ਮੋਗਾ ਦੇ ਸ਼ਰਮਨਾਕ ਕਾਰੇ ਵਿੱਚ ਅਕਾਲ ਤਖਤ ਦੇ ਜਥੇਦਾਰ, ਸਾਧ ਯੂਨੀਅਨ ਅਤੇ ਅਕਾਲੀ ਮੰਤਰੀਆਂ ਨੇ ਸਿੱਖਾਂ ਦਾ ਸਿਰ ਨੀਵਾਂ ਕੀਤਾ ! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸੰਸਾਰ ਵਿਚ ਕਿਸੇ ਨਾ ਕਿਸੇ ਜਗਾ ਹਰ ਘੜੀ ਕੁੱਝ ਨਾ ਕੁੱਝ ਵਾਪਰਦਾ ਹੀ ਰਹਿੰਦਾ ਹੈ, ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨਾਲ ਮਨੁੱਖੀ ਹਿਰਦਿਆਂ ਵਿੱਚ ਲਾਵਾ ਫਟਣ ਵਰਗੀ ਗਰਮੀ ਦਿਖਾਈ ਦਿੰਦੀ ਹੈ ਅਤੇ ਲੋਕ ਰੋਹ ਸੜਕਾਂ ਉੱਤੇ ਨਿੱਕਲ ਤੁਰਦਾ ਹੈ। ਕਈ ਵਾਰ ਇਸ ਦੀ ਗਰਮੀ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਵੱਡੀਆਂ ਵੱਡੀਆਂ ਹੰਕਾਰੀ ਸਲਤਨਤਾਂ ਦੇ ਤਖਤ ਵੀ ਪਿੰਘਲਾ ਦਿੰਦੀ ਹੈ, ਪਰ ਅਜਿਹੀ ਮੌਕੇ ਕੁੱਝ ਲੋਕ ਸ਼ਕਨੀ ਨੀਤੀ ਉੱਤੇ ਵੀ ਪਹਿਰਾ ਦੇਣ ਤੋਂ ਬਾਜ਼ ਨਹੀਂ ਆਉਂਦੇ ਅਤੇ ਉਹ ਹਮੇਸ਼ਾਂ ਪੀੜਤਾਂ ਦੇ ਵਿਰੋਧ ਵਿੱਚ ਜ਼ਾਲਮਾਂ ਦੀ ਪਿੱਠ ਉੱਤੇ ਆ ਖੜੇ ਹੁੰਦੇ ਹਨ। ਅਜਿਹੇ ਲੋਕਾਂ ਵਿੱਚ ਬੇਸ਼ੱਕ ਕੋਈ ਧਾਰਮਿਕ ਬਿਰਤੀ ਵਾਲਾ ਵੀ ਸ਼ਾਮਲ ਹੋਵੇ, ਪਰ ਉਹ ਪਰੀਪੂਰਨ ਪ੍ਰਮਾਤਮਾਂ ਨੂੰ ਭੁੱਲ ਕੇ ਸਮੇਂ ਦੇ ਸਿਆਸੀ ਰੱਬ ਦੀ ਖੁਸ਼ਨੁੰਦੀ ਹਾਸਲ ਕਰਦੇ ਹਨ ਤਾਂ ਕਿ ਉਹਨਾਂ ਤੋਂ ਦੁਨਿਆਵੀ ਫਾਇਦੇ ਲੈਣ ਵੇਲੇ, ਅਜਿਹੇ ਅਹਿਸਾਨਾਂ ਨੂੰ ਵਰਤਿਆ ਜਾ ਸਕੇ।

