ਦੇਸ਼ ਤੇ ਸੂਬੇ ਦੇ ਹਾਕਮ ਅੱਜ ਵੀ ਸਿੱਖਾਂ ਲਈ ਔਰੰਗੇ, ਪਰ ਵਿਦੇਸ਼ੀ ਬੈਠੇ ਸਿੱਖਾਂ ‘ਤੇ ਟੇਕ -: ਜਸਪਾਲ ਸਿੰਘ ਹੇਰਾਂ

ਕਲਮ ਲਿਖਣ ਤੋਂ ਝਿਜਕ ਰਹੀ ਹੈ ਸੰਗ ਤੇ ਸ਼ਰਮ ਜਿਹੀ ਮਹਿਸੂਸ ਕਰ ਰਹੀ ਹੈ, ਪ੍ਰੰਤੂ ਇਤਿਹਾਸ ਸੱਦਾ ਦੇ ਰਿਹਾ ਹੈ ਕਿ ਇਹ ਲਿਖਣਾ ਜ਼ਰੂਰੀ ਹੈ। ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪ੍ਰੰਤੂ ਖੁਦ ਗੁਲਾਮ ਹੀ ਰਹੇ। ਉਸ ਆਜ਼ਾਦੀ ਦੀ ਲਹਿਰ ਦਾ ਹੋਕਾ ਵੀ ਵਿਦੇਸ਼ਾਂ ਵਿਚ ਬੈਠੇ ਸਿੱਖ ਯੋਧਿਆਂ ਨੇ ਦਿੱਤਾ ਸੀ।

ਬੱਬਰ ਲਹਿਰ ਅਤੇ ਗ਼ਦਰ ਲਹਿਰ ਦੀ ਆਰੰਭਤਾ ਨੇ ਅੰਗਰੇਜਾਂ ਦੇ ਭਾਰਤ ਵਿਚ ਰਾਜ ਦੀ ਪੁੱਠੀ ਗਿਣਤੀ ਸ਼ੁਰੂ ਕਰਵਾ ਦਿੱਤੀ ਸੀ। ਸਿੱਖਾਂ ਵਲੋਂ ਆਜ਼ਾਦ ਕਰਵਾਏ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਕਦੇ ਵੀ ਸਿੱਖਾਂ ਲਈ ਜਿਉਂਦਾ ਨਹੀਂ ਰਿਹਾ। ਇਸ ਦੇਸ਼ ਤੇ ਸੂਬੇ ਦੇ ਹਾਕਮ ਅੱਜ ਵੀ ਸਿੱਖਾਂ ਲਈ ਔਰੰਗੇ ਹੀ ਹਨ ਅਤੇ ਇਸ ਦੇਸ਼ ਦੇ ਮੀਡੀਏ ਨੇ ਵੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨਾਂ ਨਾਲ ਹੁੰਦੇ ਜਬਰ ਦੀ ਦਾਸਤਾਂ ਨੂੰ ਸਾਹਮਣੇ ਲਿਆਉਣ ਦੀ ਥਾਂ ਉਸ ਨੂੰ ਦਬਾਉਣ ਜਾਂ ਉਸ ਨੂੰ ਗਲਤ ਰੰਗਤ ਦੇ ਕੇ ਵਿਖਾਉਣ ਦੀ ਕੋਸ਼ਿਸ਼ ਕੀਤੀ। ਅਸਲੀ ਸਭ ਤੋਂ ਕੌੜੀ ਅਤੇ ਦਰਦਨਾਕ ਸੱਚਾਈ ਇਹ ਵੀ ਹੈ ਕਿ ਅੱਜ ਬਹੁ ਗਿਣਤੀ ਸਿੱਖ ਸਵਾਰਥੀ, ਪਦਾਰਥੀ, ਲੋਭੀ, ਲਾਲਚੀ ਅਤੇ ਚਾਪਲੂਸ ਹੋ ਗਿਆ ਹੈ। ਉਹ ਐਸ਼, ਆਰਾਮ ਦਾ ਤਿਆਗ ਕਰਕੇ ਸੰਘਰਸ਼ ਦੇ ਰਾਹ ਪੈਣ ਲਈ ਕਤੱਈ ਤਿਆਰ ਨਹੀਂ, ਸਗੋਂ ਸੰਘਰਸ਼ ਕਰਨ ਵਾਲੇ ਸਿੰਘ ਉਸ ਨੂੰ ਕੌੜੇ ਲੱਗਦੇ ਹਨ।

