ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ਬਦਲੀ ਤੋਂ ਕਿਉਂ ਤੜ੍ਹਫਦੇ ਹਨ ਕੱਟੜਵਾਦੀ…? -: ਗੁਰਿੰਦਰਪਾਲ ਸਿੰਘ ਧਨੌਲਾ 9316176519

DPS_Bhullar copy
ਸੰਵਿਧਾਨ ਅਤੇ ਕਾਨੂੰਨ ਤੋਂ ਕੋਈ ਵੱਡਾ ਨਹੀਂ ਹੁੰਦਾ, ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਸੰਵਿਧਾਨ ਅਤੇ ਕਾਨੂੰਨ ਦਾ ਸਤਿਕਾਰ ਕਰੇ ਅਤੇ ਆਪਣੇ ਫਰਜਾਂ ਦਾ ਪਾਲਣ ਕਰੇ, ਬੇਸ਼ੱਕ ਉਹ ਕਿੱਡੇ ਵੀ ਵੱਡੇ ਰੁੱਤਬੇ ਉੱਤੇ ਕਿਉਂ ਨਾ ਬੈਠਾ ਹੋਵੇ। ਅਸਲ ਵਿੱਚ ਤਾਂ ਜਿਵੇਂ ਜਿਵੇਂ ਰੁੱਤਬਾ ਵੱਡਾ ਹੁੰਦਾ ਜਾਂਦਾ ਹੈ, ਓਵੇਂ ਓਵੇਂ ਜਿੰਮੇਵਾਰੀ ਵੀ ਵਧਦੀ ਜਾਂਦੀ ਹੈ। ਆਮ ਨਾਗਰਿਕ ਗਲਤੀ ਕਰੇ ਤਾਂ ਉਸ ਦੀ ਅਗਿਆਨਤਾ ਜਾਂ ਸੋਝੀ ਦੀ ਘਾਟ ਆਖੀ ਜਾ ਸਕਦੀ ਹੈ, ਪਰ ਜਦੋਂ ਕੋਈ ਖਾਸ ਗਲਤੀ ਜਾਂ ਗੁਸਤਾਖੀ ਕਰੇ ਤਾਂ ਉਸ ਦੇ ਪਿੱਛੇ ਡੂੰਘੀ ਸਿਆਸਤ ਛੁਪੀ ਹੁੰਦੀ ਹੈ, ਜਿਹੜੀ ਦੇਸ਼ ਦੇ ਸੰਵਿਧਾਨ ,ਕਾਨੂੰਨ , ਆਮ ਨਾਗਰਿਕ ਨਾਲ ਤਾਂ ਧੋਖਾ ਹੈ ਹੀ, ਸਗੋਂ ਅਜਿਹਾ ਕਰਨ ਵਾਲਾ ਆਪਣੇ ਆਪ ਨੂੰ ਵੀ ਵੱਡਾ ਧੋਖਾ ਦੇ ਰਿਹਾ ਹੁੰਦਾ ਹੈ। ਭਾਰਤ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਕਾਨੂੰਨ ਦੀ ਪਾਲਣਾ ਕਰਨੀ ਸਭ ਦਾ ਬਰਾਬਰ ਫਰਜ਼ ਹੈ। ਪਾਠਕਾਂ ਨੂੰ ਪਤਾ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੀ ਬੇਟੀ ਨੇ, ਨਸ਼ੇ ਦੀ ਹਾਲਤ ਵਿੱਚ ਖਰੂਦ ਕੀਤਾ ਸੀ ਤਾਂ ਉਥੋਂ ਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਜਾਰਜ਼ ਬੁਸ਼ ਨੇ ਆਪਣੀ ਦੋਸ਼ੀ ਧੀ ਦਾ ਪੱਖ ਕਰਨ ਵਾਸਤੇ, ਆਪਣੇ ਰੁਤਬੇ ਦੀ ਕੁਵਰਤੋਂ ਨਹੀਂ ਕੀਤੀ, ਸਗੋਂ ਕਾਨੂੰਨ ਦਾ ਸਤਿਕਾਰ ਕੀਤਾ ਅਤੇ ਆਪਣੀ ਬੇਟੀ ਨੂੰ ਅੱਗੇ ਵਾਸਤੇ ਤਾੜਣਾ ਕੀਤੀ। ਇੱਕ ਵਾਰ ਭਾਰਤੀ ਰਾਜ ਤਖਤ ਦੇ ਮਾਲਕਾਂ ਦੀ ਬੇਟੀ ਦੇ ਖਰੂਦ ਦੀ ਵੀ ਚਰਚਾ ਹੋਈ ਸੀ, ਪਰ ਕਾਨੂੰਨ ਘੁੰਡ ਕੱਢਕੇ ਹੀ ਡੰਗ ਟਪਾ ਗਿਆ ਸੀ।

