ਮਾਘੀ ਦੇ ਜੋੜ ਮੇਲੇ ਦੌਰਾਨ ‘ਆਪ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ; 2017 ਦੀਆਂ ਚੋਣਾਂ ਮੌਕੇ ਦਿੱਲੀ ਦਾ ਇਤਿਹਾਸ ਦੁਹਰਾਏ ਜਾਣ ਦੀ ਬਣੀ ਸੰਭਾਵਨਾ -: ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਮਾਘੀ ਮੌਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਜੋੜਮੇਲੇ ਦੌਰਾਨ ਸਜੀਆਂ ਰਾਜਸੀ ਕਾਨਫਰੰਸਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਭਰਿਆ ਇਸ ਨੇ ਦੋਵੇਂ ਮੁੱਖ ਪਾਰਟੀਆਂ ਬਾਦਲ ਦਲ ਅਤੇ ਕਾਂਗਰਸ ਨੂੰ ਕੜਾਕੇ ਦੀ ਠੰਡ ਵਿੱਚ ਵੀ ਪਸੀਨੋ ਪਸੀਨੀ ਕਰ ਦਿੱਤਾ। ਖਾਸ ਕਰਕੇ ਦੋਵੇਂ ਬਾਦਲਾਂ ਦੇ ਮੱਥੇ ’ਤੇ ਪਈਆਂ ਤਿਊੜੀਆਂ ਅਤੇ ਉਤਰੇ ਚਿਹਰਿਆਂ ਦਾ ਤਾਂ ਮੀਡੀਏ ਨੇ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ। ਸੁਖਬੀਰ ਬਾਦਲ ਨੇ ਤਾਂ ਇਸ ਦਾ ਇਕਬਾਲ ਖ਼ੁਦ ਆਪਣੇ ਭਾਸ਼ਣ ਵਿੱਚ ਹੀ ਕਰ ਦਿੱਤਾ ਜਦੋਂ ਉਨ੍ਹਾਂ ਕਿਹਾ “ਅਕਾਲੀ ਵਰਕਰੋ ਜੰਗ ਸ਼ੁਰੂ ਹੋ ਚੁੱਕੀ ਹੈ; ਜਦੋਂ ਜੰਗ ਲੱਗੀ ਹੋਵੇ ਉਦੋਂ ਲੜਨ ਵਾਲਿਆਂ ਨੂੰ ਗਰਮੀ ਆ ਹੀ ਜਾਂਦੀ ਹੈ; ਸੱਚ ਪੁੱਛੋ ਮੈਨੂੰ ਤਾਂ ਹੁਣੇ ਹੀ ਗਰਮੀ ਆਈ ਜਾਂਦੀ ਹੈ; ਇਸ ਲਈ ਤੁਸੀਂ ਵੀ ਗਰਮ ਹੋ ਜਾਵੋ ਤੇ ਆਹ ਜਿਹੜੀ ਟੋਪੀਆਂ ਵਾਲਿਆਂ ਦੀ ਨਵੀਂ ਪਾਰਟੀ ਆਈ ਹੈ; ਇਨ੍ਹਾਂ ਟੋਪੀਆਂ ਵਾਲਿਆਂ ਨੂੰ ਪੰਜਾਬ ’ਚੋਂ ਭਜਾ ਦੇਵੋ।”

ਸਤਾਧਾਰੀ ਪਾਰਟੀ ਦੇ ਪ੍ਰਧਾਨ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵਰਗੇ ਅਹਿਮ ਅਹੁਦਿਆਂ ’ਤੇ ਬਿਰਾਜਮਾਨ ਵਿਅਕਤੀ ਵੱਲੋਂ ਅਜੇਹਾ ਗੈਰਜਿੰਮੇਵਾਰ ਬਿਆਨ; ਜਿਸ ਵਿੱਚ ਕਿਸੇ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਟੋਪੀਆਂ ਵਾਲੇ ਕਹਿ ਕੇ ਛੁਟਿਆਉਣਾ ਅਤੇ ਰਾਜ ਕਰਦੀ ਪਾਰਟੀ ਦੇ ਵਰਕਰਾਂ ਨੂੰ ਉਕਸਾ ਕੇ ਇਨ੍ਹਾਂ ਟੋਪੀਆਂ ਵਾਲਿਆਂ ਨੂੰ ਪੰਜਾਬ ’ਚੋਂ ਭਜਾਉਣ ਦਾ ਸੱਦਾ ਦੇਣਾ ਅਤਿ ਨਿੰਦਣਯੋਗ ਹੈ। ਜੇ ਸੁਖਬੀਰ ਬਾਦਲ ਦੇ ਇਸ ਬਿਆਨ ਨੂੰ ਇਨ੍ਹਾਂ ਵੱਲੋਂ ਪਿੱਛੇ ਜਿਹੇ ਕੀਤੀਆਂ ਅਖੌਤੀ ਸਦਭਾਵਨਾ ਰੈਲੀਆਂ ਨਾਲ ਮੇਲ ਕੇ ਵੇਖਿਆ ਜਾਵੇ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਹੰਕਾਰ ਦੀ ਟੀਸੀ ’ਤੇ ਬੈਠੇ ਇਨ੍ਹਾਂ ਬਾਦਲਾਂ ਲਈ ਸਦਭਾਵਨਾ, ਦੇਸ਼ ਧ੍ਰੋਹੀ ਅਤੇ ਭਾਈਚਾਰਕ ਸਾਂਝ ਵਾਲੇ ਬਿਆਨਾਂ ਦੇ ਕੀ ਅਰਥ ਹਨ। ਵੈਸੇ ਤਾਂ ਇਸ ਹੰਕਾਰੀ ਬਾਦਲ ਕੋਲੋਂ ਪੁੱਛੇ ਗਏ ਕਿਸੇ ਸਵਾਲ ਦਾ ਸਹੀ ਉੱਤਰ ਮਿਲਣ ਦੀ ਕੋਈ ਆਸ ਹੀ ਨਹੀਂ ਪਰ ਫਿਰ ਵੀ ਆਮ ਲੋਕਾਂ ਦੀ ਜਾਣਕਾਰੀ ਲਈ ਇਨ੍ਹਾਂ ਤੋਂ ਦੋ ਸਵਾਲ ਪੁੱਛਣਾ ਜਰੂਰੀ ਸਮਝਦਾ ਹਾਂ।

ਪਹਿਲਾ ਸਵਾਲ ਤਾਂ ਇਹ ਹੈ ਕਿ ਬਾਦਲ ਪਰਿਵਾਰ ਨੇ ਤਾਂ ਪਹਿਲਾਂ ਹੀ ਕਾਲੀਆਂ ਟੋਪੀਆਂ ਅਤੇ ਖਾਕੀ ਨਿਕਰਾਂ ਵਾਲਿਆਂ ਨਾਲ ਸਾਂਝ ਪਾਈ ਹੋਈ ਹੈ। “ਆਪ” ਦੇ ਮੁਕਾਬਲੇ ’ਤੇ ਇਨ੍ਹਾਂ ਦੀ ਭਾਈਵਾਲ ਭਾਜਪਾ ਨੇ ਵੀ ਭਗਵੀਆਂ ਟੋਪੀਆਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋ ਜੇ ਸੁਖਬੀਰ ਨੂੰ ਕਾਲੀਆਂ ਅਤੇ ਭਗਵੀਆਂ ਟੋਪੀਆਂ ਵੇਖ ਕੇ ਗਰਮੀ ਨਹੀਂ ਚੜ੍ਹਦੀ ਤਾਂ ‘ਆਪ’ ਦੇ ਵਰਕਰਾਂ ਦੇ ਸਿਰਾਂ ’ਤੇ ਚਿੱਟੀਆਂ ਟੋਪੀਆਂ ਵੇਖ ਕੇ ਹੀ ਕਿਉਂ ਇੰਨੀ ਗਰਮੀ ਚੜ੍ਹ ਰਹੀ ਹੈ; ਜਿਸ ਸਦਕਾ ਆਪਣੇ ਅਹੁਦੇ ਦੀ ਮਾਣ ਮਰਿਆਦਾ ਤੇ ਜਿੰਮੇਵਾਰੀਆਂ ਨੂੰ ਵੀ ਭੁੱਲ ਕੇ ਕਿਸੇ ਪਾਰਟੀ ਦੇ ਵਰਕਰਾਂ ਨੂੰ ਭਜਾਉਣ ਦੀ ਹਦਾਇਤ ਉਸ ਨੂੰ ਉਸ ਸਟੇਜ ਤੋਂ ਕਰਨੀ ਪਈ ਜਿੱਥੇ ਇੰਟਰਨੈਸ਼ਨਲ ਮੀਡੀਏ ਦੀ ਅੱਖ ਟਿਕੀ ਹੋਈ ਸੀ। ਚੇਤੇ ਰੱਖਣਯੋਗ ਹੈ ਕਿ ਅੰਤਰਾਸ਼ਟਰ ਪੱਧਰ ’ਤੇ ਚਿੱਟੇ ਰੰਗ ਨੂੰ ਸ਼ਾਂਤੀ ਦ ਪ੍ਰਤੀਕ ਵਜੋਂ ਮਾਣਤਾ ਮਿਲੀ ਹੋਈ ਹੈ। ਫਿਰ ਇਹ ਸੋਚਣ ਦਾ ਵਿਸ਼ਾ ਹੈ ਕਿ ਸੁਖਬੀਰ ਬਾਦਲ ਦਾ ਕਾਲੀਆਂ ਤੇ ਭਗਵੀਆਂ ਟੋਪੀਆਂ ਵਾਲੇ; ਜਿਨ੍ਹਾਂ ਸਦਕਾ ਦੇਸ਼ ਵਿੱਚ ਅਸਹਿਨਸ਼ੀਲਤਾ, ਡਰ ਅਤੇ ਸਹਿਮ ਦਾ ਮਹੌਲ ਬਣਿਆ ਪਿਆ ਹੈ; ਨਾਲ ਮੇਲ ਮਿਲਾਪ ਅਤੇ ਸ਼ਾਂਤੀ ਦੇ ਪ੍ਰਤੀਕ ਚਿੱਟੇ ਰੰਗ ਨਾਲ ਨਫਰਤ ਕਰਨ ਦੇ ਕੀ ਅਰਥ ਕੱਢੇ ਜਾਣ। ਕੀ ਸਦਭਾਵਨਾ ਦੇ ਇਹੀ ਅਰਥ ਹੁੰਦੇ ਹਨ ਕਿ ਜਿਹੜੀ ਪਾਰਟੀ ਜਾਂ ਸੰਸਥਾ ਭਾਵੇਂ ਕਿਤਨੀ ਵੀ ਘੱਟ ਗਿਣਤੀ ਵਿਰੋਧੀ ਹੋਵੇ ਪਰ ਜੇ ਉਹ ਬਾਦਲ ਪਰਿਵਾਰ ਨੂੰ ਸਤਾ ਦੀ ਕੁਰਸੀ ’ਤੇ ਬਿਠਾਈ ਰੱਖਣ ਲਈ ਸਹਾਇਕ ਹੋਵੇ ਤਾਂ ਉਸ ਨੂੰ ਗਲੇ ਨਾਲ ਲਗਾਈ ਰੱਖਣਾ ਹੈ ਪਰ ਜੇ ਕੋਈ ਪਾਰਟੀ ਇਸ ਪਰਿਵਾਰ ਦੀ ਸਿਆਸੀ ਅਜਾਰੇਦਾਰੀ ਲਈ ਖਤਰਾ ਹੋਵੇ ਤਾਂ ਕਿਸੇ ਨੂੰ ਦੋਸ਼ ਧ੍ਰੋਹੀ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਾ ਦੱਸਣਾ ਅਤੇ ਕਿਸੇ ਪਾਰਟੀ ਦੇ ਵਰਕਰਾਂ ਨੂੰ ਟੋਪੀਆਂ ਵਾਲੇ ਕਹਿ ਕੇ ਪੰਜਾਬ ਵਿੱਚੋਂ ਭਜਾਉਣ ਦਾ ਸੱਦਾ ਦੇ ਕੇ ਸਿੱਧੇ ਤੌਰ ’ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਆਪਣੇ ਵਰਕਰਾਂ ਨੂੰ ਭੜਕਾ ਕੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਤਾਰ ਤਾਰ ਕਰਨਾ ਹੈ।

ਦੂਸਰਾ ਸਵਾਲ ਹੈ ਕਿ ਪੰਜਾਬ ਵਿੱਚ ‘ਆਪ’ ਦੀ ਵਧ ਰਹੀ ਤਾਕਤ ਨੂੰ ਵੇਖ ਕੇ ਬੁਖ਼ਲਾਹਟ ਵਿੱਚ ਆਈ ਅਕਾਲੀ ਲੀਡਰਸ਼ਿਪ ਕਈ ਵਾਰ ਇਹ ਦੋਸ਼ ਵੀ ਲਾਉਂਦੀ ਵੇਖੀ ਜਾ ਰਹੀ ਹੈ ਕਿ ਫਤਹਿਗੜ੍ਹ ਸਾਹਿਬ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਜੋੜਮੇਲੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਟੋਪੀਆਂ ਪਾ ਕੇ ਕੀਤੀ ਸ਼ਮੂਲੀਅਤ ਨਾਲ ਸਿੱਖਾਂ ਦੀ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਹੈ ਜਿਨ੍ਹਾਂ ਨੂੰ ਸਿੱਖ ਕਦੀ ਵੀ ਮੁਆਫ ਨਹੀਂ ਕਰਨਗੇ! ਇਹ ਬਿਆਨ ਆਪਣੇ ਆਪ ਵਿੱਚ ਹੀ ਹਾਸੋਹੀਣਾ ਹੈ ਅਤੇ ਸਾਰੀਆਂ ਧਾਰਮਿਕ ਮਰਿਆਦਾਵਾਂ ਨੂੰ ਛਿੱਕੇ ਟੰਗਣ ਵਾਲਿਆਂ ਦੀ ਅਕਲ ਦਾ ਜ਼ਨਾਜ਼ਾ ਕੱਢਣ ਦੇ ਤੁਲ ਹੈ। ਜਿਸ ਪਾਰਟੀ ਦੇ ਯੂਥ ਵਿੰਗ ਅਤੇ ਐੱਸ.ਓ.ਆਈ. ਦੇ 90% ਤੋਂ ਵੱਧ ਵਰਕਰ ਸਫਾਚੱਟ ਭਾਵ ਕਲੀਨ ਸ਼ੇਵਨ ਹੋਣ, ਦਾਹੜੀ ਕੱਟੇ ਸੀਨੀਅਰ ਅਕਾਲੀ ਨੇਤਾਵਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੋਵੇ, ਜਿਸ ਪਾਰਟੀ ਦੇ ਮੁੱਖ ਆਗੂਆਂ ’ਤੇ ਨਸ਼ਾ ਤਸ਼ਕਰਾਂ ਨਾਲ ਸਿੱਧੇ ਸਬੰਧਾਂ ਦੀ ਚਰਚਾ ਹਰ ਰੋਜ਼ ਮੀਡੀਏ ਦੀਆਂ ਸੁਰਖੀਆਂ ਬਣਦੀ ਹੋਵੇ, ਜਿਸ ਦਾ ਪ੍ਰਧਾਨ ਅਤੇ ਸਰਪ੍ਰਸਤ ਹਰ ਰੋਜ ਮੰਦਰਾਂ ਵਿੱਚ ਜਾ ਕੇ ਹਵਨ ਅਤੇ ਬੂੱਤ ਪੂਜਾ ਕਰਦੇ ਵਿਖਾਈ ਦਿੰਦੇ ਹੋਣ, ਨੂੰਹਰਾਣੀ ਨਿਸ਼ੰਗ ਹੋ ਕੇ ਸ਼ਿਵਲਿੰਗ ਦੀ ਪੂਜਾ ਕਰਦੀ ਹੋਵੇ; ਉਸ ਪਾਰਟੀ ਦੇ ਆਗੂ ਕਿਸੇ ਹੋਰ ਪਾਰਟੀ ਦੇ ਗੈਰਸਿੱਖ ਵਰਕਰਾਂ ਵੱਲੋਂ ਟੋਪੀਆਂ ਲੈਣ ਨੂੰ ਸਿੱਖ ਮਰਿਆਦਾਵਾਂ ਦੀ ਹੋਈ ਉਲੰਘਣਾਂ ਦੱਸਣ, ਤਾਂ ਅਜਿਹੇ ਆਗੂਆਂ ਦੇ ਬਿਆਨਾਂ ’ਤੇ ਹੱਸਣ ਤੋਂ ਇਲਾਵਾ ਹੋਰ ਕੋਈ ਕੀ ਕਰ ਸਕਦਾ ਹੈ! ਪਰ ਸੁਖਬੀਰ ਬਾਦਲ ਨੂੰ ਤਾਂ ਆਪਣੇ ਵੱਲੋਂ ਲਾਏ ਅਜਿਹੇ ਹਾਸੋਹੀਣੇ ਦੋਸ਼ਾਂ ਦਾ ਸਪਸ਼ਟੀਕਰਨ ਖੁਦ ਹੀ ਦੇਣਾ ਚਾਹੀਦਾ ਹੈ।