ਅਜਿਹੀ ਸਥਿਤੀ ਵਿਚ ਵਿਦੇਸ਼ਾਂ ਦੀ ਧਰਤੀ ’ਤੇ ਵਸਦੇ ਪੰਥ ਦਰਦੀ, ਕੌਮ ਪ੍ਰਸਤ ਸਿੱਖਾਂ ਨੂੰ ਮੱਦਦ ਲਈ ਹੋਕਾ ਦੇਣਾ ਮਜ਼ਬੂਰੀ ਬਣ ਗਿਆ ਹੈ। ਕਲਮ ਦੀ ਝਿੱਜਕ ਦੇ ਬਾਵਜੂਦ ਅਸੀਂ ਉਹ ਹੋਕਾਂ ਦੇਣ ਜਾ ਰਹੇ ਹਾਂ ਜਿਵੇਂ ਅਸੀਂ ਕੱਲ ਵੀ ਲਿਖਿਆ ਸੀ ਕਿ ਇਸ ਦੇਸ਼ ਵਿਚ ਸਿੱਖਾਂ ਨੂੰ ਆਪਣੇ ਹੱਕ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ, ਉਹ ਇਸ ਦੇਸ਼ ਦੇ ਘੱਟ ਗਿਣਤੀ ਦੋਖੀ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਵੀ ਆਪਣਾ ਵਿਰੋਧ ਨਹੀਂ ਪ੍ਰਗਟਾ ਸਕਦੇ। ਆਪਣੇ ਹੱਕਾਂ ਲਈ ਸ਼ਾਂਤਮਈ ਵਿਰੋਧ ਦੇ ਪ੍ਰਗਟਾਵੇ ਦਾ ਹੱਕ ਇਸ ਦੇਸ਼ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਦਿੱਤਾ ਹੋਇਆ ਹੈ। ਪ੍ਰੰਤੂ ਸਿੱਖਾਂ ਨੂੰ ਇਹ ਹੱਕ ਵੀ ਨਹੀਂ। ਉਹ ਸ਼ਾਂਤਮਈ ਢੰਗ ਤਰੀਕੇ ਨਾਲ ਭੁੱਖ ਹੜਤਾਲ ਨਹੀਂ ਕਰ ਸਕਦੇ, ਧਰਨਾ ਮੁਜ਼ਾਹਰਾ ਨਹੀਂ ਕਰ ਸਕਦੇ। ਫਿਰ ਇਹ ਕਾਹਦੀ ਆਜ਼ਾਦੀ ਅਤੇ ਕਾਹਦੇ ਅਧਿਕਾਰ ਹੁਣ ਇਹ ਸਵਾਲ ਇਸ ਦੇਸ਼ ਵਿਚ, ਇਸ ਦੇਸ਼ ਦੇ ਹਾਕਮਾਂ ਨੂੰ ਕਿਸੇ ਨੇ ਨਾ ਪੁੱਛਣਾ ਅਤੇ ਨਾ ਹੀ ਕਿਸੇ ਨੇ ਜਵਾਬ ਦੇਣਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸਵਾਲ ਸਮੁੱਚੇ ਵਿਸ਼ਵ ਬੈਠੇ ਸਿੱਖ ਜ਼ਰੂਰ ਪੁੱਛਣ, ਹਰ ਦੇਸ਼ ਵਿਚ ਭਾਰਤੀ ਸਫ਼ਾਰਤਖਾਨੇ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਇਹ ਸਵਾਲ ਪੁੱਛਿਆ ਜਾਵੇ ਕਿ ਸਿੱਖਾਂ ਉੱਤੇ ਪੰਜਾਬ ਵਿਚ ਆਪਣੇ ਹੱਕ ਮੰਗਣ ਤੇ ਪਾਬੰਦੀ ਕਿਉਂ ਹੈ? ਕਿਹੜਾ ਕਾਨੂੰਨ ਇਸ ਦੀ ਆਗਿਆ ਦਿੰਦਾ ਹੈ?

