“ਬਚਿਤ੍ਰ ਨਾਟਕ ਗ੍ਰੰਥ” ਜਾਂ “ਕਵਿ ਸ਼ਯਾਮ / ਕਵਿ ਰਾਮ ਗ੍ਰੰਥ” ਜਾਂ “ਅਖੌਤੀ ਦਸਮ ਗ੍ਰੰਥ” ਜਾਂ “ਮਹਾਕਾਲ – ਕਾਲਕਾ ਗ੍ਰੰਥ” -: ਸ. ਦਲਬੀਰ ਸਿੰਘ M.Sc.

ਸਿੱਖ ਜਗਤ ਵਿੱਚ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਹੈ। ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ‘ੴ ਸਤਿਨਾਮੁ’ ਨਹੀਂ ਬਲਕਿ ਸ਼ਿਵ-ਪਾਰਵਤੀ ਦਾ ਜੁੜਵਾਂ ਭਿਆਨਕ ਸਰੂਪ ਮਹਾਕਾਲ-ਕਾਲਕਾ ਹੈ। ਲਿਖਾਰੀ-ਕਵੀ ਵਾਮ-ਮਾਰਗੀ (ਨਕਲੀ?) ਕਵੀ ਸ਼ਯਾਮ, ਕਵੀ ਰਾਮ. . ਸਨ ਜੋ ਕਿ ਮਹਾਕਾਲ-ਕਾਲਕਾ ਦੇ ਉਪਾਸਕ ਸਨ।

ਇਸ ਗ੍ਰੰਥ ਦੀ ਡੂੰਘੀ ਪੜਚੋਲ ਸਿਧ ਕਰਦੀ ਹੈ ਕਿ ਇਹ ਗ੍ਰੰਥ ਤਿੰਨ ਬ੍ਰਾਹਮਣੀ ਗ੍ਰੰਥਾਂ ਤੇ ਆਧਾਰਤ ਹੈ:

(1) ਮਾਰਕੰਡੇਯ ਪੁਰਾਣ:- ਸ਼ਿਵ ਦੀ ਪਤਨੀ ਦੇਵੀ ਪਾਰਵਤੀ ਦੇ ਅਵਤਾਰਾਂ ਚੰਡੀ, ਦੁਰਗਾ, ਸ਼ਿਵਾ, ਕਾਲ, ਭਗੌਤੀ, ਭਵਾਨੀ, ਮਹਾਕਾਲੀ, ਕਾਲੀ, ਕਾਲਕਾ ਦੀਆਂ ਦੈਂਤਾਂ ਨਾਲ ਜੰਗ-ਕਥਾਵਾਂ ਅਤੇ ਦੇਵੀ ਉਸਤਤਿ। ਦੇਵੀ-ਪ੍ਰਸੰਗਾਂ ਦੇ ਅੰਤ ਵਿੱਚ ਲਿਖੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਾਰਕੰਡੇ ਪੁਰਾਣੇ…’ ਮਾਰਕੰਡੇ ਪੁਰਾਣ ਤੇ ਆਧਾਰਿਤ ਹੋਣ ਦਾ ਪ੍ਰਤੱਖ ਸਬੂਤ ਹਨ।

