ਭਾਈ ਢੱਡਰੀਆਂ ਵਾਲੇ ਦਾ ਨਿਤਨੇਮ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਬਿਆਨ ਹਰ ਵਾਰ ਮੱਛਲੀ ਪੱਥਰ ਚੱਟ ਕੇ ਹੀ ਕਿਉਂ ਸਮਝਦੀ ਹੈ ?–ਤੱਤ ਗੁਰਮਤਿ ਪਰਿਵਾਰ 01 ਫਰਵਰੀ 2017 (ਈਸਵੀ)

ਸਿੱਖ ਸਮਾਜ ਦੇ ਜਾਗਰੂਕ ਸਮਝੇ ਜਾਂਦੇ ਤਬਕੇ ਵਿਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਮੌਜੂਦਾ ਦੌਰ ਵਿਚ ਬਹੁਤ ਆਸ਼ਾਵਾਦੀ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਉਹ ਪੰਥ ਦੇ ਪਰੰਪਰਾਵਾਦੀ, ਰੂੜੀਵਾਦੀ ਅਤੇ ਸੰਪਰਦਾਈ ਤਬਕੇ ਵਿਚੋਂ ਪੁਨਰਜਾਗਰਨ ਵੱਲ ਪਲਾਇਨ ਕਰਨ ਵਾਲੇ ਚੰਦ ਕੁ ਪ੍ਰਚਾਰਕਾਂ ਵਿਚੋਂ ਤਾਜ਼ਾਤਰੀਨ ਹਨ। ਉਨ੍ਹਾਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਚ ਕੁਝ ਸਮਾਨਤਾਵਾਂ ਹਨ। ਦੋਵੇਂ ਹੀ ਕਿਸੇ ਸਮੇਂ ਸਿੱਖਾਂ ਦੇ ਪਰੰਪਰਾਵਾਦੀ ਬਹੁਤਾਤ ਤਬਕੇ ਦੇ ਕਾਮਯਾਬ ਪ੍ਰਚਾਰਕ ਰਹੇ ਹਨ। ਦੋਹਾਂ ਨੂੰ ਹੀ ਆਪਣੇ ਸਮੇਂ ਦੇ ਰੂੜੀਵਾਦੀ ਸਮਾਜ ਵਿਚ ਬਹੁੱਤ ਰੀਝ ਨਾਲ ਸੁਣਿਆ ਜਾਂਦਾ ਰਿਹਾ ਹੈ। ਇਨ੍ਹਾਂ ਵਿਚ ਵੱਡਾ ਫਰਕ ਇਹ ਹੈ ਸੀ ਕਿ ਜਿਥੇ ਪ੍ਰੋ. ਦਰਸ਼ਨ ਸਿੰਘ ਜੀ ਸਮਾਜ ਦੇ ਮੁੱਖ ਧਾਰਾ ਦੇ ਕੀਰਤਨੀਏ ਅਤੇ ਕਥਾਵਾਚਕ ਰਹੇ ਹਨ ਤਾਂ ਦੂਜੀ ਤਰਫ ਭਾਈ ਰਣਜੀਤ ਸਿੰਘ ਉਸ ਸੰਪਰਦਾਈ ਅਤੇ ਡੇਰੇਵਾਦੀ ਸਮਾਜ ਦਾ ਹਿੱਸਾ ਹਨ ਜਿਸ ਦਾ ਸਿੱਖ ਸਮਾਜ ਨੂੰ ਬਾਬਾ ਨਾਨਕ ਜੀ ਦੇ ਇਨਕਲਾਬੀ ਰਾਹ ਤੋਂ ਭਟਕਾ ਕੇ ਫਿਰਕੂ ਰੂੜੀਵਾਦੀਤਾ ਦੇ ਖਾਰੇ ਸਮੁੰਦਰ ਵਿਚ ਗਰਕ ਕਰਨ ਵਿਚ ਵੱਡਾ ਹੱਥ ਹੈ। ਪ੍ਰੋ. ਦਰਸ਼ਨ ਸਿੰਘ ਜੀ ਲਗਭਗ ਇਕ ਦਹਾਕਾ ਪਹਿਲਾਂ ਤੱਕ ਅਤੇ ਭਾਈ ਰਣਜੀਤ ਸਿੰਘ ਜੀ ਦੋ ਕੁ ਸਾਲ ਪਹਿਲਾਂ ਤੱਕ ਉਸੇ ਪਰੰਪਰਾਵਾਦੀ ਪ੍ਰਚਾਰਕ ਸ਼੍ਰੇਣੀ ਦਾ ਹਿੱਸਾ ਰਹੇ ਹਨ। ਦੋਹਾਂ ਦਾ ਸੰਪਰਦਾਈ ਕੀਚੜ ਤੋਂ ਤੱਤ ਗੁਰਮਤਿ ਦੇ ਖੇਤਰ ਵਿਚ ਆਗਮਨ ਹੈਰਾਨੀ ਜਨਕ, ਕਾਬਿਲੇ ਤਾਰੀਫ ਅਤੇ ਸੁਆਗਤ ਯੋਗ ਹੈ ਅਤੇ ਨਾਨਕ ਇਨਕਲਾਬ ਦੇ ਹਰ ਪਾਂਧੀ ਨੂੰ ਇਸ ਦਾ ਤਹਿ ਦਿਲੋਂ ਇਸਤਕਬਾਲ ਕਰਨਾ ਬਣਦਾ ਹੈ।
ਸਾਡਾ ਅੱਜ ਦਾ ਵਿਸ਼ਾ ਭਾਈ ਰਣਜੀਤ ਸਿੰਘ ਜੀ ਦੇ ‘ਅਖੌਤੀ’ ਦਸਮ ਗ੍ਰੰਥ ਅਤੇ ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਆਏ ਤਾਜ਼ਾ ਤਰੀਨ ਬਿਆਨ ਦੀ ਸੁਹਿਰਦ ਪੜਚੋਲ ਕਰਨਾ ਹੈ। ਆਪਣੇ ਇਸ ਬਿਆਨ ਵਿਚ ਭਾਈ ਜੀ ਨੇ ਜਿਥੇ ਪੰਥਕ ਨਿਤਨੇਮ ਵਿਚ ਸ਼ਾਮਿਲ ਦਸਮ ਗ੍ਰੰਥ ਦੀਆਂ ਰਚਨਾਵਾਂ ਪ੍ਰਤੀ ਗੈਰ-ਸਿਧਾਂਤਕ ਹੇਜ਼ ਵਿਖਾਉਂਦਿਆਂ ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਬਹੁੱਤ ਹਲਕੇ ਪੱਧਰ ਦੀ ਟਿੱਪਣੀ ਕੀਤੀ ਹੈ। ਐਸੀ ਟਿੱਪਣੀ ਬਹੁਤ ਹੀ ਕੱਚ ਘਰੜ ਅਤੇ ਅਫਸੋਸ ਜਨਕ ਹੈ। ਤੱਤ ਗੁਰਮਤਿ ਪਰਿਵਾਰ ਇਸ ਬਿਆਨ ਅਤੇ ਪਹੁੰਚ ਦੀ ਆਲੋਚਣਾ ਕਰਦਾ ਹੈ। ਪੰਥ ਵਿਚ ਵਿਚਰਦੇ ਮਿਸ਼ਨਰੀ ਕਾਲਜਾਂ ਸਮੇਤ ਸਾਡੇ ਵਿਚੋਂ ਬਹੁਤਿਆਂ ਵਿਚ ਇਹ ਮਾਨਸਿਕ ਕਮਜ਼ੋਰੀ ਹੈ ਕਿ ਜਦੋਂ ਸਿੱਖ ਰਹਿਤ ਮਰਿਯਾਦਾ, ਪੰਥ ਪ੍ਰਵਾਨਿਕਤਾ ਅਤੇ ਅਕਾਲ ਤਖਤ ਦੀ ਪੁਜਾਰੀਵਾਦੀ ਵਿਵਸਥਾ ਦਾ ਸੁਆਲ ਸਾਹਮਣੇ ਆਉਂਦਾ ਹੈ ਤਾਂ ਸਾਡੇ ਵਾਸਤੇ ਗੁਰਮਤਿ ਦੀ ਸਿਧਾਂਤਕ ਕਸਵੱਟੀ ਦੋਇਮ ਦਰਜ਼ੇ ਤੇ ਆ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਪਹੁੰਚ ਵਾਰ ਵਾਰ ਦੁਹਰਾਈ ਜਾਂਦੀ ਰਹੀ ਹੈ। ਸਾਡੀ ਤ੍ਰਾਸਦੀ ਇਹ ਹੈ ਕਿ ਜਦੋਂ ਅਸੀਂ ਕਿਸੇ ਸ਼ਖਸੀਅਤ ਜਾਂ ਧਿਰ ਨੂੰ ਪਸੰਦ ਕਰਨ ਲਗਦੇ ਹਾਂ ਜਾਂ ਉਸ ਨਾਲ ਜੁੜਦੇ ਹਾਂ ਤਾਂ ਅਸੀਂ ਆਮ ਕਰਕੇ ਉਸ ਸ਼ਖਸੀਅਤ ਪ੍ਰਸਤੀ ਦਾ ਸ਼ਿਕਾਰ ਹੋ ਕੇ ਉਸ ਬੰਦੇ ਜਾਂ ਧਿਰ ਦੇ ਅੰਨ੍ਹੇ ਸਮਰਥਕ ਬਣ ਜਾਂਦੇ ਹਾਂ। ਉਸ ਅਵਸਥਾ ਵਿਚ ਸਾਡੇ ਵਾਸਤੇ ਸਿਧਾਂਤ ਪਿੱਛੇ ਰਹਿ ਜਾਂਦਾ ਹੈ। ਭਾਈ ਢੱਡਰੀਆਂ ਵਾਲੇ ਦੇ ਮਾਮਲੇ ਵਿਚ ਜਿਥੇ ਦਰਸ਼ਨ ਸਿੰਘ ਜੀ ਦੇ ਸਮਰਥਕ ਬੁਰੀ ਤਰਾਂ ਆਹਤ ਹਨ ਉਥੇ ਹੀ ਕੁੱਝ ਸੱਜਣ ਇਸ ਮਸਲੇ ਵਿਚ ਢੱਡਰੀਆਂ ਵਾਲੇ ਦਾ ਅੰਨ੍ਹਾਂ ਸਮਰਥਨ ਕਰਦੇ ਹੋਏ ਸਿੱਖ ਰਹਿਤ ਮਰਿਯਾਦਾ ਦੀ ਸਮਝੌਤਾਵਾਦੀ ਪਹੁੰਚ ਤੋਂ ਗੁਰਮਤਿ ਸਿਧਾਂਤਾਂ ਦੀ ਬਲੀ ਦੇਣ ਵਿਚ ਵੀ ਗੁਰੇਜ਼ ਨਹੀਂ ਕਰ ਰਹੇ। ਤੱਤ ਗੁਰਮਤਿ ਪਰਿਵਾਰ ਹਮੇਸ਼ਾਂ ਵਾਂਗੂ ਇਸ ਵਾਰ ਵੀ ਨਿਰੋਲ ਗੁਰਮਤਿ ਸਿਧਾਂਤ ਨਾਲ ਖੜਣ ਦੀ ਆਪਣੀ ਪਹੁੰਚ ਕਰਕੇ ਭਾਈ ਢੱਡਰੀਆਂ ਵਾਲੇ ਦੇ ਸਿੱਖ ਰਹਿਤ ਮਰਿਯਾਦਾ ਅਤੇ ਪ੍ਰੋ. ਦਰਸ਼ਨ ਸਿੰਘ ਪ੍ਰਤੀ ਬਿਆਨ ਨੂੰ ਗੁਰਮਤਿ ਵਿਰੋਧੀ ਮੰਨਦੇ ਹੋਏ ਉਸ ਦੀ ਆਲੋਚਣਾ ਕਰਦਾ ਹੈ ਅਤੇ ਇਸ ਮਸਲੇ ਤੇ ਪ੍ਰੋ. ਜੀ ਨਾਲ ਖੜਾ ਹੈ।
