ਭੂਤ ਚਿੰਬੜ ਗਿਆ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਹਰ ਵੇਲੇ ਪਰੇਸ਼ਾਨ ਰਹਿੰਦੀ ਹੈ ! ਅਜੀਬ ਅਜੀਬ ਗੱਲਾਂ ਕਰਦੀ ਹੈ ! ਕਦੀ ਰੋਣ ਲਗਦੀ ਹੈ ਤੇ ਕਦੀ ਹਸਦੀ ਜਾਂਦੀ ਹੈ ! ਸ਼ਰੀਰ ਵਿੱਚ ਕੋਈ ਜਾਨ ਨਹੀਂ, ਹਮੇਸ਼ਾ ਥਕੀ ਥਕੀ ਜਿਹੀ ਰਹਿੰਦੀ ਹੈ ! ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ! ਮਿੱਠਾ ਸੁਭਾਓ ਤੇ ਪਤਾ ਨਹੀਂ ਸ਼ਾਇਦ ਗੁਆਚ ਹੀ ਗਿਆ ਹੈ ! ਹਰ ਵੇਲੇ ਬੁਰੀਆਂ ਬੁਰੀਆਂ ਗੱਲਾਂ ਹੀ ਯਾਦ ਕਰਦੀ ਹੈ ! (ਅੱਖਾਂ ਚੋ ਅਥਰੂ ਕੇਰਦੇ ਹੋਏ ਸਰਬਜੀਤ ਕੌਰ ਡਾਕਟਰ ਗੁਰਗਿਆਨ ਸਿੰਘ ਨੂੰ ਆਪਣੀ ਬੇਟੀ ਦਾ ਹਾਲ ਦੱਸ ਰਹੀ ਸੀ)

ਲਗਦਾ ਹੈ ਇਸਨੂੰ “ਭੂਤ” ਚਿਮੜ ਗਿਆ ਹੈ ! (ਗੁਰਗਿਆਨ ਸਿੰਘ ਬੋਲਿਆ)

ਸਰਬਜੀਤ ਕੌਰ : ਪਰ ਡਾਕਟਰ ਸਾਬ ! ਮੈਂ ਤਾਂ ਸੁਣਿਆ ਸੀ ਕੀ ਤੁਸੀਂ ਵਹਿਮਾਂ ਭਰਮਾਂ ਆਦਿ ਤੋ ਲੋਕਾਂ ਨੂੰ ਵਰਜਦੇ ਹੋ ਪਰ ਤੁਸੀਂ ਹੀ “ਭੂਤ-ਪ੍ਰੇਤਾਂ” ਦੀ ਗੱਲ ਕਰ ਰਹੇ ਹੋ !

ਗੁਰਗਿਆਨ ਸਿੰਘ (ਹਸਦੇ ਹੋਏ) : ਆਤਮਾ ਵਾਲੇ ਭੂਤ ਪ੍ਰੇਤ ਦੀ ਗੱਲ ਨਹੀਂ ਕੀਤੀ ਮੈਂ ! ਅਸਲ ਵਿੱਚ “ਭੂਤ” ਸ਼ਬਦ “ਭੂਤਕਾਲ – ਬੀਤੇ ਸਮੇਂ” ਲਈ ਇਸਤੀਮਾਲ ਹੁੰਦਾ ਹੈ ! ਜਦੋਂ ਮਨੁੱਖ ਆਪਣੇ “ਭੂਤ-ਕਾਲ” ਭਾਵ ਬੀਤ ਗਏ ਸਮੇਂ ਦੀਆਂ ਚੰਗੀਆਂ ਅੱਤੇ ਕੋੜੀਆਂ ਯਾਦਾਂ ਵਿੱਚ ਫੱਸ ਜਾਂਦਾ ਹੈ ਤਾਂ ਇਸਦਾ ਮਤਲਬ ਹੈ ਕੀ ਉਸਨੂੰ “ਭੂਤ ਭਾਵ ਪਿਛਲੀਆਂ ਯਾਦਾਂ” ਤੰਗ ਕਰ ਰਹੀਆਂ ਹਨ ਭਾਵ ਚਿਮੜ ਗਈਆਂ ਹਨ !

ਸਰਬਜੀਤ ਕੌਰ : ਹੈਂ ? ਬੁਰੀਆਂ ਗੱਲਾਂ ਦਾ ਭੂਤ ਚਿਮੜ ਗਿਆ ਤਾਂ ਫਿਰ ਸਮਝ ਆ ਗਿਆ ਪਰ ਇਹ ਤੁਸੀਂ ਚੰਗੀਆਂ ਗੱਲਾਂ ਦੇ ਭੂਤ ਦੀ ਗੱਲ ਕਿਓਂ ਕੀਤੀ ?

