ਬੱਚੇ ਦੀ ਸਾਖੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਗੁਰੂ ਨਾਨਕ ਜੀ ਜੰਗਲ ਵਿਚੋਂ ਜਾ ਰਹੇ ਸੀ, ਉਸ ਜੰਗਲ ਵਿੱਚ ਨਾ ਇੱਕ ਸ਼ੇਰ ਰਹਿੰਦਾ ਸੀ, ਓਹ ਨਾ ਸਭ ਨੂੰ ਖਾ ਜਾਂਦਾ ਸੀ ! ਫਿਰ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਡਾਈਨਾਸੋਰ ਆ ਗਿਆ, ਉਨ੍ਹਾਂ ਨੇ ਨਾ ਫਿਰ ਉਸ ਨੂੰ ਮਾਰ ਦਿੱਤਾ ਤੇ ਸ਼ੇਰ ਭੱਜ ਗਿਆ ! (ਚਾਰ ਸਾਲ ਦਾ ਅਨਮੋਲ ਸਿੰਘ ਆਪਣੀ ਤੋਤਲੀ ਜੁਬਾਨ ਵਿੱਚ ਸਾਖੀ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ) ਹੈਂ ? ਇਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਵਿੱਚ ਡਾਈਨਾਸੋਰ ਕਿਥੋਂ ਆ ਗਿਆ ? (ਲਾਡ ਨਾਲ ਗੁਰਪਿਆਰ ਸਿੰਘ ਨੇ ਪੁਛਿਆ)

ਪਾਪਾ ਜੀ ! ਤੁਹਾਨੂੰ ਕੁਝ ਨਹੀਂ ਪਤਾ, ਓਹ ਨਾ ਬੜਾ ਵੱਡਾ ਡਾਈਨਾਸੋਰ ਸੀ ਜੋ ਸ਼ੇਰ ਨੂੰ ਵੀ ਮਾਰ ਕੇ ਖਾ ਗਿਆ ਸੀ ! ਮੈਂ ਹੁਣ ਪਾਰਕ ਖੇਡਣ ਜਾ ਰਿਹਾ ਹਾਂ ! (ਭੋਲੇਪਨ ਨਾਲ ਅਨਮੋਲ ਨੇ ਕਿਹਾ ਤੇ ਬਾਹਰ ਖੇਡਣ ਚਲਾ ਗਿਆ) ਸਾਨੂੰ ਬੱਚੇ ਨੂੰ ਸਮਝਾਉਣਾ ਚਾਹੀਦਾ ਹੈ ! (ਮਾਂ ਗੁਰਬੀਰ ਕੌਰ ਨੇ ਕਿਹਾ)

(ਗੁਰਪਿਆਰ ਸਿੰਘ ਸੋਚਣ ਲੱਗਾ ਕੀ ਕਿਵੇਂ ਇਤਨੇ ਨਿੱਕੇ ਜਿਹੇ ਬੱਚੇ ਨੂੰ ਸਹੀ ਅੱਤੇ ਗਲਤ ਦਾ ਫ਼ਰਕ ਸਮਝਾਏ ਫਿਰ ਇਹ ਸੋਚ ਕੇ ਚੁਪ ਕਰ ਗਿਆ ਕੀ ਥੋੜਾ ਹੋਰ ਵੱਡਾ ਹੋ ਜਾਵੇ, ਆਪੇ ਸਮਝ ਜਾਵੇਗਾ! ਸੋਚਦੇ ਸੋਚਦੇ ਉਸਦੀ ਸੋਚ ਨੂੰ ਇੱਕ ਝੱਟਕਾ ਜਿਹਾ ਲਗਿਆ)