(2) ਸ਼ਿਵ ਪੁਰਾਣ:- ਦੇਵਤਾ ਸ਼ਿਵ ਦੇ ਅਵਤਾਰਾਂ ਦੀਆਂ ਕਥਾਂਵਾਂ ਅਤੇ ਸ਼ਿਵ ਦੇ 12 ਲਿੰਗਾਂ ਦੀ ਕਥਾ ਮੁਤਾਬਕ ਸ਼ਿਵ ਦੇ ਭਿਆਨਕ ਰੂਪ ਮਹਾਕਾਲ (ਜਿਸਦਾ ਮੰਦਿਰ ਉੱਜੈਨ, ਮੱਧ ਪ੍ਰਦੇਸ਼ ਵਿੱਚ ਹੈ), ਜਿਸਦੇ ਹੋਰ ਨਾਂ ਬਚਿਤ੍ਰ ਨਾਟਕ ਗ੍ਰੰਥ ਵਿੱਚ ਸਰਬਕਾਲ, ਸਰਬਲੋਹ, ਖੜਗਕੇਤ, ਅਸਿਧੁਜ, ਅਸਿਕੇਤ ਵਗੈਰਾ ਲਿਖੇ ਹਨ, ਦੀ ਉਸਤਤਿ ਹੈ। ਸ਼ਿਵ ਸਹਸਤ੍ਰ-ਨਾਮਾ ਵਿੱਚ ਸ਼ਿਵ ਨੂੰ ਅਕਾਲ-ਪੁਰਖੀ ਗੁਣਾਂ ਵਾਲਾ ਬਿਆਨ ਕੀਤਾ ਗਿਆ ਹੈ ਜਿਸ ਤੋਂ ਸਿੱਖ ਕੌਮ ਭੁਲੇਖਾ ਖਾ ਕੇ ‘ਨਮੋ ਕਾਲ ਕਾਲੇ’, ‘ਨਮੋ ਸਰਬ ਕਾਲੇ’ ਨੂੰ ਵਾਹਿਗੁਰੂ-ਉਸਤਤਿ ਸਮਝ ਰਹੀ ਹੈ। ਸ਼ਿਵ ਪੁਰਾਣ ਵਿੱਚ ਔਰਤਾਂ ਨੂੰ ਮਾੜੇ ਚਲਨ ਵਾਲੀਆਂ ਦਸਿਆ ਗਿਆ ਹੈ (ਚਰਿਤ੍ਰੋ ਪਾਖਯਾਨ ਦਾ ਆਧਾਰ)।

(3) ਸ੍ਰੀਮਦ ਭਾਗਵਤ ਪੁਰਾਣ:- ਇਸ ਪੁਰਾਣ ਦੇ ਦਸਮ ਸਕੰਧ (ਦਸਵਾਂ ਅਧਿਆਇ) ਦੀਆਂ ਲੜੀਵਾਰ ਕਥਾਵਾਂ ਨੇ ਬਚਿਤ੍ਰ ਨਾਟਕ ਗ੍ਰੰਥ ਦਾ ਤਕਰੀਬਨ ਚੌਥਾ ਹਿੱਸਾ ਦੇਵਤਾ ਵਿਸ਼ਨੂ ਦੇ 24 ਅਵਤਾਰਾਂ ਰਾਮ, ਕ੍ਰਿਸ਼ਨ ਆਦਿਕ ਦੀਆਂ ਕਥਾਂਵਾਂ ਨੇ ਮਲਿਆ ਹੈ। ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦਸਮ ਸਕੰਧ ਪੁਰਾਣੇ…’ ਭਾਗਵਤ ਪੁਰਾਣ ਤੇ ਆਧਾਰਤ ਹੋਣ ਦਾ ਪ੍ਰਤੱਖ ਸਬੂਤ ਹਨ। ਚਲਾਕ ਸਿੱਖ-ਵਿਰੋਧੀਆਂ ਨੇ ‘ਦਸਮ ਸਕੰਧ’ ਨੂੰ ‘ਦਸਮ ਗ੍ਰੰਥ’ ਕਰਕੇ ਸਿੱਖਾਂ ਨੂੰ ਭੁਲੇਖਾ ਪਾਇਆ ਹੈ। ਕਵਿ ਰਾਮ / ਕਵਿ ਸ਼ਯਾਮ ਨੇ ਇਹਨਾਂ ਅਵਤਾਰਾਂ ਨੂੰ ਵੀ ਸ਼ਿਵ-ਦੁਰਗਾ ਅਥਵਾ ਮਹਾਕਾਲ- ਕਾਲਕਾ ਦਾ ਉਪਾਸਕ ਸਿਧ ਕੀਤਾ।

ਇਸ ਬਚਿਤ੍ਰ ਨਾਟਕ ਗ੍ਰੰਥ ਦੀਆਂ ਕੁੱਝ ਪੰਕਤੀਆਂ ਪੰਨਾਂ ਨੰਬਰ ਸਹਿਤ ਹੇਠ ਲਿਖਤ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਤੁਲਨਾ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਨੂੰ ਕੁਰਾਹੇ ਪਾਉਣ ਲਈ ਹੀ ਇਸ ਗ੍ਰੰਥ ਨਾਲ ਜੋੜਿਆ ਜਾ ਰਿਹਾ ਹੈ:-

ਪੰਨਾਂ 73: ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਇਸ਼ਟ ਦਾ ਸਰੂਪ)

