ਬੰਦ ਕੀਤਾ ਜਾਵੇ ਸਕੱਤਰੇਤ ਨਾਮ ਦੇ ਇਸ ਕੋਠੇ ਨੂੰ -: ਇੰਦਰਜੀਤ ਸਿੰਘ, ਕਾਨਪੁਰ

ਇਨ੍ਹਾਂ ਦੇ ਬਣਾਏ “ਸਕੱਤਰੇਤ ਨਾਮ ਦੇ ਕੋਠੇ” ਨੂੰ ਫੌਰਨ ਤਾਲਾ ਲਾਅ ਕੇ ਬੰਦ ਕਰ ਦੇਣਾ ਚਾਹੀਦਾ ਹੈ। ਜਿਸ ਵਿੱਚ ਬਹਿ ਕੇ ਇਹ ਸਿਆਸੀ ਰਖੈਲਾਂ ਕੌਮ ਦੀ ਅਸਮਤ ਅਤੇ ਸਵੈਮਾਨ ਦਾ ਸੌਦਾ ਕਰਦੀਆਂ ਨੇ। ਨਾ ਰਹੇਗਾ ਇਹ ਕੋਠਾ ਅਤੇ ਨਾ ਰਹਿਣਗੀਆਂ ਇਸ ਵਿੱਚ ਬਹਿ ਕੇ ਸੌਦੇ ਕਰਣ ਵਾਲੀਆਂ ਇਹ ਸਿਆਸੀ ਰਖੈਲਾਂ। ਸੌਦੇ ਇਸ ਕੋਠੇ ਵਿੱਚ ਹੁੰਦੇ ਨੇ, ਤੇ ਨਾਮ ਵਰਤਿਆ ਜਾਂਦਾ ਹੈ ਅਕਾਲ ਤਖਤ ਦੇ ਪਵਿਤੱਰ ਅਦਾਰੇ ਦਾ।

ਇਕ ਮਾਮੂਲੀ ਜਿਹਾ ਬੰਦਾ, ਜੋ ਡੇਰਿਆਂ ਅਤੇ ਸਾਧਾਂ ਦੀਆਂ ਬਰਸੀਆਂ ‘ਤੇ ਜਾ ਜਾ ਕੇ ਲਿਫਾਫਿਆਂ ਦੀ ਭੀਖ ਮੰਗੇ ਅਤੇ ਸਿੱਖਾਂ ਕੋਲੋਂ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਦਾ ਹੋਵੇ, ਉਹ ਅਕਾਲ ਤਖਤ ਜਾਂ ਕੌਮ ਦਾ ਜਥੇਦਾਰ ਕਿਸ ਤਰ੍ਹਾਂ ਹੋ ਸਕਦਾ ਹੈ ? ਕੌਮ ਦੀ ਰਹਿਨੁਮਾਈ ਹੁਣ “ਗੁਰੂ ਗ੍ਰੰਥ ਸਾਹਿਬ” ਤੋਂ ਅਲਾਵਾਂ ਹੋਰ ਕਿਸੇ ਦੀ ਨਹੀਂ ਮੰਨੀ ਜਾਵੇਗੀ। ਵਿਦਵਾਨਾਂ ਅਤੇ ਜਾਗਰੂਕ ਪੰਥ ਦਰਦੀਆਂ ਦਾ ਹੁਣ ਇਹ ਫਰਜ ਹੈ ਕਿ ਕੌਮ ਵਿੱਚ ਇਸ ਗੱਲ ਦਾ ਜੋਰ ਸ਼ੋਰ ਨਾਲ ਪ੍ਰਚਾਰ ਕਰਣ ਕਿ “ਹੁਕਮਨਾਮਾ” ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਰਵਾਨ ਹੋਵੇਗਾ। ਪੰਥ ਦੀ ਰਹਿਨੁਮਾਈ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਕਰਣਗੇ, ਕੋਈ ਦੋ ਕੌਡੀ ਦਾ ਰਿਸ਼ਵਤ ਖੋਰ ਬੰਦਾ, ਕੌਮ ਦੀ ਰਹਿਨੁਮਾਈ ਨਹੀਂ ਕਰ ਸਕਦਾ।

ਅਜੋਕੇ ਸਮੇਂ ਅੰਦਰ ਹੁਣ “ਜਥੇਦਾਰ” ਨਾਮ ਦਾ ਅਹੁਦਾ ਇਕ ਲਾ ਇਲਾਜ ਬਿਮਾਰੀ ਬਣ ਚੁਕਾ ਹੈ। ਛੇਤੀ ਤੋਂ ਛੇਤੀ ਇਸ “ਜਥੇਦਾਰ” ਦੇ ਅਹੁਦੇ ਨੂੰ ਦਰਕਿਨਾਰ ਕਰ ਦੇਣਾਂ ਹੀ ਸਿੱਖਾਂ ਦੇ ਹਿੱਤ ਵਿੱਚ ਹੋਵੇਗਾ। ਜੇ ਇਸ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਛੇਤੀ ਹੀ ਰੱਦ ਨਾ ਕੀਤਾ ਗਿਆ ਤਾਂ ਇਹ ਲਾ ਇਲਾਜ ਬਿਮਾਰੀ ਇਕ ਮਹਾਮਾਰੀ ਬਣਕੇ ਫੈਲ ਜਾਵੇਗੀ। ਅਕਾਲ ਤਖਤ ਦਾ ਜਥੇਦਾਰ ਕੇਵਲ ਤੇ ਕੇਵਲ “ਸ਼ਬਦ ਗੁਰੂ”, ਗੁਰੂ ਗ੍ਰੰਥ ਸਾਹਿਬ ਹੀ ਹੋ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਸਾਨੂੰ ਕੋਈ ਹੁਕਮਨਾਮਾਂ ਜਾਰੀ ਨਹੀਂ ਕਰ ਸਕਦਾ ਅਤੇ ਨਾ ਹੀ ਅਸੀਂ ਕਿਸੇ ਦੁਨਿਆਵੀ ਬੰਦੇ ਦੇ ਹੁਕਮਨਾਮਿਆਂ ਨੂੰ “ਗੁ੍ਰੂ ਦਾ ਹੁਕਮ” ਮਨਣ ਲਈ ਤਿਆਰ ਹਾਂ।

ਹਰ ਸਿੱਖ ਲਈ ਅਕਾਲ ਤਖਤ ਮਹਾਨ ਸੀ, ਅਤੇ ਮਹਾਨ ਰਹੇਗਾ। ਅਕਾਲ ਤਖਤ ਦੀ ਇਮਾਰਤ ਢਹਿੰਦੀ ਰਹੀ ਤੇ ਬਣਦੀ ਰਹੀ, ਲੇਕਿਨ ਅਕਾਲ ਤਖਤ ਦਾ ਸਿਧਾਂਤ ਨਾ ਕਲ ਬਦਲਿਆ ਸੀ ਤੇ ਨਾ ਅੱਜ ਬਦਲਿਆ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੀ ਬਦਲਿਆ ਜਾ ਸਕੇਗਾ। ਅਕਾਲ ਤਖਤ ਸਿੱਖੀ ਦੀ ਵਖਰੀ, ਨਿਆਰੀ, ਆਜ਼ਾਦ ਹੋਂਦ, ਪ੍ਰਭੂਸੱਤਾ ਅਤੇ ਸਵੈਮਾਨ ਦਾ ਪ੍ਰਤੀਕ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਇਸੇ ਕਰਕੇ ਅਸੀਂ ਰੋਜ਼ਾਨਾ ਪੜ੍ਹੀ ਜਾਣ ਵਾਲੀ ਅਰਦਾਸ ਵਿੱਚ ਵੀ “ਝੰਡੇ ਬੁੰਗੇ ਜੁਗੋ ਜੁਗ ਅੱਟਲ” ਰਹਿਣ ਦੀ ਅਰਦਾਸ ਕਰਦੇ ਹਾਂ । ਲੇਕਿਨ ਇਨ੍ਹਾਂ ਸਰਕਾਰੀ ਟੱਟੂਆਂ ਨੇ ਇਨ੍ਹਾਂ ਝੰਡੇ ਬੁੰਗਿਆਂ ਨੂੰ ਬਿਪਰ ਸ਼ਕਤੀਆਂ ਲਈ ਵਰਤ ਕੇ ਇਸਦੀ ਸ਼ਾਨ ਨੂੰ ਖੋਰਾ ਲਾਉਣ ਦਾ ਕੰਮ ਕੀਤਾ ਹੈ। ਜਿੰਨ੍ਹੀ ਵੱਡੀ ਢਾਹ ਅਕਾਲ ਤਖਤ ਦੇ ਸਿਧਾਂਤ ਨੂੰ, ਵਕਤ ਵਕਤ ਦੀਆਂ ਹਕੂਮਤਾਂ ਨੇ ਲਾਈ ਅਤੇ ਕਈ ਵਾਰ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ। ਇਨ੍ਹਾਂ ਸਿਆਸੀ ਰਖੈਲਾਂ ਨੇ ਅਕਾਲ ਤਖਤ ਦੇ ਸਿਧਾਂਤ ਨੂੰ, ਉਸ ਤੋਂ ਹਜ਼ਾਰ ਗੁਣਾਂ ਵੱਡੀ ਢਾਹ ਲਾਅ ਕੇ ਇਕ ਵਾਰ ਨਹੀਂ, ਕਈ ਵਾਰ ਢਹਿ ਢੇਰੀ ਕੀਤਾ ਹੈ।

ਹੁਣ ਸਮਾਂ ਆ ਗਿਆ ਹੈ ਕਿ, ਇਨ੍ਹਾਂ ਧਰਮ ਦੇ ਠੇਕੇਦਾਰਾਂ ਦੀ ਮੰਜੀ ਪੰਥ ਦੇ ਵੇੜ੍ਹੇ ਵਿਚੋ ਚੁੱਕ ਕੇ ਬਾਹਰ ਸੁੱਟ ਦਿੱਤੀ ਜਾਵੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਅਤੇ ਰਹਿਨੁਮਾਈ ਨਾਲ ਕੌਮ ਦੀ ਚੜ੍ਹਦੀ ਕਲਾ ਵੱਲ ਅਪਣਾਂ ਸਾਰਾਂ ਧਿਆਨ ਅਤੇ ਪ੍ਰਚਾਰ ਕੇਂਦ੍ਰਿਤ ਕੀਤਾ ਜਾਵੇ।

ਇਨ੍ਹਾਂ ਨੂੰ ਜੱਥੇਦਾਰ ਮੰਨਣ ਵਾਲਾ ਅਤੇ ਉਨ੍ਹਾਂ ਦੇ ਬਣਾਏ “ਸਕੱਤਰੇਤ ਨਾਮ ਦੇ ਕੋਠੇ” ਵਿੱਚ ਇਨ੍ਹਾਂ ਸਿਆਸੀ ਪਿਆਦਿਆਂ ਦੇ ਅੱਗੇ ਪੇਸ਼ ਹੋਣ ਵਾਲਾ ਵੀ ਗੁਰੂ ਤੋਂ ਬੇਮੁਖ ਅਖਵਾਏਗਾ, ਕਿਉਂਕਿ ਐਸਾ ਵਿਅਕਤੀ ਇਨ੍ਹਾਂ ਨੂੰ ਗੁਰੂ ਦਾ ਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਅਪਮਾਨ ਹੀ ਨਹੀਂ ਕਰਦਾ, ਬਲਕਿ ਉਸ ਕੋਠੇ ਨੂੰ ਅਕਾਲ ਤਖਤ ਦੇ ਮੁਕੱਦਸ ਅਦਾਰੇ ਦੀ ਮਾਨਤਾ ਦੇ ਕੇ, ਗੁਰੂ ਦੇ ਬਣਾਏ ਅਕਾਲ ਦੇ ਤਖਤ ਦੇ ਸਿਧਾਂਤ ਦਾ ਅਪਮਾਨ ਵੀ ਕਰਦਾ ਹੈ।

ALL ARTICLES AND NEWS

Tag Cloud

DHARAM

Meta