ਅੱਜ ਇਸ ਮਸਲੇ ਤੇ ਵਿਚਾਰ ਕਰਦੇ ਹੋਏ ਅਸੀਂ ਕੁਝ ਸੱਚੀਆਂ ਅਤੇ ਖਰੀਆਂ ਗੱਲਾਂ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਵੀ ਕਰਨਾ ਚਾਹੁੰਦੇ ਹਾਂ। ਪ੍ਰੋ. ਜੀ 4-5 ਕੁ ਸਾਲ ਪਹਿਲਾਂ ਦਾ ਸਮਾਂ ਚੇਤੇ ਕਰਨ। ਉਸ ਸਮੇਂ ਵੀ ਦ੍ਰਿਸ਼ ਅੱਜ ਵਰਗਾ ਹੀ ਸੀ। ਵੀਰ ਰਣਜੀਤ ਸਿੰਘ ਜੀ ਦੀ ਥਾਂ ਤੇ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਅੰਨ੍ਹੇ ਸਮਰਥਕ ਸਨ ਅਤੇ ਪ੍ਰੋ. ਜੀ ਦੀ ਥਾਂ ਤੇ ਤੱਤ ਗੁਰਮਤਿ ਪਰਿਵਾਰ ਸੀ। ਪ੍ਰੋ. ਜੀ ਤੱਤ ਗੁਰਮਤਿ ਪ੍ਰਚਾਰ ਅਤੇ ਦਸਮ ਗ੍ਰੰਥ ਦੇ ਕੁੜ ਪਾਜ ਦੇ ਖੇਤਰ ਨਾਲ ਜੁੜ ਰਹੇ ਸਨ ਪਰ ਅੱਜ ਦੇ ਢੱਡਰੀਆਂ ਵਾਲੇ ਵੀਰ ਵਾਂਗੂ ਸਿੱਖ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਨਿਕਤਾ ਪ੍ਰਤੀ ਉਨ੍ਹਾਂ ਦਾ ਸਿਧਾਂਤ ਵਿਰੁਧ ਹੇਜ਼ ਕਾਇਮ ਸੀ। ਫਰੀਦਾਬਾਦ ਦੀ ਇਕ ਸਟੇਜ ਤੋਂ ਉਹ ਪ੍ਰਚਲਿਤ ਅਰਦਾਸ ਦੀ ‘ਭਗੌਤੀ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਦੀ ਕਸਰਤ ਕਰਦੇ ਵੇਖੇ ਗਏ। ਪ੍ਰਚਲਿਤ ਨਿਤਨੇਮ ਅਤੇ ਖੰਡੇ ਦੀ ਪਾਹੁਲ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਬਾਰੇ ਉਨ੍ਹਾਂ ਨੇ ਇਹ ‘ਪੰਥ ਜਦ ਫੈਸਲਾ ਕਰੇਗਾ’ ਦਾ ਬੇਲੌੜਾ ਅਤੇ ਸੱਚ ਵਿਰੋਧੀ ਸਟੈਂਡ ਥਾਂ ਥਾਂ ਮੀਡਿਆ ਵਿਚ ਦੁਹਰਾਇਆ ਸੀ। ਉਸ ਸਮੇਂ ‘ਤੱਤ ਗੁਰਮਤਿ ਪਰਿਵਾਰ’ ਨੇ ਪੂਰੀ ਹਲੀਮੀ ਅਤੇ ਦ੍ਰਿੜਤਾ ਨਾਲ ਉਨ੍ਹਾਂ ਨੂੰ ਆਪਣੀ ਇਹ ਗਲਤ, ਗੁਰਮਤਿ ਵਿਰੋਧੀ, ਸਮਝੌਤਾਵਾਦੀ ਅਤੇ ਦੁਬਿਧਾਮਈ ਪਹੁੰਚ ਤਿਆਗ ਕੇ ਸਪਸ਼ਟ ਅਤੇ ਦ੍ਰਿੜ ਸਟੈਂਡ ਲੈਣ ਦਾ ਹੋਕਾ ਦਿਤਾ ਸੀ। ਸਾਨੂੰ ਯਾਦ ਹੈ ਕਿ ਸਾਡੀ ਇਸ ਹਾਂ-ਪੱਖੀ ਆਲੋਚਣਾ ਤੋਂ ਪ੍ਰੋ. ਜੀ ਦੇ ਅੰਨ੍ਹੇ ਸਮਰਥਕ ਸੱਜਣ ਬਹੁਤ ਗੁੱਸਾ ਹੋ ਗਏ ਸਨ ਅਤੇ ਸਾਡੇ ਖਿਲਾਫ ਪੁਜਾਰੀਵਾਦੀ ਫਤਵੇ ਦੇਣ ਲਗ ਪਏ ਸਨ। ਪ੍ਰੋ. ਜੀ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਬਜਾਇ ਉਨ੍ਹਾਂ ਨੂੰ ਆਪਣਾ ਮੂਕ ਸਮਰਥਨ ਹੀ ਦਿਤਾ। ਉਹ ਗੱਲ ਵੱਖਰੀ ਹੈ ਕਿ 4-5 ਸਾਲਾਂ ਵਿਚ ਹੀ ਪ੍ਰੋ. ਦਰਸ਼ਨ ਸਿੰਘ ਜੀ ਕੁਝ ਉਹੀ ਇਨਕਲਾਬੀ ਗੱਲਾਂ ਕਰਨ ਲਗ ਪਏ ਹਨ ਜਿਸਦਾ ਹੋਕਾ ਤੱਤ ਗੁਰਮਤਿ ਪਰਿਵਾਰ ਉਸ ਸਮੇਂ ਦਿੰਦਾ ਸੀ। ਜੇ ਉਹ ਸਮੇਂ ਉਹ ਸਹੀ ਸਟੈਂਡ ਲੈਣ ਅਤੇ ਅੰਨ੍ਹੇ ਸਮਰਥਕਾਂ ਦੇ ਝੂੰਡ ਤੋਂ ਆਜ਼ਾਦ ਹੋ ਕੇ ਵਿਚਰਨ ਦਾ ਦਮ ਰੱਖਦੇ ਇਤਿਹਾਸ ਵਿਚ ਕਦੀਂ ਵੀ ਤੱਤ ਗੁਰਮਤਿ ਪਰਿਵਾਰ ਵਲੋਂ ਸੰਯੋਜਨ ਕੀਤੇ ਗਏ ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ’ ਦੇ ਬੇਲੋੜੇ ਵਿਰੋਧ ਅਤੇ ਬਾਈਕਾਟ ਦਾ ਇਕ ਮੋਹਰਾ ਸਾਬਿਤ ਨਾ ਹੁੰਦੇ। ਖੈਰ! ਦੇਰ ਆਏ ਦਰੁਸਤ ਆਏ।
