ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ…!! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਸਾਹਿਬ ਨੇ 239 ਸਾਲ ਦੀ ਰੂਹਾਨੀ ਮਸ਼ੱਕਤ ਕਰ ਕੇ ਸਿੱਖ ਕੌਮ ਨੂੰ ਸੰਪੂਰਨ ਕੌਮ ਵਜੋਂ ਰੂਪ ਮਾਨ ਕੀਤਾ ਸੀ ਅਤੇ ਦਸਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਨਾਮ ਦੇ ਇੱਕ ਸਾਧੂ ਵਿੱਚ ਉਸ ਕਲਾ ਨੂੰ ਵੇਖਿਆ, ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਸਤਿਗੁਰੁ ਜੀ ਨੇ ਮਾਧੋ ਦਾਸ ਅੰਦਰਲੇ ਗੁਣਾਂ ਨੂੰ ਪਰਖ ਕੇ ਹੀ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ, ਸਭ ਤੋਂ ਔਖੀ ਸੇਵਾ ਉਹਨਾਂ ਦੇ ਜਿੰਮੇ ਲਗਾ ਕੇ, ਪੰਜਾਬ ਵੱਲ ਤੋਰਿਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਅਤੇ ਪੰਜ ਸਿੰਘ ਦੇ ਕੇ, ਜ਼ੁਲਮੀ ਰਾਜ ਨੂੰ ਸਮਾਪਤ ਕਰ ਕੇ, ਧਰਮੀ ਰਾਜ ਸਥਾਪਤ ਕਰਨ ਵਾਸਤੇ, ਪੰਜਾਬ ਵੱਲ ਨੂੰ ਤੋਰਿਆ ਸੀ।

ਬਹੁਤ ਸਾਰੇ ਵੀਰ ਆਪਣੇ ਜਜ਼ਬਾਤੀ ਰੌਂਅ ਵਿੱਚ ਕਈ ਵਾਰ ਇਹ ਪ੍ਰਚਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜਾਦਿਆਂ ਦਾ ਬਦਲਾ ਲੈਣ ਵਾਸਤੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ, ਜਿਸ ਨਾਲ ਉਹ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਬੜਾ ਛੋਟਾ ਕਰਕੇ ਵੇਖਦੇ ਹਨ ਕਿਉਂਕਿ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਹੀ ਪਿਆਰੇ ਨਹੀਂ ਸਨ, ਉਹ ਸਿੱਖਾਂ ਨੂੰ ਸਾਹਿਬਜ਼ਾਦਿਆਂ ਤੋਂ ਵੀ ਵੱਧ ਪਿਆਰ ਕਰਦੇ ਸਨ। ਇਸ ਕਰਕੇ ਹੀ ਉਹਨਾਂ ਨੇ ਕਿਹਾ ‘‘ਇਨ ਪੁਤਰਨ ਕੇ ਕਾਰਨੇ ਵਾਰ ਦੀ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ’’, ਗੁਰੂ ਸਾਹਿਬ ਦੀ ਸੋਚ ਕੇਵਲ ਬਦਲਿਆਂ ਜਾਂ ਦੁਸ਼ਮਣੀਆਂ ਤਕ ਸੀਮਤ ਨਹੀਂ ਸੀ, ਉਹ ਤਾਂ ਸਮੁੱਚੀ ਮਨੁੱਖਤਾ ਵਿੱਚੋ ਨਫਰਤ ਨੂੰ ਖਤਮ ਕਰਕੇ ਨਿਆਂ ਅਤੇ ਬਰਾਬਰੀ ਦੇ ਬੀਜ ਬੀਜਣਾ ਚਾਹੁੰਦੇ ਸਨ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਦਰ ਉਹ ਝਲਕ ਦੇਖੀ ਅਤੇ ਉਸ ਨੂੰ ਪੰਜਾਬ ਵਿੱਚ ਇੱਕ ਧਰਮੀ ਰਾਜ ਸਥਾਪਤ ਕਰਨ ਵਾਸਤੇ ਤੋਰਿਆ।

