ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ)

ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ਚਲਦਾ ਹਾਂ ! ਤੁਹਾਨੂੰ ਆਪਣੀ ਸਗੀ ਮਾਂ ਗੁਰਮਤ ਕੌਰ ਵਾਂਗ ਹੀ ਸਮਝਦਾ ਹਾਂ ਪਰ ਤੁਸੀਂ ਹਮੇਸ਼ਾ ਹੀ ਆਪਣੇ ਬੱਚੇਆਂ ਦਾ ਹੀ ਪੱਖ ਪੂਰਦੇ ਹੋ ! ਭਾਪਾ ਜੀ ਤੁਸੀਂ ਕੁਝ ਸਮਝਾਓ ਨਾ ਮਾਤਾ ਜੀ ਨੂੰ ! ਮੇਰੇ ਤੇ ਇਨ੍ਹਾਂ ਦੇ ਬੱਚੇਆਂ ਵਿੱਚ ਕੋਈ ਫ਼ਰਕ ਨਾ ਸਮਝਣ, ਮੈਂ ਵੀ ਇਨ੍ਹਾਂ ਦਾ ਲਾਇਕ ਪੁੱਤ ਬਣ ਕੇ ਵਿਖਾਵਾਂਗਾ ! ਸਾਡੇ ਵਿਚਾਰ ਵਖਰੇ ਹੋ ਸਕਦੇ ਹਨ ਪਰ ਪਿਤਾ ਤਾਂ ਇੱਕ ਹੀ ਹੈ ਨਾ ? ਇਸ ਘਰ ਦੇ ਮਾਲਕ ਤਾਂ ਤੁਸੀਂ ਹੀ ਹੋ ! (ਪਿਤਾ ਦਲਬੀਰ ਸਿੰਘ ਵੱਲ ਵੇਖਦੇ ਹੋਏ ਕੁਲਜੀਤ ਸਿੰਘ ਨੇ ਕਿਹਾ)

ਦੁਰਮਤ ਕੌਰ ਨੇ ਘੂਰੀ ਵੱਟ ਕੇ ਦਲਬੀਰ ਸਿੰਘ ਨੂੰ ਇਸ਼ਾਰਾ ਕੀਤਾ !

ਦਲਬੀਰ ਸਿੰਘ (ਪੋਲਾ ਜਿਹਾ ਮੁੰਹ ਬਣਾ ਕੇ) : ਪੁੱਤਰ, ਤੈਨੂੰ ਆਪਣੀ ਮਾਂ ਨਾਲ ਬਣਾ ਕੇ ਰਖਣੀ ਚਾਹੀਦੀ ਹੈ ! ਮੈਨੂੰ ਪਤਾ ਹੈ ਕੀ ਓਹ ਗਲਤ ਹੈ ਪਰ ਪੁੱਤਰ ਮੈਂ ਰਹਿਣਾ ਤਾਂ ਇਸ ਦੇ ਨਾਲ ਹੀ ਹੈ ! ਹੁਣ ਤੂੰ ਵੱਡਾ ਹੋ ਚੁੱਕਾ ਹੈਂ, ਜੇਕਰ ਕਿਸੀ ਤਰੀਕੇ ਨਹੀਂ ਨਿਭਾ ਸਕਦਾ ਤਾਂ ਪੁੱਤਰ ਕੋਈ ਹੋਰ ਦਰਵਾਜ਼ਾ ਭਾਲ ਲੈ, ਮੈਂ ਮਜਬੂਰ ਹਾਂ !

