੇ ਸਨ। ਅੱਗੋਂ ਪਰਖ ਦੀ ਘੜੀ ਆਉਣੀ ਹੈ ‘ਬਾਣੀਏ ਮੋਦੀ’ ਅਤੇ ‘ਕਿਸਾਨ ਸਿੱਖ’ ਵਿੱਚ ਬਿੱਲੀ ਚੂਹੇ ਦੇ ਰਿਸ਼ਤੇ ਦੇ ਵਰਤਾਰੇ ਦੀ ਪਰਖ, ਜਿਸਦਾ ਅਰੰਭ ਜ਼ਮੀਨ ਪ੍ਰਾਪਤੀ ਕਨੂੰਨ ਰਾਹੀਂ ਹੋ ਗਿਆ ਹੈ।
ਹੁਣ ਅਰੰਭਦੇ ਹਾਂ 1914 ਦੀਆਂ ਪਾਰਲੀਮਾਨੀ ਚੋਣਾਂ ਤੋਂ ਨਵਾਂ ਵਰਤਾਰਾ, ਜਦੋਂ ਸਵਾ ਸੌ ਕਰੋੜ ਲੋਕਾਂ (ਬੀ ਜੇ ਪੀਕਿਆਂ ਅਨੁਸਾਰ ਬ੍ਰਾਹਮਣਾਂ, ਖੱਤਰੀਆਂ, ਵੈਸ਼ਾਂ ਤੇ ਸ਼ੂਦਰਾਂ)’ਚੋਂ ਉਪਜੇ ਵੋਟਰਾਂ ਨੇ ਭਾਈ ਨਰਿੰਦਰ ਮੋਦੀ ਦੇ ਕਹਿਣ ਤੇ ਉਸ ਨੂੰ ਭਾਰਤੀ ਪਾਰਲੀਮੈਂਟ ਵਿੱਚ 282 ਸੀਟਾਂ ਦੇ ਕੇ ਭਾਰਤ ਦਾ ਰਾਜ ਭਾਗ ਸੌਂਪ ਦਿੱਤਾ। ਭਾਵੇਂ ਉਸਨੂੰ ਕੁੱਲ ਵੋਟਾਂ ਦੀ ਤਾਂ 31 % ਹੀ ਪ੍ਰਾਪਤ ਹੋਈ, ਪਰ ਸੀਟਾਂ 53 % ਮਿਲੀਆਂ। ਵੱਡੇ ਢੋਲ ਧਮਾਕੇ ਨਾਲ ਉਹਨੇ ਕਿਹਾ ਕੇ ਭਾਰਤੀਆਂ ਦੇ “ਚੰਗ ਦਿਨੇ” ਆਉਣ ਵਾਲੇ ਹਨ।ਅੱਖਰ ‘ਚੰਗੇ ਦਿਨ’ ਤੋਂ ਕੀ ਸਮਝੀਏ? ਬ੍ਰਾਹਮਣਾਂ ਦੇ, ਬਾਣੀਆਂ ਦੇ, ਕਿਰਤੀਆਂ ਦੇ, ਦਲਿਤਾਂ ਦੇ? ਇੱਕ ਸਾਲ ਦੇ ਰਾਜ ਪ੍ਰਬੰਧ ਦੀਆਂ ਅਨੇਕਾਂ ਝਲਕੀਆਂ ਵਿੱਚੋ ਭਾਸਦਾ ਹੈ ਕਿ ਭਾਰਤ “ਮੰਦੇ ਰਾਹ” ਵੱਲ ਵਧ ਰਿਹਾ ਹੈ।
ਉਪਰੋਕਤ ਰਾਜ ਦੀ ਪਰਖ ਲਈ ਇਸ ਦੇਸ਼ ਦੇ ਸਮੁੱਚੇ ਇਤਿਹਾਸ ਤੇ ਪੰਛੀ ਝਾਤ ਮਾਰਨੀ ਜ਼ਰੂਰੀ ਹੈ। ਕਈ ਸਦੀਆਂ ਪਹਿਲਾਂ ਤੋਂ ਇੱਥੇ ਵਰਣ-ਆਸ਼ਰਮ-ਪਰਮੋਧਰਮਾ ਦੀ ਵਿਚਾਰ ਧਾਰਾ ਅੱਜ ਤਾਂਈ ਵੀ ਚਲਦੀ ਆ ਰਹੀ ਹੈ। ਅਨੇਕ “ਯੁੱਗ ਪਲਟਾਊ” ਜਨਤਕ ਸੰਘਰਸ਼ਾਂ ਦੇ ਬਾਵਜੂਦ ਇਸ ਵਿਚਾਰਧਾਰਾ ਦੇ ਅੰਸ਼ ਅਜੇ ਵੀ ਸੰਘਣੇ ਨੇ। ਅਗਸਤ 1947 ਸਮੇਂ ਅੰਗਰੇਜ਼ ਆਪਣੇ ਰਾਜ ਪ੍ਰਬੰਧ ਦਾ ਬਣਿਆ ਬਣਾਇਆ ਢਾਂਚਾ ਬ੍ਰਾਹਮਣਾਂ ਨੂੰ ਸੌਂਪ ਗਏ। ਜੋ ਅੱਜ ਤਾਂਈ ਵੀ ਥੋੜੀ ਅਦਲਾ ਬਦਲੀ ਨਾਲ ਪ੍ਰਚਲਿਤ ਹੈ। “ਸਵਰਾਜ” ਅੱਖਰ ਦੀ ਵਰਤੋਂ ਦਾ ਆਰੰਭ ਤਾਂ ਸ਼ਾਇਦ ਪਹਿਲੀ ਵਾਰ 29 ਮਾਰਚ 1930 ਨੂੰ ਰਾਵੀ ਦਰਿਆ ਕੰਢੇ ਹੋਇਆ ਸੀ। ਜੋ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦਾ ਸਿਰਲੇਖ ਹੈ। ਇਸ ਦੀ ਪ੍ਰਾਪਤੀ ਦੀ ਖਿੱਚ ਨੇ ਭਾਰਤੀ ਰਾਜਧਾਨੀ ਦਿੱਲੀ ਵਿੱਚ ਕਾਂਗਰਸੀਆਂ ਤੇ ਬੀ. ਜੇ. ਪੀ. ਦੇ ਹੰਕਾਰ ਦੀਆਂ ਵੋਟਰਾਂ ਨੇ ਤਣੀਆਂ ਤੋੜ ਦਿੱਤੀਆਂ। ਸਵਾਲ ਫਿਰ ਖੜ੍ਹਾ ਹੋ ਗਿਆ ਹੈ ਕਿ “ਚੰਗੇ ਦਿਨਾਂ” ਦੀ ਪ੍ਰਾਪਤੀ ਦੀ ਭਰਪਾਈ ਕੌਣ ਕਰਾਊ?
