ਦੀਨਾਨਗਰ ਆਪ੍ਰੇਸ਼ਨ ‘ਚ ਆਮ ਪੁਲਿਸ ਦੀ ਭੂਮਿਕਾ -: ਮੇਜਰ ਸਿੰਘ

ਜਲੰਧਰ, 29 ਜੁਲਾਈ- ਪੰਜਾਬ ਪੁਲਿਸ ਨੇ ਚਾਰ ਸਾਲ ਪਹਿਲਾਂ ਆਧੁਨਿਕ ਹਥਿਆਰਾਂ ਤੇ ਦਾਅਪੇਚਕ ਰਣਨੀਤੀ ‘ਚ ਮਾਹਿਰ ਕਮਾਂਡੋਜ਼ ਯੂਨਿਟ ਕਾਇਮ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸ ਵੇਲੇ ਸਪੈਸ਼ਲ ਵੈਪਨਜ਼ ਤੇ ਟੈਕਟਿਸ ਯੂਨਿਟ ਵਿਚ 50 ਜਵਾਨ ਸਿਖਲਾਈ ਲੈ ਚੁੱਕੇ ਹਨ ਤੇ ਇਨ੍ਹਾਂ ਵਿਚੋਂ 2 ਦਰਜਨ ਦੇ ਕਰੀਬ ਸਵੈਤ ਕਮਾਂਡੋਜ਼ ਨੇ ਪਹਿਲੀ ਵਾਰ ਦੀਨਾਨਗਰ ਦੇ ਵੱਡੇ ਆਪ੍ਰੇਸ਼ਨ ਵਿਚ ਹਿੱਸਾ ਲਿਆ।

ਪੁਲਿਸ ਦੇ ਸੀਨੀਅਰ ਅਧਿਕਾਰੀ ਭਾਵੇਂ ਦੀਨਾਨਗਰ ਦੇ ਆਪ੍ਰੇਸ਼ਨ ਦੀ ਸਫ਼ਲਤਾ ਦਾ ਸਿਹਰਾ ਸਵੈਤ ਕਮਾਂਡੋਜ਼ ਸਿਰ ਬੰਨ੍ਹਣ ਲੱਗੇ ਹੋਏ ਹਨ, ਪਰ ਆਪ੍ਰੇਸ਼ਨ ਨੂੰ ਅੱਖੀਂ ਦੇਖਣ ਵਾਲਿਆਂ ਤੇ ਆਪ੍ਰੇਸ਼ਨ ‘ਚ ਸ਼ਾਮਿਲ ਬਹੁਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਦੀਨਾਨਗਰ ਦੇ ਆਪ੍ਰੇਸ਼ਨ ‘ਚ ਸਵੈਤ ਕਮਾਂਡੋਜ਼ ਨੇ ਕੁਝ ਵੀ ਨਵਾਂ ਨਹੀਂ ਕੀਤਾ, ਸਗੋਂ ਸਾਰਾ ਕੁਝ ਪਹਿਲਾਂ ਵਰਗਿਆਂ ਮੁਕਾਬਲਿਆਂ ਵਾਲਾ ਹੀ ਵਾਪਰਿਆ ਹੈ। 7 ਵਜੇ ਦੇ ਕਰੀਬ ਸ਼ੁਰੂ ਹੋਏ ਮੁਕਾਬਲੇ ‘ਚ 10 ਵਜੇ ਦੇ ਕਰੀਬ ਸਵੈਟ ਕਮਾਂਡੋਜ਼ ਆਪ੍ਰੇਸ਼ਨ ‘ਚ ਆ ਸ਼ਾਮਿਲ ਹੋਏ ਸਨ। ਇਹ ਸਵੈਤ ਕਮਾਂਡੋਜ਼ ਅਜੇ ਤਿੰਨ ਦਿਨ ਪਹਿਲਾਂ ਹੀ ਆਪਣੇ ਬੇਸ ਕੈਂਪ ਮੁਹਾਲੀ ਤੋਂ ਅੰ ਮਿ੍ਤਸਰ ਵਿਖੇ ਐਨ. ਐਸ. ਜੀ. ਦੇ ਕੈਂਪ ‘ਚ ਟਰੇਨਿੰਗ ਲੈਣ ਪੁੱਜੇ ਸਨ।