ਅਰਥਾਤ, ਸਰਬਕਾਲ (ਮਹਾਕਾਲ) ਪਿਤਾ ਹੈ ਅਤੇ ਕਾਲਕਾ ਮਾਤਾ ਹੈ; ਇਹ ਹੈ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ੴਸਤਿਨਾਮੁ ਅਰਥਾਤ ਨਿਰਾਕਾਰ ਪ੍ਰਭੂ ਨੂੰ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ॥” ਮੰਨਦੀ ਹੈ। ਇਸ ਤਰ੍ਹਾਂ ਇਹ ਕਵਿ-ਰਚਿਤ-ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਗ੍ਰੰਥ ਹੈ।

ਇਸ ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਕਈ ਗਲਤੀਆਂ ਕਰਦੇ ਹਨ, ਭੁਲਣਹਾਰ ਹਨ। ਹੇਠ ਲਿਖੇ ਪ੍ਰਮਾਣ ਗੌਰ ਨਾਲ ਪੜੋ ਜੀ:

ਪੰਨਾਂ 47: ਪ੍ਰਿਥਮ ਕਾਲ ਜਬ ਕਰਾ ਪਸਾਰਾ॥ …. ਏਕ ਸ੍ਰਵਣ (ਕਾਨ) ਤੇ ਮੈਲ ਨਿਕਾਰਾ॥ ਤਾਂਤੇ ਮਧੁ ਕੀਟਭ ਤਨ ਧਾਰਾ॥ ਦੁਤੀਆ ਕਾਨ ਤੇ ਮੈਲ ਨਿਕਾਰੀ॥ ਤਾਂਤੇ ਭਈ ਸ੍ਰਿਸਟੀ ਸਾਰੀ॥ (ਨੋਟ: ਸ੍ਰਿਸਟੀ ਰਚਨਾ ਦਾ ਇਹ ਸਿਧਾਂਤ ‘ਅਰਬਦ ਨਰਬਦ ਧੁੰਧੂਕਾਰਾ. .’ ਗੁਰਬਾਣੀ ਅਤੇ ਵਿਗਿਆਨਕ ਖੋਜ ਦੇ ਵਿਰੁਧ ਹੈ। ਕੰਨਾਂ ਦੀ ਮੈਲ ਨਾਲ ਸੰਸਾਰ ਰਚਨਾ ਕਿਵੇਂ? ਕੀ ਵਾਹਿਗੁਰੂ ਸ਼ਰੀਰਧਾਰੀ ਹੈ?)

ਪੰਨਾਂ 119: ਸਮਾਪਤੀ ਸੰਕੇਤ ਮੁਤਾਬਿਕ ਇਹ ਵਾਰ ਦੁਰਗਾ ਕੀ ਹੈ ਜਿਸਨੂੰ ਹੁਣ ਵਾਰ ਸ੍ਰੀ ਭਗਉਤੀ ਕੀ ਕਿਹਾ ਜਾਂਦਾ ਹੈ; ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ॥ (ਪਉੜੀ 1). . ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ . . 55॥ (ਆਖਰੀ ਪਉੜੀ)। ਸਪਸ਼ਟ ਹੈ ਕਿ ਇਥੇ ਭਗਉਤੀ ਦਾ ਅਰਥ ਦੇਵੀ ਦੁਰਗਾ ਹੈ। ਸਿੱਖ ਦੀ ਅਰਦਾਸ ਨਿਰਾਕਾਰ ਪਰਮਾਤਮਾ ਜਾਂ ਗੁਰੂ ਅੱਗੇ ਹੁੰਦੀ ਹੈ, ਨ ਕਿ ਦੇਵੀ ਦੁਰਗਾ ਅੱਗੇ। ਜੇਕਰ ਸਿੱਖ ਪੰਥ ਅਰਦਾਸ ਦੀ ਪਹਿਲੀ ਪੰਕਤੀ ਬਦਲ ਕੇ “ਪ੍ਰਿਥਮ ਵਾਹਿਗੁਰੂ / ਅਕਾਲਪੁਰਖ ਸਿਮਰ ਕੇ ਗੁਰੂ ਨਾਨਕ ਲਈਂ ਧਿਆਇ॥” ਸੋਧ ਦੇਵੇ ਤਾਂ ਬੇਹਤਰ ਹੋਵੇਗਾ। (ਨੋਟ: ਇਸ ਗ੍ਰੰਥ ਦੇ ਭੁਲਣਹਾਰ ਲਿਖਾਰੀ ਕਵੀਆਂ ਨੇ ਕਈ ਪੰਨਿਆਂ ਤੇ ਲਿਖਿਆ ਹੈ “ਭੂਲ ਹੋਇ ਕਬਿ ਲੇਹੁ ਸੁਧਾਰੀ॥” ਅਰਥਾਤ, ਲਿਖਾਰੀ ਕਵੀਆਂ ਨੂੰ ਕੋਈ ਇਤਰਾਜ਼ ਨਹੀਂ ਜੇ ਅਸੀ ਇਸ ਗ੍ਰੰਥ ਦੀ ਕੋਈ ਪੰਕਤੀ ਸੁਧਾਰ ਕਰ ਲਈਏ ਜਾਂ ਹਟਾ ਦਈਏ।)