ਕਿਸੇ ਵੀ ਰਾਜ ਪ੍ਰਬੰਧ ਦਾ ਕੇਂਦਰ ਬਿੰਦੂ ਤਾਂ ਉਸ ਦੇ ਆਗੂ ਦੀ ਸੋਚ ਤੇ ਨਿਰਭਰ ਹੁੰਦਾ ਹੈ। ਕੀ ਲੰਮਾ ਸਮਾਂ ਆਰ. ਐੱਸ. ਐੱਸ. ਦੀ ਵਿਚਾਰਧਾਰਾ ਵਿੱਚ ਪਲ਼ੇ ਨਰਿੰਦਰ ਮੋਦੀ, ਜਾਂ ਭ੍ਰਿਸ਼ਟਾਚਾਰ ਵਿਰੋਧੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਭਾਰਤੀਆਂ ਨੂੰ ਇਸ ਨਿਸ਼ਾਨੇ ਦੀ ਪ੍ਰਾਪਤੀ ਵੱਲ ਲੈ ਜਾਣਗੇ? ਮਸਲਾ ਬਹੁਤ ਵੱਡਾ ਹੈ। ਕੀ ਇਸ ਸਫਰ ਵਿੱਚ ਅਜੋਕੇ 125 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਦੀ ਕੋਈ, ਲਗਭਗ ਸਾਂਝੀ ਸੁਰ, ਘੜਿਆਂ ਬਗੈਰ ਇਸ ਨਿਸ਼ਾਨੇ ਦੀ ਪ੍ਰਾਪਤੀ ਸੰਭਵ ਹੈ? ਪਰ ਇਸ ਨਿਸ਼ਾਨੇ ਦੀ ਪ੍ਰਾਪਤੀ ਦਾ ਦੂਜਾ ਨਾਂ ਹੈ ਭਾਰਤੀ ਰਾਜ ਪ੍ਰਬੰਧ ਅਤੇ ਸਮਾਜ ਵਿੱਚ “ਯੁੱਗ ਪਲਟਾ”।
ਅਜਿਹੇ ਕਥਿਤ “ਯੁੱਗ ਪਲਟੇ” ਮਹਾਤਮਾ ਬੁੱਧ, ਸਮਰਾਟ ਅਸ਼ੋਕ ਅਤੇ ਅਕਬਰ ਨੇ “ਦੀਨ-ਏ-ਇਲਾਹੀ” ਰਾਹੀਂ ਵੀ ਕਰਨ ਦੇ ਉਪਰਾਲੇ ਕੀਤੇ। ਪਰ ਗੁਰੂ ਨਾਨਕ ਦੇਵ ਜੀ ਵਲੋਂ ਵੱਡੀ ਪੱਧਰ ਤੇ ਪੈਦਲ ਧਰਤੀ ਗਾਹ ਕੇ ਦਿੱਤਾ ਗਿਆ ਸੰਦੇਸ਼ਾ ਬੜਾ ਮਹੱਤਵ ਪੂਰਨ ਰਿਹਾ, ਜਿਸ ਨੂੰ ਅੱਜ ਅਸੀਂ ਵੱਡੇ ਸੰਕਟ ਵਿੱਚ ਵੇਖਦੇ ਹਾਂ। ਫਿਰ ਵੀ ਮੋਦੀ ਅਤੇ ਕੇਜਰੀਵਾਲ ਦੀਆਂ ਸੇਦਾਂ ਦੇ ਨਾਲ ਨਾਨਕ ਵਿਚਾਰਧਾਰਾ ਵੱਡੀ ਸ਼ਕਤੀ ਨਾਲ ਮੜਿਕਦੀ ਰਹੇਗੀ।
ਆਰੰਭ ਕਰਦੇ ਹਾਂ ਉਸ ਵਰਤਾਰੇ ਤੋਂ ਜਦੋਂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੀ ਸੰਗਤ ਨੇ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ ਅਤੇ ਦਿੱਲੀ ਦੀ ਸੰਗਤ ਨੇ ਇਸੇ ਲੜੀ ਨੂੰ ਅੱਗੇ ਵਧਾਇਆ। ਪਰ ਵਾਰਾਨਸੀ ਦੀ ਸੰਗਤ ਨੇ ਕੇਜ਼ਰੀਵਾਲ ਨੂੰ ਹਰਾ ਕੇ ਇਹ ਰਾਹ ਫੜਨ ਤੋਂ ਇਨਕਾਰ ਕਰ ਦਿੱਤਾ। ਇਸ ਸਾਰੇ ਵਰਤਾਰੇ ਦੀ ਪਿਛੋਕੜ ਸੀ ਬ੍ਰਹਮਣ ਦੀ 60 ਸਾਲ ਰਾਜ ਕਰਨ ਪਿੱਛੋਂ ਨਮੋਸ਼ੀ ਭਰੀ ਹਾਰ ਅਤੇ 2014 ਵਿੱਚ ਬਾਣੀਆ ਦੇ ਦੀ ਜਿੱਤ।