ਆਪ੍ਰੇਸ਼ਨ ‘ਚ ਸ਼ਾਮਿਲ ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੈਤ ਕਮਾਂਡੋਜ਼ ਨੇ ਆ ਕੇ ਕੋਈ ਵੱਖਰੀ ਰਣਨੀਤੀ ਜਾਂ ਦਾਅਪੇਚਾਂ ਦਾ ਮੁਜ਼ਾਹਰਾ ਨਹੀਂ ਕੀਤਾ, ਸਗੋਂ ਪਹਿਲਾਂ ਤੋਂ ਹੀ ਥਾਣੇ ਦੇ ਪਿਛਲੇ ਪਾਸੇ ਬਣੇ ਦੋ ਮੰਜ਼ਿਲਾ ਰਿਹਾਇਸ਼ੀ ਕੁਆਰਟਰਾਂ ਵਿਚ ਲੁਕ ਕੇ ਫਾਇਰਿੰਗ ਕਰ ਰਹੇ ਅੱਤਵਾਦੀਆਂ ਵਿਰੁੱਧ ਚੱਲ ਰਹੀ ਫਾਇਰਿੰਗ ਵਿਚ ਹੀ ਹਿੱਸਾ ਲਿਆ। ਪੰਜਾਬ ਅੰਦਰ ਖਾੜਕੂਆਂ ਵਿਰੁੱਧ ਕਈ ਆਪ੍ਰੇਸ਼ਨਾਂ ‘ਚ ਭਾਗ ਲੈਂਦੇ ਰਹੇ ਇਕ ਸਾਬਕਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਮਰੇ ‘ਚ ਲੁਕੇ ਬੈਠੇ ਅੱਤਵਾਦੀਆਂ ਨਾਲ ਸਾਹਮਣੇ ਮੱ ਥਿਓਾ ਜਾਂ ਆਸੇ-ਪਾਸੇ ਦੀਆਂ ਇਮਾਰਤਾਂ ਦੇ ਉਪਰੋਂ ਗੋਲੀਬਾਰੀ ‘ਚ ਉਲਝਣਾ ਪੁਲਿਸ ਦੀ ਅਗਵਾਈ ਕਰਨ ਵਾਲਿਆਂ ਦਾ ਵੱਡਾ ਗਲਤ ਪੈਂਤੜਾ ਸੀ। ਪੁਲਿਸ ਦੇ ਕਪਤਾਨ ਅਤੇ ਹਸਪਤਾਲ ਦੇ ਦੋ ਮਰੀਜ਼ਾਂ ਦੀ ਮੌਤ ‘ਚ ਇਸ ਗਲਤ ਰਣਨੀਤੀ ਦਾ ਵੱਡਾ ਹੱਥ ਹੈ। ਕਈ ਪੁਲਿਸ ਵਾਲੇ ਇਹ ਵੀ ਸੁਆਲ ਉਠਾ ਰਹੇ ਹਨ ਕਿ ਸਵੈਤ ਕਮਾਂਡੋਜ਼ 4-4 ਦੀ ਗਿਣਤੀ ਵਿਚ ਖਿੰਡ ਕੇ ਉਨ੍ਹਾਂ ਵਾਂਗ ਹੀ ਗੋਲੀਆਂ ਵਰ੍ਹਾ ਰਹੇ ਸਨ ਤੇ ਜਦ ਐਸ. ਪੀ. ਬਲਜੀਤ ਸਿੰਘ ਨੂੰ ਗੋਲੀ ਵੱਜੀ ਤਾਂ ਉਦੋਂ ਵੀ ਤਿੰਨ ਕਮਾਂਡੋਜ਼ ਆਸ-ਪਾਸ ਖੜ੍ਹੇ ਸਨ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸਵੈਤ ਕਰਕੇ ਨਹੀਂ ਸਗੋਂ ਐਸ. ਪੀ. ਦੇ ਮਾਰੇ ਜਾਣ ਬਾਅਦ ਅਫ਼ਸਰਾਂ ਦੀਆਂ ਅੱਖਾਂ ਖੁੱਲ੍ਹੀਆਂ ਕਿ ਅੱਤਵਾਦੀਆਂ ਨਾਲ ਸਾਹਮਣੇ ਮੱਥੇ ਤੋਂ ਲੜਾਈ ਲੜਨ ਦਾ ਪੈਂਤੜਾ ਗਲਤ ਹੈ।

