ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ)–ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਮੋਬਾਇਲ: 9876104726

ਇਹ ਹੈ ਸਾਡੀਆਂ ਫਿਲਮਾਂ ਅਤੇ ਟੀ. ਵੀ. ਮੀਡੀਏ ਦੀ ਦੇਣ। ਇਥੇ ਫੇਰ ਮੇਰੇ ਤੇ ਇਤਰਾਜ਼ ਕੀਤਾ ਜਾਵੇਗਾ ਕਿ ਮੈਂ ਇਸ ਸਭ ਵਾਸਤੇ ਇਸ ਮੀਡੀਏ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮਾਜਿਕ ਗਿਰਾਵਟ ਦਾ ਦੋਸ਼ੀ ਬਹੁਤੇ ਤੌਰ ਤੇ ਇਹ ਮੀਡੀਆਂ ਹੀ ਹੈ। ਪਹਿਲਾਂ ਇਹ ਵੇਖ ਲਈਏ ਕਿ ਇਹ ਮੀਡੀਆ ਆਪ ਕਿਥੋਂ ਦਾ ਕਿਥੇ ਪਹੁੰਚ ਗਿਆ ਹੈ ?  ਜਦੋਂ ਨਵੀਆਂ ਨਵੀਆਂ ਫਿਲਮਾਂ ਬਨਣੀਆਂ ਸ਼ੁਰੂ ਹੋਈਆਂ, ਕੋਈ ਸ਼ਰੀਫ ਘਰ ਦੀ ਲੜਕੀ ਫਿਲਮਾਂ ਵਿੱਚ ਨਹੀਂ ਸੀ ਆਉਂਦੀ ਅਤੇ ਸ਼ੁਰੂ ਸ਼ੁਰੂ ਵਿੱਚ ਇਹ ਘਾਟ ਪੂਰੀ ਕਰਨ ਲਈ ਵੇਸ਼ਵਾ ਯਾ ਨਾਚ-ਗਾਣੇ ਦੇ ਪੇਸ਼ੇ ਵਾਲੀਆਂ ਕੁਝ ਲੜਕੀਆਂ ਲਿਆਂਦੀਆਂ ਗਈਆਂ । ਪਹਿਲਾਂ ਤਾਂ ਫਿਲਮਾਂ ਵਿੱਚ ਜੁਆਨ ਲੜਕੇ-ਲੜਕੀ ਦਾ ਆਪਸ ਵਿੱਚ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਹੀ ਕੋਈ ਵਿਰਲਾ ਹੁੰਦਾ, ਫੇਰ ਇਨ੍ਹਾਂ ਵੇਸ਼ਵਾਵਾਂ ਵਿੱਚ ਵੀ ਇਤਨੀ ਸ਼ਰਮ ਹੁੰਦੀ ਸੀ ਕਿ ਜਦੋਂ ਕੋਈ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਵਿਖਾਣਾ ਹੀ ਹੋਵੇ ਤਾਂ ਲੜਕੀ ਆਪਣੀਆਂ ਬਾਹਵਾਂ ਆਪਣੀ ਛਾਤੀ ਅੱਗੇ ਕਰ ਲੈਂਦੀ ਤੇ ਲੜਕਾ ਉਤੋਂ ਕਲਾਵੇ ਵਿੱਚ ਲੈ ਲੈਂਦਾ ।