ਲੇਕਿਨ ਅੱਜ ਸਾਨੂੰ ਯਾਦ ਹੀ ਨਹੀਂ ਕਿ ਕਿਸ ਦਿਨ ਇਤਿਹਾਸ ਵਿੱਚ ਕੀਹ ਹੋਇਆ ਜਾਂ ਉਸ ਸਮੇਂ ਦਾ ਇਤਿਹਾਸ ਸਾਨੂੰ ਕੀਹ ਸੁਨੇਹਾ ਦਿੰਦਾ ਹੈ। ਅਸੀਂ ਸਭ ਕੁੱਝ ਭੁੱਲਕੇ ਨਿੱਕੇ ਮੋਟੇ ਵਿਗੋਚਿਆਂ ਖਾਤਰ ਆਪਣੇ ਵਿਰਸੇ ਵਿੱਚਲੀ ਜਾਗ੍ਰਿਤੀ ਅਤੇ ਸੇਧ ਤੋਂ ਵਾਂਝੇ ਹੋਏ ਬੈਠੇ ਹਾਂ ਅਤੇ ਦਹਾਕਿਆਂ ਤੋਂ ਨਿਰੰਤਰ ਸੰਤਾਪ ਹੰਢਾ ਕੇ ਵੀ ਸਾਨੂੰ ਸੋਝੀ ਨਹੀਂ ਆਈ। ਅਦਾਰਾ ਪਹਿਰੇਦਾਰ ਨੇ ਇਹ ਹਿੰਮਤ ਕੀਤੀ ਹੈ ਕਿ ਖਾਸ ਮਹਤਵ ਵਾਲੇ ਇਤਿਹਾਸਕ ਦਿਨਾਂ ਨੂੰ, ਉਸ ਦਿਨ ਤੋਂ ਪਹਿਲੇ ਐਤਵਾਰ ਰੋਜ਼ਾਨਾਂ ਪਹਿਰੇਦਾਰ ਦੇ ਮੈਗਜੀਨ ਵਿੱਚ ਪ੍ਰਕਾਸ਼ਿਤ ਕਰਕੇ ਸਿੱਖਾਂ ਅੰਦਰ ਇੱਕ ਚੇਤਨਾ ਪੈਦਾ ਕੀਤੀ ਜਾਵੇ।

ਅੱਜ ਦੇ ਐਤਵਾਰ ਤੋਂ ਬਾਅਦ 27 ਮਈ ਦਾ ਦਿਨ ਆਮ ਕਿਸੇ ਸਿੱਖ ਨੂੰ ਯਾਦ ਨਹੀਂ ਹੋਵੇਗਾ ਕਿ ਉਸ ਦਿਨ ਸਾਡੀ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਨੂੰ ਵਜੀਦਾ ਖਾਨ ਨਾਲ ਚੱਪੜ ਚਿੜੀ ਦੇ ਮੈਦਾਨ ਵਿੱਚ ਯੁੱਧ ਕੀਤਾ ਸੀ। ਬੇਸ਼ਕ ਵਜੀਦੇ ਨੂੰ ਆਪਣੀਆਂ ਤੋਪਾ ਅਤੇ ਬੰਦੂਕਾਂ ਦਾ ਘੁਮੰਡ ਸੀ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਲਗੀਧਰ ਦਾ ਥਾਪੜਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਖੂਨਖਾਰ ਵਜੀਦੇ ਦਾ ਦਿਲ ਹਿਲਾਉ ਅੰਤ ਕਰਕੇ, ਲੋਕਾਂ ਅਤੇ ਸਿੱਖਾਂ ਨੂੰ ਇੱਕ ਭਰੋਸਾ ਦਿੱਤਾ ਕਿ ਬਾਦਸ਼ਾਹੀ ਜਿੱਡੀ ਮਰਜ਼ੀ ਵੱਡੀ ਹੋਵੇ, ਪਰ ਜਦੋਂ ਉਹ ਜਬਰ ਦੇ ਰਾਹ ਤੁਰ ਪਵੇ ਅਤੇ ਲੋਕਾਂ ਦੇ ਹੱਕਾਂ ਦਾ ਹਨਨ ਹੋਣ ਲੱਗ ਪਵੇ, ਧਰਮ ਦੀ ਹਾਨੀ ਹੋਵੇ, ਤਾਂ ਫਿਰ ਅਜਿਹੀ ਬਾਦਸ਼ਾਹੀ ਨੂੰ, ਜੜੋਂ ਉਖੇੜਨ ਵਾਲੇ ਵੀ ਅਕਾਲ ਪੁਰਖ ਭੇਜ ਦਿੰਦਾ ਹੈ, 14 ਮਈ 1710 ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਸ਼ਹਿਰ ਵਿੱਚ ਆ ਵੜੇ ਅਤੇ ਵਜੀਦੇ ਦੇ ਪਿਠੂਆਂ ਵੱਲੋਂ, ਜਿਹੜੀ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਲੁੱਟ ਕਰ ਕਰਕੇ, ਧਨ ਦੌਲਤ ਇਕੱਠੀ ਕੀਤੀ ਸੀ, ਸਿੰਘਾਂ ਨੇ ਸਭ ਕੁੱਝ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਵਜੀਦੇ ਦੇ ਮਹਿਲ ਸਮੇਤ ਪੂਰੇ ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਜਿੱਥੋਂ ਇੱਟ ਨਾਲ ਇੱਟ ਖੜਕਾਉਣ ਦਾ ਮੁਹਾਵਰਾ ਬਣਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜਥੇ ਵਿੱਚੋਂ ਭਾਈ ਬਾਜ਼ ਸਿੰਘ ਨੂੰ ਸਰਹਿੰਦ ਦਾ ਗਵਰਨਰ ਨਿਯੁਕਤ ਕਰ ਦਿੱਤਾ।

ਸਤਲੁਜ ਤੋਂ ਜਮਨਾ ਦੇ ਵਿਚਕਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਜੈਕਾਰ ਹੋ ਰਹੀ ਸੀ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਨਿਮਾਣੇ ਸਿੱਖ ਵਜੋਂ 27 ਮਈ 1710 ਨੂੰ ਸਰਹਿੰਦ ਵਿੱਚ ਦੀਵਾਨ ਸਜਾਇਆ ਅਤੇ ਮੁਗਲ ਹਕੂਮਤ ਦੇ ਝੰਡੇ ਉਤਾਰਕੇ, ਨਿਸ਼ਾਨ ਸਾਹਿਬ ਝੁਲਾ ਦਿੱਤਾ ਅਤੇ ਐਲਾਨ ਕੀਤਾ ਕਿ ਅੱਜ ਸਿੱਖ ਰਾਜ ਸਥਾਪਤ ਹੋ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮੂੰਹ ਸਿੱਖ ਸੰਗਤ ਅਤੇ ਇਲਾਕੇ ਭਰ ਵਿੱਚੋਂ, ਸੂਬੇ ਦੇ ਜੁਲਮਾਂ ਨਾਲ ਸਤਾਏ ਹੋਏ ਲੋਕਾਂ ਨੇ ਆਪਣੀ ਅਸੀਸ ਦੇ ਕੇ ਰਾਜ ਸਿੰਘਾਸਨ ਤੇ ਬਿਰਾਜਮਾਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ ਨੂੰ ਆਪਣੀ ਰਾਜਧਾਨੀ ਐਲਾਨਿਆ, ਆਪਣਾ ਨਿਸ਼ਾਨ, ਆਪਣਾ ਵਿਧਾਨ, ਆਪਣੀ ਫੌਜ, ਆਪਣਾ ਬਾਦਸ਼ਾਹ ,ਸਿੱਖ ਕੌਮ ਉਸ ਦਿਨ ਰਾਜ ਵਾਲੀ ਕੌਮ ਬਣ ਗਈ, ਜਿਸਦਾ ਸਿਹਰਾ ਕਲਗੀਧਰ ਦੀ ਪਾਰਖੂ ਅੱਖ ਦੀ ਚੋਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਜਾਂਦਾ ਹੈ। ਉਸ ਦਿਨ ਹੀ ਸਿੱਖਾਂ ਨੇ ਸਰਹਿੰਦ ਫਤਿਹ ਕਰਨ ਦੇ ਦਿਹਾੜੇ ਤੋਂ ਆਪਣਾ ਸੰਮਤ ਆਰੰਭ ਕਰ ਲਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਸਿੱਖ ਬਾਦਸ਼ਾਹੀ ਦੀ ਕਰੰਸੀ ਨਾਨਕ ਸ਼ਾਹੀ ਸਿੱਕੇ ਵਜੋਂ ਜਾਰੀ ਕੀਤੀ।

ਜਿਸ ਉੱਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ: ‘‘ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ ਨਾਨਕ ਵਹਿਬ ਅਸਤ, ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਾਹਾਂ ਫਜ਼ਲਿ ਸਚਾ ਸਾਹਿਬ ਅਸਤ’’

ਸਿੱਕੇ ਦੇ ਦੂਜੇ ਪਾਸੇ ਲਿਖਿਆ ਹੋਇਆ ਸੀ ‘‘ਜ਼ਰਬ ਬਾ ਅਮਾਨੁੱਦਹਿਰ ਮਸਵਰਤ, ਸ਼ਹਿਰ ਜ਼ੀਨਤੁ ਤਖਤਿ ਮੁਬਾਰਕ ਬਖਤ’’