50 ਸਾਲਾਂ ਤੋਂ ਚੁਟਕਲੇ ਸੁਣਾ ਕੇ ਕੌਮ ਨੂੰ ਬੁੱਧੂ ਬਣਾਉਂਦੇ ਆ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਇਸੇ ਸਟੇਜ ਤੋਂ ਕਿਸਾਨਾਂ ਅਤੇ ਸਿੱਖਾਂ ਨੂੰ ਭਰਮਾਉਣ ਲਈ ਇੱਕ ਹੋਰ ਚੁਟਕਲਾ ਸੁਣਾਇਆ। ਕਹਿੰਦਾ : “ਕੇਜਰੀਵਾਲ ਨੂੰ ਤਾਂ ਆਹ ਖੇਤਾਂ ਵਿੱਚ ਲੈ ਆਓ; ਉਸ ਨੂੰ ਇਹ ਨਹੀਂ ਪਤਾ ਕਿ ਇਹ ਕਣਕ ਦੇ ਬੂਟੇ ਹਨ ਜਾਂ ਜੌਂਵਾਂ ਦੇ। ਸੋ ਜਿਸ ਨੂੰ ਪੰਜਾਬ ਦੇ ਸਭਿਆਚਾਰ ਬਾਰੇ ਕੋਈ ਜਾਣਕਾਰੀ ਨਹੀਂ, ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ, ਕਿਸਾਨਾਂ ਦੀਆਂ ਫਸਲਾਂ ਬਾਰੇ ਕੋਈ ਜਾਣਕਾਰੀ ਨਹੀਂ; ਦੱਸੋ ਉਹ ਪੰਜਾਬ ਅਤੇ ਇਥੋਂ ਦੇ ਕਿਸਾਨਾਂ ਦਾ ਕੀ ਭਲਾ ਕਰ ਦੇਵੇਗਾ? ਸੋ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਕਿਸਾਨੀ ਦਾ ਭਲਾ ਚਾਹੁੰਦੇ ਹੋ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਇਨ੍ਹਾਂ ਟੋਪੀਆਂ ਵਾਲਿਆਂ ਦੀ ਪਾਰਟੀ ਵਿੱਚ ਜਾਣ ਤੋਂ ਰੋਕਣ। ਹੰਡੇਵਰਤੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ; ਜਿਹੜੇ ਡੇਰਾ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਿਵਾਉਣ ਅਤੇ ਬਰਗਾੜੀ ਵਿੱਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉਪਰੰਤ ਵਾਪਰੀਆਂ ਮੰਦਭਾਗੀ ਘਟਨਾਵਾਂ ਮਗਰੋਂ ਬੁਰੀ ਤਰ੍ਹਾਂ ਘਿਰ ਗਈ ਸੀ; ਉਸ ਨੂੰ ਪਹਿਲੀ ਵਾਰ ਮਹਿਸੂਸ ਹੋਣ ਲੱਗਾ ਸੀ ਕਿ ਸਤਾ ਦੀ ਕੁਰਸੀ ਉਨ੍ਹਾਂ ਹੇਠੋਂ ਖਿਸਕ ਸਕਦੀ ਹੈ। ਵੈਸੇ ਤਾਂ 2014 ਦੀ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੇ ਹੀ ਵਿਖਾ ਦਿੱਤਾ ਸੀ ਕਿ ਸਰਕਾਰੀ ਨੀਤੀਆਂ ਕਾਰਨ ਕਿਸਾਨਾਂ ਦੀ ਆਰਥਿਕ ਤੰਗੀ, ਸਤਾਧਾਰੀ ਲੋਕਾਂ ਵੱਲੋਂ ਨਸ਼ਾ ਤਸ਼ਕਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਅਤੇ ਪੰਜਾਬ ਵਿੱਚ ਚੱਲ ਰਹੇ ਰੇਤਾ ਬੱਜਰੀ ਤੇ ਹੋਰ ਕਈ ਤਰ੍ਹਾਂ ਦੇ ਮਾਫੀਏ ਕਾਰਨ ਪੰਜਾਬ ਦੇ ਲੋਕ ਸਤਾਧਾਰੀ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਉਹ ਕਿਸੇ ਤੀਸਰੇ ਬਦਲ ਦੀ ਭਾਲ ਵਿੱਚ ਹਨ। ਜਿਸ ਦਾ ਸਪਸ਼ਟ ਸੰਕੇਤ ਸੀ ਕਿ ਬਿਲਕੁਲ ਨਵੀਂ ਜਨਮੀ ਆਮ ਆਦਮੀ ਪਾਰਟੀ ਦੇ ਤੇਰਾਂ ਵਿੱਚੋਂ ਚਾਰ ਐੱਮ.ਪੀ. ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਏ ਅਤੇ ਬਾਕੀ ਸੀਟਾਂ ’ਤੇ ਵੀ ਲੋਕਾਂ ਨੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਚੰਗਾ ਹੁੰਗਾਰਾ ਦਿੱਤਾ।

ਪਰ ਇਸ ਪਿੱਛੋਂ ਵੀ ਬਾਦਲ ਦਲ ਨੂੰ ਇਹ ਗਲਤ ਫਹਿਮੀ ਸੀ ਕਿ ਪੰਜਾਬ ਵਿੱਚ ‘ਆਪ’ ਦਾ ਉਭਾਰ ਕਾਂਗਰਸ ਦਾ ਵੱਧ ਨੁਕਸਾਨ ਕਰੇਗਾ ਜਿਸ ਦਾ ਅਸਿੱਧੇ ਤੌਰ ’ਤੇ ਲਾਭ ਉਨ੍ਹਾਂ ਨੂੰ ਹੀ ਪੁੱਜੇਗਾ। ਉਨ੍ਹਾਂ ਦੀ ਇਹ ਗਲਤ ਫਹਿਮੀ ਕਿਸੇ ਹੱਦ ਤੱਕ ਹੈ ਵੀ ਠੀਕ ਸੀ ਕਿਉਂਕਿ ਜੇ ਕਰ 2014 ਵਿੱਚ ‘ਆਪ’ ਉਮੀਦਵਾਰ ਚੋਣ ਮੈਦਾਨ ਵਿੱਚ ਨਾ ਹੁੰਦੇ ਤਾਂ ਪੰਜਾਬ ਦੀਆਂ 13 ਸੀਟਾਂ ਵਿੱਚੋਂ ਕਾਂਗਰਸ ਘੱਟੋ ਘੱਟ 7 ਜਾਂ 8 ਸੀਟਾਂ ’ਤੇ ਕਾਬਜ਼ ਹੋ ਜਾਂਦੀ ਜਦੋਂ ਕਿ ਅਕਾਲੀ ਭਾਜਪਾ ਨੂੰ 5-6 ਸੀਟਾਂ ’ਤੇ ਹੀ ਸਬਰ ਕਰਨਾ ਪੈਣਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੋਂ ਬਾਦਲ ਦਲ ਦੇ ਗਰਾਫ ਵਿੱਚ ਆਈ ਗਿਰਾਵਟ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਪਿੱਛੋਂ ਤਾਂ ਬਾਦਲ ਦਲ ਨੂੰ ਕੁਝ ਹੁਲਾਰਾ ਮਿਲਣ ਦਾ ਵਾਧਾ ਉਨ੍ਹਾਂ ਦੀ ਸੋਚ ਦੇ ਇਸ ਅਧਾਰ ’ਤੇ ਹੋਇਆ ਕਿਉਂਕਿ ਉਨ੍ਹਾਂ ਅਨੁਸਾਰ ਕੈਪਟਨ ਦਾ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਤੇ ਸਿੱਖਾਂ ਵਿੱਚ ਤਕੜਾ ਆਧਾਰ ਹੋਣ ਕਰਕੇ ਬਾਦਲ ਵਿਰੋਧੀ ਵੋਟ ਕਾਂਗਰਸ ਅਤੇ ‘ਆਪ’ ਵਿੱਚ ਵੰਡੀ ਜਾਣ ਦੇ ਆਸਾਰ ਵਧਣ ਕਰਕੇ ਬਾਦਲ ਦਲ-ਭਾਜਪਾ ਦਾ ਦਾਅ ਲੱਗ ਸਕਦਾ ਹੈ ਜਦੋਂ ਕਿ ਕੈਪਟਨ ਦੀ ਗੈਰ ਹਾਜਰੀ ਵਿੱਚ ਬਾਦਲ ਵਿਰੋਧੀ ਵੋਟ ਦੇ ਵੱਡੇ ਹਿੱਸੇ ਦਾ ਝੁਕਾਉ ਕੇਵਲ ‘ਆਪ’ ਵੱਲ ਹੋਣ ਕਾਰਨ ਬਾਦਲ ਦਲ ਦੀ ਸਿਰਦਰਦੀ ਵਧ ਸਕਦੀ ਸੀ। ਪਰ ਜਦ ਬਾਦਲਾਂ ਨੇ ਮਾਘੀ ਮੇਲੇ ਮੌਕੇ ਵੇਖਿਆ ਕਿ ਬਾਦਲ ਦਲ ਵੱਲੋਂ ਸਤਾ ਦੀ ਪੂਰੀ ਤਾਕਤ ਝੋਕਣ ਦੇ ਬਾਵਯੂਦ, ਪੈਸੇ ਅਤੇ ਨਸ਼ਿਆਂ ਦੀ ਵੰਡ ਦੇ ਬਾਵਯੂਦ ‘ਆਪ’ ਦੀ ਰੈਲੀ ਵਿੱਚ ਆਪ ਮੁਹਾਰੇ ਅਤੇ ਆਪਣੇ ਪੈਸੇ ਇਕੱਠੇ ਕਰਕੇ ਬੱਸਾਂ ਕਰਾਏ ’ਤੇ ਲੈ ਕੇ ਆਏ ਲੋਕਾਂ ਦਾ ਇਕੱਠ ਕਾਂਗਰਸ ਅਤੇ ਬਾਦਲ ਦਲ ਦੋਵਾਂ ਦੇ ਇਕੱਠ ਨੂੰ ਜੋੜ ਕੇ ਵੀ ਕਿਤੇ ਵੱਧ ਸੀ ਅਤੇ ਹੋਰ ਤਾਂ ਹੋਰ ਇਕੱਠ ਦੇ ਹਿਸਾਬ ਨਾਲ ਬਾਦਲ ਦਲ ਕਾਂਗਰਸ ਨਾਲੋਂ ਵੀ ਕਾਫੀ ਪਛੜ ਗਿਆ ਤਾਂ ਬਾਦਲ ਪਰਿਵਾਰ ਦੀ ਬੁਖ਼ਲਾਹਟ ਵਿੱਚ ਵਾਧਾ ਹੋਣਾ ਕੁਦਰਤੀ ਸੀ। ਇਸ ਬੁਖਲਾਹਟ ਕਾਰਨ ਹੀ ਦੋਵਾਂ ਬਾਦਲਾਂ ਦੇ ਬਿਆਨ ਆਏ ਸਨ। ਸੁਖਬੀਰ ਬਾਦਲ ਦੇ ਬਿਆਨਾਂ ਚੋਂ ਉਪਜੇ ਸਵਾਲ ਤਾਂ ਪਾਠਕਾਂ ਦੇ ਰੂਬਰੂ ਕਰ ਹੀ ਦਿੱਤੇ ਹਨ ਹੁਣ ਪ੍ਰਾਕਸ਼ ਸਿੰਘ ਬਾਦਲ ਲਈ ਵੀ ਕੁਝ ਹੇਠ ਲਿਖੇ ਸਵਾਲ ਹਨ।