ਜੋ ਕੁੱਝ ਬਾਘਾਪੁਰਾਣਾ ਨੇੜੇ ਔਰਬਿਟ ਕੰਪਨੀ ਦੀ ਬੱਸ ਵਿੱਚ ਵਾਪਰਿਆ, ਉਸ ਨੇ ਇੱਕ ਵਾਰ ਦੁਨੀਆ ਹਿਲਾ ਦਿੱਤੀ ਹੈ। ਸਿਰਫ ਪੰਜਾਬ ਨਹੀਂ ਦੁਨੀਆਂ ਦੇ ਹਰ ਕੋਨੇ ਵਿੱਚ ਚਰਚਾ ਹੈ ਕਿ ਮੁੱਖ ਮੰਤਰੀ ਅਤੇ ਫਖਰ-ਏ-ਕੌਮ, ਪਦਮ ਵਿਭੂਸ਼ਣ ਵਰਗੇ ਖਿਤਾਬ ਪ੍ਰਾਪਤ ਕਰਨ, ਪੰਜਾਬ ਦੇ ਉਪ ਮੁਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ ਦੇ ਪਿਤਾ, ਕੇਂਦਰੀ ਮੰਤਰੀ ਬੀਬੀ ਦੇ ਸੌਹਰੇ, ਪੰਜਾਬ ਦੇ ਪੰਜਤਾਲੀ ਮੁੱਖ ਮਹਿਕਮਿਆਂ ਨੂੰ ਆਪਣੇ ਘਰ ਵਿੱਚ ਹੀ ਰੱਖੀ ਬੈਠੇ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਉੱਤੇ ਕਬਜਾ ਕਰੀ ਬੈਠੇ, ਸ. ਪ੍ਰਕਾਸ਼ ਸਿੰਘ ਬਾਦਲ ਦੀ ਬੱਸ ਵਿੱਚ ਅਜਿਹਾ ਘਿਨੌਣਾਂ ਕਾਰਨਾਮਾ ਹੋਇਆ ਹੈ। ਬਜਾਇ ਉਸ ਪੀੜਤ ਪਰਿਵਾਰ ਦੇ ਘਰ ਜਾਣ ਤੋਂ ਸਾਰਾ ਬਾਦਲ ਪਰਿਵਾਰ ਵੱਖਰੇ ਵੱਖਰੇ ਬਿਆਨ ਦੇ ਕੇ ਲੋਕਾਂ ਦੇ ਅੱਖੀ ਘੱਟਾ ਪਾ ਰਿਹਾ ਹੈ। ਨੰਨੀ ਛਾਂ ਦੇ ਨਾਮ ਉੱਤੇ ਸਿਆਸਤ ਕਰਨ ਵਾਲੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦਿੱਲੀ ਬੈਠੀ ਬਿਆਨ ਦੇ ਰਹੀ ਹੈ ਕਿ ਬੱਸ ਸਾਡੀ ਨਹੀਂ, ਪਰ ਉਸ ਦੇ ਸੌਹਰਾ ਸਾਹਿਬ ਚੰਡੀਗੜ੍ਹ ਵਿੱਚ ਬੈਠੇ ਬਿਆਨ ਜਾਰੀ ਕਰ ਰਹੇ ਹਨ ਕਿ ਬਦਕਿਸਮਤੀ ਨਾਲ ਬੱਸ ਸਾਡੀ ਕੰਪਨੀ ਦੀ ਹੈ।

ਸ. ਬਾਦਲ ਹਮੇਸ਼ਾਂ ਵੋਟਾਂ ਅਤੇ ਬੰਦਿਆਂ ਦੀ ਹੈਸੀਅਤ ਨੂੰ ਮੁੱਖ ਰਖਕੇ ਹੀ ਕੋਈ ਕਦਮ ਚੁੱਕਦੇ ਹਨ, ਪਰ ਕਈ ਵਾਰ ਅਜਿਹਾ ਕਰਨਾ ਮਹਿੰਗਾ ਵੀ ਪੈ ਜਾਂਦਾ ਹੈ। ਜਦੋਂ ਗੁਰਦਾਸਪੁਰ ਵਿਖੇ ਇੱਕ ਸ਼ਿਵ ਸੈਨਿਕ ਨੂੰ ਗੋਲੀ ਵੱਜੀ ਤਾਂ ਦੋਵੇ ਬਾਦਲ ਅਤੇ ਪੁਲਿਸ ਮੁਖੀ ਪਲਾਂ ਵਿਚ ਅਮ੍ਰਿਤਸਰ ਪਹੁੰਚ ਗਏ, ਕਿਉਂਕਿ ਉਸ ਦੇ ਪਿੱਛੇ ਆਰ.ਐਸ.ਐਸ.,ਬੀ.ਜੇ.ਪੀ. ਅਤੇ ਕੇਂਦਰ ਦੀ ਸਰਕਾਰ ਦੀ ਸ਼ਕਤੀ ਨਜਰ ਆਉਂਦੀ ਸੀ, ਪਰ ਕਿੰਨਾਂ ਚੰਗਾ ਹੁੰਦਾ, ਜੇ ਸ. ਬਾਦਲ ਬੱਸ ਕਾਂਡ ਵਾਪਰਨ ਦੇ ਕੁੱਝ ਘੰਟਿਆਂ ਬਾਅਦ ਹੀ ਉਸ ਪੀੜਤ ਪਰਿਵਾਰ ਦੇ ਘਰ ਪਹੁੰਚਦੇ ਅਤੇ ਖੁਦ ਉਸ ਗਰੀਬ ਬੱਚੀ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਅਤੇ ਨੰਨੀ ਛਾਂ ਵੀ ਆਪਣੇ ਫਰਜ਼ ਪੂਰੇ ਕਰਦੀ, ਜਿਹੜੇ ਉਹ ਰੋਜ਼ ਮੀਡੀਆਂ ਰਾਹੀ ਪ੍ਰਚਾਰਦੀ ਹੈ।