ਇਸ ਤਰ੍ਹਾਂ ਹੀ ਸਿੱਖ ਬਾਦਸ਼ਾਹੀ ਦੀ ਇਕ ਮੋਹਰ ਵੀ ਜਾਰੀ ਕੀਤੀ ਗਈ ਜਿਸ ਉੱਤੇ ਲਿਖਿਆ ਗਿਆ ‘‘ਦੇਗ ਉ ਤੇਗ ਉ ਫਤਹਿ ਨੁਸਰਤਿ ਬੇਦਰੰਗ , ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ’’

ਇਸ ਤਰ੍ਹਾਂ ਸਿੱਖ ਕੌਮ ਹਰ ਪੱਖੋਂ ਸੰਪੂਰਨ ਹੋ ਕੇ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਵੱਖਰੀ ਕੌਮ ਵਜੋਂ ਦਰਜ਼ ਹੋ ਗਈ, ਜਿਸ ਪਾਸ ਇਕ ਸੰਪੂਰਨ ਕੌਮ ਵਾਲੇ ਸਾਰੇ ਗੁਣ ਭਰਪੂਰ ਹੋ ਚੁੱਕੇ ਸਨ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਭਰਮਾਉਣ ਵਾਸਤੇ ਬਹੁਤ ਲਾਲਚ ਵੀ ਦਿੱਤੇ ਗਏ ਕਿ ਜਿਹੜੀ ਵੀ ਬਾਦਸ਼ਾਹੀ ਚਾਹੀਦੀ ਹੈ, ਉਹ ਅਸੀਂ ਦੇ ਦਿੰਦੇ ਹਾਂ ਤੁਸੀਂ ਇਸ ਬਗਾਵਤੀ ਰਾਹ ਉੱਤੇ ਨਾ ਤੁਰੋ ਅਤੇ ਇੱਕ ਵੱਡੀ ਸਥਾਪਤ ਬਾਦਸ਼ਾਹੀ ਨਾਲ ਟਕਰਾਓ ਦੀ ਨੀਤੀ ਤਿਆਗ ਦਿਓ, ਪਰ ਉਸ ਸਮੇਂ ਜੋ ਜਵਾਬ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਿੱਤਾ ਗਿਆ, ਉਸ ਨੂੰ ਸਮੇਂ ਦੇ ਲਿਖਾਰੀਆਂ ਨੇ ਬੜੀ ਖੂਬ ਸੂਰਤ ਤੁਕਬੰਦੀ ਵਿੱਚ ਦਰਜ਼ ਕੀਤਾ ਹੈ ‘‘ਹਮ ਜਗੀਰ ਨ ਲਹੈ ਤੁਰਕੋਂ ਤੇ ਕਬਹੀ, ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ, ਦਸਮ ਪਿਤਾ ਪਕ੍ਰਾਇਓ ਸਸ਼ਤਰ ਮੋਹਿ ਕਰ ਮੈ, ਸੋ ਹਮ ਕਬਹੁ ਨਾ ਛੋਡਉ ਜੋ ਲੌ ਤਨ ਧਰ ਮੈਂ’’, ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹੋਂ ਨਿਕਲੇ ਇਹ ਸ਼ਬਦ ਸਿੱਖ ਦੇ ਉਚੇ ਆਚਰਨ ਅਤੇ ਸ਼ੀਸ਼ੇ ਵਰਗੇ ਕਿਰਦਾਰ ਦੀ ਤਸਵੀਰ ਪੇਸ਼ ਕਰਦੇ ਹਨ।

ਪਰ ਅੱਜ ਦੇ ਸਿੱਖ ਇੱਕ ਸੂਬੇ ਦੇ ਮੁੱਖ ਮੰਤਰੀ ਬਨਣ ਜਾਂ ਕੇਦਰੀ ਵਜੀਰ ਬਨਣ ਵਾਸਤੇ ਹਾਕਮਾਂ ਦੇ ਪੈਰ ਚੱਟਣ ਤੱਕ ਜਾਂਦੇ ਹਨ, ਕੌਮ ਦੇ ਹਿੱਤਾਂ ਦੀ ਬਲੀ ਦੇ ਕੇ, ਆਪਣੇ ਪਰਿਵਾਰਿਕ ਰਾਜ ਨੂੰ ਚੱਲਦਾ ਰੱਖਣ ਵਾਸਤੇ ਕਿਸੇ ਵੀ ਬੁਰੇ ਦੀ ਹੱਦ ਤੱਕ ਜਾ ਸਕਦੇ ਹਨ।

