ਦੀਨਾ ਨਗਰ ਦੀ ਜੰਗ – ਇੱਕ ਪਹਿਲਾਂ ਲਿਖਿਆ ਤੇ ਫਿਰ ਖੇਡਿਆ ਗਿਆ ਡਰਾਮਾ ਜਿਹਾ ਹੀ ਲੱਗਦਾ ਹੈ -: ਗਜਿੰਦਰ ਸਿੰਘ, ਦਲ ਖਾਲਸਾ

ਗੁਰਦਾਸਪੁਰ ਦੇ ਕਸਬੇ ਦੀਨਾ ਨਗਰ ਵਿੱਚ ੨੭ ਜੁਲਾਈ ਨੂੰ ਹੋਏ ‘ਅਤਿਵਾਦੀ ਹਮਲੇ’, ਅਤੇ ਸਰਕਾਰੀ ਔਪਰੇਸ਼ਨ’ ਦੇ ਕਈ ਭੇਦ ਭਰੇ ਪੱਖ ਸਾਹਮਣੇ ਹਨ, ਜਿਨ੍ਹਾਂ ਨੂੰ ਪੜਚੋਲੀਏ ਤਾਂ ਇਹ ਸਾਰਾ ਕੁੱਝ ਇੱਕ ਪਹਿਲਾਂ ਲਿਖਿਆ ਤੇ ਫਿਰ ਖੇਡਿਆ ਗਿਆ ਡਰਾਮਾ ਜਿਹਾ ਹੀ ਲੱਗਦਾ ਹੈ । ਹਾਂ, ਸ਼ਾਇਦ ਇਸ ਡਰਾਮੇ ਦਾ ਡਾਇਰੈਕਟਰ ਬਹੁਤਾ ਤਜਰਬੇ ਕਾਰ ਨਹੀਂ ਸੀ, ਜਿਸ ਕਰ ਕੇ ਅਖੀਰ ਵਿੱਚ ਇਹ ਡਰਾਮਾ ਹਾਸੋਹੀਣਾ ਜਿਹਾ ਬਣ ਕੇ ਰਹਿ ਗਿਆ ।

ਸਵੇਰ ਸਾਰ ਜਦੋਂ ਖਬਰਾਂ ਸ਼ੁਰੂ ਹੋਈਆਂ ਤਾਂ ਸੱਭ ਤੋਂ ਪਹਿਲਾਂ ੮/੧੦ ‘ਅਤਿਵਾਦੀਆਂ’ ਦੇ ਪਾਕਿਸਤਾਨ ਤੋਂ ਘੁੱਸਪੈਠ ਕਰ ਕੇ ਆਏ ਹੋਣ ਦੀਆਂ ਖਬਰਾਂ ਦਿੱਤੀਆਂ ਗਈਆਂ । ਰੇਲ ਦੀ ਇੱਕ ਪਟੜੀ ‘ਤੇ ਲਾਏ ਗਏ ਬਰੂਦ ਤੇ ਤਾਰਾਂ ਨੂੰ ਦਿਖਾ ਕੇ ਇਹ ਵੀ ਕਿਹਾ ਗਿਆ ਕਿ ਲੱਗਦਾ ਹੈ ਕਿ ‘ਅਤਿਵਾਦੀਆਂ’ ਦੇ ਕੁੱਝ ਲੋਕਲ ਹਮਾਇਤੀ ਵੀ ਨਾਲ ਸ਼ਾਮਿਲ ਹਨ ।

ਦੇਖਦੇ ਹੀ ਦੇਖਦੇ ਭਾਰਤ ਦੇ ਸੱਭ ਵੱਡੇ ਚੈਨਲਾਂ ਨੇ ਇਸ ‘ਹਮਲੇ’ ਸਬੰਧੀ ਖਾਸ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ, ਤੇ ਕਈ ਡੀਫੈਂਸ ਐਕਸਪਰਟਸ ਤੇ ਸਿਆਸੀ ਲੀਡਰਾਂ ਦੇ ਪੈਨਲ ਇਹਨਾਂ ਲਾਈਵ ਪਰੋਗਰਾਮਾਂ ਵਿੱਚ ਸ਼ਾਮਿਲ ਹੋ ਗਏ ।

