ਪੰਜਾਬ ਵਿੱਚ ਏਡਜ਼ ਦੇ ਰੋਗੀਆਂ ਦੀ ਗਿਣਤੀ ਹੋਰ ਵਧ ਗਈ – ਇੱਕੋ ਸਾਲ ਵਿੱਚ ਏਡਜ਼ ਦੇ 6,323 ਨਵੇਂ ਕੇਸ ਆਏ

ਪਟਿਆਲਾ (15 ਜੁਲਾਈ 2015)- ਪੰਜਾਬ ਵਿੱਚ ਏਡਜ਼ ਰੋਗੀਆਂ ਦੀ ਗਿਣਤੀ ਰੁਕਣ ਦੀ ਥਾਂ ਲਗਾਤਾਰ ਵਧ ਰਹੀ ਹੈ। ਸੂਬੇ ਵਿੱਚ ਪਿਛਲੇ ਇਕ ਸਾਲ ਦੌਰਾਨ ਏਡਜ਼ ਦੇ 6323 ਨਵੇਂ ਕੇਸ ਸਾਹਮਣੇ ਆਏ ਅਤੇ ਐਚ ਆਈ ਵੀ ਪੀੜਤਾਂ ਦੀ ਗਿਣਤੀ ਪਿਛਲੇ ਸਾਲ 39625 ਦੇ ਮੁਕਾਬਲੇ ਵਧ ਕੇ 45948 ਹੋ ਗਈ ਹੈ। ਇਸ ਦੌਰਾਨ ਪੰਜਾਬ ਵਿੱਚ 711165 ਲੋਕਾਂ ਦਾ ਐਚ ਆਈ ਵੀ ਟੈਸਟ ਕੀਤਾ ਗਿਆ, ਜਿਸ ਵਿੱਚੋਂ 6323 ਕੇਸ ਪਾਜ਼ੇਟਿਵ ਪਾਏ ਗਏ। ਏਡਜ਼ ਤੋਂ ਪੀੜਤ ਜਿਹੜੇ ਲੋਕ ਆਪਣਾ ਇਲਾਜ ਪੰਜਾਬ ਤੋਂ ਬਾਹਰ ਜਾਂ ਦੇਸੀ ਦਵਾਈਆਂ ਨਾਲ ਕਰਵਾ ਰਹੇ ਹਨ, ਉਹ ਇਨ੍ਹਾਂ ਅੰਕੜਿਆਂ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕੇ ਹਨ।

ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਫਰਵਰੀ ਤੋਂ ਲੈ ਕੇ ਇਸ ਵਰ੍ਹੇ ਅਪ੍ਰੈਲ ਤੱਕ ਏਡਜ਼ ਰੋਗੀਆਂ ਵਿੱਚ ਸਭ ਤੋਂ ਵੱਡਾ ਵਾਧਾ ਅੰਮ੍ਰਿਤਸਰ ਜ਼ਿਲੇ ਵਿੱਚ ਹੋਇਆ ਹੈ, ਜਿਥੇ 1212 ਨਵੇਂ ਕੇਸ ਸਾਹਮਣੇ ਆਏ ਹਨ। ਦੂਜੇ ਨੰਬਰ ‘ਤੇ ਲੁਧਿਆਣਾ ਜ਼ਿਲਾ ਹੈ, ਜਿਥੇ 903 ਨਵੇਂ ਰੋਗੀ ਸਾਹਮਣੇ ਆਏ ਹਨ, 806 ਨਵੇਂ ਕੇਸਾਂ ਨਾਲ ਪਟਿਆਲਾ ਤੀਜੇ ਅਤੇ 639 ਕੇਸਾਂ ਨਾਲ ਜਲੰਧਰ ਚੌਥੇ ਸਥਾਨ ‘ਤੇ ਹੈ।