ਅੱਜ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ, ਭਾਰਤੀ ਸੰਵਿਧਾਨ ਵੱਲੋਂ ਬਨਾਏ ਕਾਨੂੰਨ ਅਧੀਨ, ਸੁਰੱਖਿਆ, ਦੋ ਸੂਬਿਆਂ ਦੀਆਾਂ ਸਰਕਾਰਾਂ ਅਤੇ ਸਿਹਤ ਮਾਹਿਰਾਂ ਨੇ ਲੰਬੀ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ, ਹਜ਼ਾਰਾਂ ਕਾਗਜਾਂ ਉੱਤੇ ਕਲਮਾਂ ਘਸਾਈਆਂ ਹਨ ਤਾਂ ਕਿਤੇ ਪ੍ਰੋ ਭੁਲਰ ਨੂੰ ਅਮ੍ਰਿਤਸਰ ਦੀ ਜੇਲ ਵਿੱਚ ਆਉਣਾ ਨਸੀਬ ਹੋਇਆ ਹੈ। ਇਸ ਵਿੱਚ ਅਦਾਲਤਾਂ ਦੇ ਵਿੱਚ ਵਕੀਲਾਂ ਦੀਆਂ ਦਲੀਲਾਂ ਅਤੇ ਬਹਿਸ ਮੁਹਾਵਸਿਆਂ ਤੋਂ ਬਾਅਦ ਹੀ, ਇਹ ਕਹਾਣੀ ਕਿਸੇ ਅੰਜਾਮ ਉੱਤੇ ਪਹੁੰਚੀ ਹੈ। ਦੂਜੀ ਗੱਲ ਇਹ ਵੀ ਹੈ ਕਿ ਅਦਾਰਾ ਪਹਿਰੇਦਾਰ ਵੱਲੋਂ ਕੀਤੇ ਉਪਰਾਲੇ ਅਤੇ ਸਾਰੀਆਂ ਪੰਥਕ ਧਿਰਾਂ ਅਤੇ ਆਮ ਸਿੱਖਾਂ ਨੇ ਪੂਰੀ ਸ਼ਿੱਦਤ ਨਾਲ, ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਅਤੇ ਉਸ ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕਰਨ ਵਾਸਤੇ ਆਪਣੇ ਜਜਬਾਤ, ਨੱਬੇ ਲੱਖ ਤੋਂ ਵਧੇਰੇ ਦਸਤਖਤ ਕਰਕੇ, ਭਾਰਤ ਦੇ ਸਦਰ ਸਾਹਮਣੇ ਪ੍ਰਗਟ ਕੀਤੇ ਸਨ, ਜਿਸ ਕਰਕੇ ਭਾਰਤੀ ਨਿਜ਼ਾਮ ਨੂੰ ਇਨਸਾਫ਼ ਕਰਨਾ ਪਿਆ।