ਕੁੱਝ ਐਕਸਪਰਟਸ ਨੇ ਇਸ ਨੂੰ ‘ਕਸ਼ਮੀਰੀਆਂ ਤੇ ਖਾਲਿਸਤਾਨੀਆਂ’ ਦੀ ਸਾਂਝੀ ਕਾਰਵਾਈ ਵੀ ਕਿਹਾ, ਤੇ ਇਸ ਦੇ ਪਿੱਛੇ ਪਾਕਿਸਤਾਨ ਦੇ ਹੋਣ ਦੀ ਗੱਲ ਕਹੀ । ਸੱਭ ਚੈਨਲਾਂ ਨੇ, ਬਾਕੀ ਸੱਭ ਪ੍ਰੋਗਰਾਮ ਛੱਡ ਦਿੱਤੇ, ਤੇ ‘ਦੀਨਾ ਨਗਰ’ ਨੂੰ ਫੜ੍ਹ ਲਿਆ, ਤੇ ਦੇਖਦੇ ਹੀ ਦੇਖਦੇ, ਦੀਨਾ ਨਗਰ ਦੀ ਤੁਲਨਾ ‘ਮੁੰਬਈ ਕਾਂਡ’ ਨਾਲ ਕੀਤੀ ਜਾਣ ਲੱਗੀ ।

– ਕੁੱਝ ਦੇਰ ਬਾਦ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਨਾਲ ਉਸ ਦੀ ਤਸਵੀਰ ਵੀ ਦਿਖਾਈ ਜਾਣ ਲੱਗੀ । ਫੌਜੀ ਵਰਦੀ ਵਿੱਚ ਇੱਕ ਦਾਹੜੀ ਵਾਲੇ ‘ਅਤਿਵਾਦੀ’ ਦੀ ਲਾਸ਼, ਜਿਸ ਦੀ ਛਾਤੀ ਉੱਤੇ ਕਲਾਸ਼ਨਕੋਫ ਰੱਖੀ ਹੋਈ ਸੀ, ਸੋਸ਼ਲ ਮੀਡੀਆ ‘ਤੇ ਛਾ ਗਈ ।

– ਵਕਤ ਬੀਤਣ ਦੇ ਨਾਲ ਖਬਰਾਂ ਆਣ ਲੱਗੀਆਂ ਕਿ ‘ਅਤਿਵਾਦੀਆਂ’ ਵਿੱਚ ਇੱਕ ਔਰਤ ਵੀ ਹੈ । ਇੱਕ ਜ਼ਖਮੀ ਸਿਪਾਹੀ ਚਸ਼ਮਦੀਦ ਗਵਾਹ ਵਾਂਗ ਬਾਰ ਬਾਰ ਉਸ ਔਰਤ ਦਾ ਜ਼ਿਕਰ ਕਰਦਾ ਦਿਖਾਇਆ ਜਾ ਰਿਹਾ ਸੀ ।

– ‘ਦੀਨਾ ਨਗਰ ਦੀ ਜੰਗ’ ਦਿਖਾਉਂਦੇ ਦਿਖਾਉਂਦੇ ਸ਼ਾਮ ਪੈਣ ਲੱਗੀ ਤਾਂ ਖਬਰ ਆਈ ਕਿ ਕਾਰਵਾਈ ਬਸ ਖਤਮ ਹੀ ਹੋਣ ਵਾਲੀ ਹੈ, ਦੋ ‘ਅਤਿਵਾਦੀ’ ਮਾਰੇ ਜਾ ਚੁੱਕੇ ਹਨ, ਤੇ ਦੋ ਹਾਲੇ ਰਹਿੰਦੇ ਹਨ । ਇਹ ਵੀ ਕਿਹਾ ਗਿਆ ਕਿ ਕਾਰਵਾਈ ਲੰਮੀ ਇਸ ਕਰ ਕੇ ਚਲੀ ਗਈ ਹੈ ਕਿ ਸਰਕਾਰ ਕੁੱਝ ‘ਅਤਿਵਾਦੀਆਂ’ ਨੂੰ ਜ਼ਿੰਦਾ ਫੜ੍ਹਨ ਦੀ ਕੋਸ਼ਿਸ਼ ਵਿੱਚ ਹੈ, ਤਾਂ ਜੋ ਪਾਕਿਸਤਾਨ ਦੇ ਖਿਲਾਫ ਸਬੂਤ ਵਜੋਂ ਇਸਤੇਮਾਲ ਕੀਤੇ ਜਾ ਸਕਣ ।

– ਇਸ ਤੋਂ ਕੁੱਝ ਮਿੰਟ ਬਾਦ ਹੀ ਬਹੁਤ ਖੁਸ਼ੀ ਨਾਲ ਇਹ ਖਬਰ ਦਿੱਤੀ ਗਈ ਕਿ ਇੱਕ ‘ਅਤਿਵਾਦੀ’ ਜ਼ਿੰਦਾ ਫੜ੍ਹ ਲਿਆ ਗਿਆ ਹੈ, ਤੇ ਬਾਕੀ ਰਹਿੰਦਾ ਇੱਕ ਵੀ ਮਾਰ ਦਿੱਤਾ ਗਿਆ ਹੈ ।

– ਅਖੀਰ ਸ਼ਾਮ ਪੰਜ ਵਜੇ ਦੇ ਕਰੀਬ ਕਾਰਵਾਈ ਦੇ ਸਫਲਤਾ ਪੂਰਵਕ ਖਤਮ ਹੋ ਜਾਣ ਦੀ, ਭਾਵ ‘ਦੀਨਾ ਨਗਰ ਦੀ ਜੰਗ’ ਜਿੱਤ ਲਏ ਜਾਣ ਦੀ ਖਬਰ ਦਿੱਤੀ ਗਈ, ਤੇ ‘ਤਿੰਨੇ ਅਤਿਵਾਦੀ’ ਮਾਰ ਮੁਕਾਏ ਜਾਣ ਬਾਰੇ ਦਸਿਆ ਗਿਆ । ਜਿਨ੍ਹਾਂ ਤਿੰਨ ‘ਅਤਿਵਾਦੀਆਂ’ ਦੀ ਤਸਵੀਰ ਅਖੀਰ ‘ਤੇ ਜਾਰੀ ਹੋਈ ਹੈ, ਉਹ ਤਿੰਨੋ ਕਲੀਨ ਸ਼ੇਵਨ ਹਨ ।

ਪਹਿਲਾਂ ਦਿਖਾਈਆਂ ਗਈਆਂ ਤਸਵੀਰਾਂ    ਪੁਲਿਸ / ਫੌਜੀ ਕਾਰਵਾਈ ਤੋਂ ਬਾਅਦ ਜਾਰੀ ਅੱਤਿਵਾਦੀਆਂ ਦੀਆਂ ਤਸਵੀਰਾਂ

ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਸਾਰੀਆਂ ਖਬਰਾਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ । ‘ਜ਼ੀ ਤੇ ਆਜ-ਤੱਕ’ ਵਰਗੇ ਜ਼ਿੰਮੇਵਾਰ ਅਖਵਾਉਣ ਵਾਲੇ ਵੱਡੇ ਚੈਨਲਾਂ ‘ਤੇ ਇਹ ਸੱਭ ਖਬਰਾਂ ਚੱਲੀਆਂ ਹਨ ।
ਸਵਾਲ ਪੈਦਾ ਹੁੰਦਾ ਹੈ ਕਿ ਜੇ ਅਖੀਰ ‘ਅਤਿਵਾਦੀਆਂ’ ਦੀ ਗਿਣਤੀ ਤਿੰਨ ਹੀ ਨਿਕਲੀ ਹੈ, ਤਾਂ ਜ਼ਿੰਮੇਵਾਰ ਚੈਨਲ ੮/੧੦ ਕਿਸ ਹਿਸਾਬ ਨਾਲ ਦੱਸਦੇ ਰਹੇ ਹਨ?

– ਇੱਕ ਜ਼ਖਮੀ ਭਾਰਤੀ ਸਿਪਾਹੀ ਜਿਸ ‘ਅਤਿਵਾਦੀ ਔਰਤ” ਦਾ ਜ਼ਿਕਰ ਇੱਕ ਚਸ਼ਮਦੀਦ ਗਵਾਹ ਵਾਂਗ ਬਾਰ ਬਾਰ ਕਰਦਾ ਦਿਖਾਇਆ ਗਿਆ, ਉਹ ਅੋਰਤ ਕਿੱਥੇ ਗਈ?

– ਜਿਸ ਇੱਕ ‘ਅਤਿਵਾਦੀ’ ਦੇ ਫੜ੍ਹੇ ਜਾਣ ਦੀ ਖਬਰ ਮੀਡੀਆ ਦਿੰਦਾ ਰਿਹਾ, ਉਹ ਕਿੱਥੇ ਹੈ?