ਅੱਜ ਤੱਤ ਗੁਰਮਤਿ ਪਰਿਵਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿਚ ਖੁਸ਼ਾਮਦੀਦ ਕਹਿੰਦੇ ਹੋਏ, ਨਿਰੋਲ ਨਿਸ਼ਕਾਮਤਾ, ਨਿਮਰਤਾ, ਸੁਹਿਰਦਤਾ ਨਾਲ ਸਲਾਹ ਦੇਣਾ ਚਾਹੁੰਦਾ ਹੈ ਕਿ ਆਪ ਜੀ ਦਸਮ ਗ੍ਰੰਥ, ਸਿੱਖ ਰਹਿਤ ਮਰਿਯਾਦਾ, ਪੰਥ ਪ੍ਰਵਾਨਿਕਤਾ ਆਦਿ ਬਾਰੇ ਗੁਰਮਤਿ ਅਨੁਸਾਰੀ ਜਾਨਕਾਰੀ ਪ੍ਰਾਪਤ ਕਰ ਲੈਣ। ਨਾਲ ਹੀ ਤੱਤ ਗੁਰਮਤਿ ਦੇ ਖੇਤਰ ਵਿਚ ਉਨ੍ਹਾਂ ਤੋਂ ਅੱਗੇ ਦੀ ਗੱਲ ਕਰ ਰਹੇ ਪ੍ਰਚਾਰਕਾਂ ਅਤੇ ਚਿੰਤਕਾਂ ਦਾ ਹਲਕਾ ਅਤੇ ਸਿਧਾਂਤ ਵਿਹੂਣਾ ਵਿਰੋਧ ਕਰਨ ਦੀ ਪ੍ਰਵਿਰਤੀ ਤਿਆਗ ਦੇਣ। ਨਾਲ ਹੀ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਤੇ ਹਾਂ-ਪੱਖੀ ਵਿਚਾਰ ਕਰਨਗੇ ਅਤੇ ਇਸ ਕਹਾਵਤ ਨੂੰ ਆਪਣੇ ਤੇ ਨਹੀਂ ਢੁਕਣ ਦੇਣਗੇ ਕਿ ‘ਮੱਛੀ ਪੱਥਰ ਚੱਟ ਕੇ ਹੀ ਵਾਪਿਸ ਮੁੜਦੀ ਹੈ’।
ਅਸੀਂ ਸਾਰੇ ਨਿਰੋਲ ਸੱਚ ਨੂੰ ਪਿਆਰ ਕਰਨ ਵਾਲੇ ਉਪਰੋਕਤ ਘਟਨਾਕ੍ਰਮ ਤੋਂ ਹੇਠ ਲਿਖੇ ਸਬਕ ਅਪਣੇ ਪੱਲ੍ਹੇ ਬੰਨ੍ਹ ਲਈਏ।
1. ਇਹ ਜ਼ਰੂਰੀ ਨਹੀਂ ਕਿ ਜੋ ਸਾਡੀ ਸਮਝ ਵਿਚ ਆ ਗਿਆ ਹੈ ਉਹੀ ਅੰਤਿਮ ਸੱਚ ਹੈ। ਸੋ ਜੋ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿਚ ਹੋਰ ਅੱਗੇ ਦੀ ਗੱਲ ਵੀ ਕਰਦਾ ਜਾਪਦਾ ਹੈ ਤਾਂ ਉਸ ਦਾ ਅੰਨ੍ਹਾਂ ਅਤੇ ਬੇਲੋੜਾ ਵਿਰੋਧ ਕਰਨ ਦੀ ਥਾਂ ਉਸ ਵਲੋਂ ਆਪਣੇ ਵਿਚਾਰ ਦੇ ਹੱਕ ਵਿਚ ਪੇਸ਼ ਕੀਤੇ ਜਾ ਰਹੇ ਤੱਥਾਂ ਅਤੇ ਦਲੀਲਾਂ ਨੂੰ ਸੁਹਿਰਦਤਾ ਨਾਲ ਵਿਚਾਰੀਏ।

