ਪੰਜਾਬ ਵਿੱਚ ਬਣਿਆ ਇਹ ਗਊ ਰੱਖਿਆ ਕਾਨੂੰਨ ਹੈ, ਜਾਂ ਇਸ ਨੂੰ ਕਿਸਾਨ ਹੱਤਿਆ ਕਾਨੂੰਨ ਕਿਹਾ ਜਾਵੇ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਨਾਤਨ ਮੱਤ ਵਿੱਚ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਗਊੂ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸ ਦਾ ਮੁੱਖ ਕਾਰਨ ਹੈ ਕਿ ਸ੍ਰੀ ਕ੍ਰਿਸ਼ਨ ਅਵਤਾਰ ਵੱਲੋਂ ਗਉਆਂ ਚਾਰਨਾ, ਇਸ ਕਰਕੇ ਕ੍ਰਿਸ਼ਨ ਜੀ ਨੂੰ ਗੋਪਾਲ ਵੀ ਕਿਹਾ ਜਾਂਦਾ ਹੈ ਅਤੇ ਇਕ ਹੋਰ ਮਹਾਬਲੀ ਦੇਵਤੇ ਸ਼ਿਵ ਸ਼ੰਕਰ ਜੀ ਵੀ ਨੰਦੀ ਬਲਦ ਦੀ ਸਵਾਰੀ ਕਰਦੇ ਸਨ ਅਤੇ ਹਿੰਦੂਆਂ ਦੇ ਪੁਰਾਤਨ ਗਰੰਥਾਂ ਵਿੱਚ ਕਾਮਧੇਨ ਗਊ ਦਾ ਵੀ ਜ਼ਿਕਰ ਆਉਂਦਾ ਹੈ। ਜਿਹੜੀ ਹਰ ਤਰ੍ਹਾਂ ਦੇ ਪਦਾਰਥ ਦੇਣ ਦੀ ਸਮਰਥਾ ਰੱਖਦੀ ਹੈ। ਕਾਮਧੇਨ ਗਊੂ ਦਾ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ, ‘‘ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੇ ਵਸਿ ਹੈ ਕਾਮਧੇਨਾ’’ ਬੇਸ਼ਕ ਇਸ ਵਿੱਚ ਗਊੂ ਨੂੰ ਮਾਨਤਾ ਦੇਣ ਵਾਲੀ ਕੋਈ ਗੱਲ ਨਹੀਂ, ਸਗੋਂ ਔਝੜ ਪਏ ਮਨੁੱਖ ਨੂੰ ਸਮਝਾਇਆ ਗਿਆ ਹੈ ਕਿ ਸਾਰੇ ਸੁੱਖ ਪ੍ਰਭੁ ਦੀ ਸ਼ਰਨ ਵਿੱਚ ਹਨ। ਇਸ ਤਰ੍ਹਾਂ ਹੀ ‘‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ’’ ਇਸ ਸ਼ਬਦ ਵਿੱਚ ਵੀ ਗਊੂ ਦਾ ਮਹਾਤਮ ਨਹੀਂ, ਸਗੋਂ ਸਬਰ ਦੀ ਗੱਲ ਸਮਝਾਉਣ ਵਾਸਤੇ, ਕਿ ਜਿਵੇ ਮੁਸਲਿਮ ਨੂੰ ਸੂਰ ਦੀ ਅਤੇ ਹਿੰਦੂ ਨੂੰ ਗਊ ਦੀ ਆਣ ਹੈ, ਇੰਜ ਹੀ ਪਰਾਇਆ ਹੱਕ ਖਾਣ ਤੋਂ ਵੀ ਹੋਣੀ ਚਾਹੀਦੀ ਹੈ, ਲੇਕਿਨ ਇਸ ਵਿੱਚ ਇਹ ਜਰੂਰ ਸਾਬਿਤ ਹੁੰਦਾ ਹੈ ਕਿ ਹਿੰਦੂ ਦਾ ਗਊੂ ਵਿੱਚ ਵਿਸ਼ਵਾਸ਼ ਹੈ।