ਪਰ ਕਪਟੀ ਰਾਜਨੀਤਿਕ ਆਗੂਆਂ ਵਾਲੀ ਬਿਰਤੀ ਉਤੇ ਪਹਿਰਾ ਦਿੰਦਿਆਂ ਬਾਦਲ ਪਰਿਵਾਰ ਨੇ ਤਾਂ ਜੋ ਕੀਤਾ ਸੋ ਕੀਤਾ ਲੇਕਿਨ ਮੁਦਈ ਸੁਸਤ ਗਵਾਹ ਚੁਸਤ ਵਾਂਗੂੰ ਜੋ ਕੁੱਝ ਸਾਧ ਯੂਨੀਅਨ, ਜਥੇਦਾਰਾਂ ਅਤੇ ਸਿੱਖ ਫੈਡਰੇਸ਼ਨਾਂ ਨੇ ਕੀਤਾ ਹੈ, ਉਹ ਉਸ ਤੋਂ ਵੀ ਸ਼ਰਮਨਾਕ ਹੈ। ਨਾਨਕਸ਼ਾਹੀ ਕੈਲੰਡਰ ਰੱਦ ਕਰਨਾਂ ਸੀ ਤਾਂ ਸਾਰਾ ਸਾਧ ਲਾਣਾ ਮੁੱਠੀਆਂ ਵਿੱਚ ਥੁੱਕੀ ਫਿਰਦਾ ਸੀ, ਉਂਜ ਵੀ ਅਸੀਂ ਪਿੰਡਾਂ ਵਿੱਚ ਕਈ ਕਈ ਲੱਖ ਫੰਡ ਇਕੱਠਾ ਕਰਕੇ, ਇਹਨਾਂ ਚਿਮਟਾ ਕੁੱਟਾਂ ਨੂੰ ਸੱਦ ਦੇ ਹਾ ਤੇ ਇਹ ਆ ਕੇ ਸਾਨੂੰ ਬਾਬਾ ਬੋਤਾ ਸਿੰਘ ਗਰਜਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਗੁਰਸਿੱਖਾਂ ਦੀਆਂ ਸਾਖੀਆਂ ਸੁਣਾ ਕੇ, ਸਾਡੀਆਂ ਅੱਖਾਂ ਨਮ ਕਰ ਦਿੰਦੇ ਹਨ ਅਤੇ ਫਿਰ ਤਾਹਨੇ ਵੀ ਦਿੰਦੇ ਹਨ ਕਿ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਅੱਜ ਤੁਸੀਂ ਕੀਹ ਕਰ ਰਹੇ ਹੋ, ਲੇਕਿਨ ਅੱਜ ਇਹ ਸਾਧ ਯੂਨੀਅਨ ਆਪਣੇ ਅੰਦਰ ਵੀ ਝਾਤੀ ਮਾਰੇ ਕਿ ਕਿੰਨੀਆਂ ਸੰਪਰਦਾਵਾ ਉਲਾਰੂ ਹੋਈਆਂ ਫਿਰਦੀਆਂ ਸਨ, ਦਮਦਮੀ ਟਕਸਾਲ, ਨਾਨਕਸਰ, ਨਿਹੰਗ ਜਥੇਬੰਦੀਆਂ ਅਤੇ ਨਾਲ ਨਾਲ ਭਗਵਾ ਢੋਰਾ ਵੀ ਸਰਗਰਮ ਸੀ ਕਿ ਨਾਨਕਸ਼ਾਹੀ ਕੈਲੰਡਰ ਰੱਦ ਕਰਵਾਉਣਾ ਹੈ, ਜੇ ਰੱਦ ਨਾ ਹੋਇਆ ਤਾਂ ਬੜਾ ਅਨਰਥ ਹੋ ਜਾਵੇਗਾ, ਇਸ ਮਸਲੇ ਉੱਤੇ ਬੜੀ ਬਿਆਨਬਾਜ਼ੀ ਹੋਈ, ਪਰ ਆਹ ਜੋ ਏਡਾ ਅਨਰਥ ਹੋਇਆ ਹੈ ਇਹ ਚਿੱਟੀ ਸਿਉਂਕ ਕਿਤੇ ਨਜਰ ਨਹੀਂ ਆਈ, ਕਿ ਕੋਈ ਇਕੱਠ ਕਰਕੇ ਆਖਣ ਕਿ ਜਿਹੜੀ ਸਰਕਾਰ ਦੇ ਹੁੰਦਿਆਂ ਧੀਆਂ ਨੂੰ ਰੋਜ਼ਗਾਰ ਵਾਸਤੇ ਸੜਨਾ ਪਵੇ, ਜਾਂ ਬੱਸਾਂ ਵਿੱਚ ਦਸ ਸਾਲ ਦੀ ਬੱਚੀ ਨੂੰ ਸਫਰ ਕਰਦਿਆਂ, ਆਪਣੀ ਪੱਤ ਲੁਟਵਾਉਣ ਤੋਂ ਰੋਕਣ ਤੇ ਚੱਲਦੀ ਬੱਸ ਵਿੱਚੋਂ ਧੱਕਾ ਦੇ ਦਿੱਤਾ ਜਾਵੇ, ਅਜਿਹੀ ਸਰਕਾਰ ਜਾਂ ਅਜਿਹੇ ਨਿਕੰਮੇ ਪ੍ਰਬੰਧ ਦਾ ਤਖਤਾ ਪਲਟਨਾ ਹੈ, ਕੋਈ ਸਾਧ ਨਹੀਂ ਬੋਲਿਆ।