ਜੇਤਲੀ ਦੀ ਹਾਰ ਦਾ ਮੁੱਖ ਕਾਰਨ ਸੀ ਗੁਰੂ ਰਾਮਦਾਸ ਜੀ ਦੀ ਖ੍ਰੀਦੀ ਹੋਈ ਧਰਤੀ ਅੰਮ੍ਰਿਤਸਰ ਵਿਖੇ ਰੇਲਵੇ ਸਟੇਸ਼ਨ ਤੇ ਉਨ੍ਹਾਂ ਦੇ ਚਿੱਤਰ ਨੂੰ ਪੈਰਾਂ ਥੱਲੇ ਰੋਲਣਾ ਅਤੇ ਇਸ ਵਰਤਾਰੇ ਦੇ ਦੋਸ਼ੀ ਹਰਬੰਸ ਲਾਲ ਨੂੰ ‘ਸ਼ਹੀਦੀ’ ਪਦਵੀ ਦੇ ਕੇ ਉਨਾਂ ਦੀ ਯਾਦਗਾਰ ਸ਼ਹਿਰ ਦੇ ਐਨ ਕੇਂਦਰ ਬਣਾ ਕੇ ਉਸ ਵਿੱਚ ਚੋਣ ਪ੍ਰਚਾਰ ਲਈ ਜੇਤਲੀ ਦਾ ਦਫਤਰ ਸਥਾਪਤ ਕਰਨਾ।
ਉਪਰੋਕਤ ਬਾਣੀਆ ਦੀ ਤੁਲਣਾ ਅਸੀਂ ਮਹਾਨ ਸਖਸ਼ੀਅਤ ਸ਼ੈਕਸਪੀਅਰ ਦੇ ਕਥਨ ਅਨੁਸਾਰ “ਸ਼ਾਹੀਲਾਕ ਯਹੂਦੀ” ਨਾਲ ਕਰਦੇ ਹਾਂ। ਭਾਰਤ ਵਿੱਚ ਇੱਕ ਕਥਨ ਹੈ “ਕਿ ਪਿੰਡ ਵਿੱਚ ਬਾਣੀਆ ਅਤੇ ਧਰਤੀ ਵਿੱਚ ਨਾਲਾ”, ਦੋਵੇਂ ਵਿਨਾਸ਼ ਦੇ ਚਿੰਨ੍ਹ। ਅਸੀਂ ਆਪਣੇ ਅਨੁਭਵਾਂ ਤੋਂ ਅੱਜ ਵੀ ਇਹ ਪ੍ਰਤੱਖ ਵੇਖ ਸਕਦੇ ਹਾਂ ਕਿ ਬਾਣੀਆ ਭਾਵ ਹਟਵਾਣੀਆਂ, ਵਸਤੂ ਵੇਚਣ ਅਤੇ ਖ੍ਰੀਦਣ ਸਮੇਂ, ਉਸ ਦੀਆਂ ਸਿਫਤਾਂ ਅਤੇ ਨਖੇਦੀ, ਮੁੱਲ ਲਾਉਣ ਅਤੇ ਦੇਣ ਸਮੇਂ ਕਿੰਨੇ ਪਾਪੜ ਵੇਲਦਾ ਹੈ ਅਤੇ ਕਿੰਨਾ ਝੂਠ ਬੋਲਦਾ ਹੈ। ਵਸਤੂ ਨੂੰ ਤੋਲਣ ਅਤੇ ਇਸ ਦੀ ਸ਼ੁੱਧੀ ਸਬੰਧੀ ਕੀ-ਕੀ ਕਹਿੰਦਾ ਹੈ। ਪਰ ਹਰਿਆਣੇ ਦੇ ਮਹਾਨ ਕਿਸਾਨ ਪੱਖੀ ਆਈ. ਸੀ. ਐੱਸ. ਆਗੂ ਸਰ ਛੋਟੂ ਗਮ ਇਸ ਨੂੰ “ਕਾਣੀ ਡੰਡੀ” ਪੁਕਾਰਦੇ ਸਨ। ਕੀ ਆਰ. ਐੱਸ. ਐੱਸ. ਦਾ ਵਿਦਿਆਰਥੀ ਮੋਦੀ ਇਹਨਾਂ ਟਕਸਾਲੀ ਪਰਖਾਂ ਤੋਂ ਕੋਈ ਨਿਵੇਕਲਾ ਹੈ? ਬਿਲਕੁੱਲ ਨਹੀਂ।
ਸ਼ਕਤੀ ਸੰਭਾਲਦੇ ਹੀ ਮੋਦੀ ਨੇ “ਮੈਂ” ਦਾ ਦਾਵਾ ਬੰਨਿਆ। “ਜਿੱਤ ਮੇਰੀ, ਸੇਧ ਮੇਰੀ, ਹੁਕਮ ਮੇਰਾ, ਸੱਭ ਕੁੱਝ ਨੂੰ ਪਲਟਾ”। ਚਾਰਲਸ ਡਾਰਵਨ ਪਿਆ ਕਹਿੰਦਾ ਰਹੇ ਕਿ ਮਨੁੱਖੀ ਰੂਪ ਬਾਂਦਰ ਦੇ ਸਫਰ ਰਾਹੀਂ ਉਪਜਿਆ ਹੈ, ਪਰ ਅਸੀਂ ਤਾਂ ਪਿੱਛੇ ਨੂੰ ਮੋੜਾ ਪਾਵਾਂਗੇ, ਜਦੋਂ ਅਸੀਂ ਹਵਾਈ ਉੜਾਨਾਂ ਰਾਹੀਂ ਵੱਡੇ ਗ੍ਰਹਿਆਂ ਦੀਆਂ ਯਾਤਰਾਵਾਂ ਕਰਦੇ ਰਹੇ ਹਾਂ। ਹਨੂਮਾਨ ਤਾਂ ਅੱਜ ਵੀ ਸਾਡਾ ਮਹਾਨ ਦੇਵਤਾ ਅਤੇ ਬਾਪੂ ਹੈ।