ਵੈਦਿਕ ਦੀ ਦੁਨੀਆ ਵਿੱਚ ਵੀ ਗਊੂ ਦੇ ਗੋਹੇ ਅਤੇ ਮੂਤਰ ਦਾ ਵੀ ਬੜਾ ਮਹੱਤਵ ਹੈ, ਜਿਸ ਨੂੰ ਕੁੱਝ ਬਿਮਾਰੀਆਂ ਵਾਸਤੇ ਇੱਕ ਔਸ਼ਧੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਕੁੱਝ ਇੱਕ ਲੋਕਾਂ ਦੇ ਮੂੰਹੋ ਇਹ ਵੀ ਸੁਣਿਆ ਹੈ ਪੁਰਾਤਨ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਅਸਮਾਨ ਤੋਂ ਇੱਕ ਬੂੰਦ ਡਿੱਗਦੀ ਹੈ, ਜੇ ਇਨਸਾਨ ਦੇ ਮੂੰਹ ਪੈ ਜਾਵੇ ਤਾਂ ਸ੍ਰੇਸ਼ਟ ਮਨੁੱਖ ਬਣਾ ਦਿੰਦੀ ਹੈ, ਦਰਖਤ ਉੱਤੇ ਆ ਪਵੇ ਤਾਂ ਚੰਦਨ ਬਣ ਜਾਂਦਾ ਹੈ, ਸੱਪ ਦੇ ਉੱਤੇ ਡਿੱਗੇ ਤਾਂ ਮਨੀ ਪੈਦਾ ਕਰ ਦਿੰਦੀ ਹੈ, ਹਿਰਨ ਦੇ ਉੱਤੇ ਡਿੱਗੇ ਤਾਂ ਕਸਤੂਰੀ ਪੈਦਾ ਹੋ ਜਾਂਦੀ ਹੈ ਅਤੇ ਜੇ ਗਊੂ ਦੇ ਉੱਤੇ ਪੈ ਜਾਵੇ ਤਾਂ ਉਸ ਦੇ ਅੰਦਰ ਗਲੋਚਣ ਪੈਦਾ ਹੋ ਜਾਂਦਾ ਹੈ, ਜਿਹੜਾ ਬਹੁਤ ਹੀ ਮਹੱਤਵ ਪੂਰਨ ਹੁੰਦਾ ਹੈ। ਕੁੱਝ ਲੋਕ ਗੀਤਾਂ ਵਿੱਚ ਵੀ ਗਊੂ ਦਾ ਜ਼ਿਕਰ ਆਉਂਦਾ ਹੈ ‘‘ਨੀਹ ਸੌਂਹ ਮੈਨੂੰ ਢਾਂਡੀ ਦੀ’’ ਆਦਿਕ। ਆਮ ਤੌਰ ‘ਤੇ ਗਊ ਨੂੰ ਨਿਮਰਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਜਦੋਂ ਵੀ ਕਦੇ ਕੋਈ ਕਿਸੇ ਨਿਆਸਰੇ ਬੰਦੇ ਦੀ ਗੱਲ ਕਰੇ ਤਾਂ ਆਮ ਹੀ ਤਕੀਆ ਕਲਾਮ ਹੈ ਕਿ ਫਲਾਨਾ ਬੰਦਾ ਤਾਂ ਗਊੂ ਵਰਗਾ ਹੈ, ਭਾਵ ਸ਼ਰੀਫ਼ ਹੈ। ਕੁੱਝ ਧਾਰਮਿਕ ਵਿਚਾਰ ਰੱਖਣ ਵਾਲੇ ਵੀ ਸੁਭਾਵਿਕ ਹੀ ਉਪਦੇਸ਼ ਕਰਦੇ ਹਨ ਕਿ ਭਾਈ ਗਊ ਗਰੀਬ ਦੀ ਰੱਖਿਆ ਕਰਨਾ ਹੀ ਪਰਮ ਧਰਮ ਹੈ।