ਇਸ ਵਾਸਤੇ 27 ਮਈ ਦਾ ਦਿਨ ਸਾਨੂੰ ਹਲੂਣਾ ਦਿੰਦਾ ਹੈ ਕਿ ਸਿੱਖੋ ਤੁਹਾਡਾ ਬਾਦਸ਼ਾਹ ਉਹ ਨਹੀਂ ਹੋ ਸਕਦਾ, ਜਿਹੜਾ ਚੰਦ ਵੋਟਾਂ ਪਿੱਛੇ ਕਿਸੇ ਡੇਰੇਦਾਰ ਦੇ ਪੈਰਾਂ ਵਿੱਚ ਬੈਠਾ ਹੋਵੇ, ਜਾਂ ਆਪਣੀ ਪਰਿਵਾਰਕ ਰਾਜ ਨੂੰ ਸਦੀਵੀ ਬਣਾਉਣ ਵਾਸਤੇ ਕੌਮ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਬਿਪ੍ਰਵਾਦੀਆਂ ਦਾ ਖੁਦ ਕਬਜਾ ਕਰਵਾ ਦੇਵੇ। ਇਸ ਲਈ ਸਾਨੂੰ 27 ਮਈ ਦੀ ਅਹਿਮਤੀਅਤ ਨੂੰ ਸਮਝਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਰਾਜ ਸਿੱਖਾਂ ਨੇ ਪੈਦਾ ਕੀਤਾ ਸੀ ਅਤੇ ਕਿਹੋ ਜਿਹੇ ਸਿੱਖ ਕਿਰਦਾਰ ਸਨ ਕਿ ਏਡੀ ਵੱਡੀ ਕੁਰਬਾਨੀ ਦੇ ਕੇ ਸਿੱਕਾ ਚਲਾਉਣ ਵੇਲੇ ‘‘ਨਾਨਕਸ਼ਾਹੀ’’, ਅੱਜ ਦੇ ਸਿੱਖ ਰਾਜ ਵਿੱਚ ਐਂਬੂੰਲੈਂਸ ਤੇ ਵੀ ਆਪਣੀ ਫੋਟੋ ਲਗਾ ਲੈਂਦੇ ਹਨ।

ਅੱਜ ਅਸੀਂ ਬਰਸੀਆਂ ਮਨਾਉਣ ਵਿਚ ਤਾਂ ਬਹੁਤ ਮੁਹਾਰਤ ਹਾਸਲ ਕਰ ਲਈ ਹੈ, ਪਰ ਇਹਨਾਂ ਅਹਿਮ ਦਿਹਾੜਿਆਂ ਤੋਂ ਅਸੀਂ ਅਵੇਸਲੇ ਹੀ ਹੋ ਗਏ ਜਾਪਦੇ ਹਾ, ਜਿੱਥੇ ਸਾਡੇ ਰਾਜ ਦਾ ਫਾਰਮੁੱਲਾ ਛੁਪਿਆ ਹੋਇਆ ਹੈ, ਆਓ ਹੰਬਲਾ ਮਾਰੀਏ 27 ਮਈ ਨੂੰ ਆਪਣੇ ਮਨ ਅੰਦਰ ਇੱਕ ਸੰਕਲਪ ਕਰੋ ਕਿ ਫਿਰ ਦੁਬਾਰਾ ਅਸੀਂ ਉਹ ਰਾਜ ਇੱਕ ਵਾਰੀ ਕਾਇਮ ਕਰਨਾ ਹੈ, ਜਿਸ ਦੀ ਕਾਮਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਲ ਵਿੱਚ ਸੀ ।ਅਸੀਂ ਕਿਸੇ ਦੀਆਂ ਦਿੱਤੀਆਂ ਸੁਬੇਦਾਰੀਆਂ, ਜਿਹੜੀਆਂ ਸਾਡੇ ਕਿਰਦਾਰ ਨੂੰ ਸ਼ੱਕੀ ਬਣਾਉਂਦੀਆਂ ਹੋਣ ਜਾਂ ਨੀਂਵਾ ਕਰਦੀਆਂ ਹੋਣ, ਨੂੰ ਲੱਤ ਮਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਲਫਜ਼ ਯਾਦ ਕਰੀਏ।

‘‘ਹਮ ਜਗੀਰ ਨ ਲਹੈ ਤੁਰਕੋਂ ਤੇ ਕਬਹੀ, ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ, ਦਸਮ ਪਿਤਾ ਪਕ੍ਰਾਇਓ ਸਸ਼ਤਰ ਮੋਹਿ ਕਰ ਮੈ, ਸੋ ਹਮ ਕਬਹੁ ਨਾ ਛੋਡਉ ਜੋ ਲੌ ਤਨ ਧਰ ਮੈਂ’’

ਗੁਰੂ ਰਾਖਾ !!

Tag Cloud

DHARAM

Meta