ਜਦੋਂ ਵਿਸ਼ਵ ਭਰ ’ਚ ਇਸ ਦੇਸ਼ ਦੇ ਹਾਕਮਾਂ ਦੀ ਅਤੇ ਇਸ ਦੇਸ਼ ਦੇ ਕਾਨੂੰਨ ਦੀ, ਇਸ ਦੇਸ਼ ਦੇ ਇਕ ਪਾਸੜ ਮੀਡੀਏ ਕਿਰਕਿਰੀ ਹੋਵੇਗੀ ਤਾਂ ਉਨਾਂ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜ਼ਬੂਰ ਹੋਣਾ ਪਵੇਗਾ ਕਿ ਆਖ਼ਰ ਧੱਕੇ ਅਤੇ ਵਿਤਕਰੇ ਦੀ ਵੀ ਕੋਈ ਹੱਦ ਹੁੰਦੀ ਹੈ। ਵਿਦੇਸ਼ਾਂ ’ਚ ਬੈਠੇ ਸਿੱਖ ਵੀਰ ਜਦੋਂ ਪੰਜਾਬ ਦੀ ਧਰਤੀ ਤੇ ਬੈਠੇ ਸਿੱਖਾਂ ਨੂੰ ਵੀ ਇਹ ਸਵਾਲ ਪੁੱਛਣਗੇ ਕਿ ਆਖ਼ਰ ਤੁਹਾਡੀ ਜ਼ਮੀਰ ਮਰ ਕਿਉਂ ਗਈ? ਇਕ 83 ਸਾਲ ਦਾ ਬੁੱਢਾ ਜਰਨੈਲ ਜਿਹੜਾ ਤਿਲ ਤਿਲ ਕਰਕੇ ਮਰ ਰਿਹਾ ਹੈ ਉਹ ਤੁਹਾਨੂੰ ਨਜ਼ਰ ਕਿਉਂ ਨਹੀਂ ਆ ਰਿਹਾ ਤਾਂ ਸ਼ਇਦ ਕਈਆਂ ਦੀ ਸੁੱਤੀ ਜ਼ਮੀਰ ਜਾਗ ਪਵੇ ਅਤੇ ਉਹ ਸਿੱਖ ਸੰਘਰਸ਼ ਦਾ ਹਿੱਸਾ ਬਣਨ ਲਈ ਅੱਗੇ ਆ ਜਾਣ। ਵਿਦੇਸ਼ਾਂ ਦੀ ਧਰਤੀ ਤੋਂ ਹਿੰਦੂਵਾਦੀ ਤਾਕਤਾਂ ਦੇ ਪ੍ਰਭਾਵ ਵਾਲੇ ਉਸਦੀ ਨਿਰਪੱਖਤਾ ਅਤੇ ਮੀਡੀਏ ਦੀ ਜ਼ਿੰਮੇਵਾਰੀ ਬਾਰੇ ਪੁੱਛਿਆ ਸਵਾਲ ਜਿਹੜਾ ਵਿਸ਼ਵ ’ਚ ਗੂੰਜੇਗਾ ਇਸ ਦੇਸ਼ ਦੇ ਇਕ ਪਾਸੜ ਮੀਡੀਏ ਨੂੰ ਕੁੱਝ ਸੋਚਣ ਲਈ ਜ਼ਰੂਰ ਮਜ਼ਬੂਰ ਕਰੇਗਾ।

ਸਿੱਖ ਅੱਜ ਵਿਸ਼ਵ ਵਿਆਪੀ ਕੌਮ ਹੈ। ਇਸ ਨਾਲ ਗੈਰ ਮਨੁੱਖੀ ਵਤੀਰਾ ਤੇ ਵਿਤਕਰਾ ਹੋਣਾ ਕੌਮ ਦੇ ਸ਼ਾਨਾ ਮੱਤੇ ਇਤਿਹਾਸ ਅਤੇ ਵਿਰਸੇ ਤੇ ਧੱਬਾ ਹੈ। ਇਸ ਦੱਬੇ ਨੂੰ ਮਿਟਾਉਣ ਲਈ ਸਿੱਖ ਪੰਥ ਨੂੰ ਆਪਣੇ ਨਾਲ ਵਾਪਰ ਰਹੇ ਗੈਰ ਮਨੁੱਖੀ ਵਰਤਾਰੇ ਬਾਰੇ ਵਿਸ਼ਵ ਨੂੰ ਤੁਰੰਤ ਜਗਾਉਣਾ ਹੁਣ ਬੇਹੱਦ ਜ਼ਰੂਰੀ ਹੋ ਗਿਆ ਹੈ। ਇਸ ਲਈ ਅਸੀਂ ਵਿਦੇਸ਼ਾਂ ਵਿਚ ਬੈਠੇ ਹਰ ਪੰਥ ਦਰਦੀ ਨੂੰ ਅਪੀਲ ਕਰਾਂਗੇ ਕਿ ਉਹ ਇਸ ਦੇਸ਼ ਦੇ ਸਿੱਖਾਂ ਲਈ ਮਰ ਚੁੱਕੇ ਕਾਨੂੰਨ ਦਾ ਜ਼ਨਾਜ਼ਾ ਹਰ ਦੇਸ਼ ਦੀ ਪਾਰਲੀਮੈਂਟ ਅੱਗੇ ਕੱਢਣ। ਪੰਜਾਬ ਵਸਦੇ ਆਪਣੇ ਭੈਣਾਂ ਭਰਾਵਾਂ ਦੀ ਜ਼ਮੀਰ ਨੂੰ ਟੁੰਬਣ ਅਤੇ ਮੀਡੀਏ ਨੂੰ ਉਸਦੀ ਜ਼ਿੰਮੇਵਾਰ ਦਾ ਅਹਿਸਾਸ ਕਰਵਾਉਣ ਤਾਂ ਕਿ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਆਰੰਭ ਸੰਘਰਸ਼ ਅਤੇ ਇਸ ਸ਼ਾਂਤਮਈ ਸੰਘਰਸ਼ ਵਿਰੁੱਧ ਸਰਕਾਰ, ਕਾਨੂੰਨ ਤੇ ਮੀਡੀਏ ਦੀ ਗੈਰ ਸੰਵਿਧਾਨਿਕ ਪਹੁੰਚ ਨੂੰ ਸਮੁੱਚੇ ਵਿਸ਼ਵ ਅੱਗੇ ਪੇਸ਼ ਕੀਤਾ ਜਾ ਸਕੇ।

Tag Cloud

DHARAM

Meta