ਅੱਜ ਜਿਥੇ ਬਹੁਤੀਆਂ ਫਿਲਮਾਂ ਵਿੱਚ ਇਨ੍ਹਾਂ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ, ਉਥੇ ਦੋਵੇਂ ਪੂਰੀਆਂ ਬਾਹਵਾਂ ਖੋਲ੍ਹਕੇ ਦੋਵੇਂ ਇਕ ਦੂਜੇ ਨੂੰ ਇੰਝ ਕਲਾਵੇ ਵਿੱਚ ਲੈਂਦੇ ਹਨ ਜਿਵੇਂ ਇਸੇ ਤਰ੍ਹਾਂ ਇਕ ਦੂਸਰੇ ਦੇ ਵਿੱਚ ਵੜ ਜਾਣਾ ਹੋਵੇ। ਇਸ ਨੂੰ ਵਧੀਆ ਅਤੇ ਸੁਭਾਵਕ ਐਕਟਿੰਗ ਆਖਿਆ ਜਾਂਦਾ ਹੈ । ਇਹ ਬੇਹਿਯਾਈ ਇਸ ਕਦਰ ਵੱਧ ਗਈ ਹੈ ਕਿ ਅੱਜਕਲ ਟੀ.ਵੀ. ਵਿੱਚ ਜੋ ਗਾਣੇ ਦੇ ਜਾਂ ਡਾਂਸ ਆਦਿ ਦੇ ਪ੍ਰੋਗਰਾਮ ਵਿਖਾਏ ਜਾਂਦੇ ਹਨ, ਉਨ੍ਹਾਂ ਵਿੱਚ ਜਦੋਂ ਕੋਈ ਲੜਕਾ-ਲੜਕੀ ਇਕੱਠੇ ਕੋਈ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਜੱਜਾਂ ਵਲੋਂ ਜਾਂ ਉਥੇ ਬੈਠੇ ਦਰਸ਼ਕਾਂ ਵਲੋਂ ਤਾਰੀਫ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਇਹੀ ਹੈ ਕਿ ਉਹ ਛੇਤੀ ਨਾਲ ਇਕ ਦੂਸਰੇ ਨਾਲ ਲਿਪਟ ਜਾਂਦੇ ਹਨ । ਜੇ ਲੜਕੀ ਇਕੱਲੀ ਪ੍ਰੋਗਰਾਮ ਦੇ ਰਹੀ ਹੋਵੇ ਤਾਂ ਪ੍ਰੋਗਰਾਮ ਚਲਾਉਣ ਵਾਲਾ ਹੀ ਉਸ ਨਾਲ ਲਿਪਟੀ ਜਾਂਦਾ ਹੈ । ਜ਼ਰਾ ਕੁ ਧਿਆਨ ਦੇਵੋ ਤਾਂ ਇੰਝ ਲਗਦਾ ਹੈ ਜਿਵੇਂ ਸਟੇਜ ਉਤੇ ਲੜਕੇ-ਲੜਕੀਆਂ ਇਕ ਦੂਸਰੇ ਨਾਲ ਲਿਪਟਣ ਦਾ ਬਹਾਨਾ ਲੱਭ ਰਹੇ ਹੋਣ । ਫਿਲਮਾਂ ਵਿੱਚ ਤਾਂ ਹੁਣ ਇਹ ਕਲਾਵੇ ਵਿੱਚ ਲੈਣ ਦਾ ਕੰਮ ਬਹੁਤ ਪਿੱਛੇ ਰਹ ਗਿਆ ਹੈ ਅਤੇ ਉਸ ਦੀ ਜਗ੍ਹਾ ਚੁੰਬਨ ਵਧੇਰੇ ਭਾਰੀ ਹੁੰਦੇ ਜਾ ਰਹੇ ਹਨ ਤੇ ਅੱਗੋਂ ਹੁਣ ਇਹ ਟੈਲੀਵਿਜ਼ਨ ਵਿੱਚ ਵੀ ਆਪਣਾ ਸਥਾਨ ਬਣਾ ਰਹੇ ਹਨ । ਇਹ ਵੇਖ ਕੇ ਤਾਂ ਇੰਝ ਜਾਪਦਾ ਹੈ ਕਿ ਵੇਸ਼ਵਾ ਤੋ ਫਿਲਮੀ ਕਲਾਕਾਰ ਬਣੀਆਂ ਉਹ ਪੁਰਾਣੀਆਂ ਹਿਰੋਇਨਾਂ ਅੱਜ ਦੀਆਂ ਸ਼ਰੀਫਜ਼ਾਦੀਆਂ ਨਾਲੋਂ ਕਿਤੇ ਵਧੇਰੇ ਸ਼ਰਮ, ਅਣਖ ਅਤੇ ਇਜ਼ਤ ਵਾਲੀਆਂ ਸਨ।
ਪਹਿਲਾਂ ਪਹਿਲ ਬਹੁਤੀਆਂ ਸਮਾਜਿਕ ਅਤੇ ਪਰਿਵਾਰਕ ਜੀਵਨ ਨਾਲ ਸਬੰਧਤ ਫਿਲਮਾਂ ਬਣਦੀਆਂ ਸਨ ਜਾਂ ਫਿਰ ਇਤਹਾਸਿਕ । ਬੇਸ਼ਕ ਇਨ੍ਹਾਂ ਫਿਲਮਾਂ ਵਿੱਚ ਰੋਮਾਂਟਕ ਕਣ ਵੀ ਹੁੰਦਾ ਪਰ ਉਹ ਇਕ ਸੀਮਾਂ ਤੱਕ ਹੁੰਦਾ ਅਤੇ ਉਸ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਬਣਾ ਕੇ ਰਖੀਆਂ ਜਾਂਦੀਆਂ । ਬਹੁਤੀ ਕਹਾਣੀ ਇਕ ਵਧੀਆਂ ਸੇਧ ਦੇਣ ਵਾਲੀ ਹੁੰਦੀ । ਕਈ ਫਿਲਮਾਂ ਨਿਰੋਲ ਰੋਮਾਂਟਿਕ ਵੀ ਬਣਦੀਆਂ ਪਰ ਉਨ੍ਹਾਂ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਨਾਲ ਖਿਲਵਾੜ ਨਾ ਕੀਤਾ ਜਾਂਦਾ । ਹੋਲੀ ਹੋਲੀ ਫਿਲਮਾਂ ਵਿੱਚੋਂ ਸਮਾਜਿਕ ਅਤੇ ਪਰਿਵਾਰਕ ਤੱਤ ਘਟਦਾ ਗਿਆ ਅਤੇ ਰੋਮਾਂਸ ਦੇ ਨਾਲ ਮਾਰ ਧਾੜ ਵਧਣੀ ਸ਼ੁਰੁ ਹੋ ਗਈ । ਇਸ ਦੇ ਨਾਲ ਸਮਾਜਿਕ ਕਦਰਾਂ ਕੀਮਤਾਂ ਬਿਲਕੁਲ ਘੱਟ ਗਈਆਂ ਅਤੇ ਰੋਮਾਂਸ ਦੇ ਨਾਂਅ ਤੇ ਅਸ਼ਲੀਲਤਾ ਅਤੇ ਲਚਰਪੁਣਾ ਵਧਣਾ ਸ਼ੁਰੂ ਹੋ ਗਿਆ । ਅੱਜ ਰੋਮਾਂਟਿਕ ਲਚਰਪੁਣੇ ਅਤੇ ਮਾਰਧਾੜ ਤੋਂ ਸਿਵਾ ਕੁੱਝ ਵੀ ਨਹੀਂ ਬਚਿਆ । ਲਚਰਪੁਣਾ ਵੀ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਲੜਕੀਆਂ ਨੂੰ ਹੌਟ(ਗਰਮ) ਕਹਿਣਾ ਇਕ ਆਮ ਜਿਹੀ ਗੱਲ ਬਣ ਗਈ ਹੈ । ਭਾਵੇਂ ਮਜਨੂੰ ਕਿਸਮ ਦੇ ਨੌਜੁਆਨਾਂ ਵਲੋਂ, ਆਪਸ ਵਿੱਚ ਗੱਲ ਕਰਦਿਆਂ, ਲੜਕੀਆਂ ਨੂੰ ਕਈ ਨਾਵਾਂ ਨਾਲ ਬੁਲਾਉਣਾ ਪੁਰਾਣੇ ਸਮੇਂ ਤੋਂ ਇਕ ਆਮ ਜਿਹੀ ਗੱਲ ਰਹੀ ਹੈ ਪਰ ਇਹੋ ਜਿਹਾ ਲਚਰ ਸ਼ਬਦ ਕਦੇ ਨਹੀਂ ਸੀ ਸੁਣਿਆਂ, ਇਹ ਤਾਂ ਰੁੱਤ ਆਉਣ ਤੇ ਕੇਵਲ ਜਾਨਵਰਾਂ ਵਾਸਤੇ ਵਰਤਿਆ ਜਾਂਦਾ ਸੀ । ਹੁਣ ਤਾਂ ਲੜਕਾ ਕੀ ਤੇ ਲੜਕੀ ਕੀ ? ਸਭ ਦੇ ਗਰਮ ਹੋਣ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ । ਗਿਰਾਵਟ ਇਸ ਪੱਧਰ ਤੇ ਹੈ ਕਿ ਹੁਣੇ ਪਿੱਛੇ ਜਿਹੇ ਇਕ ਫਿਲਮ ਵਿੱਚ ਵਿਖਾਇਆ ਗਿਆ ਕਿ ਇਕ ਫਿਲਮੀ ਹੀਰੋ ਵਲੋਂ ਕੁਝ ਟਿੱਪਣੀ ਕੀਤੇ ਜਾਣ ਤੇ ਲੜਕੀ ਆਪਣੇ ਮਾਂ-ਬਾਪ ਦੇ ਸਾਹਮਣੇ, ਛੇਤੀ ਨਾਲ ਆਪਣੇ ਉਪਰਲੇ ਕਪੜੇ ਉਤਾਰ ਕੇ ਪੁਛਦੀ ਹੈ ਕਿ ਦੱਸ ਮੈਂ ਹੌਟ ਹਾਂ ਕਿ ਨਹੀਂ ? ਹੋਰ ਤਾਂ ਹੋਰ ਕੋਲੋਂ ਪਿਤਾ ਵੀ ਕਹਿੰਦਾ ਹੈ, “ਹਾਂ ਦਸ! ਮੇਰੀ ਧੀ ਹੌਟ ਹੈ ਕਿ ਨਹੀਂ ?” ਜਿਸ ਵੇਲੇ ਕੋਈ ਬਾਪ ਆਪਣੀ ਧੀ ਨੂੰ ਇਸ ਨਜ਼ਰ ਨਾਲ ਵੇਖੇ ਕਿ ਉਹ ਹੌਟ ਹੈ ਕਿ ਨਹੀਂ, ਉਹ ਨਜ਼ਰ ਕੈਸੀ ਹੋਵੇਗੀ ਕਦੇ ਸੋਚਿਆ ਹੈ ? ਹੁਣ ਜੁਆਨ ਲੜਕੀਆਂ ਗਰਮ (Hot) ਹੋ ਕੇ ਸੜਕਾਂ ਤੇ ਫਿਰਨਗੀਆਂ ਤਾਂ ਸਮਾਜ ਕਿਥੇ ਜਾਵੇਗਾ, ਇਹ ਅਸੀਂ ਆਪ ਹੀ ਸੋਚ ਲਈਏ ? ਸਮਾਜ ਨੇ ਤਾਂ ਉਹੀ ਸਿੱਖਣਾ ਹੈ ਜੋ ਉਸ ਨੇ ਰੋਜ਼ ਵੇਖਣਾ ਹੈ ।