ਪੰਨਾਂ 155:॥ ਪਾਤਸ਼ਾਹੀ 10॥ ਅਥ ਚੌਬੀਸ ਅਵਤਾਰ॥ . . ਸੁਨੀਅਹੁ ਸੰਤ ਸਭੇ ਚਿਤ ਲਾਈ॥ ਬਰਨਤ ਸਯਾਮ ਜਥਾ ਮਤ ਭਾਈ॥ 1॥ ਸਯਾਮ-ਕਵਿ-ਛਾਪ ਸਿਧ ਕਰਦੀ ਹੈ ਕਿ ਪਾਤਸ਼ਾਹੀ 10 ਲਿਖ ਕੇ ਸਿੱਖਾਂ ਨੁੰ ਧੋਖਾ ਦਿੱਤਾ ਜਾ ਰਿਹਾ ਹੈ। ਸੋ ਅਰਦਾਸ ਦਾ ਸਿਰਲੇਖ “ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10” ਹਟਾ ਕੇ ਕੀਤੀ ਗਈ ਅਰਦਾਸ ਗੁਰਮਤਿ ਵਿਰੁਧ ਨਹੀਂ ਹੋਵੇਗੀ।

ਪੰਨਾਂ 309:॥ ਚੋਪਈ॥ ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ॥ ਕਿਸਨ ਬਿਸਨ ਕਬਹੁ ਨ ਧਿਆਊਂ॥ …ਛੰਦ-434॥ ਮਹਾਕਾਲ ਰਖਵਾਰ ਹਮਾਰੋ॥ ਮਹਾਲੋਹ ਹਮ ਕਿੰਕਰ ਥਾਰੋ॥ ਛੰਦ-435॥ (ਨੋਟ: ਲਿਖਾਰੀ ਕਵਿ ਸਯਾਮ ਦਾ ਰਖਵਾਲਾ ਉਸਦਾ ਇਸ਼ਟ ਮਹਾਕਾਲ ਅਥਵਾ ਮਹਾਲੋਹ / ਸਰਬਲੋਹ ਹੈ। ਮਹਾਕਾਲ ਦਾ ਅਰਥ ਵਾਹਿਗੁਰੂ ਨਹੀਂ (ਪੰਨਾਂ 1210 ਦਾ ਦੋਹਰਾ) ਪੜੋ।

ਪੰਨਾਂ 711: ਕੇਵਲ ‘ਕਾਲ’ ਈ ਕਰਤਾਰ॥ (ਕਾਲ ਸ੍ਰਿਸਟੀ ਦਾ ਰਚਨਹਾਰਾ ਕਿਵੇਂ? (ਵੇਖੋ ਉਪਰ ਪੰ: 47)

ਪੰਨਾਂ 809: ਦੁਰਗਾ ਤੂੰ ਛਿਮਾ ਤੂੰ ਸ਼ਿਵਾ ਰੂਪ ਤੇਰੋ॥ (ਦੇਵੀ ਦੁਰਗਾ ਦੇ ਅਨੇਕ ਨਾਂ; ਚਰਿਤ੍ਰੋ ਪਾਖਯਾਨ ਦੇ ਸ਼ੁਰੂ ਵਿੱਚ ਦੇਵੀ-ਉਸਤਤ ਵਿਚੋਂ। ਸਪਸ਼ਟ ਹੈ ਕਿ ਦੇਵੀ ਦੁਰਗਾ ਹੀ ਸ਼ਿਵਾ ਹੈ)। ਇਸ ਗ੍ਰੰਥ ਦੇ ਪੰਨਾਂ 99 ਤੇ ਲਿਖੀ ਰਚਨਾ “ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੌ॥” ਵਿੱਚ ਸ਼ਿਵਾ ਦਾ ਅਰਥ ਦੁਰਗਾ ਹੀ ਸਿਧ ਹੁੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਵੀ ਦੁਰਗਾ ਨੂੰ ੴ ਦਾ ਸੇਵਕ ਮੰਨਦੀ ਹੈ “ਦੁਰਗਾ ਕੋਟਿ ਜਾ ਕੇ ਮਰਦਨ ਕਰਹਿ॥” ਇਸ ਲਈ ਗੁਰਸਿੱਖਾਂ ਨੁੰ “ਦੇਹ ਸ਼ਿਵਾ ਬਰ ਮੋਹਿ ਇਹੈ…” ਰਚਨਾ ਨ ਪੜਨੀ ਚਾਹੀਦੀ ਹੈ ਨ ਗਾਇਨ ਕਰਨੀ ਚਾਹੀਦੀ ਹੈ।