ਗਾਂ ਸਾਡੀ ਸਦੀਵੀ ਮਾਂ ਅੱਜ ਵੀ ਮਾਂ ਹੈ। ਆਂਢ-ਗੁਆਂਢੀ ਦੇਸ਼ਾਂ ਨੂੰ ਸਾਡੀ ਸਰਦਾਰੀ ਮੰਨਣੀ ਪਵੇਗੀ। ਅਸੀਂ ਸਭ ਹਿੰਦੂ ਹਾਂ। ਜਿਹੜਾ ਇਹ ਨਾਂ ਮੰਨੇ ਉਹ ਆਪਣੇ ਨਿਵਾਸ ਦੀ ਥਾਂ ਕਿਤੇ ਹੋਰ ਲੱਭੇ। ਵਿੱਦਿਆ ਉਹ ਚੱਲੇਗੀ ਜੋ ਰੀਸ਼ੀਆਂ ਮੁਨੀਆਂ ਨੇ ਅਰੰਭੀ ਸੀ ਅਤੇ ਸਾਡਾ ਗਿਆਨ ਅਜੋਕੇ ਵਿਗਿਆਨੀਆਂ ਨਾਲੋਂ ਸਮਰੱਥ ਹੈ। ਇਹ ਸਾਡੀ ਯੋਗਤਾ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਅੰਦਰ ਅਰਬਪਤੀਆਂ ਦੀ ਗਿਣਤੀ 2000 ਤੋਂ ਵਧ ਕੇ ਅੱਜ 6200 ਹੋ ਗਈ ਹੈ। ਦਲਿਤ ਅਤੇ ਗਰੀਬ ਉਹ ਕਿੱਤੇ ਅਪਣਾਉਣ ਜੋ ਉਹਨਾਂ ਲਈ ਨਿਰਧਾਰਿਤ ਹਨ। ‘ਮੋਦੀ ਯੁੱਗ’ ਵਿੱਚ ਉਪਰੋਕਤ ਸੇਧਾਂ ਭਾਰਤੀ ਰਾਜਨੀਤੀ-ਦੀਆਂ ਸੁਰਾਂ ਬਣੀਆਂ ਰਹਿਣਗੀਆਂ। ਆਮ ਆਦਮੀ ਪਾਰਟੀ ਅਤੇ ਉਸਦੇ ਮੁਖੀ ਕੇਜ਼ਰੀਵਾਲ ਦਾ ਵਰਤਾਰਾ ਤਾਂ ਅਜੇ ਪਰਖ ਹੇਠ ਲਿਆਉਣਾ ਸੰਭਵ ਨਹੀਂ ਪਰ ਪੰਜਾਬ ਅੰਦਰ ਅਤੇ ਭਾਰਤ ਦੇ ਉੱਤਰ-ਪੱਛਮ ਵਿੱਚ ਸਿੱਖਾਂ ਦਾ ਇਤਿਹਾਸਕ ਵਰਤਾਰਾ ਧਿਆਨ ਵਿੱਚ ਰੱਖੇ ਬਿਨਾਂ ਇਸ ਦੇਸ਼ ਦੀ ਕਿਸੇ ਕਿਸਮ ਦੀ ਉੱਨਤੀ ਦਾ ਰਾਹ ਫੜ੍ਹਨਾ ਔਖਾ ਹੋਵੇਗਾ, ਕਿਉਂ?
ਪਿਛਲੇ ਸਮੇਂ ਅਤੇ ਹੁਣ ਵੀ “ਰੱਬ ਦੀ ਹੋਂਦ ਦਾ ਸਵਾਲ”, ਸਮਾਜ ਦੀ ਬਣਤਰ ਦਾ ਸਵਾਲ ਅਤੇ ਮਨੁੱਖ ਦੀ ਸੋਝੀ ਦਾ ਸਵਾਲ ਧਾਰਮਕ ਰਹਿਬਰਾਂ ਅਤੇ ਰਾਜਨਿਤੀਕ ਆਗੂਆਂ ਦੀਆਂ ਪਰਖਾਂ ਅਤੇ ਵਿਉਂਤ-ਬੰਦੀਆਂ ਦੇ ਮਸਲੇ ਰਹੇ ਹਨ। ਅਰਬਾਂ ਸਾਲ ਪਹਿਲਾਂ ਹੋਏ ਕਥਿਤ “ਬਿਗਬੈਂਗ” ਭਾਵ ਵੱਡੇ ਧਮਾਕੇ ਪਿੱਛੋਂ, ਸਾਢੇ ਚਾਰ ਅਰਬ ਸਾਲ ਪਹਿਲਾਂ ਧਰਤੀ ਦੀ ਉਪਜ ਅਤੇ ਉਸ ਉੱਪਰ ਇੱਕ ਲੱਖ ਸਾਲ ਪਹਿਲਾਂ ਮਨੁੱਖੀ ਸਿਰਜਣਾ ਦੇ ਵਰਤਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ “ਨਿਰੰਕਾਰ” ਅਤੇ “ਸਿਰਜਣਹਾਰ” ਸ਼ਬਦ ਵਰਤ ਕੇ ਇਹ ਵਿਗਿਆਨਕ ਜਾਣਕਾਰੀ, ਸਾਨੂੰ ਦਿੱਤੀ, ਕਿ ਰੱਬ ਹੈ ਕੀ? ਜਿਸ ਨੂੰ ਅਜੋਕੇ ਕੇਸਾਧਾਰੀ ਬ੍ਰਹਮਣਵਾਦੀ ਪ੍ਰਚਾਰਕ, ਆਏ ਦਿਨ, ਹਰ ਸਿੱਖ ਨੂੰ ਗੁਰੂ ਮਿਲਾਉਣ ਦੇ ਨਾਂ ਤੇ ਅਡੰਬਰ ਰਚਦੇ ਅਤੇ ਝੂਠ ਬੋਲਦੇ ਰਹਿੰਦੇ ਹਨ। ਇਸੇ ਲੜੀ ਵਿੱਚ ਇਹਨਾਂ ਨੇ ਸਾਰੇ 10 ਗੁਰੂ ਸਹਿਬਾਨਾਂ ਨੂੰ ਰੱਬ ਅਤੇ ਕਰਾਮਤੀ ਪਦਵੀ ਦਿੱਤੀ ਹੋਈ ਹੈ ਜਿਸ ਨੂੰ ਉਹਨਾਂ ਸਾਰੇ ਮਹਾਪੁਰਸ਼ਾ ਨੇ ਮੁੱਡੋਂ ਹੀ ਰੱਦ ਕਿਤਾ ਸੀ ਅਤੇ ਕਿਹਾ ਸੀ ਕਿ ਉਹ ਸਾਰੇ ਹੀ ਮਨੁੱਖ ਸਨ। ਇੱਥੇ “ਖਾਲਸਾ ਜੀ” ਦੀ ਸਿਰਜਣਾ ਦੀ ਗੱਲ ਕਰਨੀ ਜਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਹਿਬ ਵਿਖੇ ਜੱਦ ਆਖਿਆ ਕੇ “ਧਰਮ ਦੀ ਰੱਖਿਆ ਲਈ  ਮੈਨੂੰ ਸਿਰਾਂ ਦੀ ਲੋੜ ਹੈ” ਤਾਂ 5 ਮਹਾ ਪੁਰਸ਼ਾਂ ਨੇ ਜਦ ਆਪਣੇ ਆਪ ਨੂੰ ਪੇਸ਼  ਕੀਤਾ ਤਾਂ ਮਗਰੋਂ ਗੁਰੂ ਜੀ ਨੇ ਹਦਾਇਤ ਦਿੱਤੀ ਕਿ ਅੱਜ ਤੋਂ ਤੁਸੀਂ “ਜਨਮ ਨਾਸ਼, ਧਰਮ ਨਾਸ਼, ਕਰਮ ਨਾਸ਼, ਭਰਮ ਨਾਸ਼ ਅਤੇ ਸ਼ਰਨ ਨਾਸ਼ ਹੋ।” ਕੀ ਅਜੋਕੇ, ਭਾਈ ਬਲਦੇਵ ਸਿੰਘ ਵਰਗੇ ਅੰਮ੍ਰਿਤ ਛਕਾਉਣ ਵਾਲੇ “ਸਿੰਘ” ਸਜਣ ਵਾਲਿਆਂ ਨੂੰ ਇਸ ਵਰਤਾਰੇ ਵਿੱਚੋਂ ਲੰਘਾਉਂਦੇ ਹਨ? ਇਸ ਲੜੀ ਨੂੰ ਹੋਰ ਅੱਗੇ ਵਧੋਂਦਿਆਂ ਡਾਕਟਰ ਮਹੁੱਮਦ ਇਕਬਾਲ ਨੇ ਕਿਹਾ “ਉੱਠੀ ਫਿਰ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ-ਕਾਮਲ ਨੇ ਜਗਾਇਆ ਖਾਬ ਸੇ” ਪਰ ਮਗਰੋਂ ਇਸੇ ਮਹਾਨ ‘ਸ਼ਾਇਰ-ਏ-ਮਸ਼ਰਕ’ ਨੇ ਇਹ ਵੀ ਕਿਹਾ ਕਿ “ਸਿੱਖ ਬਾਣੀਆਂ ਦੇ ਖੋਤੇ ਹਨ”। ਕੈਂਬਰਿਜ਼ ਯੂਨੀਵਰਸਿਟੀ ਵਿਖੇ ਵਿੱਦਿਆ ਪ੍ਰਾਪਤੀ ਸਮੇਂ ਹੋਸਟਲ ਵਿੱਚ ਆਪ ਦਾ ਕਮਰਾ ਮਹਾਨ ਸਿੱਖ ਵਿਸ਼ਲੇਸ਼ਕ ਸਿਰਦਾਰ ਕਪੂਰ ਸਿੰਘ ਦੇ ਨਾਲ ਦਾ ਸੀ। ਇੱਕ ਸਮਾਂ ਆਇਆ ਕਿ ਸ. ਕਪੂਰ ਸਿੰਘ ਨੂੰ ਸਿੱਖ ਲੀਡਰਾਂ ਪ੍ਰਤੀ ‘ਹਰਾਮ-ਜ਼ਾਦੇ’ ਗਾਲ਼ ਦੀ ਵਰਤੋਂ ਕਰਨੀ ਪਈ। ਇਸੇ ਅੱਖਰ ਦੀ ਵਰਤੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਭਿੰਡਰਾਂ ਵਾਲੇ ਆਪਣੇ ਭਾਸ਼ਣਾਂ ਵਿੱਚ ਸਿੱਖ ਨੌਜਵਾਨਾਂ ਨੂੰ ਮਰਿਯਾਦਾ ਸਿਖਾਉਣ ਲਈ ਸੰਬੋਧਨ ਕਰਦਿਆਂ ਕਹਿੰਦੇ ਹੁੰਦੇ ਸਨ ਕਿ “ਭਾਈਓ ਤੁਸੀਂ ਪਿਓ ਵਰਗੇ ਬਨਣਾ ਹੈ ਯਾ……..?”