2. ਅਸੀਂ ਕਿਸੇ ਪ੍ਰਚਾਰਕ ਜਾਂ ਸ਼ਖਸੀਅਤ ਦਾ ਸਮਰਥਨ ਇਸ ਲਈ ਕਰਨਾ ਸ਼ੁਰੂ ਕਰਦੇ ਹਾਂ ਕਿ ਉਹ ਗੁਰਮਤਿ ਇਨਕਲਾਬ ਦੀ ਗੱਲ ਕਰਦਾ ਹੈ ਪਰ ਅਸੀਂ ਕਿਸੇ ਸ਼ਖਸੀਅਤ ਦੇ ਇਤਨੇ ਅੰਨ੍ਹੇ ਸਮਰਥਕ ਵੀ ਨਾ ਬਣ ਜਾਈਏ ਕਿ ਉਸ ਦੇ ਗੁਰਮਤਿ ਵਿਰੋਧੀ ਸਟੈਂਡ ਤੇ ਵੀ ਸਾਨੂੰ ਉਸ ਵਿਚ ਕੁਝ ਗਲਤ ਨਾ ਜਾਪੇ। ਸਾਡਾ ਸਾਥ ਗੁਰਮਤਿ ਨਾਲ ਹੋਣਾ ਚਾਹੀਦਾ ਹੈ, ਸ਼ਖਸੀਅਤ ਨਾਲ ਨਹੀਂ।

ਅੰਤ ਵਿਚ ਅਸੀਂ ਵੀਰ ਰਣਜੀਤ ਸਿੰਘ ਜੀ ਅਤੇ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿਚ ਹਾਂ-ਪੱਖੀ ਯੋਗਦਾਨ ਪਾਉਣ ਵਾਲੇ ਹਰ ਸ਼ਖਸ ਨੂੰ ਪ੍ਰਸ਼ੰਸਾ-ਮਈ ਖੁਸ਼ਾਮਦੀਦ ਕਹਿੰਦੇ ਹੋਏ ਇਹ ਆਸ ਕਰਦੇ ਹਾਂ ਕਿ ਅਸੀਂ ਸਾਡੇ ਸਾਰਿਆਂ ਵਾਸਤੇ ਸਿਰਮੌਰ ਮਨੁੱਖੀ ਭਲਾਈ ਦਾ ਮੂਲ ਸ੍ਰੋਤ ਗੁਰਮਤਿ ਹੀ ਰਹੇਗੀ, ਕੋਈ ਸ਼ਖਸੀਅਤ ਨਹੀਂ। ਤੱਤ ਗੁਰਮਤਿ ਪਰਿਵਾਰ ਗੁਰਮਤਿ ਇਨਕਲਾਬ ਦੇ ਝਾੜੂ-ਬਰਦਾਰ ਵਜੋਂ ‘ਜਾਗਦੇ ਰਹੋ’ ਦਾ ਨਿਸ਼ਕਾਮ ਹੋਕਾ ਦ੍ਰਿੜਤਾ ਨਾਲ ਅੱਗੇ ਵੀ ਦਿੰਦਾ ਰਿਹਾ ਹੈ ਅਤੇ ਦੇਂਦਾ ਰਹੇਗਾ। ਹਾਂ, ਕੁੱਝ ਨਿੱਜੀ ਰੁਝੇਵਿਆਂ ਕਰਕੇ ਅਸੀਂ ਇਸ ਖੇਤਰ ਵਿਚ ਪਿਛਲਾ ਕੁਝ ਸਮਾਂ ਸਰਗਰਮ ਨਹੀਂ ਰਹਿ ਸਕੇ। ਇਸ ਲਈ ਖਿਮਾ ਦੇ ਜਾਚਕ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
01 ਫਰਵਰੀ 2017 (ਈਸਵੀ)

ALL ARTICLES AND NEWS

Tag Cloud

DHARAM

Meta