ਇੱਥੇ ਇਹ ਵਰਨਣਯੋਗ ਹੈ ਕਿ ਇਸ ਨੂੰ ਕੋਈ ਰਿਆਇਤ ਜਾਂ ਤਰਸ ਨਹੀਂ ਆਖਿਆ ਜਾ ਸਕਦਾ, ਜੇ ਰਿਆਇਤ ਹੁੰਦੀ ਤਾਂ ਫਿਰ ਕਿਸ਼ੋਰੀ ਲਾਲ ਝਟਕਈ, ਜਿਸ ਨੇ ਨਵੰਬਰ 1984 ਵਿੱਚ 19 ਬੇਗੁਨਾਹ ਸਿੱਖ ਬੱਚੇ, ਬੱਚੀਆਂ, ਬੀਬੀਆਂ ਅਤੇ ਬਜੁਰਗਾਂ ਦੇ ਸਿਰ, ਆਪਣੇ ਬੱਕਰੇ ਵੱਢਣ ਵਾਲੇ ਕਾਪੇ ਨਾਲ ਕਲਮ ਕੀਤੇ ਸਨ, ਸੱਤ ਫਾਂਸੀਆਂ ਦੀ ਮਾਫ਼ੀ ਅਤੇ ਨਾਲ ਰਿਹਾਈ ਵੀ ਲੈ ਗਿਆ ਜਾਂ ਉੜੀਸਾ ਦੀ ਚਰਚ ਦੇ ਪਾਦਰੀ ਸਟਾਲਿਨ ਦੀ ਪਤਨੀ ਨਾਲ ਜਬਰ ਜਿਨਾਹ ਕਰਕੇ ਕਤਲ ਕਰਨ ਉਪਰੰਤ, ਪਾਦਰੀ ਉਸਦੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਕਾਰ ਵਿੱਚ ਸੁੱਟ ਕੇ ਜਿੰਦਾ ਜਲਾ ਦੇਣ ਵਾਲਾ, ਦਾਰਾ ਸਿਹੁੰ ਜਿਵੇ ਬਰੀ ਹੋਇਆ ਹੈ, ਪ੍ਰੋ ਭੁਲਰ ਵੀ ਉਸ ਤਰ੍ਹਾਂ ਹੀ ਹੋ ਜਾਂਦਾ, ਪਰ ਇੱਥੇ ਤਾਂ ਕਾਨੂੰਨ ਨੇ ਵੀ ਫੂਕ ਫੂਕ ਕੇ ਪੈਰ ਰੱਖੇ ਹਨ, ਇਹ ਤਾਂ ਸਿਰਫ ਪੂਰੀ ਕੌਮ ਵੱਲੋਂ ਖੜ੍ਹੇ ਹੋ ਜਾਣ ਅਤੇ ਇਹ ਮਾਮਲਾ ਕੌਮਾਂਤਰੀ ਪੱਧਰ ਉੱਤੇ ਉੱਭਰ ਜਾਣ ਕਰਕੇ, ਭਾਰਤੀ ਨਿਜ਼ਾਮ ਕੋਲ ਕੋਈ ਚਾਰਾ ਹੀ ਨਹੀਂ ਸੀ।

ਕਾਨੂੰਨ ਅਨੁਸਾਰ ਸਾਰੀ ਪ੍ਰਕਿਰਿਆ ਹੋਈ ਹੈ, ਸਭ ਕੁੱਝ ਲਿਖਤੀ ਹੈ, ਇੱਕ ਵੀ ਹੁਕਮ ਜ਼ੁਬਾਨੀ ਨਹੀਂ, ਫਿਰ ਦੇਸ਼ ਦੀ ਸਰਕਾਰਾਂ ਵਿੱਚ ਮੰਤਰੀ ਅਤੇ ਹੋਰ ਰੁੱਤਬਿਆਂ ਉੱਤੇ ਰਹਿਣ ਵਾਲੇ ਲੋਕਾਂ ਨੂੰ ਘੋੜ ਸੂਲ ਕਿਉਂ ਹੋਇਆ ਹੈ, ਜਿਹਨਾਂ ਨੇ ਪ੍ਰੋ ਭੁੱਲਰ ਨੂੰ ਪੰਜਾਬ ਲਿਆਉਣ ਦਾ ਵਿਰੋਧ ਅਰੰਭਿਆ ਹੈ। ਇਹਨਾਂ ਵਿੱਚ ਮੁੱਖ ਤੌਰ ਉੱਤੇ ਕੱਟੜਵਾਦੀ ਹਿੰਦੂਤਵੀ ਪਾਰਟੀ, ਦੀ ਆਗੂ ਲਕਸ਼ਮੀ ਚਾਵਲਾ, ਅਤੇ ਦੋ ਧੀਰਮੱਲੀਏ ਮਨਿੰਦਰਜੀਤ ਬਿੱਟਾ ਅਤੇ ਪੰਜਾਬ ਵਿੱਚ ਸਿੱਖ ਜਵਾਨੀ ਦਾ ਘਾਣ ਕਰਵਾਉਣ ਵਾਲੇ, ਬੇਅੰਤ ਸਿਹੁੰ ਦਾ ਪੋਤਾ ਰਵਨੀਤ ਬਿੱਟੂ ਸ਼ਾਮਲ ਹੈ।

ਚਾਵਲਾ ਵੱਲੋਂ ਵਿਰੋਧ ਕਰਨ ਦੀ ਸਮਝ ਆਉਂਦੀ ਹੈ, ਪਰ ਇਹ ਦੋਹੇ ਭਾਰਤ ਮਾਤਾ ਦੇ ਜੇਠੇ ਪੁੱਤ ਬਨਣ ਨੂੰ ਫਿਰਦੇ ਹਨ, ਲੇਕਿਨ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਕਿ ਜਿਸ ਦਿਨ ਦਿੱਲੀ ਵਿੱਚ ਸਿੱਖ ਕਤਲੇਆਮ ਹੋਇਆ ਸੀ, ਉਸ ਦਿਨ ਕਿਸੇ ਸਿੱਖ ਨੂੰ ਕਾਂਗਰਸੀ ਹੋਣ ਤੇ ਵੀ ਬਖਸ਼ਿਆ ਨਹੀਂ ਗਿਆ ਸੀ।

ਜਿਹੜੇ ਗਿਆਨੀ ਜੈਲ ਸਿੰਘ ਨੇ ਦਰਬਾਰ ਸਾਹਿਬ ਉੱਤੇ ਫੌਜ ਭੇਜਣ ਵਾਸਤੇ ਦਸਤਖਤ ਕੀਤੇ ਸਨ, ਉਸ ਨੂੰ ਭਾਰਤ ਦਾ ਰਾਸ਼ਟਰਪਤੀ ਹੁੰਦੇ ਹੋਏ ਵੀ ਗਾਲਾਂ ਅਤੇ ਪਥਰਾਓ ਦਾ ਸ਼ਿਕਾਰ ਹੋਣਾ ਪਿਆ ਸੀ, ਇਸ ਵਾਸਤੇ ਇਹਨਾਂ ਬਿਟੂਆਂ ਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ, ਕਿ ਪ੍ਰੋ ਭੁੱਲਰ ਨਾਲ ਨੱਬੇ ਲੱਖ ਸਿੱਖ ਚਟਾਨ ਵਾਂਗੂੰ ਖੜੇ ਹਨ।

ਰਹੀ ਗੱਲ ਲਕਸ਼ਮੀ ਕਾਂਤਾ ਚਾਵਲਾ ਦੀ, ਜਿਹੜੀ ਅਸਲ ਵਿੱਚ ਮੰਤਰੀ ਜਾਂ ਸਿਰਫ ਬੀ.ਜੇ.ਪੀ. ਦੀ ਅਹੁਦੇਦਾਰ ਹੀ ਨਹੀਂ, ਸਗੋਂ ਭਾਰਤ ਦੇ ਕੱਟੜਵਾਦੀ ਹਿੰਦੂ ਨਿਜ਼ਾਮ ਦੀ ਇੱਕ ਮਜਬੂਤ ਕੜੀ ਹੈ ਅਤੇ ਸਿੱਖਾਂ ਦੀ ਜਨਮ ਸਿੱਧ ਹੀ ਦੁਸ਼ਮਨ ਹੈ।