ਫਿਰ ਕਰੀਬ ਡੇਢ ਵਜੇ ਪੁਲਿਸ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ ਅੱਤਵਾਦੀਆਂ ਨਾਲ ਸਿੱਧਾ ਉਲਝਣ ਦੀ ਬਜਾਏ ਉਸ ਕਮਰੇ ਦੀਆਂ ਅਗਲੀਆਂ ਕੰਧਾਂ ਢਾਹੀਆਂ ਜਾਣ ਜਿਸ ਵਿਚ ਅੱਤਵਾਦੀ ਲੁਕੇ ਹੋਏ ਹਨ। ਇਸ ਮਕਸਦ ਲਈ ਪਹਿਲਾਂ ਬਖਤਰਬੰਦ ਗੱਡੀ ਅੰਦਰ ਭੇਜੀ ਗਈ ਜੋ ਉਥੇ ਡਿੱਗੇ ਪਏ ਮੋਟਰਸਾਈਕਲ ‘ਚ ਫਸਣ ਕਰਕੇ ਅੱਗੇ ਹੀ ਨਹੀਂ ਜਾ ਸਕੀ। ਫਿਰ ਥਾਣੇ ਦੇ ਦੋਵੇਂ ਪਾਸੇ ਦੀਆਂ ਉੱਚੀਆਂ ਇਮਾਰਤਾਂ ਤੋਂ ਹੱਥ ਗ੍ਰਨੇਡਾਂ ਦਾ ਮੀਂਹ ਵਰ੍ਹਾ ਕੇ ਕਮਰੇ ਦੀਆਂ ਜਦ ਅਗਲੀਆਂ ਕੰਧਾਂ ਢਾਹ ਦਿੱਤੀਆਂ ਤਾਂ 2.30 ਵਜੇ ਦੇ ਕਰੀਬ ਅੰਦਰੋਂ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ ਸਨ। ਆਮ ਪ੍ਰਭਾਵ ਇਹ ਹੈ ਕਿ ਉਸ ਸਮੇਂ ਹਾਲਾਤ ਦੀ ਨਜ਼ਾਕਤ ਨੂੰ ਦੇਖਦਿਆਂ ਜਾਂ ਤਾਂ ਤਿੰਨਾਂ ਅੱਤਵਾਦੀਆਂ ਨੇ ਆਤਮਹੱਤਿਆ ਕਰ ਲਈ ਜਾਂ ਫਿਰ ਗੋਲੀਆਂ ਦਾ ਸ਼ਿਕਾਰ ਹੋ ਗਏ। ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਲੈਣ ਦੀ ਬਜਾਏ ਰੁਕ-ਰੁਕ ਕੇ ਕਮਰਿਆਂ ‘ਚ ਫਾਇਰ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਆਖਰ ਸਵਾ ਕੁ ਤਿੰਨ ਵਜੇ ਲਾਈਟ ਮਸ਼ੀਨ ਗੰਨ ਨਾਲ ਕਮਰਿਆਂ ‘ਚ ਗੋਲੀਆਂ ਦਾ ਛਾਣਾ ਦੇਣ ਬਾਅਦ ਜਦ ਪੂਰਾ ਯਕੀਨ ਹੋ ਗਿਆ ਕਿ ਅੱਤਵਾਦੀ ਮਾਰੇ ਜਾ ਚੁੱਕੇ ਹਨ ਤਾਂ ਲਾਗਲੀਆਂ ਛੱਤਾਂ ‘ਤੇ ਚੜ੍ਹੇ ਸਵੈਤ ਕਮਾਂਡੋਜ਼ ਨੂੰ ਕਮਰਿਆਂ ਦੇ ਅੰਦਰ ਤਲਾਸ਼ੀ ਲੈਣ ਲਈ ਲਗਾਇਆ ਤੇ 10 ਕੁ ਮਿੰਟ ਵਿਚ ਹੀ ਉਨ੍ਹਾਂ ਤਲਾਸ਼ੀ ਬਾਅਦ ਬੰਦੂਕਾਂ ਉਲਟਾ ਕੇ ਅੱਤਵਾਦੀਆਂ ਨੂੰ ਮਾਰਨ ਤੇ ਆਪ੍ਰੇਸ਼ਨ ‘ਚ ਸਫ਼ਲਤਾ ਦਾ ਪ੍ਰਗਟਾਵਾ ਕਰ ਦਿੱਤਾ।