ਕਿਸਾਨ ਨਾਲ ਵੀ ਗਊ ਦਾ ਪੁਰਾਤਨ ਸਬੰਧ ਹੈ ਕਿਉਂਕਿ ਖੇਤੀ ਦੇ ਸਾਰੇ ਕਾਰਜ਼ ਕਰਨ ਵਾਸਤੇ ਗਊ ਦਾ ਜਾਇਆ ਭਾਵ ਬਲਦ ਹੀ ਹਰ ਵੇਲੇ ਕੰਮ ਆਉਂਦਾ ਸੀ। ਇਸ ਕਰਕੇ ਕਿਸਾਨ ਵੀ ਗਊ ਨਾਲ ਇਸ ਪੱਖੋਂ ਜੁੜਿਆ ਹੋਇਆ ਸੀ ਅਤੇ ਪੰਜਾਬ ਦਾ ਬਹੁਗਿਣਤੀ ਕਿਸਾਨ ਬੇਸ਼ੱਕ ਸਿੱਖ ਧਰਮ ਨਾਲ ਸਬੰਧਤ ਹੈ, ਲੇਕਿਨ ਉਸ ਸਾਹਮਣੇ ਦੋ ਗੱਲਾਂ ਹਨ ਕਿ ਇੱਕ ਤਾਂ ਕਿਸੇ ਦੂਜੇ ਦੀ ਧਾਰਮਿਕ ਅਸਥਾ ਨੂੰ ਸਿੱਖ ਕਦੇ ਠੇਸ ਨਹੀਂ ਪਹੁਚਾਉਂਦੇ, ਦੂਜਾ ਉਸ ਦੀ ਲੋੜ ਵੀ ਸੀ ਬਲਦ ਅਤੇ ਗਊ ਨਾਲ ਵਾਸਤਾ ਰੱਖਣਾ। ਇਸ ਕਰਕੇ ਜਦੋਂ ਕਿਸੇ ਨੇ ਗਊ ਦੀ ਬੇਹਤਰੀ ਵਾਸਤੇ ਕੋਈ ਉਦਮ ਕੀਤਾ ਤਾਂ ਕਿਸਾਨ ਨੇ ਸਿੱਖ ਹੋਣ ਦੇ ਬਾਵਜੂਦ ਅਤੇ ਗਊ ਦੀ ਕੋਈ ਧਾਰਮਿਕ ਅਹਿਮੀਅਤ ਨਾ ਹੋਣ ਕਰਕੇ ਵੀ, ਆਪਣਾ ਬਣਦਾ ਯੋਗਦਾਨ ਦਿੱਤਾ ਤਾਂ ਕਿ ਕਿਸੇ ਭਾਈਚਾਰਕ ਸਾਂਝ ਨੂੰ ਆਂਚ ਨਾ ਆਵੇ, ਜਿੰਨੀਆਂ ਵੀ ਗਉਸ਼ਾਲਾਵਾ ਬਣੀਆਂ ਹੋਈਆਂ ਹਨ, ਉਹਨਾਂ ਦੇ ਪ੍ਰਬੰਧਕ ਜਾਂ ਸੇਵਾਦਾਰ ਬਹੁਗਿਣਤੀ ਕਿਸਾਨ ਹੀ ਰਹੇ ਹਨ ਅਤੇ ਬਹੁ ਕਰੋੜੀ ਜਮੀਨਾਂ ਵੀ ਕਿਸਾਨਾਂ ਨੇ ਮੁਫਤ ਹੀ ਗਉਸ਼ਾਲਾਵਾ ਵਾਸਤੇ ਦਾਨ ਦਿੱਤੀਆਂ ਹਨ, ਖਾਸ ਕਰਕੇ ਹਾੜੀ ਦੇ ਸੀਜਨ ਵਿਚ ਬਹੁਤ ਸਾਰੇ ਕਿਸਾਨ ਤੂੜੀ ਆਦਿਕ ਵੀ ਦਾਨ ਕਰਦੇ ਹਨ। ਹੁਣ ਜਦੋਂ ਤੋਂ ਜਮੀਨਾਂ ਮਹਿੰਗੀਆਂ ਹੋ ਗਈਆਂ ਹਨ ਤਾਂ ਓਦੋਂ ਤੋਂ ਕਿਸਾਨਾਂ ਨੂੰ ਪ੍ਰਬੰਧ ਵਿੱਚ ਅਛੋਪਲੇ ਜਿਹੇ ਪਿੱਛੇ ਕੀਤਾ ਜਾ ਰਿਹਾ ਹੈ। ਸਿਖ ਕਿਸਾਨ ਜਿਹੜੇ ਮਾਸਾਹਾਰੀ ਹਨ ਪਰ ਉਹ ਗਊ ਦੇ ਮਾਸ ਤੋਂ ਵੀ ਪੂਰਨ ਪਰਹੇਜ਼ ਕਰਦੇ ਹਨ।

ਪਿਛਲੇ ਕੁੱਝ ਸਮੇਂ ਵਿੱਚ ਗਊ ਰੱਖਿਆ ਕਾਨੂੰਨ ਅਤੇ ਗਊ ਰੱਖਿਆ ਦਲ ਵੀ ਹੋਂਦ ਵਿੱਚ ਆਏ ਹਨ ਕਿਉਂਕਿ ਬਹੁਤ ਵਾਰੀ ਗਾਵਾਂ ਦੇ ਭਰੇ ਟਰੱਕ, ਜਿਹੜੇ ਕਿ ਕਿਸੇ ਬੁਚੜਖਾਨੇ ਵਿੱਚ ਵੱਢਣ ਵਾਸਤੇ ਲਿਜਾਏ ਜਾਣੇ ਸਨ, ਫੜੇ ਜਾਣ ਕਰਕੇ ਅਜਿਹੇ ਕਾਨੂੰਨ ਬਣਾਉਣ ਦੀ ਮੰਗ ਉਠੀ ਸੀ ਅਤੇ ਕੁੱਝ ਇੱਕ ਥਾਵਾਂ ਉੱਤੇ ਗਊਆਂ ਦੇ ਲੱਦੇ ਟਰੱਕ ਫੜੇ ਜਾਣ ਤੋਂ ਬਾਅਦ ਕੁੱਝ ਮਾਮਲੇ ਚੁੱਪ ਚੁਪੀਤੇ ਠੱਪ ਹੋਣ ਬਾਰੇ ਲੋਕਾਂ ਦਾ ਸ਼ੱਕ ਹੈ ਕਿ ਉਸ ਵਿੱਚ ਕੁੱਝ ਨਾਮਵਾਰ ਹਿੰਦੂ ਲੋਕਾਂ ਦਾ ਹੱਥ ਸੀ, ਇਸ ਕਰਕੇ ਹੀ ਮਾਮਲੇ ਅੰਦਰ ਖਾਤੇ ਦੱਬ ਦਿੱਤੇ ਗਏ ਸਨ, ਪਰ ਇਹ ਕਾਨੂੰਨ ਬਣਾਉਣ ਉਤੇ ਕਿਸਾਨ ਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਕਿਸਾਨ ਕਿਹੜਾ ਗਊ ਹੱਤਿਆ ਕਰਦਾ ਹੈ ਜਾਂ ਗਊ ਦਾ ਮਾਸ ਖਾਂਦਾ ਹੈ, ਲੇਕਿਨ ਇਸ ਕਾਨੂੰਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਿੱਚੋਂ ਅਕਸਰ ਦੂਜੇ ਸੂਬਿਆਂ, ਖਾਸ ਕਰਕੇ ਯੂ.ਪੀ. ਦੇ ਕੁੱਝ ਲੋਕ ਗਊਆਂ ਵੱਛੇ ਖਰੀਦ ਕੇ ਲੈ ਜਾਂਦੇ ਸਨ ਅਤੇ ਕੁੱਝ ਅਵਾਰਾ ਫਿਰਦੀਆਂ ਗਾਵਾਂ ਨੂੰ ਵੀ ਫੜ੍ਹ ਲੈਂਦੇ ਸਨ, ਜਿਸ ਕਰਕੇ ਗਊਆਂ ਦੀ ਗਿਣਤੀ ਠੀਕ ਠੀਕ ਰਹਿੰਦੀ ਸੀ।