ਹੁਣ ਇੱਥੇ ਪਾਠਕਾਂ ਦੇ ਸਮਝਣ ਵਾਲੀ ਇੱਕ ਗੱਲ ਇਹ ਬੜੀ ਮਹਤਵਪੂਰਨ ਹੈ ਕਿ ਇੱਕ ਪਾਸੇ ਅੱਜ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ, ਜਿਹੜਾ ਹੁਣ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਨਿਰਬਲ ਹੈ ਅਤੇ ਇੱਕ ਆਮ ਮਨੁੱਖੀ ਜਿੰਦਗੀ ਤੋਂ ਪਰੇ ਦੀ ਜਿੰਦਗੀ ਜਿਉਂ ਰਿਹਾ ਹੈ, ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਸਪਸ਼ਟ ਹੈ ਕਿ ਪ੍ਰੋ ਭੁੱਲਰ ਦੀ ਸੋਚ ਪੰਥਕ ਹਿੱਤ ਵਿੱਚ ਹੈ ਅਤੇ ਭਾਰਤੀ ਨਿਜ਼ਾਮ ਦੇ ਜ਼ੁਲਮ ਅਤੇ ਜਬਰ ਦੀ ਮਾਰ ਨਾਲ, ਉਹ ਸਰੀਰਕ ਅਤੇ ਮਾਨਸਿਕ ਸੰਤੁਲਨ ਤੋਂ ਤਾਂ ਬੇਸ਼ੱਕ ਵਾਂਝਾ ਹੋ ਗਿਆ ਹੈ, ਪਰ ਇਹ ਨਿਜ਼ਾਮ ਉਸ ਨੂੰ ਆਪਣੇ ਪਿੱਛੇ, ਪਿੰਜਰੇ ਵਿੱਚ ਪਾਏ ਤੋਤੇ ਵਾਂਗੂੰ ਇਹ ਅਖਵਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ‘‘ਕਿ ਬੋਲ ਗੰਗਾ ਰਾਮਾਂ ਚੂਰੀ ਖਾਣੀ ਆ’’ ਕੁੱਝ ਹੋਰ ਵੀ ਖਾੜਕੂ ਜਰਨੈਲ, ਜਿਹਨਾਂ ਦੇ ਨਾਮ ਨਾਲ ਪੰਜਾਬ ਹੀ ਨਹੀਂ ਭਾਰਤ ਕੰਬਦਾ ਸੀ, ਉਹਨਾਂ ਦੀਆਂ ਰਿਹਾਈਆਂ ਉੱਤੇ ਕਦੇ ਹਿੰਦੁਤਵ ਨਹੀਂ ਬੋਲਿਆ, ਬਾਬਾ ਹਰਨਾਮ ਸਿਹੁੰ ਧੁੰਮਾਂ ਵੀ ਤਾਂ ਅਮਰੀਕਾ ਤੋਂ ਆਰ.ਐਸ.ਐਸ. ਨੇ ਵਾਪਿਸ ਲਿਆ ਕੇ, ਜਥਾ ਭਿੰਡਰਾਂ (ਦਮਦਮੀ ਟਕਸਾਲ) ਦਾ ਮੁਖੀ ਬਣਵਾਇਆ ਹੈ। ਸਾਰੇ ਆਰ.ਐਸ ਐਸ., ਵਿਸ਼ਵ ਹਿੰਦੂ ਪਰੀਸ਼ਦ ਅਤੇ ਹੋਰ ਹਿੰਦੂ ਸਾਧ ਬਾਬੇ ਧੁੰਮੇ ਨਾਲ ਸਟੇਜਾਂ ਵੀ ਸਾਂਝੀਆਂ ਕਰਦੇ ਹਨ, ਉਹ ਵੀ ਤਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਉੱਤਰਾਅਧਿਕਾਰੀ ਅਖਵਾਉਂਦਾ ਹੈ, ਪਰ ਉਸ ਉੱਤੇ ਲਕਸ਼ਮੀ ਕਾਂਤਾ ਚਾਵਲਾ ਜਾਂ ਹਿੰਦੁਤਵ ਨੂੰ ਕਦੇ ਇਤਰਾਜ਼ ਨਹੀਂ ਹੋਇਆ?

ਪ੍ਰੋ .ਦਵਿੰਦਰਪਾਲ ਸਿੰਘ ਭੁੱਲਰ ਦਾ ਅਜਿਹੀ ਬਿਮਾਰੀ ਦੀ ਹਾਲਤ ਵਿੱਚ, ਸਿਰਫ ਜੇਲ• ਬਦਲਣ ਉੱਤੇ ਹਿੰਦੂਤਵੀ ਕੱਟੜਵਾਦੀਆਂ ਵੱਲੋਂ ਵਿਰੋਧ ਕਰਨਾ ਸਾਬਤ ਕਰਦਾ ਹੈ ਕਿ ਪ੍ਰੋ ਭੁੱਲਰ ਪੰਥ ਪ੍ਰਸਤ ਹੈ ਅਤੇ ਇਸ ਨਿਜ਼ਾਮ ਅੱਗੇ ਝੁਕਿਆ ਜਾਂ ਵਿਕਿਆ ਨਹੀਂ ਅਤੇ ਨਾ ਹੀ ਈਨ ਮੰਨੀ ਹੈ। ਜਿਸ ਇਨਸਾਨ ਨੂੰ ਆਪਣੀ ਸਰੀਰਕ ਕਿਰਿਆ ਦੀ ਵੀ ਸੋਝੀ ਨਹੀਂ, ਉਸ ਦਾ ਵਿਰੋਧ ਕਰਨਾ ਬਹੁਤ ਵੱਡਾ ਸੁਨੇਹਾ ਦਿੰਦਾ ਹੈ, ਹੁਣ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਸਿੱਖੀ ਵਾਸਤੇ ਕੁੱਝ ਕਰਦੇ ਹਨ, ਉਹਨਾਂ ਦਾ ਵਿਰੋਧ ਭਾਰਤੀ ਨਿਜ਼ਾਮ ਅਤੇ ਹਿੰਦੁਤਵ, ਸ਼ਮਸ਼ਾਨ ਤੱਕ ਵੀ ਕਰਦੇ ਰਹਿਣਗੇ, ਪਰ ਜਿਹੜੇ ਉਹਨਾਂ ਦੀ ਮਰਜ਼ੀ ਅਨੁਸਾਰ ਸਿੱਖੀ ਬਾਣੇ ਵਿੱਚ ਵਿਚਰ ਕੇ, ਸਿੱਖੀ ਦੇ ਜੜ•ੀ ਤੇਲ ਦਿੰਦੇ ਹਨ, ਉਹ ਜੋ ਮਰਜ਼ੀ ਕਰੀ ਜਾਣ, ਉਹਨਾਂ ਦਾ ਕੀਤਾ ਪ੍ਰਵਾਨ ਹੈ, ਉਸ ਕਹਾਵਤ ਵਾਂਗੂੰ ਕਿ ‘‘ਜਿੱਥੇ ਸਾਡਾ ਨੰਦ ਘੋਪ ਉੱਥੇ ਬਿੱਲੀ ਮਰੀ ਦਾ ਕੀਹ ਦੋਸ਼’’