ਬੱਚੇ ਨੂੰ ਤਾਂ ਮੈ ਸਹੀ ਗਲਤ ਸਮਝਾ ਲਵਾਂਗਾ ਪਰ ਬਹੁਤ ਸਾਰੇ ਪ੍ਰਚਾਰਕ, ਰਾਗੀ ਸ਼ਬਦ ਗਾਇਨ ਕਰਦੇ ਹੋਏ ਅਨਹੋਣੀਆਂ ਸਾਖੀਆਂ ਗੁਰੂ ਸਾਹਿਬਾਨ ਦੇ ਨਾਮ ਨਾਲ ਜੋੜ ਦਿੰਦੇ ਹਨ ! ਓਹ ਗੁਰੂ ਨੂੰ ਦੁਨਿਆਵੀ ਪਦਾਰਥ ਦੇਣ ਵਾਲਾ, ਰਿਧੀਆਂ-ਸਿਧੀਆਂ ਵਿੱਚ ਖਚਿਤ, ਮਨਮਤਾਂ ਕਰਨ ਵਾਲਾ, ਕਦੀ ਅਵਤਾਰ, ਕਦੀ ਕਰਾਮਾਤੀ, ਕਦੀ ਉੱਡਦੇ ਹੋਏ ਤੇ ਕਦੀ ਅੱਖਾਂ ਮੀਟਦੇ ਹੀ ਹਜ਼ਾਰਾਂ ਮੀਲ ਦੂਰ ਇੱਕ ਪਲ ਵਿੱਚ ਅਪੜਿਆ ਸੁਣਾਉਂਦੇ ਹਨ ! ਇਨ੍ਹਾਂ ਨੂੰ ਕੌਣ ਸਮਝਾਵੇਗਾ ? ਕੀ ਇਹ ਵੀ ਬੱਚੇ ਹਨ ? ਕੀ ਇਨ੍ਹਾਂ ਕੋਲ ਗੁਰਬਾਣੀ ਦਾ ਗਿਆਨ ਨਹੀਂ, ਜਾਂ ਫਿਰ ਓਹ ਲੋਗ “ਠੱਗ ਵਿਦਿਆ ਦੇ ਮਾਹਿਰ” ਹਨ, ਜੋ ਇਸ ਤਰੀਕੇ ਖੁਲੇ-ਆਮ ਸੰਗਤਾਂ ਦੀਆਂ ਅੱਖਾਂ ਵਿੱਚ “ਆਖਾਂ ਜੀ ਵਾਹਿਗੁਰੂ” “ਬੋਲੋ ਜੀ ਵਾਹਿਗੁਰੂ” ਬੋਲ ਬੋਲ ਕੇ ਮਨਮਤ ਅੱਤੇ ਮਨਘੜਤ ਸਾਖੀਆਂ ਰੂਪੀ ਮਿੱਟੀ-ਘੱਟਾ ਪਾ ਰਹੇ ਹਨ ? (ਗੁਰਪਿਆਰ ਸਿੰਘ ਨੇ ਗੁਰਬੀਰ ਕੌਰ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕੀਤੇ)

ਗੁਰਬੀਰ ਕੌਰ : ਪੁਰਾਣਾ ਅਖਾਣ ਹੈ ਕਿ “ਇੱਲਾਂ ਦੇ ਆਲਣਿਓਂ, ਮਾਸ ਦੀਆਂ ਮੁਰਾਦਾਂ ?” – ਜਿਹਡ਼ਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ। ਜਿਨ੍ਹਾਂ ਦਾ ਆਪਣਾ ਮੰਨ ਹੀ ਨਹੀਂ ਪਤੀਜਿਆਂ ਉਨ੍ਹਾਂ ਪਾਸੋਂ ਕਿਵੇਂ ਗੁਰਮਤ ਦੀ ਆਸ ਰੱਖੀਏ ? “ਠੱਗ ਵਿਦਿਆ ਦੇ ਮਾਹਿਰ” ਹੀ ਹੋਣਗੇ ਤਾਂ ਹੀ ਸੰਗਤਾਂ ਨੂੰ ਭਰਮਾ ਲੈਂਦੇ ਹਨ !

ਗੁਰਪਿਆਰ ਸਿੰਘ (ਗੱਲ ਮੁਕਾਉਂਦਾ ਹੋਇਆ) ਸਿਰ ਤੇ ਨਹੀਂ ਕੁੰਡਾ, ਤੇ ਹਾਥੀ ਫਿਰੇ ਲੁੰਡਾ ! ਸੰਗਤਾਂ ਨੂੰ ਹੀ ਥਰਡ ਪਾਰਟੀ ਦੀ ਥਾਂ, ਫਰਸ਼ਟ ਪਾਰਟੀ ਨਾਲ ਜੁੜਨਾ ਪਵੇਗਾ, ਭਾਵ ਇਨ੍ਹਾਂ ਗੁਰਬਾਣੀ ਨੂੰ ਗਾਣਾ ਜਾਂ ਤਿਲਸਮੀ ਕਹਾਣੀ ਵਾਂਗ ਪੇਸ਼ ਕਰਨ ਵਾਲੇ ਠੱਗਾਂ ਨੂੰ ਛੱਡ ਕੇ ਆਪਣੇ ਗੁਰੂ ਦੀ ਬਾਣੀ ਨੂੰ ਇੱਕ ਇੱਕ ਸ਼ਬਦ ਕਰ ਕੇ ਸਮਝਣ ਦੀ ਤਾਂਘ ਪੈਦਾ ਕਰਨੀ ਪਵੇਗੀ ਵਰਨਾ ਇਨ੍ਹਾਂ “ਸ਼ਕਲ ਮੋਮਨਾਂ – ਕਰਤੂਤ ਕਾਫ਼ਰਾਂ” ਤੋਂ ਬਚਾਓ ਨਹੀਂ ਹੋ ਪਾਵੇਗਾ !

Tag Cloud

DHARAM

Meta