ਪੰਨਾਂ 810:- ‘ਕਾਲ / ਕਾਲਕਾ ਦਾ ਭਿਆਨਕ ਸਰੂਪ ਜਗ ਦਾ ਪਾਲਣਹਾਰ (?) (ਗੁਰਮਤਿ ਵਿਰੋਧੀ ਵਿਚਾਰ) ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥ ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ ਸੁ ‘ਕਾਲ’ ਸਦਾ ਪ੍ਰਤਿਪਾਲ ਤਿਹਾਰੋ॥

ਅਰਥਾਤ ਗਲੇ ਵਿੱਚ ਖੋਪੜੀਆਂ ਦੀ ਮਾਲਾ, ਸਰੀਰ ਨੰਗਾ, ਖੱਬੇ ਪਾਸੇ ਭਾਰੀ ਤਲਵਾਰ, ਲਾਲ ਅੰਗਾਰੇ ਵਰਗੀਆਂ ਡਰਾਉਣੀਆਂ ਅੱਖਾਂ ਬਿਖਰੇ ਵਾਲ, ਖੁਨ ਨਾਲ ਲਿਬੜੇ ਦੰਦ, ਮੂੰਹ ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ. . ਇਹ ‘ਕਾਲ’ ਤੁਹਾਡਾ ਪਾਲਣਹਾਰ! ? ? ? ਚੌਪਈ ‘ਹਮਰੀ ਕਰੋ ਹਾਥ ਦੇ ਰਛਾ’ ਵਿੱਚ ਇਸੇ ਮਹਾਕਾਲ/ ਕਾਲ ਦਾ ਉਪਾਸਕ ਗੁਰੂ ਜੀ ਅਤੇ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ।

ਪੰਨਾਂ 1210:- ਚਰਿਤ੍ਰੋ ਪਾਖਯਾਨ ਨੰ: 266 ਦਾ ਆਖਰੀ ਦੋਹਿਰਾ:

ਇਹ ਛਲ ਸੋ ਮਿਸਰਹ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿੱਖਯ ਕਰਿ ਮਦਿਰਾ ਭਾਂਗ ਪਿਵਾਇ॥ ਅਰਥਾਤ ਮਹਾਕਾਲ ਦੇ ਸਿੱਖ ਨੂੰ ਕੜਾਹ-ਪ੍ਰਸ਼ਾਦ ਨਹੀਂ, ਭੰਗ ਤੇ ਸ਼ਰਾਬ ਛਕਾਈ ਜਾਂਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਸ਼ੀਲੇ ਪਦਾਰਥ ਵਰਤਣ ਵਰਤਾਣ, ਛਕਣ ਛਕਾਉਣ ਤੋਂ ਸਖਤੀ ਨਾਲ ਮਨ੍ਹਾ ਕਰਦੀ ਹੈ। ਸਪਸ਼ਟ ਸਿਧ ਹੁੰਦਾ ਹੈ ਕਿ ਮਹਾਕਾਲ ਦਾ ਅਰਥ ਵਾਹਿਗੁਰੂ ਜਾਂ ਮੂਲ-ਮੰਤ੍ਰ ਵਿੱਚ ਬਿਆਨ ਕੀਤਾ ਅਕਾਲ ਪੁਰਖੁ ਜਾਂ ਨਿਰਾਕਾਰ ਪਰਮਾਤਮਾ ਨਹੀਂ।

(ਨੋਟ: ਸ਼ਿਵ ਅਤੇ ਕਾਲੀ ਮੰਦਿਰਾਂ ਵਿੱਚ ਭੰਗ ਅਤੇ ਸ਼ਰਾਬ ਦਾ ਹੀ ਪਰਸ਼ਾਦ ਦਿਤਾ ਜਾਂਦਾ ਹੈ।)

ਪੰਨਾਂ 1387॥ ਕਬਯੌ ਬਾਚ ਬੇਨਤੀ॥ ਚੋਪਈ॥ (ਰਹਿਰਾਸ ਵਿੱਚ ਪੜ੍ਹੀ ਜਾਂਦੀ ਚੌਪਈ; ਗ੍ਰੰਥ ਵਿੱਚ ਪਾ: 10 ਅੰਕਤ ਨਹੀਂ) ਹਮਰੀ ਕਰੋ ਹਾਥ ਦੈ ਰਛਾ॥ . . ਜਵਨ ਕਾਲ ਸਭ ਜਗਤ ਬਨਾਯੋ॥ . . ਆਦਿ ਅੰਤ ਏਕੈ ਅਵਤਾਰਾ (?)॥ ਸੋਈ ਗੁਰੂ ਸਮਝਿਯੋ ਹਮਾਰਾ॥ … ਖੜਗਕੇਤ (ਮਹਾਕਾਲ) ਮੈ ਸਰਨ ਤੁਮਾਰੀ॥ (ਨੋਟ: ਇਹ ਰਚਨਾ ਆਖ਼ਰੀ ਤ੍ਰਿਯਾ ਚਰਿਤ੍ਰ ਦਾ ਅੰਸ਼ ਹੈ। ਤ੍ਰਿਯਾ ਚਰਿਤ੍ਰ ਅਸ਼ਲੀਲ ਅਤੇ ਗੁਰਮਤਿ ਵਿਰੁਧ ਹਨ, ਜੋ ਗੁਰੂ-ਰਚਿਤ ਹੋ ਹੀ ਨਹੀਂ ਸਕਦੇ)। ਇਹ ਚੌਪਈ ਮਹਾਕਾਲ–ਕਾਲਕਾ ਨੂੰ ਸੰਬੋਧਨ ਕਰਕੇ ਕੀਤੀ ਗਈ ਕਵਿ ਸ਼ਯਾਮ / ਕਵਿ ਰਾਮ ਦੀ ਬੇਨਤੀ ਹੈ। ਗੁਟਕਿਆਂ ਵਿੱਚ ਪਾਤਸ਼ਾਹੀ 10 ਲਿਖ ਕੇ ਭੋਲੇ ਭਾਲੇ ਸਿਖਾਂ ਨੂੰ ਧੋਖੇ ਵਿੱਚ ਰਖਕੇ ਕੱਚੀ ਬਾਣੀ ਨਾਲ ਜੋੜਨ ਦੀ ਸਿੱਖ-ਵਿਰੋਧੀਆਂ ਦੀ ਸਾਜ਼ਸ਼ ਹੈ।

ਮਹਾਕਾਲ-ਕਾਲਕਾ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀਂ ਆਰਾਧੇ।

ਇਸ ਗ੍ਰੰਥ ਬਾਰੇ ਨੋਟ ਕਰਨ ਜੋਗ ਖਾਸ ਨੁਕਤੇ:

ਇਸ ਬਚਿਤ੍ਰ ਨਾਟਕ ਗ੍ਰੰਥ ਨੂੰ ਗੁਰੂ-ਪਦਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਪ੍ਰਦਾਨ ਨਹੀਂ ਕੀਤੀ।

ਇਸ ਗ੍ਰੰਥ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।

ਇਸ ਗ੍ਰੰਥ ਵਿੱਚ ‘ਮਹਲਾ’ ਰਚਨਾ-ਪਦ ਅਤੇ ‘ਨਾਨਕ’ ਛਾਪ ਕਿਤੇ ਨਹੀਂ ਜਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੈ।

ਇਸ ਗ੍ਰੰਥ ਵਿੱਚ ਔਰਤ ਦੀ ਘੋਰ ਨਿੰਦਾ ਕੀਤੀ ਗਈ ਹੈ (ਸਜ ਪਛਤਾਨਿਓ ਇਨ ਕਰਤਾਰਾ॥ . . ਜਹੀ ਕਈ ਪੰਕਤੀਆਂ)

ਇਸ ਗ੍ਰੰਥ ਵਿੱਚ ਮੰਗਲਾਚਰਨ ‘ਸ੍ਰੀ ਭਗਉਤੀ ਜੀ ਸਹਾਇ’॥ . .’ਸ੍ਰੀ ਭਗੌਤੀ ਏ ਨਮਹ’॥ ਦੇਵੀ ਦੁਰਗਾ ਬੋਧਕ ਹਨ।

ਇਸ ਗ੍ਰੰਥ ਦੀ ਸ਼ੈਲੀ (ਛੰਦ ਬੰਦੀ), ਭਾਸ਼ਾ (ਬ੍ਰਿਜ, ਡਿੰਗਲ. .) ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਅਲਗ ਕਿਉਂ? ?