ਭਾਰਤ ਦੀ ਅਜੋਕੀ “ਸਵਰਾਜਕ” ਸਿਰਜਨਾ ਸੰਬੰਧੀ ਸਿੱਖਾਂ ਦੇ ਸੰਭਵ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਅਜੋਕੇ ਯੋਗਦਾਨ ਦੀ ਸੰਭਾਲਨਾ ਤੋਂ ਪਹਿਲਾਂ ਕੁੱਝ ਵੱਡੇ ਮਸਲੇ ਧਿਆਨ ਵਿੱਚ ਰੱਖਣੇ ਪੈਣਗੇ, ਜਿਨ੍ਹਾਂ ਨੂੰ ਹਾਕਮ ਭਾਵੇਂ ਕਿੰਨਾ ਵੀ ਅੱਖੋਂ ਪਰੋਖੇ ਕਰਨ, ਪਰ ਇਤਿਹਾਸਕ ਸ਼ਕਤੀਸ਼ਾਲੀ ਵਰਤਾਰੇ ਉਹਨਾਂ ਨੂੰ ਧੱਕੇ ਨਾਲ ਅੱਗੇ ਲਿਆਉਣਗੇ। ਕੀ ਹਨ ਉਹ ਮਸਲੇ?
ਇੰਦਰਾਕਿਉ, ਹਿੰਦੂਤਵੀਉ, ਬਾਦਲਕਿਉ ਅਤੇ ਕਾਮਰੇਡੋ ਤੁਸੀਂ ਪਿਛਲੇ 30-35 ਸਾਲਾਂ ਵਿੱਚ ਲੱਗ-ਭੱਗ ਸਵਾ ਲੱਖ ਸਿੱਖ ਮਰਵਾਏ। ਕਿਉਂ? ਪਰਖ ਅਧੀਨ ਇਸ ਸਵਾਲ ਦਾ ਉੱਤਰ ਕੇਵਲ ਇੰਨਾ ਹੀ ਜਾਪਦਾ ਹੈ ਕਿ ਤੁਹਾਨੂੰ ਨਾਨਕ ਵਿਚਾਰ-ਧਾਰਾ ਅਤੇ ਉਸਦੇ ਉਪਾਸ਼ਕ ਪ੍ਰਵਾਨ ਨਹੀਂ। ਘਟਨਾਵਾਂ ਦਾ ਲੰਮਾ ਵਿਸਤਾਰ ਦੇਣ ਦੀ ਥਾਂ ਕੇਵਲ :-
1.    ਇੰਨੀ ਚਰਚਾ ਕਰਨੀ ਜ਼ਰੂਰੀ ਹੈ ਕੇ 13 ਅਪ੍ਰੈਲ 1984 ਨੂੰ ਸਿੱਖਾਂ ਦੀ ਰਾਜਧਾਨੀ ਅੰਮ੍ਰਿਤਸਰ ਵਿਖੇ, ਖਾਲਸੇ ਦੇ ਜਨਮ-ਦਿਨ ਤੇ, ਤੁਸੀਂ ਆਰੀਆ ਸਮਾਜੀ ਪੱਤਰਕਾਰ ਲਾਲਾ-ਜਗਤ-ਨਰੈਣ ਦੀ ਅਗਵਾਈ ਅਧੀਨ 13 ਨਿਰਦੋਸ਼ ਸਿੱਖ ਮਰਵਾਏ ਅਤੇ ਦੋਸ਼ੀਆਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪ ਸੁਰੱਖਿਆ ਦੇ ਕੇ ਅੰਮ੍ਰਿਤਸਰ ਤੋਂ ਕਢਵਾਇਆ ਅਤੇ ਅਪੀਲ ਨਾ ਕਰਕੇ ਅਦਾਲਤ ’ਚੋਂ ਬਰੀ ਕਰਵਾਇਆ। ਬੀ. ਜੇ. ਪੀ. ਮੁਖੀ ਡਾ. ਬਲਦੇਵ ਪ੍ਰਕਾਸ਼ ਅਤੇ ਕਾਂਗਰਸ ਆਗੂ ਰਘੂਨੰਨਦਨ ਲਾਲ ਭਾਟੀਆ ਇਹਨਾਂ ਦੇ ਨਾਲ ਸਨ।
2.    4 ਜੂਨ 1984 ਨੂੰ ਇੰਦਰਾ ਗਾਂਧੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦੂਜਿਆਂ ਦੀ ਸਰਬ-ਸੰਮਤੀ ਨਾਲ ਹਵਾਈ ਜਹਾਜ਼ਾਂ, ਟੈਂਕਾਂ ਤੇ ਤੋਪਾਂ ਵਾਲੀ ਭਾਰਤੀ ਫੌਜ ਨੂੰ ਹਰਿਮੰਦਰ ਸਾਹਿਬ ਸਮੂਹ ਤੇ ਹਮਲਾ ਕਰਨ ਲਈ ਭੇਜਿਆ ਸੀ। ਜੋ ਵਿਨਾਸ਼ ਹੋਇਆ ਉਹ ਅੱਜ ਇਤਿਹਾਸ ਹੈ। ਅਕਾਲ ਤਖਤ ਅਤੇ ਧਾਰਮਿਕ ਲਾਇਬ੍ਰੇਰੀ ਸਾੜੇ ਗਏ, ਅਥਾਹ ਜਾਨੀ ਨੁਕਸਾਨ ਅਤੇ ਉੱਥੇ ਹੋਏ ਪਾਪਾਂ ਦੇ ਵਰਤਾਰੇ ਸਿਖਰਾਂ ਛੋਹ ਗਏ। ਸਿੱਖ ਜਰਨੈਲ ਸੰਤ ਭਿੰਡਰਾਂ ਵਾਲਿਆਂ ਨੂੰ ਜ਼ਖਮੀ ਹਾਲਤ ਵਿੱਚ ਫੜ੍ਹ ਕੇ, ਤਸੀਹੇ ਦੇ ਕੇ ਇੰਦਰਾ ਦੇ ਹੁਕਮਾਂ ਤਹਿਤ ਮਾਰਿਆ ਗਿਆ। ਬੀ. ਜੇ. ਪੀ. ਆਗੂ ਲਕਸ਼ਮੀ ਕਾਂਤਾ ਚਾਵਲਾ ਜੋ ‘ਸਿਗਰਟ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ’ ਦੇ ਨਾਹਰੇ ਲਾਉਂਦੀ ਸੀ ਨੇ ਮਠਿਆਈਆਂ ਵੰਡੀਆਂ। ਮਗਰੋਂ ਬਾਦਲ ਦੇ ਉਸ ਨੂੰ ਪੰਜਾਬ ਦੀ ਸਿਹਤ ਮੰਤਰੀ ਬਣਾਇਆ। ਉਸ ਸਮੇਂ ਉਸ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਕੀ ਕੈਂਸਰ ਅਤੇ ਤਮਾਕੂ ਦੀ ਸਾਂਝ ਨੂੰ ਬਾਦਲ ਨਹੀਂ ਜਾਣਦਾ? ਜਾਂ ਬੀ. ਜੇ. ਪੀ. ਨਾਲ ‘ਨਹੁੰ-ਮਾਸ’ ਦਾ ਰਿਸ਼ਤਾ ਹੋਣ ਕਾਰਨ ਇਹ ਆਪਣੇ ਸਾਰੇ ਕੋੜਮੇ ਨੂੰ ਸਿਗਰਟਾਂ ਪੀਣ ਦੇ ‘ਗੁਣ’ ਸਿਖਾਉਣਗੇ? ਫੌਜ ਸੱਦਣ ਵਾਲੇ ਸਨ ਪ੍ਰਕਾਸ਼ ਸਿੰਘ ਬਾਦਲ, ਹਰਚਰਨ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਟੌਹੜਾ ਅਤੇ ਸੁਰਜੀਤ ਸਿੰਘ ਬਰਨਾਲਾ ਅਤੇ ਫੌਜ ਭੇਜਣ ਵਾਲੇ ਸਨ, ਭਾਰਤ ਦੇ ਅਜੋਕੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ। ਇਹ ਸਾਰਾ ਕੋੜਮਾ ਅੱਜ ਤਾਈਂ ਇਹ ਮੰਨਣ ਲਈ ਤਿਆਰ ਨਹੀਂ ਕਿ ਭਾਰਤ ਦੀ ਰਾਜਨੀਤਿਕ ਬਣਤਰ ਵਿੱਚ ਉਹ ਤੇ ਕੇਵਲ ਉਹ ਹੀ ‘ਅੱਤਵਾਦੀ’ ਸਨ ਅਤੇ ‘ਅੱਤਵਾਦੀ’ ਹਨ। ਇਸ ਲੜੀ ਵਿੱਚ ਭਾਰਤ ਦੀ ਨਿਆਇਕ ਪ੍ਰਣਾਲੀ ਭਾਵ ਸੁਪਰੀਮ ਕੋਰਟ ਅਤੇ ਪੰਜਾਬ ਦਿੱਲੀ ਦੇ ਜੱਜ ਇਹਨਾਂ ਵੱਡੀਆਂ ਘਟਨਾਵਾਂ ਪ੍ਰਤੀ ਕਿਸੇ ਪਰਖ ਅਤੇ ਅਪਰਾਧਾਂ ਦੇ ਮੁਕੱਦਮੇ ਦਰਜ ਕਰਨ ਦੀ ਥਾਂ ਚੁੱਪ-ਚਾਪ ਬੈਠੇ ਹਨ। ਦਿੱਲੀ ਅਤੇ ਦੇਸ਼ ਦੇ ਹੋਰ ਥਾਈਂ ਜਿਉਂਦੇ ਸਿੱਖ ਸਾੜਨੇ ਅਤੇ ਅਤੇ ਬਲਾਤਕਾਰਾਂ ਦੀਆਂ ਅਨਗਿਣਤ ਘਟਨਾਵਾਂ, ਇਹਨਾਂ ਦੀਆਂ ਆਤਮਾਵਾਂ ਨੂੰ ਕਿਉਂ ਝਮਜੋੜ ਨਹੀਂ ਸਕੀਆਂ? ਉੱਤਰ ਕੇਵਲ ਇੱਕ ਹੀ ਹੈ ਕਿ ਇਹ ਆਪ ‘ਅੱਤਵਾਦੀ’ ਅਤੇ ‘ਨਸਲੀ ਘਿਰਣਾ’ ਦੀ ਮਾਨਸਿਕਤਾ ਦੇ ਦੋਸ਼ੀ ਹਨ। ਇਸੇ ਵਰਤਾਰੇ ਦਾ ਨਾਂ ਹੈ ‘ਫਾਸ਼ੀਵਾਦ’ ਜਿਸ ਦਾ ਰਾਹ ਆਰ. ਐੱਸ. ਐੱਸ. ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਮੋਦੀ ਲੁਕੇ ਅੱਖਰਾਂ ਵਿੱਚ ਪੜ੍ਹਾਉਣ ਦਾ ਯਤਨ ਕਰ ਰਹੇ ਹਨ। ਸਾਰੀ ਕਥਾ ਦਾ ਸਿੱਟਾ ਨਿਕਲਿਆ, ਕਾਂਗਰਸੀ ਮੁਖੀ ਅਤੇ ਪ੍ਰਧਾਨ ਮੰਤਰੀ ਇੰਦਰਾ ਦੀ ਮੌਤ, ਭਾਰਤ ਦੇ ਫੌਜੀ ਮੁਖੀ ਜਨਰਲ ਵੈਟਿਮਾ ਦੀ ਮੌਤ, ਆਰੀਆ ਸਮਾਜੀ ਪੱਤਰਕਾਰ ਲਾਲ ਜਗਤ ਨਰੈਣ ਤੇ ਉਸਦੇ ਬੇਟੇ ਰਮੇਸ਼ ਦੀ ਮੌਤ, ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੀ ਮੌਤ, ਬਾਦਲ ਅਕਾਲੀ ਦਲ ਮੁਖੀ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ, ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਬਅੰਤ ਸਿੰਘ ਦੀ ਮੌਤ ਆਦਿ-ਆਦਿ। ਸਰਕਾਰੀ ਪੱਧਰ ਤੇ ਕਥਿਤ ਕਨੂੰਨ ਅਨੁਸਾਰ ਇਹ ਸਾਰੇ ਅੱਜ ਤਾਈਂ ਵੀ ਨਿਰਦੋਸ਼ ਅਤੇ ‘ਸ਼ਹੀਦ’ ਹਨ। ਦਿੱਲੀ ਆਦਿ ਸ਼ਹਿਰਾਂ ਵਿੱਚ 4000 ਤੋਂ ਲੈ ਕੇ 10,000 ਭਿਆਨਕ ਸਿੱਖ ਕਤਲੇਆਮ ਨੂੰ ‘ਸਿੱਖ ਕੁਲਨਾਸ ਦਾ ਦਰਜਾ’ ਦੇਣਾ ਹੀ ਬਣਦਾ ਹੈ। ਇਹਨਾਂ ਵਰਤਾਰਿਆਂ ਦੀ ਕਨੂੰਨੀ ਅਤੇ ਸੱਚੀ ਪਰਖ ਕਰਾਉਣੀ ਪਵੇਗੀ, ਭਾਵੇਂ ਹਾਕਮ ਕਿੰਨਾ ਵੀ ਜਬਰ ਵਰਤ ਕੇ ਇਸਤੇ ਪਰਦੇ ਪਾਉਣ ਦਾ ਯਤਨ ਕਰਨ।
ਉਪਰੋਕਤ ਪਿਛੋਕੜ ਦੇ ਹੁੰਦਿਆਂ ਹੋਇਆਂ ਵੀ ਸਿੱਖ ਭਾਈਚਾਰਾ ਪੰਜਾਬ ਅਤੇ ਭਾਰਤ ਦੀ ਉੱਨਤੀ ਵਿੱਚ ਹਿੱਸਾ ਪਾਉਣੋਂ ਕਦੇ ਪਿੱਛੇ ਨਹੀਂ ਹਟਿਆ ਅਤੇ ਨਾ ਹਟੇਗਾ। ਨਾਨਕ ਵਿਚਾਰਧਾਰਾ ਦਾ ਬੁਨਿਆਦੀ ਗੁਣ ‘ਸਰਬਤ ਦਾ ਭਲਾ’ ਉਹਨਾਂ ਦਾ ਨਿਸ਼ਾਨਾ ਹੈ ਜੋ ਕਥਿਤ ‘ਸਵਰਾਜ’ ਨਾਲੋਂ ਕਈ-ਕਈ ਗੁਣਾਂ ਉੱਨਤ ਅਤੇ ਸਪੱਸ਼ਟ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਤੇ ਚਲਦਿਆਂ ਹੋਇਆਂ ਅਨੇਕ ਭੁਲੇਖਾ ਪਾਊ ਕੁਰਾਹੀ ਡੰਡਿਆਂ ਸਿੱਖਾਂ ਦੇ ਰਾਹ ਦਾ ਰੋੜਾ ਬਣ ਰਹੀਆਂ ਹਨ। ‘ਸਿੱਖ ਇੱਕ ਵੱਖਰੀ ਕੌਮ ਹਨ’, ‘ਖਾਲਿਸਤਾਨ’, ‘ਦਾੜੀ ਕੇਸ ਤੇ ਪਗੜੀ ਸਿੱਖੀ ਦੀ ਅਸਲੀ ਨਿਸ਼ਾਨੀ’, ਗੁਰਦੁਆਰਿਆਂ ਵਿੱਚ ਰੁਮਾਲੇ, ਚੰਦੋਏ ਆਦਿ ਦੇ ਚੜ੍ਹਾਵੇ, ਸੁੱਖਣਾ ਦੀਆਂ ਪ੍ਰਾਪਤੀਆਂ, ਪਾਪੀਆਂ ਨੂੰ ਸਿਰੋਪੇ ਅਤੇ ਉਪਾਧੀਆਂ, ਪੂਜਾ ਤੇ ਨਾਮ-ਜਪਣ ਦੇ ਅਡੰਬਰ। ਇਹ ਸਭ ਕੁਝ ਬ੍ਰਾਹਮਣਵਾਦੀਆਂ ਦੀ ਦੇਣ ਕੇਵਲ ਨਾਨਕ ਵਿਚਾਰਧਾਰਾ ਦੀ ਇੱਕੋ ਸੇਧ ਨਾਲ ਸਿਫਰ ਹੋ ਜਾਂਦਾ ਹੈ ਅਤੇ ਉਹ ਸੇਧ ਹੈ, ‘ਗਿਆਨ ਦੀ ਪ੍ਰਾਪਤੀ’ ਜੋ ਗੁਰੂ ਹੈ। ਇਸ ਨੂੰ ਹਥਿਆਰ ਬਣਾ ਕੇ ਸਮੁੱਚੀ ਮਾਨਵਤਾ ਦਾ ਕਲਿਆਣ ਕੀਤਾ ਜਾ ਸਕਦਾ ਹੈ। ਕਿਹੜਾ ਰਾਹ ਠੀਕ ਹੈ? ਮੋਦੀ ਦਾ, ਕੇਜਰੀਵਾਲ ਦਾ ਜਾਂ ਨਾਨਕ ਦਾ? ਪਰਖ ਸਾਧ ਸੰਗਤ ਦੀ।

Tag Cloud

DHARAM

Meta