ਏਡਜ਼ ਕੇਸਾਂ ਦੀ ਪੂਰੀ ਗਿਣਤੀ ਅਨੁਸਾਰ 12372 ਕੇਸਾਂ ਨਾਲ ਅੰਮ੍ਰਿਤਸਰ ਪਹਿਲੇ ਥਾਂ, 5955 ਕੇਸਾਂ ਨਾਲ ਪਟਿਆਲਾ ਦੂਜੇ, 5241 ਕੇਸਾਂ ਨਾਲ ਲੁਧਿਆਣਾ ਤੀਜੇ ਅਤੇ 4847 ਕੇਸਾਂ ਨਾਲ ਜਲੰਧਰ ਚੌਥੇ ਸਥਾਨ ‘ਤੇ ਹੈ। ਸੂਬੇ ਦੇ ਬਾਕੀ ਜ਼ਿਲਿਆਂ ‘ਚੋਂ ਗੁਰਦਾਸਪੁਰ ‘ਚ 2390, ਤਰਨ ਤਾਰਨ ‘ਚ 1703, ਬਠਿੰਡਾ ‘ਚ 1699, ਹੁਸ਼ਿਆਰਪੁਰ ‘ਚ 1527, ਫਰੀਦਕੋਟ ‘ਚ 1345, ਸੰਗਰੂਰ ‘ਚ 1265, ਫਿਰੋਜ਼ਪੁਰ ‘ਚ 1131, ਮੋਗਾ ‘ਚ 1128, ਰੂਪਨਗਰ ‘ਚ 1004, ਕਪੂਰਥਲਾ ‘ਚ 992, ਨਵਾਂ ਸ਼ਹਿਰ ‘ਚ 677, ਮੁਹਾਲੀ ‘ਚ 583, ਮਾਨਸਾ ‘ਚ 470, ਫਤਿਹਗੜ੍ਹ ਸਾਹਿਬ ‘ਚ 400, ਬਰਨਾਲਾ ‘ਚ 372, ਮੁਕਤਸਰ ‘ਚ 337, ਪਠਾਨਕੋਟ ‘ਚ 307 ਅਤੇ ਫਾਜ਼ਿਲਕਾ ‘ਚ 202 ਏਡਜ਼ ਦੇ ਕੇਸ ਹਨ। ਇਹ ਰੋਗ ਦਿਹਾਤੀ ਖੇਤਰਾਂ ਵਿੱਚ ਵੀ ਪੈਰ ਪਸਾਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਦੌਰਾਨ ਬਠਿੰਡਾ ਵਿੱਚ 360 ਨਵੇਂ ਰੋਗੀ ਪਤਾ ਲੱਗੇ, ਕਪੂਰਥਲਾ ਵਿੱਚ 270, ਫਿਰੋਜ਼ਪੁਰ ਵਿੱਚ 256, ਗੁਰਦਾਸਪੁਰ ਵਿੱਚ 220, ਹੁਸ਼ਿਆਰਪੁਰ ਵਿੱਚ 202, ਤਰਨ ਤਾਰਨ ਵਿੱਚ 206, ਮੋਗਾ ਵਿੱਚ 173, ਫਰੀਦਕੋਟ ਵਿੱਚ 183, ਫਾਜ਼ਿਲਕਾ ਵਿੱਚ 105, ਨਵਾਂ ਸ਼ਹਿਰ ਵਿੱਚ 124, ਪਠਾਨਕੋਟ ਵਿੱਚ 120, ਸੰਗਰੂਰ ਵਿੱਚ 169, ਰੂਪਨਗਰ ਵਿੱਚ 75, ਮੁਕਤਸਰ ਵਿੱਚ 48, ਮੁਹਾਲੀ ਵਿੱਚ 54, ਮਾਨਸਾ ਵਿੱਚ 64, ਫਤਿਹਗੜ੍ਹ ਸਾਹਿਬ ਵਿੱਚ 48 ਅਤੇ ਬਰਨਾਲਾ ਜ਼ਿਲੇ ਵਿੱਚ 86 ਨਵੇਂ ਕੇਸ ਐਚ ਆਈ ਵੀ ਪਾਜ਼ੇਟਿਵ ਪਾਏ ਗਏ ਹਨ।

Tag Cloud

DHARAM

Meta