ਸਿੱਖ ਵਿਦਿਆਰਥੀ ਫੈਡਰੇਸ਼ਨਾ ਦੇ ਕਿੰਨੇ ਧੜੇ ਹਨ ਇੱਕ ਅੱਧੇ ਨੂੰ ਛੱਡਕੇ ਕਿਸੇ ਨੇ ਖੁੱਲਕੇ ਇਸ ਕਾਂਡ ਦੀ ਨਿੰਦਿਆ ਤੱਕ ਨਹੀਂ ਕੀਤੀ। ਜਿਹੜੇ ਹੁਣ ਤੱਕ ਚੁੱਪ ਨੇ ਉਹ ਇਹ ਮੱਤ ਸਮਝਣ ਕਿ ਉਹਨਾਂ ਦੀ ਚੁੱਪ ਉਹਨਾਂ ਨੂੰ ਬਰੀ ਕਰਵਾ ਦੇਵੇਗੀ, ਉਹ ਤਾਂ ਵੱਡੇ ਦੋਸ਼ੀ ਸਮਝੇ ਜਾਣਗੇ, ਜਿਹੜੇ ਗਰੀਬ ਅਬਲਾ ਦੇ ਉੱਤੇ ਹੋਏ ਜ਼ੁਲਮ ਵੇਲੇ, ਸਿਰਫ ਆਪਣੀ ਰਾਜਸੀ ਪੁੱਛ ਪੜਤਾਲ ਖਤਮ ਹੋ ਜਾਣ ਦੇ ਡਰ ਤੋਂ, ਮੂਕਦਰਸ਼ਕ ਬਣੇ ਵਿਖਾਈ ਦੇ ਰਹੇ ਹਨ। ਸਿੱਖ ਕੌਮ ਦੇ ਹਰਾਵਲ ਦਸਤੇ ਦੇ ਵੀ ਪੱਤੇ ਸੁੱਕ ਗਏ ਜਾਪਦੇ ਹਨ। ਸ. ਬਾਦਲ ਦੀ ਵਜਾਰਤ ਵਿੱਚ ਵਜ਼ੀਰੀਆਂ ਮਾਨ ਰਹੇ ਸ. ਸੁਰਜੀਤ ਸਿੰਘ ਰੱਖੜਾ ਆਖ ਰਹੇ ਹਨ ਕਿ ਅਜਿਹਾ ਕੁੱਝ ਕੁਦਰਤ ਦੀ ਮਰਜ਼ੀ ਨਾਲ ਹੀ ਵਾਪਰਦਾ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕੁਦਰਤ ਦੀ ਮਰਜ਼ੀ ਨਾਲ ਕੁੱਝ ਵਾਪਰਦਾ ਹੈ ਤਾਂ ਉਹ ਵੱਖਰਾ ਹੀ ਹੁੰਦਾ ਹੈ। ਜੇ ਕਦੇ ਅਜਿਹਾ ਕੁੱਝ ਵੇਖਣ ਨੂੰ ਦਿਲ ਕਰੇ ਕਿ ਕੁਦਰਤ ਕਿਵੇ ਅਤੇ ਕੀਹ ਵਰਤਾਉਂਦੀ ਹੈ ਤਾਂ ਫਤਿਹਗੜ੍ਹ ਸਾਹਿਬ ਦੇ ਗੁਰਦਵਾਰਾ ਸਾਹਿਬ ਦੇ ਨਾਲ ਲੱਗੇ ਉਚੇ ਢੇਰ ( ਸੂਬਾ ਸਰਹਿੰਦ ਦੇ ਮਹਿਲ ਦਾ ਥੇਹ ਬਣਿਆ ) ਨੂੰ ਵੇਖ ਲੈਣ ਕਿ ਜਦੋ ਕੁਦਰਤ ਕਿਸੇ ਪਾਸਿਓਂ ਚੜ੍ਹਕੇ ਆਉਂਦੀ ਹੈ ਤਾਂ ਜ਼ਾਲਮਾਂ ਦਾ ਕੀਹ ਹਸ਼ਰ ਹੁੰਦਾ ਹੈ। ਇੱਕ ਹੋਰ ਤਾਜੇ ਬਣੇ ਅਕਾਲੀ ਜੋਗਿੰਦਰ ਜੈਨ ਨੇ ਵੀ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ ਹੈ।