– ਆਖਰੀ ਤਸਵੀਰ ਵਿੱਚ ਤਿੰਨ ਕਲੀਨ ਸ਼ੇਵਨ ‘ਅਤਿਵਾਦੀਆਂ’ ਦੀਆਂ ਲਾਸ਼ਾਂ ਦਿਖਾਈਆਂ ਗਈਆਂ ਹਨ, ਚੌਥੀ ਦਾਹੜੀ ਵਾਲੀ ਲਾਸ਼ ਕਿੱਥੇ ਗਈ?

ਇਹਨਾਂ ਬਾਰ ਬਾਰ ਬਦਲਦੀਆਂ ਖਬਰਾਂ ਤੇ ਪੋਜ਼ੀਸ਼ਨਾਂ ਤੋਂ ਬਾਦ ਇਸ ਸਾਰੇ ਡਰਾਮੇ ਵਿੱਚ ਸੱਚਾਈ ਕਿੱਥੇ ਦਿਖਾਈ ਦਿੰਦੀ ਹੈ । ਇੰਝ ਲੱਗਦਾ ਹੈ, ਜਿਵੇਂ ‘ਦੀਨਾ ਨਗਰ ਦੀ ਇਹ ਜੰਗ’ ਫਾਇਰ ਬਰੀਗੇਡ ਵਾਲਿਆਂ ਦੀ ਕੋਈ ਨਕਲੀ ਐਕਸਰਸਾਈਜ਼ ਹੋਵੇ, ਜਿਸ ਵਿੱਚ ਪਹਿਲਾਂ ਆਪ ਅੱਗ ਲਗਾਈ ਜਾਂਦੀ ਹੈ, ਤੇ ਫਿਰ ਆਪ ਹੀ ਬੁਝਾਈ ਜਾਂਦੀ ਹੈ ।

ਇਸ ‘ਜੰਗ’ ਦਾ ਇੱਕ ਪਹਿਲੂ ਹੋਰ ਵਿਚਾਰਨਯੋਗ ਹੈ । ਇਸ ‘ਹਮਲੇ’ ਦਾ ਫਾਇਦਾ ਕਿਸ ਨੂੰ ਹੋਇਆ ਤੇ ਨੁਕਸਾਨ ਕਿਸ ਨੂੰ ਹੋਣ ਡਾ ਡਰ ਹੈ?

ਪੰਜਾਬ ਵਿੱਚ ਬਾਪੂ ਸੂਰਤ ਸਿੰਘ ਹੁਰਾਂ ਦੇ ਮਰਨ ਵਰਤ ਨਾਲ ਸ਼ੁਰੂ ਹੋਈ ਲਹਿਰ ਹੁਣ ਆਪਣੇ ਫਾਈਨਲ ਪੜ੍ਹਾਓ ਵਿੱਚ ਪਹੁੰਚਦੀ ਲੱਗ ਰਹੀ ਹੈ । ਬਾਪੂ ਸੂਰਤ ਸਿੰਘ ਦਾ ਵਰਤ ਤੁੜਵਾਣ ਲਈ ਸਰਕਾਰ ਦੇ ਸਾਰੇ ਹੱਥਕੰਡੇ, ਤੇ ਸਾਰੇ ਜੱਬਰ ਨਾਕਾਮ ਹੋ ਚੁੱਕੇ ਹਨ । ਬਾਪੂ ਹੁਰੀਂ ਸ਼ਹਾਦਤ ਲਈ ਦ੍ਰਿੜ ਖੜ੍ਹੇ ਹਨ, ਤੇ ਉਹਨਾਂ ਪਿੱਛੇ ਸਾਰਾ ਪੰਥ ਖੜ੍ਹਦਾ ਜਾਂਦਾ ਹੈ । ਬਾਪੂ ਜੀ ਦੀ ਹਮਾਇਤ ਵਿੱਚ ਪੰਜਾਬ ਤੋਂ ਅਮਰੀਕਾ ਤੱਕ ਸਿੱਖਾਂ ਦੇ ਹੋ ਰਹੇ ਮੁਜ਼ਾਹਰਿਆਂ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਪ੍ਰਮੁੱਖ ਨਾਹਰਾ ਲੱਗ ਰਿਹਾ ਹੈ । ਇਹ ਸੂਰਤੇ ਹਾਲ ਖਾਲਿਸਤਾਨੀ ਸੰਘਰਸ਼ ਦੇ ਪਹਿਲੇ ਦੌਰ ਦੇ ਡਾਉਨ ਹੋਣ ਬਾਦ ਪਹਿਲੀ ਵਾਰੀ ਬਣੀ ਹੈ, ਤੇ ਯਕੀਨਨ ਸਰਕਾਰ ਇਸ ਦੀ ਗੰਭੀਰਤਾ ਨੂੰ ਸਮਝ ਰਹੀ ਹੋਵੇਗੀ । ਬਾਪੂ ਸੂਰਤ ਸਿੰਘ ਜੀ ਦੀ ਸ਼ਹਾਦਤ ਬਾਦ ਪੰਜਾਬ ਦੇ ਜੋ ਹਾਲਾਤ ਬਣ ਸਕਦੇ ਹਨ, ਨਵੇਂ ਸਿੱਖ ਉਭਾਰ ਦੇ ਨਤੀਜੇ ਵਜੋਂ, ਭਾਰਤੀ ਸਰਕਾਰ ਉਸ ਨੂੰ ਦਬਾਉਣ ਦੇ ਹੀਲੇ ਵਸੀਲੇ ਇਸ ਕਾਰਵਾਈ ਰਾਹੀਂ ਪਹਿਲੋਂ ਹੀ ਕਰਨਾ ਸੋਚਦੀ ਤੇ ਲੋਚਦੀ ਲੱਗਦੀ ਹੈ । ਸਿੱਖ ਸੰਘਰਸ਼ ਦੇ ਹਿੱਤ ਵਿੱਚ ਇਸ ਵੇਲੇ ਯਕੀਨਨ ਦੀਨਾ ਨਗਰ ਵਰਗੀ ਕੋਈ ਕਾਰਵਾਈ ਨਹੀਂ ਹੋ ਸਕਦੀ, ਇਹ ਸਾਰੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਚੰਗੀ ਤਰ੍ਹਾਂ ਸਮਝਦੀਆਂ ਹਨ ।