ਸਵੈਤ ਕਮਾਂਡੋਜ਼ ਦੀ ਹੁਸ਼ਿਆਰੀ ਦਾ ਪਾਜ਼ ਆਪ੍ਰੇਸ਼ਨ ਦੀ ਸਫ਼ਲਤਾ ਦੇ ਐਲਾਨ ਤੋਂ ਚੰਦ ਮਿੰਟਾਂ ਵਿਚ ਖੁੱਲ੍ਹ ਗਿਆ ਜਦ ਪੂਰੀ ਛਾਣਬੀਣ ਤੋਂ ਬਾਅਦ ਉਸੇ ਥਾਂ ਲੁਕਿਆ ਇਕ ਹੋਮਗਾਰਡ ਜਵਾਨ ਬਾਹਰ ਨਿਕਲ ਆਇਆ ਤੇ ਲੋਕਾਂ ਤੇ ਪੁਲਿਸ ਨੇ ਰੌਲਾ ਪਾ ਦਿੱਤਾ ਕਿ ਅੱਤਵਾਦੀ ਆ ਗਿਆ। ਕਈਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਪਰ ਜਲਦੀ ਪਛਾਣ ਹੋਣ ਬਾਅਦ ਉਸ ਦਾ ਬਚਾਅ ਹੋ ਗਿਆ।

ਅੱਤਵਾਦੀ ਫੜੇ ਜਾਣ ਦਾ ਰੌਲਾ ਪੈਣ ‘ਤੇ ਥਾਣੇ ‘ਚ ਹੀ ਬੈਠੇ ਪੁਲਿਸ ਮੁਖੀ ਸੁਮੇਧ ਸੈਣੀ ਵੀ ਇਕ ਵਾਰ ਤਾਂ ਹਿੱਲ ਗਏ ਸਨ। ਇਕ ਗਜ਼ਟਿਡ ਅਧਿਕਾਰੀ ਦਾ ਕਹਿਣਾ ਹੈ ਕਿ ਆਪ੍ਰੇਸ਼ਨ ‘ਚ ਕਿਸੇ ਵੀ ਹੁਸ਼ਿਆਰੀ ਤੇ ਦਾਅਪੇਚਾਂ ਦਾ ਰੋਲ ਤਾਂ ਕਿਤੇ ਸਾਹਮਣੇ ਹੀ ਨਹੀਂ ਆਇਆ। ਉਹ ਕਹਿ ਰਹੇ ਸਨ ਕਿ ਹੁਸ਼ਿਆਰੀ ਤੇ ਦਾਅਪੇਚ ਤਾਂ ਮੰਨਦੇ ਜੇ ਇਹ ਆਪ੍ਰੇਸ਼ਨ ਥੋੜ੍ਹੇ ਸਮੇਂ ‘ਚ ਬਿਨਾਂ ਕਿਸੇ ਨੁਕਸਾਨ ਦੇ ਨੇਪਰੇ ਚੜ੍ਹਦਾ ਜਾਂ ਆਤਮਘਾਤੀ ਦਸਤੇ ਦਾ ਕੋਈ ਮੈਂਬਰ ਜਿਊਂਦਾ ਦਬੋਚਿਆ ਜਾਂਦਾ। ਆਪ੍ਰੇਸ਼ਨ ਦੀ ਸਮਾਪਤੀ ਉਪਰ ਡੀ. ਜੀ. ਪੀ. ਵੱਲੋਂ ਪੂਰੀ ਪੁਲਿਸ ਦੀ ਥਾਂ ਸਵੈਤ ਕਮਾਂਡੋਜ਼ ਨੂੰ ਸੱਦ ਕੇ ਸਾਬਾਸ਼ ਦੇਣ ਨੂੰ ਕਈ ਅਧਿਕਾਰੀ ਚੰਗਾ ਨਹੀਂ ਸਮਝ ਰਹੇ।

Tag Cloud

DHARAM

Meta