ਗਊ ਭਗਤਾਂ ਦੀ ਵੱਸੋਂ ਸ਼ਹਿਰਾਂ ਵਿੱਚ ਹੈ ਅਤੇ ਉਹ ਲੋਕ ਖੇਤੀ ਦਾ ਧੰਦਾ ਵੀ ਨਹੀਂ ਕਰਦੇ। ਸਵੇਰੇ ਆਪਣੀ ਦੁਕਾਨ ਖੋਲੀ ਅਤੇ ਤਰਕਾਲਾਂ ਤੱਕ ਕਮਾਈ ਕਰਕੇ ਵੇਹਲੇ ਹੋ ਜਾਂਦੇ ਹਨ, ਪਰ ਜੇ ਕਿਸੇ ਦੀ ਸਬਜ਼ੀ ਦੀ ਰੇਹੜੀ ਉੱਤੇ ਅਵਾਰਾ ਗਾਊ ਮੂੰਹ ਲਾ ਦੇਵੇ ਤਾਂ ਡੰਡਾ ਮਾਰਨ ਲੱਗੇ ਸੀਅ ਨਹੀਂ ਕਰਦੇ, ਕੁੱਝ ਦੁਕਾਨਦਾਰ ਜਦੋਂ ਕੋਈ ਢੱਠਾ (ਸਾਨ੍ਹ) ਉਹਨਾਂ ਦੀ ਦੁਕਾਨ ਜਾਂ ਰੇਹੜੀ ਤੋਂ ਮੋੜਣ ਤੇ ਵੀ ਪਾਸੇ ਨਾ ਜਾਵੇ ਤਾਂ ਅਕਸਰ ਗਰਮ ਪਾਣੀ ਦਾ ਜੱਗ ਉੱਤੇ ਸੁੱਟ ਦਿੰਦੇ ਹਨ। ਜੇ ਇਹਨਾਂ ਵੀਰਾਂ ਵਾਸਤੇ ਗਊ ਦੀ ਏਨੀ ਮਾਨਤਾ ਹੈ ਜਾਂ ਮਹਾਨਤਾ ਹੈ ਤਾਂ ਇਹਨਾਂ ਵੀਰਾਂ ਨੂੰ ਅਵਾਰਾ ਗਊਆਂ ਦੀ ਸੰਭਾਲ ਦਾ ਇੱਕ ਦਲ ਬਣਾ ਕੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਠੇਕੇ ਉੱਤੇ ਸੌ ਪੰਜਾਹ ਏਕੜ ਜਮੀਨ ਲੈ ਕੇ ਉਥੇ ਹਰੇ ਚਾਰੇ ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਗਊਆਂ ਦੀ ਸੰਭਾਲ ਕਰਨੀ ਚਾਹੀਦੀ ਹੈ।

ਅੱਜ ਕਿਸਾਨ ਨੂੰ ਬਲਦ ਜਾਂ ਗਊ ਦੀ ਲੋੜ ਨਹੀਂ ਰਹੀ, ਕਿਉਂਕਿ ਉਹ ਜੇ ਦੇਸੀ ਗਊ ਪਾਲਦਾ ਹੈ ਤਾਂ ਉਸ ਦਾ ਦੁੱਧ, ਹਰੇ ਚਾਰੇ ਦੇ ਪੈਸੇ ਵੀ ਨਹੀਂ ਮੋੜਦਾ। ਇਸ ਕਰਕੇ ਕਿਸਾਨ ਨੇ ਹੁਣ ਦੋਗਲੀਆਂ ਨਸਲਾਂ ਦੀਆਂ ਗਊਆਂ ਪਾਲਣੀਆਂ ਆਰੰਭ ਦਿੱਤੀਆਂ ਹਨ ਅਤੇ ਉਸ ਦੀ ਰੂਚੀ ਦੇਸੀ ਗਾਵਾਂ ਵਿੱਚ ਇਸ ਕਰਕੇ ਵੀ ਨਹੀਂ ਰਹੀ ਕਿਉਂਕਿ ਬਲਦਾਂ ਦੀ ਜਗਾ ਵੀ ਹੁਣ ਟਰੈਕਟਰ ਨੇ ਲੈ ਲਈ ਹੈ। ਜਿਹੜੀਆਂ ਸੈਂਕੜੇ ਅਵਾਰਾ ਗਾਵਾਂ ਪਿੰਡਾਂ ਵਿੱਚ ਦਰਜਨਾਂ ਦਰਜਨਾਂ ਦੇ ਵੱਗ ਬਣਾ ਕੇ ਘੁੰਮਦੀਆਂ ਹਨ, ਉਹਨਾਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਬਹੁਤ ਸਾਰੇ ਢੱਠੇ ਮਾਰ ਖੋਰੇ ਵੀ ਹਨ, ਜਿਹੜੇ ਕਿਸਾਨ ਦੀ ਫਸਲ ਦਾ ਉਜਾੜਾ ਕਰਦੇ ਸਮੇਂ, ਜਦੋ ਕਿਸਾਨ ਮੋੜਦਾ ਹੈ ਤਾਂ ਮਾਰਨ ਵੀ ਪੈਂਦੇ ਹਨ। ਸਿਆਲ ਵਿੱਚ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਨੂੰ ਜਦੋਂ ਗਊ ਸੇਵਕ ਹੀਟਰ ਲਗਾਕੇ ਰਜਾਈਆਂ ਦਾ ਨਿੱਘ ਮਾਣਦੇ ਹੁੰਦੇ ਹਨ, ਉਸ ਵੇਲੇ ਕਿਸਾਨ ਠੁਰ ਠੁਰ ਕਰਦਾ ਗਿੱਲੀਆਂ ਵੱਟਾਂ ਉੱਤੇ ਇਹਨਾਂ ਗਉਆਂ ਤੋਂ ਆਪਣੀ ਫਸਲ ਦੀ ਰਾਖੀ ਕਰਦਾ, ਆਪਣੀ ਕਿਸਮਤ ਨੂੰ ਕੋਸਦਾ ਫਿਰਦਾ ਹੁੰਦਾ ਹੈ।

ਗਊ ਭਗਤਾਂ ਨੇ ਜੇ ਗਊ ਰੱਖਿਆ ਦਾ ਕਾਨੂੰਨ ਬਣਵਾਇਆ ਹੈ ਤਾਂ ਅਸੀਂ ਉਸ ਦਾ ਵਿਰੋਧ ਨਹੀਂ ਕਰਦੇ, ਲੇਕਿਨ ਕਿਸਾਨਾਂ ਨੂੰ ਕਿਸ ਗੱਲ ਦੀ ਸਜ਼ਾ ਹੈ ਕਿ ਉਹ ਬਰਫ਼ ਠੰਡੀ ਰਾਤ ਵਿੱਚ ਵੀ ਆਰਾਮ ਨਾਲ ਸੌਂ ਨਾ ਸਕਣ? ਇਸ ਵਾਸਤੇ ਗਊ ਭਗਤਾਂ ਅਤੇ ਸਰਕਾਰ ਦੋਹਾਂ ਨੂੰ ਇਸ ਗੱਲ ਦਾ ਵੀ ਕੋਈ ਉਪਾਅ ਸੋਚਣਾ ਚਾਹੀਦਾ ਹੈ ਕਿ ਜੇ ਗਊਆਂ ਦੀ ਪੂਜਾ ਕਰਨੀ ਹੈ ਤਾਂ ਉਹਨਾਂ ਦੀ ਗਿਣਤੀ ਮਿਣਤੀ ਦਾ ਇੱਕ ਪੈਮਾਨਾ ਵੀ ਹੋਣਾ ਚਾਹੀਦਾ ਹੈ।

ਗਊ ਭਗਤ ਸਾਰੇ ਹੀ ਵਿਉਪਾਰੀ ਹਨ ਅਤੇ ਮੋਟੀ ਕਮਾਈ ਕਰਦੇ ਹਨ, ਉਹਨਾਂ ਨੂੰ ਆਪਣੇ ਘਰਾਂ ਵਿੱਚ ਜਾਂ ਅਹਾਤਿਆਂ ਵਿੱਚ ਇੱਕ ਇੱਕ ਗਊ ਪੂਜਾ ਵਾਸਤੇ ਰੱਖ ਲੈਣੀ ਚਾਹੀਦੀ ਹੈ, ਜਾਂ ਕਿਸੇ ਗਉਸ਼ਾਲਾ ਵਿੱਚ ਵਧੀਆ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜਿੱਥੇ ਗਊਆਂ ਦੀ ਸਾਂਭ ਸੰਭਾਲ ਅਤੇ ਪੂਜਾ ਬੜੇ ਵਧੀਆ ਢੰਗ ਨਾਲ ਹੋ ਸਕੇ ਅਤੇ ਅਵਾਰਾ ਫਿਰਦੀਆਂ ਗਊਆਂ ਅਤੇ ਢੱਠਿਆਂ ਦੀ ਨਸਬੰਦੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਦਾ ਬੇਲੋੜਾ ਵਾਧਾ ਰੁਕ ਜਾਵੇ ਅਤੇ ਕੋਈ ਗਊ ਅਵਾਰਾ ਨਾ ਫਿਰੇ, ਜਿਹੜੀ ਕਿਸਾਨ ਦੀ ਸਿਰ ਦਰਦੀ ਬਣੇ ਜਾਂ ਸ਼ਹਿਰ ਵਿੱਚ ਵੀ ਮਥਰਾ ਵਾਂਗੂੰ ਅਵਾਰਾ ਗਊਆਂ ਹੀ ਨਜਰ ਆਉਣ ਅਤੇ ਹਰ ਪਾਸੇ ਗੋਹਾ ਹੀ ਖਿਲਰਿਆ ਹੋਵੇ।

ਇਸ ਤੋਂ ਇਲਾਵਾ ਬਹੁਤ ਵਾਰੀ ਅਵਾਰਾ ਫਿਰਦੀਆਂ ਗਊਆਂ ਵੱਡੇ ਹਾਦਸਿਆਂ ਦਾ ਵੀ ਕਾਰਨ ਬਣਦੀਆਂ ਹਨ। ਅਨੇਕਾਂ ਕੀਮਤੀ ਜਾਨਾਂ ਜਿਹੜੀਆਂ ਸਿਰਫ ਮੋਟਰਸਾਇਕਲ ਜਾਂ ਸਕੂਟਰ ਦੇ ਅੱਗੇ ਗਊ ਆ ਜਾਣ ਕਰਕੇ ਗਈਆਂ ਹਨ ਅਤੇ ਰਸਤੇ ਵਿੱਚ ਲੰਘਦੇ ਰਾਤ ਬਰਾਤੇ ਵੇਖੀਦਾ ਹੈ ਕਿ ਵੱਡੀਆਂ ਗੱਡੀਆਂ ਦੀ ਫੇਟ ਵਿੱਚ ਆ ਕੇ ਗਊਆਂ ਮਰਦੀਆਂ ਵੀ ਹਨ ਅਤੇ ਕੁੱਝ ਅਜਿਹੀ ਹਾਲਤ ਵਿੱਚ ਜਖਮੀ ਹੋ ਜਾਂਦੀਆਂ ਹਨ ਕਿ ਉਹਨਾਂ ਦਾ ਇਲਾਜ਼ ਵੀ ਸੰਭਵ ਨਹੀਂ ਹੁੰਦਾ ਅਤੇ ਅਖੀਰ ਦਰਦਨਾਕ ਮੌਤ ਹੁੰਦੀ ਹੈ। ਇਸ ਵਾਸਤੇ ਸਰਕਾਰ ਅਤੇ ਗਊ ਭਗਤਾਂ ਨੂੰ ਚਾਹੀਦਾ ਹੈ ਕਿ ਸ਼ਰਧਾ ਅਤੇ ਲੋੜ ਦੋਹਾਂ ਦਾ ਸੰਤੁਲਨ ਰੱਖਕੇ ਗਊਆਂ ਦੀ ਠੀਕ ਸੰਭਾਲ ਅਤੇ ਇਹਨਾਂ ਦੇ ਬੇਲੋੜੇ ਵਾਧੇ ਉਤੇ ਤਰੁੰਤ ਕਾਰਵਾਈ ਕਰਨ, ਨਹੀਂ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇ ਗਊ ਰੱਖਿਆ ਕਾਨੂੰਨ ਅਸਲ ਵਿੱਚ ਕਿਸਾਨ ਹੱਤਿਆ ਕਾਨੂੰਨ ਹੋਵੇ।

ਗੁਰੂ ਰਾਖਾ !!

Tag Cloud

DHARAM

Meta