ਲੇਕਿਨ ਸਭ ਤੋਂ ਵੱਧ ਅਫਸੋਸ ਉਸ ਵੇਲੇ ਹੋਇਆ ਜਦੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੀੜਤਾਂ ਦੇ ਘਰ ਜਾ ਕੇ ਆਪਣੀ ਪੰਥਕ ਜਿੰਮੇਵਾਰੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਚਾਕਰੀ ਨਿਭਾਉਣ ਦੀ ਥਾਂ ਆਪਣੇ ਸਿਆਸੀ ਆਕਾ ਦੀ ਤਰਫਦਾਰੀ ਕੀਤੀ। ਇਹ ਕੰਮ ਪੁਲਿਸ ਦਾ ਕਿ ਦੋਸ਼ੀਆਂ ਦਾ ਪਤਾ ਲਾਵੇ, ਲੋਕਾਂ ਨੂੰ ਹੱਕ ਹੈ ਕਿ ਅਜਿਹੇ ਮੌਕੇ ਇਸ ਕਾਂਡ ਨਾਲ ਦੂਰੋਂ ਨੇੜਿਓ ਜੁੜੇ ਲੋਕਾਂ ਉੱਤੇ ਕੇਸ ਦਰਜ਼ ਕਰਨ ਦੀ ਮੰਗ ਕਰਨ, ਪਰ ਜਥੇਦਾਰ ਦਾ ਕੰਮ ਇਹ ਨਹੀਂ ਕਿ ਉਹ ਬਿਨਾਂ ਕਿਸੇ ਪੜਤਾਲ ਤੋਂ ਆਪਣੇ ਆਪ ਹੀ ਕਿਸੇ ਨੂੰ ਕਲੀਨ ਚਿੱਟ ਦੇ ਦੇਣ। ਜਦੋਂ ਕਿਸੇ ਪੰਥਕ ਮੁੱਦੇ ਬਾਰੇ ਕੋਈ ਪੱਤਰਕਾਰ ਸਵਾਲ ਪੁਛੇ ਤਾਂ ਜਥੇਦਾਰ ਦਾ ਜਵਾਬ ਹੁੰਦਾ ਹੈ ਕਿ ਹਾਲੇ ਮੇਰੇ ਕੋਲ ਸ਼ਕਾਇਤ ਨਹੀਂ ਆਈ, ਜਦੋਂ ਆਵੇਗੀ ਉਸ ਵੇਲੇ ਕਾਰਵਾਈ ਹੋਵੇਗੀ। ਕੀਹ ਹੁਣ ਜਥੇਦਾਰ ਗੁਰਬਚਨ ਸਿੰਘ ਸਿੱਖ ਸੰਗਤ ਨੂੰ ਦੱਸਣਗੇ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਨੇ ਕਿਹੜੀ ਫਰਿਆਦ ਅਕਾਲ ਤਖਤ ਸਾਹਿਬ ਉੱਤੇ ਆ ਕੇ ਕੀਤੀ ਸੀ, ਕਿ ਸਾਨੂੰ ਮੋਗਾ ਕਾਂਡ ਵਿੱਚ ਗਲਤ ਘੜੀਸਿਆ ਜਾ ਰਿਹਾ ? ਜਿਸ ਦੇ ਅਧਾਰ ਉੱਤੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਿਆਨ ਦਾਗ ਦਿੱਤਾ ਕਿ ਬਾਦਲ ਪਰਿਵਾਰ ਨੂੰ ਬੇਲੋੜਾ ਹੀ ਘੜੀਸਿਆ ਜਾ ਰਿਹਾ ਹੈ।

