ਪ੍ਰਧਾਨ ਦੇ ਜਮੂਰੇ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਮਦਾਰੀ : ਜਮੂਰੇ ! ਰੋਟੀ ਖਾਏਗਾ ?
ਜਮੂਰਾ : ਖਾਏਗਾ !

ਮਦਾਰੀ : ਜਮੂਰੇ ! ਪਾਣੀ ਪੀਏਗਾ ?
ਜਮੂਰਾ : ਪੀਏਗਾ !

ਵਾਹ ਜਮੂਰੇ ! ਉਸਤਾਦ ਤੇਰੇ ਪਰ ਖੁਸ਼ ਹੈ !

ਮਦਾਰੀ ਦੂਜੇ ਜਮੂਰੇ ਨੂੰ : ਰੋਟੀ ਖਾਏਗਾ ?
ਦੂਜਾ ਜਮੂਰਾ : ਨਹੀਂ ਖਾਏਗਾ !

ਮਦਾਰੀ ਖਿੱਚ ਕੇ ਦੂਜੇ ਜਮੂਰੇ ਨੂੰ ਚਪੇੜ ਮਾਰਦਾ ਹੈ !

ਆਪਣੇ ਪੁੱਤਰ ਨਾਲ ਤਮਾਸ਼ਾ ਵੇਖ ਰਿਹਾ ਜਸਕੀਰਤ ਸਿੰਘ ਜੋਰ ਜੋਰ ਦੀ ਹੱਸਣ ਲੱਗਾ ! ਨਾਲ ਹੀ ਆਪਣੀ ਧੀ ਨਾਲ ਤਮਾਸ਼ਾ ਵੇਖ ਰਹੇ ਮਨਜੋਤ ਸਿੰਘ ਨੇ ਹੈਰਾਨੀ ਨਾਲ ਪੁੱਛ ਹੀ ਲਿਆ “ਵੀਰ ਇਤਨੀ ਜੋਰ ਦੀ ਕਿਓਂ ਹੱਸੇ ?”

ਕੁਛ ਨਹੀਂ ਵੀਰ ! ਪ੍ਰਬੰਧਕ ਕਮੇਟੀਆਂ ਅੱਤੇ ਅਕਾਲੀ ਦਲਾਂ ਦੀ ਯਾਦ ਆ ਗਈ ! (ਜਸਕੀਰਤ ਸਿੰਘ ਨੇ ਕਿਹਾ)

ਮਨਜੋਤ ਸਿੰਘ (ਹਸਦਾ ਹੋਇਆ) : ਓਹ ਕਿਵੇਂ ?

ਜਸਕੀਰਤ ਸਿੰਘ : ਕਮੇਟੀਆਂ ਵਿੱਚ ਸੇਵਾਦਾਰ, ਗ੍ਰੰਥੀ, ਰਾਗੀ, ਪਾਠੀ ਆਦਿ ਅੱਤੇ ਸਿਆਸੀ ਪਾਰਟੀਆਂ ਵਿੱਚ ਵਰਕਰ, ਓਹਦੇਦਾਰ ਆਦਿ ਜਮੂਰੇ ਵਾਂਗ “ਹਾਂਜੀ ਪ੍ਰਧਾਨ ਜੀ ! ਹਾਂਜੀ ਪ੍ਰਧਾਨ ਜੀ !” ਬੋਲੀ ਜਾਣ, ਤਾਂ ਤਕ ਮਦਾਰੀ (ਪ੍ਰਧਾਨ, ਸਕੱਤਰ ਆਦਿ) ਖੁਸ਼ ਰਹਿੰਦੇ ਹਨ ! ਜਿਸ ਵੇਲੇ ਕਿਸੀ ਜਮੂਰੇ ਨੇ ਨਾਂਹ ਕੀਤੀ ਜਾਂ ਹੁਕਮ ਮੰਨਣ ਵਿੱਚ ਅੜੀ ਕੀਤੀ ਤਾਂ ਫਿਰ ਪ੍ਰਧਾਨ ਦਾ ਥੱਪੜ (ਗੁੱਸਾ) ਕਹਿਰ ਬਣ ਕੇ ਡਿੱਗਦਾ ਹੈ ! ਕਿਸੀ ਵੱਡੇ ਓਹਦੇਦਾਰ ਵੱਲੋਂ ਵੱਡੇ ਇੱਕਠ ਵਿੱਚ ਕੀਤੇ ਗਏ ਨੀਵੇਂ ਪੱਧਰ ਦੇ ਮਜਾਕ ਤੇ ਵੀ ਓਹ ਵਿਚਾਰੇ ਸਿਰਫ ਹੱਸਣ ਤੋ ਕੁਝ ਨਹੀਂ ਕਰ ਸਕਦੇ ! ਆਪਣੀਆਂ ਰੋਟੀਆਂ ਤੇ ਲੱਤ ਕੌਣ ਮਾਰੇ ?