ਗੁਰੂ ਸਾਹਿਬਾਨ ਵੀ ਸਮਝਾਉਂਦੇ ਹਨ ਕੀ “ਹਮੇਸ਼ਾ ਅੱਗੇ ਦੀ ਸੋਚ (ਚੰਗੀ ਅੱਤੇ ਉਸਾਰੂ) ਰਖਣੀ ਚਾਹੀਦੀ ਹੈ ਤੇ ਮੁੜ-ਮੁੜ ਕੇ ਨਹੀਂ ਵੇਖਣਾ ਚਾਹੀਦਾ! ਜੇਕਰ ਕੋਈ ਚੰਗੀਆਂ ਯਾਦਾਂ ਵਿੱਚ ਹੀ ਗੁੰਮ ਹੋ ਗਿਆ ਤਾਂ ਫਿਰ ਓਹ ਆਪਣਾ ਭਵਿਸ਼ ਨਹੀਂ ਬਣਾ ਸਕਦਾ ! “ਭੂਤ ਤੋਂ ਸਿਖਿਆ ਲੈ ਕੇ ਭਵਿਸ਼ ਦੀ ਸਿਰਜਣਾ ਕਰਨੀ ਸਹੀ ਰਾਹ ਹੈ, ਵਰਨਾ ਚੰਗਾ ਭੂਤ (ਚੰਗੀਆਂ ਯਾਦਾਂ) ਵਿੱਚ ਫਸਿਆ ਮਨੁੱਖ ਨਵਾਂ ਭਵਿਸ਼ ਨਹੀਂ ਸਿਰਜ ਪਾਵੇਗਾ ਤੇ ਉਨ੍ਹਾਂ ਯਾਦਾਂ ਵਿੱਚ ਹੀ ਆਤਮ-ਮੁਗਧ ਹੋ ਕੇ ਖੁਆਰ ਹੋ ਜਾਵੇਗਾ ! (ਗੁਰਗਿਆਨ ਸਿੰਘ ਨੇ ਸਮਝਾਇਆ)

ਸਾਰੀ ਗੱਲ ਬਾਤ ਸੁਣ ਰਹੇ ਕੰਪਾਉੰਡਰ ਕੁਲਬੀਰ ਸਿੰਘ ਪਾਸੋਂ ਰੁਕਿਆ ਨਾ ਗਿਆ ਤੇ ਓਹ ਬੋਲ ਉਠਿਆ “ਅੱਜ ਸਿੱਖ ਵੀ ਮਾੜੇ-ਚੰਗੇ ਭੂਤ” ਵਿੱਚ ਫਸੇ ਹੋਏ ਹਨ ! ਸਿਆਸੀ ਆਗੂ ਉਨ੍ਹਾਂ ਨੂੰ ਸਿੱਖਾਂ ਨਾਲ ਹੋਈਆਂ ਵਧੀਕੀਆਂ ਦੇ “ਮਾੜੇ ਭੂਤ” ਨਾਲ ਬੰਨ ਕੇ ਰਖਣਾ ਲੋਚਦੇ ਹਨ ਤੇ ਧਾਰਮਿਕ ਆਗੂ ਉਨ੍ਹਾਂ ਨੂੰ “ਸਿੱਖਾਂ ਦੇ ਸੁਨਹਿਰੀ ਇਤਿਹਾਸ” ਦੇ “ਚੰਗੇ ਭੂਤ” ਨਾਲ ਬੰਨ ਕੇ ਰਖਣਾ ਲੋਚਦੇ ਹਨ ! ਪਰ ਸਿਆਸੀ ਅੱਤੇ ਧਾਰਮਿਕ ਦੋਹਾਂ ਆਗੂਆਂ ਵਿੱਚੋ ਕੋਈ ਵੀ ਸਾਨੂੰ “ਇਨ੍ਹਾਂ ਦੋਹਾਂ ਚੰਗੇ-ਮਾੜੇ ਭੂਤਾਂ ਤੋ ਸਿਖਿਆ ਲੈ ਕੇ ਵਰਤਮਾਨ ਵਿੱਚ ਚੰਗੇ ਉੱਦਮ ਕਰਨ ਲਈ ਨਹੀਂ ਪ੍ਰੇਰਦਾ ਜਿਸ ਨਾਲ “ਮਾੜਾ ਭੂਤ ਭੱਜ ਜਾਵੇ” ਤੇ “ਚੰਗਾ ਭੂਤ ਫਿਰ ਪ੍ਰਗਟ ਹੋਵੇ” !

ਗੁਰਗਿਆਨ ਸਿੰਘ (ਗੱਲ ਮੁਕਾਉਣ ਦਾ ਇਸ਼ਾਰਾ ਕਰਦੇ ਹੋਏ) : ਗੱਲ ਕਿੱਥੇ ਲੈ ਗਿਆ ਹੈ ਤੂੰ ? ਵੈਸੇ ਠੀਕ ਹੀ ਲੈ ਗਿਆ ਹੈਂ ! ਜਿਸ ਦਿਨ ਸਿੱਖ ਭੂਤ ਤੋਂ ਨਿਕਲ ਕੇ ਵਰਤਮਾਨ ਵਿੱਚ ਜਿਉਣ ਲੱਗੇ ਤਾਂ ਸਮਝ ਲੈਣਾ ਕੀ ਉਨ੍ਹਾਂ ਦਾ ਭਵਿੱਖ ਵੀ ਭੂਤ ਵਾਂਗ ਸੁਨਿਹਰੀ ਹੋ ਜਾਵੇਗਾ ! (ਫਿਰ ਸਰਬਜੀਤ ਕੌਰ ਵੇਖ ਕੇ ਪਹਿਲਾਂ ਚਲ ਰਹੇ ਇਲਾਜ਼ ਬਾਰੇ ਪੁਛਦਾ ਹੈ)

ਸਰਬਜੀਤ ਕੌਰ : ਤੁਸੀਂ ਤਾਂ ਮੇਰਾ ਦਿਮਾਗ ਹੀ ਘੁਮਾਂ ਦਿੱਤਾ ਸੀ ਇਸ “ਭੂਤ” ਅੱਤੇ “ਭਵਿੱਖ” ਦੇ ਚੱਕਰ ਵਿੱਚ ! ਮੈਂ ਤੁਹਾਨੂੰ ਇਸਦੀ ਕੇਸ ਹਿਸਟਰੀ ਦੀ ਫਾਇਲ ਵਿਖਾਉਂਦੀ ਹਾਂ ! (ਗੱਡੀ ਵਿਚੋਂ ਫਾਇਲ ਲੈਣ ਚਲੀ ਜਾਂਦੀ ਹੈ)

Tag Cloud

DHARAM

Meta