ਹੁਣ ਜਿਹਨਾਂ ਸਿੱਖਾਂ ਨੇ ਉਸ ਵੇਲੇ ਪਹਿਰੇਦਾਰ ਵੱਲੋਂ ਮਾਰੀ ਆਵਾਜ਼ ਉੱਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਵਾਸਤੇ, ਨੱਬੇ ਲੱਖ ਦਸਤਖਤ ਕੀਤੇ ਸਨ, ਉਹਨਾਂ ਨੂੰ ਹੁਣ ਕਮਰਕੱਸਾ ਕਰਨਾ ਚਾਹੀਦਾ ਹੈ ਕਿ ਜੇ ਕੋਈ ਪੰਜਾਬ ਦੀ ਧਰਤੀ ਉੱਤੇ, ਪੰਜਾਬੀ ਪੁੱਤਰ ਅਤੇ ਸਿੱਖ ਕੌਮ ਦੇ ਹੀਰੇ, ਪ੍ਰੋ ਭੁੱਲਰ ਦਾ ਵਿਰੋਧ ਕਰੇਗਾ ਤਾਂ ਨੱਬੇ ਲੱਖ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ। ਸਾਡੀ ਸਿਰਫ ਪ੍ਰੋ ਭੁਲਰ ਦੀ ਜੇਲ ਬਦਲੀ ਨਾਲ ਤਸਲੀ ਨਹੀਂ ਹੁੰਦੀ, ਹਾਲੇ ਅਸੀਂ ਉਸ ਦੀ ਫਾਂਸੀ ਵੀ ਰੱਦ ਕਰਵਾਉਣੀ ਹੈ। ਇਸ ਲਈ ਸਮੁੱਚੀ ਕੌਮ ਨੂੰ ਪ੍ਰੋ ਭੁੱਲਰ ਦੀ ਜੇਲ ਬਦਲੀ ਵਿੱਚ, ਕਾਨੂੰਨ ਦੀ ਸਹੀ ਵਰਤੋਂ ਕਰਕੇ ਸਹਿਯੋਗੀ ਬਨਣ ਵਾਲੀਆਂ ਸਰਕਾਰਾਂ ਅਤੇ ਅਧਿਕਾਰੀਆਂ ਜਾਂ ਹਰ ਉਸ ਬਸ਼ਰ ਦਾ, ਜਿਸ ਨੇ ਅਜਿਹੀਆਂ ਫਾਇਲਾਂ ਨੂੰ ਚੁੱਕ ਕੇ ਇੱਕ ਤੋਂ ਦੂਜੇ ਮੇਜ ਉੱਤੇ ਰਖਿਆ, ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ, ਉਹਨਾਂ ਦੀ ਨੀਤੀ ਨੂੰ ਸਮਝਦਿਆਂ, ਕੌਮੀ ਆਗੂਆਂ ਦੀ ਸ਼ਵੀ ਨੂੰ ਵੀ ਨਿਹਾਰ ਲੈਣਾ ਚਾਹੀਦਾ ਹੈ ਕਿ ਕੌਣ ਪੰਥ ਵਾਸਤੇ ਕੰਮ ਕਰ ਰਿਹਾ ਹੈ।

ਗੁਰੂ ਰਾਖਾ !!

Tag Cloud

DHARAM

Meta