ਬਾਦਲ ਸਾਹਿਬ ਤੁਹਾਨੂੰ ਤਾਂ ਕਿਸਾਨਾਂ ਦੀਆਂ ਫਸਲਾਂ ਅਤੇ ਉਨ੍ਹਾਂ ਦੇ ਮਸਲਿਆਂ ਸਬੰਧੀ ਭਰਪੂਰ ਜਾਣਕਾਰੀ ਹੈ ਤਾਂ ਤੁਸੀਂ ਹੀ ਦੱਸੋ ਕਿ 1997 ਤੋਂ 2002 ਤੱਕ ਜਦੋਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਦੌਰਾਨ ਨਕਲੀ ਦੁਆਈਆਂ ਕਾਰਨ ਪੰਜਾਬ ਵਿੱਚ ਨਰਮੇ (ਕਪਾਹ) ਦੀ ਖੇਤੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਟੇਲਾਂ ’ਤੇ ਕਦੀ ਨਹਿਰੀ ਪਾਣੀ ਪਹੁੰਚਦਾ ਹੀ ਨਹੀਂ ਸੀ। ਕਣਕ, ਝੋਨਾ, ਆਲੂ ਵੇਚਣ ਵਾਲੇ ਕਿਸਾਨ ਕਿੰਨੇ ਹੀ ਦਿਨ ਮੰਡੀਆਂ ਵਿੱਚ ਰੁਲਦੇ ਰਹਿੰਦੇ ਸਨ, ਵਿੱਕ ਚੁੱਕੇ ਮਾਲ ਦੀ ਕਦੀ ਸਮੇਂ ਸਿਰ ਅਦਾਇਗੀ ਨਹੀਂ ਸੀ ਹੋਈ। ਆਲੂਆਂ ਦਾ ਤਾਂ ਕੋਈ ਗਾਹਕ ਹੀ ਨਹੀਂ ਸੀ ਮਿਲਦਾ ਜਿਸ ਕਾਰਨ ਕਿਸਾਨਾਂ ਨੂੰ ਆਲੂ ਸੁੱਟਣ ਲਈ ਵੀ ਕਿਧਰੇ ਥਾਂ ਨਹੀਂ ਸੀ ਮਿਲਦੀ। ਕਿਸਾਨਾਂ ਦੀ ਆਰਥਿਕ ਤੰਗੀ ਕਾਰਨ ਪਿੰਡਾਂ ਦੇ ਪਿੰਡ ਵਿਕਾਊ ਹੋਣ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਸਨ। ਹੈਰਾਨੀ ਹੈ ਕਿ ਜਿਸ ਕਾਂਗਰਸ ਨੂੰ ਹਮੇਸ਼ਾਂ ਪੰਜਾਬ ਅਤੇ ਕਿਸਾਨ ਵਿਰੋਧੀ ਦੱਸ ਕੇ ਭੰਡਿਆ ਜਾਂਦਾ ਹੈ ਉਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ 2007-2012 ਦੌਰਾਨ ਨਹਿਰੀ ਪਾਣੀ ਟੇਲਾਂ ’ਤੇ ਪਹੁੰਚਣਾਂ ਸ਼ੁਰੂ ਹੋਇਆ ਨਕਲੀ ਕੀੜੇਮਾਰ ਦੁਆਈਆਂ ਦਾ ਧੰਦਾ ਕਰਨ ਵਾਲਿਆਂ ਦੀ ਨਕੇਲ ਕਸੀ ਗਈ; ਜਿਸ ਕਾਰਨ ਨਰਮੇ (ਕਪਾਹ) ਦੀ ਫਸਲ ਫਿਰ ਹੋਣੀ ਸ਼ੁਰੂ ਹੋਈ ਪੰਜੇ ਹੀ ਸਾਲ ਕਿਸਾਨਾਂ ਨੂੰ ਫਸਲ ਵੇਚਣ ਅਤੇ ਵਿਕੇ ਮਾਲ ਦੀ ਅਦਾਇਗੀ ਪ੍ਰਾਪਤ ਕਰਨ ਵਿੱਚ ਕੋਈ ਦਿਕਤ ਨਹੀਂ ਆਈ ਜਿਸ ਕਾਰਨ ਮਰਦੀ ਕਿਸਾਨੀ ਵਿੱਚ ਮੁੜ ਤੋਂ ਸਾਹ ਪੈਣਾ ਸ਼ੁਰੂ ਹੋਇਆ। ਇਹੋ ਕਾਰਨ ਹੈ ਕਿ ਜਿਹੜੇ ਕਿਸਾਨ ਪਿੰਡ ਵਿਕਾਊ ਹੋਣ ਦੀਆਂ ਖ਼ਬਰਾਂ ਲਵਾਉਂਦੇ ਸਨ; ਉਹੀ ਕਿਸਾਨ ਸਰਕਾਰ ਵੱਲੋਂ ਜ਼ਮੀਨਾਂ ਐਕੁਆਇਰ ਕਰਨ ਦੇ ਵਿਰੋਧ ਵਿੱਚ ਮੁਜਾਹਰੇ ਕਰਦੇ ਵੇਖੇ ਜਾਣ ਲੱਗੇ। ਇਸ ਤੋਂ ਵੱਧ ਹੈਰਾਨੀ ਇਹ ਹੈ ਕਿ ਤੁਹਾਡੀ (ਬਾਦਲ) ਸਰਕਾਰ ਦੁਬਾਰਾ ਆਉਣ ’ਤੇ ਉਹੀ ਨਕਲੀ ਦੁਆਈਆਂ ਦੇ ਸਕੈਂਡਲ ਫਿਰ ਸ਼ੁਰੂ ਹੋ ਗਏ। ਪੰਜਾਬ ਦੀ ਜੁਆਨੀ ਚਿੱਟੇ ਨੇ ਖਾ ਲਈ, ਨਰਮਾ ਚਿੱਟੇ ਮੱਛਰ ਨੇ ਖਾ ਲਿਆ ਜਿਸ ਕਾਰਨ ਸਭ ਤੋਂ ਖੁਸ਼ਹਾਲ ਮੰਨੇ ਜਾਂਦੇ ਪੰਜਾਬ ਦੇ ਕਿਸਾਨ ਖ਼ੁਦਕਸ਼ੀਆਂ ਕਰਨ ਵਿੱਚ ਵੀ ਸਭ ਤੋਂ ਅੱਗੇ ਨਿਕਲ ਚੁੱਕੇ ਹਨ। ਸੋ ਬਾਦਲ ਸਾਹਿਬ ਕੀ ਤੁਸੀਂ ਦੱਸੋਗੇ ਕਿ ਤੁਹਾਨੂੰ ਤਾਂ ਕਣਕ ਤੇ ਜੌਂ ਦੇ ਅਤੇ ਨਰਮੇ ਤੇ ਕਪਾਹ ਦੇ ਬੂਟਿਆਂ ਦੇ ਫਰਕ ਦੀ ਚੰਗੀ ਜਾਣਕਾਰੀ ਹੈ ਤਾਂ ਤੁਹਾਡੇ ਰਾਜ ਵਿੱਚ ਹੀ ਕਿਸਾਨਾਂ ਦੀ ਹਾਲਤ ਸਭ ਤੋਂ ਮਾੜੀ ਕਿਉਂ ਹੁੰਦੀ ਹੈ?

ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਨਹਿਰੀ ਪਾਣੀ ਪ੍ਰਾਣਾਂ ਤੋਂ ਪਿਆਰਾ ਹੈ। ਤੁਸੀਂ ਕੇਂਦਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਤੀ ਜਾਂਦੀ ਲੁੱਟ ਦੇ ਵਿਰੋਧ ਵਿੱਚ ਕਈ ਮੋਰਚੇ ਵੀ ਲਾਏ। ਪਰ ਕੀ ਕਾਰਨ ਹੈ ਕਿ ਮੋਰਚੇ ਲਾਉਣ ਪਿੱਛੋਂ ਜਦੋਂ ਹੀ ਤੁਸੀਂ ਸਤਾ ਦੀ ਕੁਰਸੀ ’ਤੇ ਬਿਰਾਜਮਾਨ ਹੋ ਜਾਂਦੇ ਹੋ ਤਾਂ ਪਾਣੀਆਂ ਦੀ ਲੁੱਟ ਅਤੇ ਪੰਜਾਬ ਦੇ ਹੋਰ ਮਸਲਿਆਂ ਨੂੰ ਪੂਰੀ ਤਰ੍ਹਾਂ ਠੰਡੇ ਬਸਤੇ ਵਿੱਚ ਪਾ ਦਿੰਦੇ ਹੋ ਤੇ ਕਦੀ ਕਦਾਈਂ ਚੋਣਾਂ ਸਮੇਂ ਹੀ ਮੁੜ ਇਨ੍ਹਾਂ ਨੂੰ ਯਾਦ ਕਰਦੇ ਹੋ। ਤੁਹਾਡੇ ਨਾਲੋਂ ਤੋਂ ਪੰਜਾਬ ਵਿਰੋਧੀ ਦੱਸੀ ਜਾ ਰਹੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੀ ਕਈ ਗੁਣਾਂ ਚੰਗੇ ਸਾਬਤ ਹੋਏ ਜਿਨ੍ਹਾਂ ਨੇ 2004 ਵਿੱਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਕਰਵਾ ਕੇ ਪੰਜਾਬ ਦੇ ਹੋਰ ਪਾਣੀਆਂ ਦੀ ਲੁੱਟ ਬਚਾਈ। ਤੁਸੀਂ 2007 ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਹਾਡੀ ਸਰਕਾਰ ਬਣੀ ਤਾਂ ਵਿਧਾਨ ਸਭਾ ਦੇ ਪਹਿਲੀ ਹੀ ਬੈਠਕ ਦੌਰਾਨ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ-2004 ਦੀ ਕਲਾਜ਼ 5 (ਜਿਸ ਵਿੱਚ ਲਿਖਿਆ ਹੋਇਆ ਹੈ ਕਿ 2004 ਤੱਕ ਜੋ ਪਾਣੀ ਹਰਿਆਣਾ ਰਾਜਸਥਾਨ ਨੂੰ ਜਾ ਰਿਹਾ ਸੀ ਉਹ ਜਾਂਦਾ ਰਹੇਗਾ) ਰੱਦ ਕਰ ਦਿੱਤੀ ਜਾਵੇਗੀ ਅਤੇ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਕੀ ਕਾਰਨ ਹੈ ਕਿ 2007 ਤੋਂ ਪਿੱਛੋਂ ਤੁਹਾਡੀ ਪਾਰਟੀ ਲਗਾਤਾਰ 9 ਸਾਲਾਂ ਤੋਂ ਸਤਾ ਵਿੱਚ ਹੈ ਪਰ ਅੱਜ ਤੱਕ ਤੁਸੀਂ 2007 ਵਿੱਚ ਕੀਤੇ ਆਪਣੇ ਇਸ ਵਾਅਦੇ ਦਾ ਕਦੀ ਚੇਤਾ ਵੀ ਨਹੀਂ ਕੀਤਾ?

ਇਸੇ ਤਰ੍ਹਾਂ 1997 ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿਖਾ ਕੇ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਕੇਸਾਂ ਦੀ ਪੜਤਾਲ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਢੁਕਵੀਆਂ ਸਜਾਵਾਂ ਦਿੱਤੀਆਂ ਜਾਣਗੀਆਂ। ਜੇਲ੍ਹਾਂ ਵਿੱਚ ਨਰਕ ਭੋਗ ਰਹੇ ਨੌਜਵਾਨਾਂ ਦੇ ਕੇਸਾਂ ਦੀ ਪੁਣਛਾਣ ਕਰਕੇ ਬੇਦੋਸ਼ੇ ਕੈਦੀਆਂ ਨੂੰ ਰਿਹਾ ਕੀਤਾ ਜਾਵੇਗਾ। ਕੀ ਕਾਰਨ ਹੈ ਕਿ 1997 ਵਿੱਚ ਸਤਾ ਪ੍ਰਾਪਤ ਕਰਨ ਪਿੱਛੋਂ ਤੁਸੀਂ ਇਸ ਹੋਰਨਾਂ ਅਨੇਕਾਂ ਵਾਅਦਿਆਂ ਵਾਂਗ ਇਸ ਵਾਅਦੇ ਨੂੰ ਤਾਂ ਮਨੋਂ ਭੁਲਾਇਆ ਹੀ ਸੀ ਪਰ ਅੱਜ ਗੁਰਮੀਤ ਪਿੰਕੀ ਵੱਲੋਂ ਝੂਠੇ ਮੁਕਾਬਲਿਆਂ ਸਬੰਧੀ ਅਹਿਮ ਖ਼ੁਲਾਸੇ ਕਰਨ ਪਿੱਛੋਂ ਵੀ ਤੁਹਾਡੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਹੈਰਾਨੀ ਹੈ ਕਿ ‘ਆਪ’ ਨੇ ਤਾਂ ਪਿੰਕੀ ਦੇ ਬਿਆਨਾਂ ਦੇ ਅਧਾਰ ’ਤੇ ਪੜਤਾਲੀ ਕਮਿਸ਼ਨ ਬਿਠਾਉਣ ਦੀ ਗੱਲ ਤਾਂ ਕਰਨੀ ਹੀ ਸੀ ਕਾਂਗਰਸ ਜਿਸ ਦੇ ਰਾਜ ਦੌਰਨ ਬਹੁਤੇ ਝੂਠੇ ਪੁਲਿਸ ਮੁਕਾਬਲੇ ਹੋਏ ਉਸ ਪਾਰਟੀ ਦੇ ਪੰਜਾਬ ਦੇ ਮੁੱਖ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਪਿੰਕੀ ਦੇ ਬਿਆਨਾਂ ਦੇ ਅਧਾਰ ’ਤੇ ਪੜਤਾਲ ਦੀ ਮੰਗ ਕਰ ਚੁੱਕੇ ਹਨ ਪਰ ਇੱਕ ਤੁਸੀਂ ਹੋ ਕਿ ਆਪਣੇ ਵੱਲੋਂ ਕੀਤਾ ਵਾਅਦਾ ਚੇਤੇ ਕਰਨ ਨੂੰ ਵੀ ਤਿਆਰ ਨਹੀਂ। ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਤਕਰੀਬਨ ਇੱਕ ਸਾਲ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਪੱਤਰਕਾਰਾਂ ਵੱਲੋਂ ਇਸ ਸਬੰਧੀ ਪੁੱਛੇ ਗਏ ਸਵਾਲ ਸੁਣ ਕੇ ਹੀ ਤੁਸੀਂ ਤਿਲਮਿਲਾ ਉਠਦੇ ਹੋ। 2008 ਵਿੱਚ ਬਠਿੰਡਾ ਵਿਖੇ ਹੋਈ ਇੱਕ ਪੱਤਰਕਾਰ ਕਾਨਫਰੰਸ ਦੌਰਾਨ ਤੁਹਾਡੇ ਫਰਜ਼ੰਦ ਸੁਖਬੀਰ ਬਾਦਲ ਨੂੰ ਇਸ ਲੇਖਕ ਵੱਲੋਂ ਪੁੱਛਿਆ ਗਿਆ ਸੀ ਕਿ ਪੰਜਾਬ ਤੋਂ ਬਾਹਰ ਦੇ ਸੂਬਿਆਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਕਿਸੇ ਸਿੱਖ ਦੇ ਕਾਤਲ ਨਾ ਫੜੇ ਜਾਣ ਦਾ ਦੋਸ਼ ਤਾਂ ਤੁਸੀਂ ਭਾਰਤ ਦੀ ਕੇਂਦਰ ਕਾਂਗਰਸ ਸਰਕਾਰ ’ਤੇ ਥੋਪ ਕੇ ਸਿੱਖਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰਦੇ ਹੋ ਪਰ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਮੁਖੀ ਸਨ ਅਤੇ ਜਿਨ੍ਹਾਂ ਨੇ; ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕੀਤੀਆਂ ਲਾਸ਼ਾਂ ਦੀ ਸ਼ਿਨਾਖਤ ਕਰਕੇ; 25 ਹਜਾਰ ਅਜੇਹੇ ਕੇਸਾਂ ਦੀ ਸੂਚੀ ਅਦਾਲਤ ਨੂੰ ਸੌਂਪੀ ਸੀ। ਇਸ ਦੋਸ਼ ਬਦਲੇ ਪੁਲਿਸ ਨੇ ਖ਼ੁਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਹੀ ਅਣਪਛਾਤੀ ਲਾਸ਼ ਬਣਾ ਦਿੱਤਾ ਜਿਸ ਦੀ ਨਾ ਹੀ ਅੱਜ ਤੱਕ ਸ਼ਿਨਾਖ਼ਤ ਹੋਈ ਤੇ ਨਾ ਹੀ ਮਨੁੱਖੀ ਅਧਿਕਾਰ ਕਾਰਕੁੰਨ ਨੂੰ ਅਣਪਛਾਤੀ ਲਾਸ਼ ਬਣਾਉਣ ਵਾਲੇ ਕਿਸੇ ਦੋਸ਼ੀ ਅਫਸਰ ਦੀ ਕੋਈ ਪੁੱਛ ਪੜਤਾਲ ਹੋਈ ਹੈ। ਇਸ ਸਵਾਲ ਦਾ ਸੁਖਬੀਰ ਬਾਦਲ ਨੇ ਵੀ ਬਾਦਲ ਪ੍ਰਵਾਰ ਵਾਂਗ ਹੀ ਬੜਾ ਕੁਟਿਲਤਾ ਤੇ ਢੀਠਤਾਈ ਵਾਲਾ ਜਵਾਬ ਦਿੱਤਾ ਸੀ ਕਿ ਉਹ ਨਹੀਂ ਜਾਣਦੇ ਖਾਲੜਾ ਕੌਣ ਸੀ; ਹੁਣ ਪਤਾ ਕਰ ਲਵਾਂਗਾ ਕਿ ਉਸ ਦਾ ਕੀ ਕੇਸ ਹੈ। ਪਰ 7 ਸਾਲ ਲੰਘ ਚੁੱਕੇ ਹਨ ਤੇ ਸੁਖਬੀਰ ਨੂੰ ਸ਼ਾਇਦ ਹੁਣ ਵੀ ਪਤਾ ਨਾ ਹੋਵੇ ਕਿ ਖਾਲੜਾ ਕੌਣ ਸੀ?

ਇਹ ਕਿਸ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖ ਲਈ ਜਿੰਦਗੀ ਨਾਲੋਂ ਵੀ ਅਹਿਮ ਹੈ। ਪਰ ਜਿਸ ਤਰ੍ਹਾਂ ਤੁਹਾਡੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਘਟਨਾਵਾਂ ਵਾਪਰੀਆਂ। ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਸਿੱਖਾਂ ’ਤੇ ਗੋਲੀਆਂ ਚਲਾ ਕੇ ਜਲਿਆਂ ਵਾਲੇ ਬਾਗ ਦੇ ਕਤਲੇਆਮ ਦੀ ਯਾਦ ਤਾਜ਼ਾ ਕਰਵਾ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਦੂਸਰੇ ਨੰਬਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਿੱਖਾਂ ਵਿੱਚ ਅਹਿਮ ਸਥਾਨ ਹੈ। ਜਿਸ ਤਰ੍ਹਾਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲ ਤਖ਼ਤ ਦੇ ਆਪੇ ਨਿਯੁਕਤ ਕੀਤੇ ਕਠਪੁਤਲੀ ਜਥੇਦਾਰਾਂ ਤੋਂ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾ ਕਦੇ ਕਿਸੀ ਬਾਦਲ ਵਿਰੋਧੀ ਵਿਦਵਾਨ ਨੂੰ ਪੰਥ ਵਿੱਚੋਂ ਛੇਕਣ ਦੇ ਅਤੇ ਕਦੀ ਕਿਸੇ ਦੋਸ਼ੀ ਨੂੰ ਮੁਆਫ ਕਰਨ ਦੇ ਹੁਕਮਨਾਮੇ ਜਾਰੀ ਕਰਵਾ ਕੇ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਤਾਂ ਮਿੱਟੀ ਪਲੀਤ ਕੀਤੀ ਹੀ ਹੈ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ ਕਿ ਜਿਸ ਤਰ੍ਹਾਂ ਚੌਥੇ ਪਾਤਸ਼ਾਹ ਵੱਲੋਂ ਸਥਾਪਤ ਕੀਤੀ ਮਸੰਦ ਪ੍ਰਥਾ ਮਸੰਦਾਂ ਵਿੱਚ ਇਖ਼ਲਾਕੀ ਕਮਜੋਰੀਆਂ ਤੇ ਭ੍ਰਿਸ਼ਟਾਚਾਰ ਪੈਦਾ ਹੋਣ ਕਾਰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪ ਹੀ ਮਸੰਦ ਤੇਲ ਦੇ ਕੜਾਹੇ ਵਿੱਚ ਪਾ ਕੇ ਸਾੜੇ ਤੇ ਇਹ ਪ੍ਰਥਾ ਖਤਮ ਕਰਨੀ ਪਈ ਠੀਕ ਉਸੇ ਤਰ੍ਹਾਂ ਸਿਆਸੀ ਲੋਕਾਂ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਕੰਮਕਾਰ ਅਤੇ ਇਖ਼ਲਾਕ ਵਿੱਚ ਆਏ ਨਿਘਾਰ ਕਾਰਨ ਇਹ ਜਥੇਦਾਰੀ ਸਿਸਟਮ ਹੁਣ ਕੌਮ ਦੇ ਗਲੋਂ ਲਾਹੁਣਾ ਹੀ ਪੈਣਾ ਹੈ।

ਕੀ ਕਾਰਣ ਹੈ ਕਿ ਬੇਸ਼ੱਕ ਛੇਹਰਟਾ ਵਿਖੇ ਆਪਣੀ ਧੀ ਦੀ ਇੱਜਤ ਬਚਾਣ ਵਾਲੇ ਥਾਣੇਦਾਰ ਨੂੰ ਗੋਲੀ ਮਾਰਨ ਵਾਲਾ ਹੋਵੇ; ਭਾਵੇਂ ਫਰੀਦਕੋਟ ਦੀ ਨਬਾਲਕ ਧੀ ਨੂੰ ਅਗਵਾਹ ਕਰਨ ਵਾਲਾ ਹੋਵੇ; ਭਾਵੇਂ ਅਬੋਹਰ ਵਿਖੇ ਦੋ ਦਲਿਤਾਂ ਦੇ ਹੱਥ ਪੈਰ ਕੱਟ ਕੇ ਇੱਕ ਨੂੰ ਮੌਤ ਦੇ ਘਾਟ ਪਹੁੰਚਾਉਣ ਵਾਲਾ ਸ਼ਿਵ ਲਾਲ ਡੋਡਾ ਹੋਵੇ ਇਨ੍ਹਾਂ ਸਾਰੇ ਅਪਰਾਧੀਆਂ ਦਾ ਸਬੰਧ ਬਾਦਲ ਦਲ ਨਾਲ ਹੀ ਹੁੰਦਾ ਹੈ। ਨਸ਼ਾ ਤਸ਼ਕਰਾਂ ਅਤੇ ਅਤਿਵਾਦੀਆਂ ਦੀ ਸਹਾਇਤਾ ਕਰਨ ਵਾਲਾ ਐੱਸ.ਪੀ. ਸਲਵਿੰਦਰ ਸਿੰਘ ਹੋਵੇ ਤਾਂ ਅਜਿਹੇ ਦੇਸ਼ ਧ੍ਰੋਹੀਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਸੂਈ ਵੀ ਘੁੰਮ ਕੇ ਬਾਦਲ ਦਲ ਵੱਲ ਆਉਂਦੀ ਹੋਵੇ ਤਾਂ ਤੁਹਾਡੇ “ਰਾਜ ਨਹੀਂ, ਸੇਵਾ” ਦੇ ਕੀ ਅਰਥ ਕੱਢੇ ਜਾਣ।