ਸਿੱਖਾਂ ਵਾਸਤੇ ਹਰ ਦਿਨ ਨਵੀ ਨਮੋਸ਼ੀ ਲੈ ਕੇ ਚੜ੍ਹ ਰਿਹਾ ਹੈ, ਅੱਜ ਸਿੱਖਾਂ ਨੂੰ ਇਹ ਨਿਮੋਸ਼ੀ ਦਿਆਵਉਣ ਵਿੱਚ ਆਕਲੀ ਦਲ, ਸ਼੍ਰੋਮਣੀ ਕਮੇਟੀ, ਸਾਧ ਯੂਨੀਅਨ, ਸਿੱਖ ਫੈਡਰੇਸ਼ਨਾਂ ‘ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਸ਼ਾਮਲ ਹੈ। ਕੀਹ ਸਿੱਖਾਂ ਨੂੰ ਹਾਲੇ ਵੀ ਇਹਨਾਂ ਲੋਕਾਂ ਉੱਤੇ ਕੋਈ ਆਸ ਰੱਖਣੀ ਚਾਹੀਦੀ ਹੈ, ਜਿਹੜੇ ਸਿੱਖ ਇਤਿਹਾਸ ਨੂੰ ਹੀ ਕਲੰਕਤ ਕਰਨ ਲੱਗ ਪਏ ਹਨ।

ਜਾਗੋ ਸਿੱਖੋ ਪਹਿਚਾਨ ਕਰੋ, ਕਿਹੜੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਿਸ ਹਨ ਅਤੇ ਕਿਹੜੇ ਜਕਰੀਆ ਖਾਂ ਦੇ ਤਖਤ ਉੱਤੇ ਨੱਕ ਰਗੜਨ ਵਾਲੇ ਹਨ।

ਗੁਰੂ ਰਾਖਾ !!!

Tag Cloud

DHARAM

Meta