ਮਨਜੋਤ ਸਿੰਘ (ਰੱਤਾ ਕੁ ਵਿਚਰਦਾ ਹੋਇਆ) : ਸੱਚ ਆਖਣਾ ਅੱਧੀ ਲੜਾਈ ! ਪ੍ਰਧਾਨ (ਮਦਾਰੀ) ਇਤਨੀ ਗੱਲ ਤੇ ਰੁੱਸ ਜਾਂਦਾ ਹੈ ਜਦੋਂ ਗਲਤੀ ਨਾਲ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਫਤਿਹ ਨਾ ਬੁਲਾਈ ਜਾਵੇ ! ਕਿਓਂਕਿ ਪ੍ਰਧਾਨਾਂ ਨੂੰ ਲਗਦਾ ਹੈ ਕੀ ਇਹ ਸਭ ਮੇਰੇ ਨਿਜੀ ਜਮੂਰੇ ਹਨ (ਜਾਇਦਾਦ ਹਨ, ਨੌਕਰ ਹਨ) ਤੇ ਇਨ੍ਹਾਂ ਨੂੰ ਹੀ ਪਹਿਲਾਂ ਫਤਿਹ ਬੁਲਾਉਣੀ ਚਾਹੀਦੀ ਹੈ ! ਤੁਸੀਂ ਆਪ ਦੱਸੋ ਵੀਰ, ਤੁਸੀਂ ਕਦੇ ਕਿਸੀ ਪ੍ਰਧਾਨ ਨੂੰ ਆਪਣੇ ਤੋ ਨੀਵੇਂ ਨੂੰ (ਉਨ੍ਹਾਂ ਦੇ ਵਿਚਾਰ ਵਿੱਚ) ਪਹਿਲਾਂ ਫਤਿਹ ਬੁਲਾਉਂਦੇ ਵੇਖਿਆ ਹੈ ? ਇਸੀ ਕਰਕੇ ਇਨ੍ਹਾਂ ਪ੍ਰਧਾਨਾਂ ਦੇ ਆਸ ਪਾਸ ਤੁਸੀਂ ਓਹੀ ਜਮੂਰੇ ਹਮੇਸ਼ਾ ਮੌਜੂਦ ਵੇਖੋਗੇ ਜੋ “ਹਾਂਜੀ ਪ੍ਰਧਾਨ ਜੀ … ਹਾਂਜੀ ਪ੍ਰਧਾਨ ਜੀ” ਕਹਿੰਦੇ ਰਹਿੰਦੇ ਹਨ !

ਓਹ ਅਖਾਣ ਨਹੀਂ ਸੁਣਿਆ “ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵਈਆ ਕੋਈ ਨਹੀਂ !” (ਜਸਕੀਰਤ ਸਿੰਘ ਬੋਲਿਆ

ਇਤਨੀ ਦੇਰ ਵਿੱਚ ਮਦਾਰੀ ਆਪਣਾ ਤਮਾਸ਼ਾ ਖਤਮ ਕਰ ਦਿੰਦਾ ਹੈ ਤੇ ਆਪਣੀ ਕਲਾ ਦੀ ਮਜੂਰੀ ਲਈ ਉਨ੍ਹਾਂ ਅੱਗੇ ਆ ਹੱਥ ਅੱਡ ਦਿੰਦਾ ਹੈ ! ਦੋਵੇਂ ਉਸ ਹੱਥ ਕੁਝ ਮਾਇਆ ਫੜਾਉਂਦੇ ਹਨ !

ਪਾਪਾ ਹੁਣ ਚਲੋ ਨਾ, ਆਈਸਕ੍ਰੀਮ ਖਾਣੀ ਹੈ ! (ਪਿੱਛੋ ਹੱਥ ਖਿੱਚਦੇ ਹੋਏ ਜਸਕੀਰਤ ਸਿੰਘ ਦੇ ਬੇਟੇ ਨੇ ਦੁਹਾਈ ਪਾ ਦਿੱਤੀ)

ਚੰਗਾ ਵੀਰ ! ਇਹ ਤਾਂ ਨਾ ਖਤਮ ਹੋਣ ਵਾਲੀਆਂ ਗੱਲਾਂ ਹਨ, ਫਿਰ ਕਦੀ ਵਿਚਾਰ ਸਾਂਝੇ ਕਰਾਂਗੇ ! (ਫਤਿਹ ਦੀ ਸਾਂਝ ਕਰ ਕੇ ਆਈਸਕ੍ਰੀਮ ਦੀ ਰੇਹੜੀ ਵਲ ਚੱਲ ਪੈਂਦਾ ਹੈ !)

Tag Cloud

DHARAM

Meta