ਸਵਾਲ ਤਾਂ ਹੋਰ ਬਹੁਤ ਸਾਰੇ ਹਨ ਪਰ ਬਹੁਤੇ ਵਿਸਥਾਰ ਵਿੱਚ ਜਾਣ ਦੀ ਵਜਾਏ ਹਾਲੀ ਇਤਨਾ ਹੀ ਕਾਫੀ ਹੈ; ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਹੈ ਕਿ ਜੇ ਪੰਜਾਬ ਤੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਯੂਦ ਤੁਸੀਂ ਉਕਤ ਲਿਖੀਆਂ ਗਲਤੀਆਂ ਬੜੇ ਹੀ ਬੇਝਿਝਕ ਹੋ ਕੇ ਕਰ ਰਹੇ ਹੋ ਤਾਂ ਸ਼੍ਰੀ ਕੇਜ਼ਰੀਵਾਲ ਨੂੰ ਤਾਹਨਾ ਮਾਰਨ ਦਾ ਤੁਹਾਨੂੰ ਕੀ ਹੱਕ ਹੈ ਕਿ ਉਸ ਨੂੰ ਪੰਜਾਬ ਦੇ ਸਭਿਆਚਾਰ, ਇਤਿਹਾਸ ਅਤੇ ਕਣਕ ਤੇ ਜੌਂ ਦੇ ਫਰਕ ਦਾ ਨਹੀਂ ਪਤਾ ਤਾਂ ਉਹ ਪੰਜਾਬ ਦਾ ਕੀ ਸੁਆਰ ਸਕਦਾ ਹੈ?

ਅੰਤ ਵਿੱਚ ਬਾਦਲ ਪਰਿਵਾਰ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਵਾਸੀਆਂ ਨੂੰ ਬੁੱਧੂ ਬਣਾਉਂਦਿਆਂ ਬਹੁਤ ਸਮਾਂ ਹੋ ਚੁੱਕਾ ਹੈ ਹੁਣ ਤੁਹਾਡੀਆਂ ਗੱਲਾਂ ਅਤੇ ਕੀਤੇ ਵਾਅਦਿਆਂ ’ਤੇ ਯਕੀਨ ਕਰਨ ਵਾਲੇ ਨਹੀਂ ਇਸ ਲਈ ਲੋਕਾਂ ਨੇ ਤੁਹਾਨੂੰ 2017 ਵਿੱਚ ਸਬਕ ਸਿਖਾਉਣ ਦੀ ਪੂਰੀ ਧਾਰ ਲਈ ਜਾਪਦੀ ਹੈ। ਪਹਿਲਾਂ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਦੀਆਂ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨਾਲ ਕੀਤੀਆਂ ਵਧੀਕੀਆਂ, 1984 ਦੀਆਂ ਘਟਨਾਵਾਂ ਚੇਤੇ ਕਰਵਾ ਕੇ ਹੋਰ ਕੋਈ ਬਦਲ ਹੋਣ ਕਾਰਨ ਤੁਹਾਡਾ ਦਾਅ ਲੱਗ ਜਾਂਦਾ ਸੀ ਪਰ ਹੁਣ ਜਿਸ ਤਰ੍ਹਾਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ‘ਆਪ’ ਅੱਗੇ ਵਧ ਰਹੀ ਹੈ ਇਸ ਨਾਲ ਸੁਖਬੀਰ ਬਾਦਲ ਦੇ 25 ਸਾਲ ਰਾਜ ਕਰਨ ਦੇ ਸੁਪਨੇ ਚਕਨਾਚੂਰ ਹੁੰਦੇ ਜਾਪਦੇ ਹਨ ਤੇ ਤੁਹਾਡੀ ਬੁਖ਼ਲਾਹਟ ਕੁਦਰਤੀ ਤੌਰ ’ਤੇ ਵਾਜ਼ਬ ਜਾਪਦੀ ਹੈ। ਇਸੇ ਬੁਖ਼ਲਾਹਟ ਵਿੱਚ ਹੋਰ ਬਹੁਤ ਸਾਰੀਆਂ ਗਲਤੀਆਂ ਕਰਨ ਤੋਂ ਵੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਇਸ ਲਈ ਜਾਪਦਾ ਹੈ ਕਿ 2017 ਵਿੱਚ ਤੁਹਾਡਾ ਹਾਲ ਉਹੀ ਹੋਵੇਗਾ ਜੋ ਕਾਂਗਰਸ ਦਾ ਦਿੱਲੀ ਵਿੱਚ ਹੋਇਆ ਸੀ ਤੇ ਸ਼ਾਇਦ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਉਹ ਪੁਜੀਸ਼ਨ ਹਾਸਲ ਕਰ ਜਾਵੇ ਜੋ ਦਿੱਲੀ ਵਿੱਚ ਬੀਜੇਪੀ ਨੇ ਹਾਸਲ ਕੀਤੀ ਸੀ। ਕਿਉਂਕਿ ਤੁਹਾਡੇ ਪ੍ਰਤੀ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਵਿੱਚ ਇਨ੍ਹਾਂ ਗੁੱਸਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਤੁਹਾਡੇ ਵੱਲੋਂ ਕਿਆਸੀ ਵੋਟ ਵੰਡ ਨੂੰ ਅੰਜ਼ਾਮ ਦੇਣ ਲਈ ਤਿਆਰ ਨਹੀਂ ਤੇ ਇੱਕ ਇੱਕ ਵੋਟ ‘ਆਪ’ ਨੂੰ ਜਾਣ ਦੀ ਸੰਭਾਵਨਾ ਹੈ।