ਇਹ ਗ੍ਰੰਥ ਗੁਰਸਿੱਖਾਂ ਨੂੰ ਬ੍ਰਾਹਮਣ-ਵਾਦ ਵਿੱਚ ਉਲਝਾਉਣ ਦੀ ਨੀਯਤ ਨਾਲ ਸਿੱਖ-ਵਿਰੋਧੀਆਂ ਨੇ ਰਚਿਆ ਹੈ।

ਜ਼ਫ਼ਰਨਾਮਾ ਵਿੱਚ ਅਧਰਮੀ ਤੇ ਜ਼ਾਲਮ ਔਰੰਗਜ਼ੇਬ ਦੀ ਤਾਰੀਫ਼ ਕੀ ਗੁਰੂ-ਲਿਖਤ ਹੋ ਸਕਦੀ ਹੈ? ?

ਇਸ ਗ੍ਰੰਥ ਦੇ ਲਿਖਾਰੀ ਕਵੀ ਕਈ ਗੁਰਮਤਿ-ਸਿਧਾਂਤ ਵਿਰੁਧ, ਕਈ ਇਤਿਹਾਸ-ਵਿਰੁਧ (ਰਾਮਾ ਨੰਦ ਪਹਿਲੋਂ ਹਜ਼ਰਤ ਮੁਹਮਦ ਪਿਛੋਂ ਹੋਏ; ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਦਾ ਕਿਤੇ ਜ਼ਿਕਰ ਹੀ ਨਹੀਂ, ਕਿਉਂ?, ਅਨਹੋਣੀਆਂ-ਦਲੀਲ-ਵਿਰੁਧ (ਸਤਜੁਗ ਵਿੱਚ ਪਠਾਣ ਤੇ ਮੁਸਲਮਾਨ) (ILLOGICAL ) ਗੱਲਾਂ ਲਿਖਦੇ ਹਨ।

ਇਸ ਗ੍ਰੰਥ ਵਿੱਚ ਨਸ਼ੇ ਵਰਤਣ, ਬਦਚਲਨੀ (ਵਾਮ ਮਾਰਗੀ ਸਿਖਿਆ), ਕੇਸ ਸਾਫ਼ ਕਰਨ ਦੇ ਤਰੀਕੇ ਸਿਖਾਉਣੇ, ਧੋਖਾ-ਫ਼ਰੇਬ ਕਰਨ ਦੇ ਢੰਗ ਦਸੇ ਗਏ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ / ਉਪਦੇਸ਼ਾਂ ਦੇ ਉਲਟ ਹਨ।

ਮੁਕਦੀ ਗਲ ਕਿ ਇਹ ਬਚਿਤ੍ਰ ਨਾਟਕ ਗ੍ਰੰਥ ਜਾਂ ਕਿਹਾ-ਜਾਂਦਾ ਦਸਮ ਗ੍ਰੰਥ ਕਵਿ ਸ਼ਯਾਮ / ਕਵਿ ਰਾਮ ਰਚਿਤ ਮਹਾਕਾਲ-ਕਾਲਕਾ ਗ੍ਰੰਥ ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਚਿਤ ਹਰਗ਼ਿਜ਼ ਨਹੀਂ। ਯਕੀਨਨ ਸਿੱਖ-ਵਿਰੋਧੀ, ਗੁਰੂ-ਨਿੰਦਕ ਗ੍ਰੰਥ ਹੈ।

ਸਿੱਖ ਕੌਮ ਦੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ; ਹੋਰ ਕਿਸੇ ਗ੍ਰੰਥ ਦੀ ਹਰ ਰਚਨਾ ਕੱਚੀ ਬਾਣੀ ( just literature ) ਹੈ, ਗੁਰਬਾਣੀ ਨਹੀਂ।

Tag Cloud

DHARAM

Meta