ਦਿਸੰਬਰ ੧੯੭੧ ਵਿੱਚ ਭਾਰਤ ਵੱਲੋਂ ਸਿੱਦੀ ਦਖਲ ਅੰਦਾਜ਼ੀ ਨਾਲ ‘ਪੂਰਬੀ ਪਾਕਿਸਤਾਨ’ ਨੂੰ ਬੰਗਲਾ ਦੇਸ਼ ਦੇ ਰੂਪ ਵਿੱਚ ਪਾਕਿਸਤਾਨ ਤੋਂ ਵੱਖ ਕਰ ਦੇਣ ਤੋਂ ਬਾਦ, ਅੱਧਾ ਰਹਿ ਗਿਆ ਪਾਕਿਸਤਾਨ ਵੀ, ਭਾਰਤ ਦੀ ਸੁਪਰਮੇਸੀ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੋਇਆ । ਤੇ ਇਸ ਖਿੱਤੇ ਵਿੱਚ ਸੁਪਰਮੇਸੀ ਹਾਸਿਲ ਕਰਨਾ ਯਕੀਨਨ ਭਾਰਤ ਦਾ ਸੁਪਨਾ ਹੈ । ਪਿੱਛਲੇ ਕੁੱਝ ਸਾਲਾਂ ਤੋਂ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਵਿੱਚ ਚੱਲ ਰਹੀ ਮਿਲੀਟੈਂਟ ਮੂਵਮੈਂਟ ਤੇ ਸੂਬਾ ਸਰਹੱਦ ਵਿੱਚ ਚੱਲ ਰਹੀਆਂ ਤਾਲਿਬਾਨੀ ਕਾਰਵਾਈਆਂ ਵਿੱਚ ਭਾਰਤੀ ਏਜੰਸੀਆਂ ਦੇ ਰੋਲ ਦੀਆਂ ਖਬਰਾਂ ਤਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ । ਕੁੱਝ ਦਿਨ ਪਹਿਲਾਂ ਇਹ ਖਬਰ ਪੜ੍ਹਨ ਨੂੰ ਮਿਲੀ ਸੀ ਕਿ ਪਾਕਿਸਤਾਨੀ ਸਰਕਾਰ ਭਾਰਤ ਦੀ ਇਸ ਦਖਲ ਅੰਦਾਜ਼ੀ ਦੇ ਸਬੂਤ ਕੱਠੇ ਕਰ ਚੁੱਕੀ ਹੈ, ਤੇ ਛੇਤੀ ਹੀ ਇਹਨਾਂ ਤੇ ਆਧਾਰਤ ਇੱਕ ਡੋਜ਼ੀਅਰ ਆਲਮੀ ਬਿਰਾਦਰੀ ਸਾਹਮਣੇ ਰੱਖ ਕੇ ਭਾਰਤ ਨੂੰ ਨੰਗਾ ਕਰਨ ਜਾ ਰਹੀ ਹੈ । ਦੀਨਾ ਨਗਰ ਦੇ ਅਤਿਵਾਦੀ ਹਮਲੇ ਰਾਹੀਂ ਭਾਰਤ ਨੇ ਪਾਕਿਸਤਾਨ ਸਰਕਾਰ ਦੀ ਡਿਪਲੋਮੈਟਿਕ ਮੂਵ ਨੂੰ ਕਾਉਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਇਹ ਇੱਕ ਖੁੱਲ੍ਹੀ ਹਕੀਕਤ ਹੈ ਕਿ ਭਾਰਤੀ ਖੁਫੀਆ ਏਜੰਸੀ ‘ਰਾ’ ਤੇ ਆਰ ਐਸ ਐਸ ਬਹੁਤ ਸਾਰੇ ਮੁੱਦਿਆਂ ਤੇ, ਜਿਨ੍ਹਾਂ ਨੂੰ ਉਹ ‘ਨੈਸ਼ਨਲ ਹਿੱਤ’ ਦੇ ਮੁੱਦੇ ਸਮਝਦੇ ਹਨ, ਇਕੱਠੇ ਕੰਮ ਕਰਦੀਆਂ ਹਨ । ਆਖਰੀ ਗੱਲ, ਜੇ ਇਹ ਵੀ ਮੰਨ ਲਿਆ ਜਾਵੇ ਕਿ ਇਹ ‘ਤਿੰਨ ਅਤਿਵਾਦੀ’ ਪਾਕਿਸਤਾਨ ਤੋਂ ਦਾਖਿਲ ਹੋਏ ਸਨ, ਤਾਂ ਫਿਰ ਇਹ ‘ਰਾ ਤੇ ਆਰ ਐਸ ਐਸ ਕੰਬੀਨੇਸ਼ਨ’ ਦੇ ਹੀ ਕਿਸੇ ਪਾਕਿਸਤਾਨੀ ਚੈਪਟਰ ਦੇ ਬੰਦੇ ਸਨ । ਕਿਓਂਕਿ ਅੱਜ ਦੇ ਹਾਲਾਤ ਵਿੱਚ ਪਾਕਿਸਤਾਨ, ਜਿਹੜਾ ਆਪ ਦਹਿਸ਼ਤ ਗਰਦੀ ਦੀ ਸਖੱਤ ਮਾਰ ਹੇਠ ਹੈ, ਉਸ ਨੂੰ ਦੀਨਾ ਨਗਰ ਦੇ ਹਮਲੇ ਤੋਂ ਕੋਈ ਫਾਇਦਾ ਮਿਲਦਾ ਦਿਖਾਈ ਨਹੀਂ ਦਿੰਦਾ ।

ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਕੋਈ ਕਤਲ ਹੋ ਜਾਵੇ ਤਾਂ ਤਫਤੀਸ਼ ਕਰਦੀਆਂ ਏਜੰਸੀਆਂ ਪਹਿਲਾਂ ਇਹ ਦੇਖਦੀਆਂ ਹਨ ਕਿ ਇਸ ਕਤਲ ਦਾ ਫਾਇਦਾ ਕਿਸ ਨੂੰ ਪਹੁੰਚਣ ਵਾਲਾ ਹੈ । ਜਿਸ ਨੂੰ ਕਤਲ ਦਾ ਫਾਇਦਾ ਹੋਣ ਦੀ ਸੰਭਾਵਨਾਂ ਹੋਵੇ, ਪਹਿਲਾ ਸ਼ੱਕ ਉਸੇ ‘ਤੇ ਹੀ ਕੀਤਾ ਜਾਂਦਾ ਹੈ । ਦੀਨਾ ਨਗਰ ਦੇ ਵਾਕਿਆ ਦਾ ‘ਬੈਨੀਫਿਸ਼ਰੀ’ ਯਕੀਨਨ ਭਾਰਤ ਹੈ, ਭਾਰਤੀ ਏਜੰਸੀਆਂ ਹਨ ।

Tag Cloud

DHARAM

Meta