ਇਸ ਲਈ ਤੁਹਾਡੇ ਲਈ ਬਿਹਤਰ ਇਹੀ ਹੈ ਕਿ ਕੰਧ ’ਤੇ ਲਿਖਿਆ ਪੜ੍ਹਨ ਦੀ ਕੋਸ਼ਿਸ਼ ਕਰੋ ਅਤੇ ਗੁਰਬਾਣੀ ਦੀ ਤੁਕ “ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥” (ਪੰਨਾ 1378) ਤੋਂ ਸੇਧ ਲੈ ਕੇ ਆਪਣੀਆਂ ਗਲਤੀਆਂ ਦਾ ਪਛੁਤਾਵਾ ਕਰਕੇ ਪੰਜਾਬ ਵਾਸੀਆਂ ਤੋਂ ਮੁਆਫੀ ਮੰਗਣ ਅਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਤੋਂ ਤੋਬਾ ਕਰਨ ਲਈ ਆਪਣਾ ਮਨ ਬਣਾਉ। ਪਰ ਜਾਪਦਾ ਹੈ ਕਿ ਸਤਾ ਦੀ ਭੁੱਖ ਤੁਹਾਡੇ ਵਿੱਚ ਇੰਨੀ ਪ੍ਰਬਲ ਹੋ ਗਈ ਹੈ ਕਿ ਹੁਣ ਤੱਕ ਤਾਂ ਤੁਸੀਂ ਆਪਣੀ ਵਿਰੋਧੀ ਵੋਟ ਵਿੱਚ ਵੱਧ ਤੋਂ ਵੱਧ ਵੰਡੀਆਂ ਪਾਉਣ ਦੀ ਕਾਫੀ ਮੁਹਾਰਤ ਪ੍ਰਾਪਤ ਕਰ ਲਈ ਸੀ ਪਰ ਹੁਣ ਇਹ ਮੁਹਾਰਤ ਵੀ ਕੰਮ ਆਉਂਦੀ ਨਜ਼ਰ ਨਹੀਂ ਆਉਂਦੀ ਤਾਂ ਸ਼ਾਇਦ ‘ਆਪ’ ਨੂੰ ਰੋਕਣ ਲਈ ਉਸ ਕਾਂਗਰਸ ਨਾਲ ਵੀ ਅੰਦਰਖਾਤੇ ਸਮਝੌਤਾ ਕਰਨ ਲਈ ਵੀ ਤਿਆਰ ਹੋ ਜਾਵੋ। ਪਰ ਜਿਸ ਤਰ੍ਹਾਂ 14 ਜਨਵਰੀ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਟੀਵੀ ਚੈੱਨਲ ’ਤੇ ਚੱਲ ਰਹੀ ‘ਮੁੱਦੇ ਕੀ ਬਾਤ’ ਦੌਰਾਨ ਟੀਵੀ ਐਂਕਰ ਵੱਲੋਂ ਪੁੱਛੇ ‘ਆਪ’ ਦੇ ਆਗੂ ਕੁਲਤਾਰ ਸਿੰਘ ਨੂੰ ਪੁੱਛੇ ਸਵਾਲ ਕਿ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਹਨ ਕਿ ਕੇਜ਼ਰੀਵਾਲ ਜੀ ਹਰਿਆਣਾ ਦੇ ਜੰਮਪਲ ਹਨ, ਦਿੱਲੀ ਦੇ ਮੁੱਖ ਮੰਤਰੀ ਹਨ ਜਿਨ੍ਹਾਂ ਦੋਵਾਂ ਸੂਬਿਆਂ ਨਾਲ ਪੰਜਾਬ ਦੇ ਹਿੱਤ ਟਕਰਾਉਂਦੇ ਹਨ ਤਾਂ ਉਹ ਪੰਜਾਬ ਦਾ ਕੀ ਸਵਾਰ ਸਕਦੇ ਹਨ, ਦਾ ਜਵਾਬ ਕੁਲਤਾਰ ਸਿੰਘ ਵੱਲੋਂ ਸਹਿਜ ਸੁਭਾ ਦਿੱਤੀ ਸਧਾਰਣ ਜਿਹੀ ਉਦਾਹਰਣ ਕਿ ਇਲਾਕਾਵਾਦ ਦੀ ਗੱਲ ਨਹੀਂ ਗੱਲ ਜੁਲਮ ਨਾਲ ਟੱਕਰ ਲੈ ਕੇ ਗਰੀਬਾਂ, ਲਿਤਾੜਿਆਂ ਦੇ ਹੱਕਾਂ ਲਈ ਜੂਝਣ ਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਬਿਹਾਰ ਵਿੱਚ ਹੋਇਆ ਸੀ ਤਾਂ ਉਨ੍ਹਾਂ ਪੰਜਾਬ ਵਿੱਚ ਕੀ ਨਹੀਂ ਕੀਤਾ? ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਦਚਿੰਨ੍ਹਾਂ ’ਤੇ ਚਲਦੇ ਹੋਏ ਪੰਜਾਬ ਲਈ ਕੇਜ਼ਰੀਵਾਲ ਜੀ ਸਭ ਕੁਝ ਕਰਨਗੇ ਜਿਸ ਦੀ ਪੰਜਾਬ ਨੂੰ ਲੋੜ ਹੈ। ਹੈਰਾਨੀ ਹੈ ਕਿ ਉਦਾਹਰਨ ਮਾਤ੍ਰ ਸਹਿਜ ਸੁਭਾ ਕਹੀ ਇਸ ਗੱਲ ਨੂੰ ਬਾਤ ਦਾ ਬਤੰਗੜ ਬਣਾ ਕੇ ਜਿਸ ਤਰ੍ਹਾਂ ਭਾਜਪਾ, ਕਾਂਗਰਸ ਅਤੇ ਬਾਦਲ ਦਲ ਵੱਲੋਂ ਉਧਮੂਲ ਚੁੱਕਿਆ ਹੈ ਇਹ ਆਪਣੀ ਮਿਸਾਲ ਆਪ ਹੀ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿ ਕਿਸੇ ਮਸਲੇ ’ਤੇ ਇਨ੍ਹਾਂ ਤਿੰਨਾਂ ਪਾਰਟੀਆਂ ਦਾ ਇੱਕੋ ਸਟੈਂਡ ਹੋਵੇ। 1978 ਵਿੱਚ ਨਿਰੰਕਾਰੀ ਬਾਬੇ ਨੇ ਵੀ ਪੰਜ ਪਿਆਰਿਆਂ ਦੀ ਤਰਜ਼ ’ਤੇ ਸੱਤ ਸਿਤਾਰੇ ਬਣਾਏ ਸਨ। ਉਸ ਸਮੇਂ ਇਨ੍ਹਾਂ ਤਿੰਨਾਂ ਪਾਰਟੀਆਂ ਵਿੱਚ ਇਸ ਤਰ੍ਹਾਂ ਦੀ ਕਦੀ ਸਾਂਝ ਨਹੀਂ ਵੇਖੀ ਗਈ। 2007 ਵਿੱਚ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਿਆ ਤਾਂ ਕਾਂਗਰਸ ਅਤੇ ਬੀਜੇਪੀ ਨੇ ਕਦੀ ਉਸ ਦੀ ਨਿਖੇਧੀ ਨਹੀਂ ਕੀਤੀ।

ਬਾਦਲ ਦਲ ਨੇ ਤਾਂ ਅਕਾਲ ਤਖ਼ਤ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਕਠਪੁਤਲੀ ਜਥੇਦਾਰਾਂ ਤੋਂ ਉਸ ਸਵਾਂਗਧਾਰੀ ਨੂੰ ਦੋਸ਼ ਮੁਕਤ ਵੀ ਕਰਵਾ ਦਿੱਤਾ ਭਾਵੇਂ ਇਸ ਗਲਤ ਫੈਸਲੇ ਕਾਰਨ ਸਿੱਖਾਂ ਵਿੱਚ ਉਤਪੰਨ ਹੋਏ ਰੋਹ ਕਾਰਨ ਅਖੌਤੀ ਜਥੇਦਾਰਾਂ ਦਾ ਬਾਹਰ ਨਿਕਲਣਾ ਤਾਂ ਮੁਹਾਲ ਹੋਇਆ ਹੀ ਹੈ ਖ਼ੁਦ ਬਾਦਲ ਦਲ ਲਈ ਵੀ ਇਹ ਗਲੇ ਦੀ ਹੱਡੀ ਬਣ ਗਿਆ ਹੈ। ਪਰ ਟੀਵੀ ਪ੍ਰੋਗਰਾਮ ਦੌਰਾਨ ਸਧਾਰਨ ਤੌਰ ’ਤੇ ਦਿੱਤੀ ਉਦਾਹਰਣ ਨੂੰ ਜਿਸ ਤਰ੍ਹਾਂ ਇਹ ਤਿੰਨੇ ਪਾਰਟੀਆਂ ਇੱਕ ਮੁੱਠ ਹੋ ਕੇ ਉਛਾਲ ਰਹੀਆਂ ਹਨ ਤੇ ਕੇਜ਼ਰੀਵਾਲ ਤੇ ਕੁਲਤਾਰ ਸਿੰਘ ਦੇ ਪੁਤਲੇ ਸਾੜ ਰਹੇ ਹਨ; ਕੇਸ ਵੀ ਦਰਜ ਕਰਵਾਏ ਹਨ ਇਸ ਤੋਂ ਕੋਈ ਸ਼ੱਕ ਬਾਕੀ ਨਹੀਂ ਰਿਹਾ ਕਿ 2017 ਵਿੱਚ ਆਪਣੀ ਹੋਂਦ ਬਚਾਉਣ ਲਈ ਇਹ ਤਿੰਨੇ ਪਾਰਟੀਆਂ ਗੁਪਤ ਜਾਂ ਪ੍ਰਤੱਖ ਤੌਰ ’ਤੇ ਗੱਠਜੋੜ ਬਣਾ ਕੇ ਚੋਣਾਂ ਲੜ ਸਕਦੀਆਂ ਹਨ।

ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤਾਂ ਪੰਜਾਬ ਵਿੱਚੋਂ ਤਕਰੀਬਨ ਖਤਮ ਹੋ ਚੁਕੀਆਂ ਹਨ। ਕੈਪਟਨ ਦੇ ਪੰਜਾਬ ਪ੍ਰਧਾਨ ਬਣਾਉਣ ਨਾਲ ਕਾਂਗਰਸ ਦੇ ਬੈੱਨਰ ਹੇਠ ਕੈਪਟਨ ਪਰਿਵਾਰ ਅਤੇ ਅਕਾਲੀ ਦਲ ਦੇ ਬੈੱਨਰ ਹੇਠ ਬਾਦਲ ਪਰਿਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਸ ਤਰ੍ਹਾਂ ਬਿਕ੍ਰਮ ਮਜੀਠੀਏ ਦੀ ਸਰਪ੍ਰਸਤੀ ਹੇਠ ਹੋ ਰਹੀ ਨਸ਼ਾ ਤਸ਼ਕਰੀ ਦੇ ਕੇਸ ਦੀ ਕਾਂਗਰਸ ਵੱਲੋਂ ਸੀਬੀਆਈ ਪੜਤਾਲ ਕਰਵਾਉਣ ਦੀ ਮੰਗ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰਕੇ ਬਾਦਲ ਦਲ ਦਾ ਸਮਰਥਨ ਕੀਤਾ ਸੀ ਉਸੇ ਤਰ੍ਹਾਂ ਹੁਣ ਐੱਸ.ਪੀ. ਸਲਵਿੰਦਰ ਸਿੰਘ ਦੇ ਕੇਸ ’ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦੇ ਕੇ ਕੈਪਟਨ ਬਾਦਲਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ, ਇਸ ਨੂੰ ਵੇਖਦਿਆਂ ਇਹ ਕੋਈ ਅਚੰਭੇ ਵਾਲੇ ਗੱਲ ਨਹੀਂ ਹੋਵੇਗੀ ਕਿ ਆਪਣੀ ਹੋਂਦ ਬਚਾਉਣ ਲਈ 2017 ਵਿੱਚ ਹੋਣ ਵਾਲੀ ਚੋਣ ਕੈਪਟਨ-ਬਾਦਲ ਮਿਲ ਕੇ ਲੜਨ।

Tag Cloud

DHARAM

Meta