ਸਾਰੀ ਗਲਤੀ ਸਾਡੇ ਆਪਣੇ ਕਹਾਉਂਦੇ ਰਿਸ਼ਤੇਦਾਰਾਂ ਦੀ ਹੈ, ਜਿਨ੍ਹਾਂ ਨੇ ਮਾਇਆ ਦੀ ਚਕਾਚੋੰਧ ਵਿੱਚ ਇਨ੍ਹਾਂ ਦਾ ਵਿਆਹ ਤੁਹਾਡੇ ਨਾਲ ਕਰਵਾ ਦਿੱਤਾ ! ਹੁਣ ਤੁਸੀਂ ਨਾ ਮੇਰੀ ਮਤਰੇਈ ਮਾਂ ਨੂੰ “ਛਡਣ ਜੋਗੇ” ਹੋ ਤੇ ਨਾਂ ਹੀ ਮੈਨੂੰ “ਅਪਣਾਉਣ ਜੋਗੇ” ! ਪਿਤਾ ਜੀ, ਘਰ ਵਿੱਚ ਪੈਂਟ ਤੁਸੀਂ ਪਾਉਂਦੇ ਹੋ ਇਸ ਕਰਕੇ ਘਰ ਦਾ ਕੰਟਰੋਲ ਵੀ ਤੁਸੀਂ ਕਰੋ ਵਰਨਾ ਆਪਣੇ ਹੀ ਬੱਚੇਆਂ ਵਿੱਚ ਵਿਤਕਰਾ ਕਰਦੇ ਕਰਦੇ ਤੁਸੀਂ ਦੋਵੇਂ ਪਾਸੇ ਆਪਣੀ ਇੱਜਤ ਗੁਆ ਲਵੋਗੇ ! ਘਰ ਦੇ ਵੱਡੇ ਹੋ, ਵਡੱਪਣ ਵਿਖਾਓ … ਮਨ ਦੀ ਕਮਜੋਰੀ ਕਰਕੇ ਆਪਣੀ ਪਦਵੀ ਨੂੰ ਦਾਗ ਨਾ ਲਾਓ !
ਮੈ ਮਜਬੂਰ ਹਾਂ ! ਮਤਰੇਈ ਮਾਂ ਨਾਲ ਨਿਭਾਵੇਂਗਾ ਤਾਂ ਠੀਕ ਹੈ ਵਰਨਾ ਪਿਓ ਨੂੰ ਵੀ ਮਤਰੇਆ ਹੀ ਸਮਝ !

ਪੰਥਜੀਤ ਸਿੰਘ : ਤੁਹਾਡਾ ਹਾਲ ਵੀ ਸਾਡੇ ਜੱਥੇਦਾਰ ਜੀ ਵਰਗਾ ਹੈ ! ਜਿਨ੍ਹਾਂ ਕੋਲ “ਧਰਮ ਦੇ ਤਖ਼ਤ” ਦੀ ਤਾਕਤ ਤਾਂ ਹੈ ਪਰ “ਸਿਆਸੀ ਮਤਰੇਈ ਮਾਂ ਦੁਰਮਤ ਕੌਰ” ਦੇ ਆਖੇ ਲਗ ਕੇ “ਗੁਰਮਤ” ਅੱਤੇ “ਪੰਥ” ਨੂੰ ਭੁਲਾ ਬੈਠੇ ਹਨ! ਘਰ ਦਾ ਮੁਖੀ ਹੋਣ ਦੇ ਨਾਤੇ ਧਰਮ ਦੇ ਰਾਹ ਤੇ ਚਲਣ ਦੀ ਥਾਂ ਮਨ ਦੀ ਕਮਜੋਰੀ ਕਰਕੇ ਆਪਣੇ ਫਰਜ਼ ਤੋ ਥਿੜਕ ਗਏ ਨੇ ! ਉਨ੍ਹਾਂ ਨੂੰ ਹੁਣ “ਮਤਰੇਏ ਜੱਥੇਦਾਰ” ਵਾਲਾ ਰੂਪ ਤਿਆਗ ਕੇ “ਕੌਮ ਦਾ ਸਕਾ ਜੱਥੇਦਾਰ” ਬਣ ਕੇ ਵਿਖਾਉਣਾ ਪਵੇਗਾ ! ਵਰਨਾ ਮਾਇਆ ਅੱਤੇ ਤਾਕਤ ਦੇ ਡਰ ਕਾਰਣ ਵਿਤਕਰਾ ਕਰਦੇ ਕਰਦੇ ਓਹ ਵੀ ਤੁਹਾਡੇ ਵਾਂਗ ਆਪਣੀ ਇੱਜਤ ਗੁਆ ਲੈਣਗੇ ! (ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ)

– ਬਲਵਿੰਦਰ ਸਿੰਘ ਬਾਈਸਨ

Tag Cloud

DHARAM

Meta