ਇਥੇ ਇਹ ਦਲੀਲ ਦਿੱਤੀ ਜਾਵੇਗੀ ਕਿ ਦੂਸਰੇ ਕੁਝ ਦੇਸ਼ਾਂ ਵਿੱਚ ਤਾਂ ਇਸ ਤੋਂ ਬਹੁਤ ਵਧੇਰੇ ਕੁਝ ਵਿਖਾਇਆ ਜਾਂਦਾ ਹੈ। ਮੇਰੀ ਸੋਚ ਪਿਛਾਂਹ ਖਿਚੂ ਅਤੇ ਰੂੜਵਾਦੀ ਹੈ, ਇਸ ਲਈ ਮੈਂ ਇਤਰਾਜ਼ ਕਰ ਰਿਹਾ ਹਾਂ । ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਕੁਝ ਦੇਸ਼ਾਂ ਵਿੱਚ ਇਸ ਤੋਂ ਬਹਤ ਅੱਗੇ ਤੱਕ ਵਿਖਾਇਆ ਜਾਂਦਾ ਹੈ ਪਰ ਹਰ ਦੇਸ਼ ਦੀ, ਕੌਮ ਦੀ ਆਪਣੀ ਇਕ ਸਭਿਅਤਾ ਹੁੰਦੀ ਹੈ । ਉਸ ਸਭਿਅਤਾ ਦੀਆਂ ਲੀਹਾਂ ਉਸ ਦਾ ਦਾਇਰਾ ਹੁੰਦੀਆਂ ਹਨ । ਉਸ ਵਿੱਚ ਅਗਰ ਕੁਝ ਅੰਧਵਸ਼ਵਾਸੀ ਜਾਂ ਗਲਤ ਰਿਵਾਇਤਾਂ ਹੋਣ ਤਾਂ ਬੇਸ਼ਕ ਉਨ੍ਹਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹਾਂ ਜਾਂ ਉਨ੍ਹਾਂ ਨੂੰ ਤੋੜਿਆ ਵੀ ਜਾ ਸਕਦਾ ਹੈ । ਪਰ ਦੂਸਰੇ ਦੇਸ਼ਾਂ ਜਾਂ ਕੌਮਾਂ ਦੀ ਨਕਲ ਕਰ ਕੇ ਆਪਣੀ ਸਭਿਅਤਾ ਅਤੇ ਕਦਰਾਂ ਕੀਮਤਾਂ ਦਾ ਨਾਸ ਕਰ ਦੇਣਾ, ਕਿਸੇ ਤਰ੍ਹਾਂ ਵੀ ਅਗਾਂਹ ਵਧੂ ਸੋਚ ਨਹੀਂ ਬਲਕਿ ਇਕ ਕੌਮੀ ਵਿਨਾਸ਼ ਹੈ । ਆਪਣੀ ਕੌਮ ਨੂੰ ਦੂਜੀ ਸਭਿਅਤਾ ਦਾ ਗ਼ੁਲਾਮ ਬਨਾਉਣਾ ਹੈ । ਜਿਨ੍ਹਾਂ ਦੇਸ਼ਾਂ ਵਿੱਚ ਇਹ ਆਮ ਗੱਲ ਹੈ, ਉਥੇ ਵੀ ਇਹ ਨੰਗੇਜ ਅਤੇ ਅਸ਼ਲੀਲਤਾ ਕੋਈ ਉਸਾਰੂ ਨਤੀਜੇ ਨਹੀਂ ਦੇ ਰਹੀ ਬਲਕਿ ਵਿਨਾਸ਼ ਹੀ ਕਰ ਰਹੀ ਹੈ ।
ਪਹਿਰਾਵੇ ਦੀ ਗੱਲ ਕਰੀਏ ਤਾਂ, ਸਾਬਤ ਪਰਿਵਾਰਕ ਪਹਿਰਾਵੇ ਤੋਂ ਫਿਲਮਾਂ ਦੀ ਕਿਰਪਾ ਨਾਲ ਬਗੈਰ ਬਾਜ਼ੂ(Sleave Less) ਕਮੀਜ਼ਾਂ ਦਾ ਰਿਵਾਜ਼ ਸ਼ੁਰੂ ਹੋਇਆ । ਫਿਰ ਕਮੀਜ਼ ਜਾਂ ਬਲਾਉਜ਼ ਦੇ ਗਲੇ ਦਾ ਸਾਇਜ਼ ਵੱਡਾ ਹੋਣਾ ਸ਼ੁਰੂ ਹੋਇਆ । ਉਸ ਤੋਂ ਬਾਅਦ ਲੱਤਾਂ ਦਾ ਪਹਿਰਾਵਾ ਥੱਲੇ ਵਾਲੇ ਪਾਸਿਓਂ, ਉਪਰ ਵੱਲ ਖਿਸਕਣਾ ਸ਼ੁਰੂ ਹੋਇਆ। ਖਿਸਕਦਾ ਖਿਸਕਦਾ ਇਤਨਾ ਛੋਟਾ ਹੋਇਆ ਕਿ ਬਸ ਲੱਕ ਦਾ ਕੁਝ ਹਿੱਸਾ ਢੱਕਿਆ ਰਹਿ ਗਿਆ ਅਤੇ ਲੱਤਾਂ ਸਾਰੀਆਂ ਨੰਗੀਆਂ ਹੋ ਗਈਆਂ । ਉਪਰਲਾ ਤਨ ਢਕਣ ਵਾਲੇ ਪਹਿਰਾਵੇ ਵਿੱਚ ਵੀ ਗਲਾ ਤਾਂ ਤਕਰੀਬਨ ਗਾਇਬ ਹੋ ਕੇ ਸਿੱਧਾ ਛਾਤੀ ਤੇ ਪਹੁੰਚ ਗਿਆ ਹੈ ਅਤੇ ਢਿਡ ਵੀ ਨੰਗਾ ਹੋ ਕੇ ਕਪੜਾ ਕੇਵਲ ਛਾਤੀ ਤੱਕ ਸਿੰਗੁੜ ਗਿਆ ਹੈ। ਜੇ ਕਿਸੇ ਨੇ ਗਲੇ ਵਾਲਾ ਬਲਾਉਜ਼ ਪਾਇਆ ਵੀ ਹੁੰਦਾ ਹੈ ਤਾਂ ਪਿੱਠ ਤਕਰੀਬਨ ਨੰਗੀ ਹੁੰਦੀ ਹੈ । ਜਿਥੇ ਅੱਜ ਕੰਮ ਪਹੁੰਚ ਗਿਆ ਹੈ, ਉਸ ਤੋਂ ਅੱਗੇ ਕਿਥੇ ਜਾਵੇਗਾ ਇਹ ਸੋਚ ਕੇ ਰੂਹ ਕੰਬ ਜਾਂਦੀ ਹੈ।
ਸ਼ਾਇਦ ਇਸ ਫਿਲਮੀ ਮਾਹੌਲ ਨੂੰ ਵੇਖ ਕੇ ਹੀ ਪੁਰਾਣੇ ਕਲਾਕਾਰ ਆਪਣੀਆਂ ਧੀਆਂ ਭੈਣਾਂ ਨੂੰ ਫਿਲਮਾਂ ਵਿੱਚ ਨਹੀਂ ਸਨ ਲਿਆਉਂਦੇ । ਜੇ ਕਿਸੇ ਕਲਾਕਾਰਾਂ ਦੇ ਆਪਸੀ ਪ੍ਰੇਮ ਸਬੰਧ ਬਣ ਜਾਂਦੇ ਤਾਂ ਅਕਸਰ ਵਿਆਹ ਤੋਂ ਬਾਅਦ ਲੜਕੀ ਦੇ ਫਿਲਮਾਂ ਵਿੱਚ ਆਉਣ ਤੇ ਪਾਬੰਦੀ ਲਗ ਜਾਂਦੀ । ਇਸ ਦੇ ਇਕ ਨਹੀਂ ਦਰਜਨਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਇਨ੍ਹਾਂ ਨਾਵਾਂ ਦੇ ਚੱਕਰ ਵਿੱਚ ਪੈਕੇ ਮੈਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਅੱਜ ਦੇ ਕਲਾਕਾਰ ਮਾਂ-ਬਾਪ ਆਪਣੀਆਂ ਧੀਆਂ ਨੂੰ ਫਿਲਮਾਂ ਵਿੱਚ ਲਿਆਉਣ ਲਈ ਜਿਵੇਂ ਉਤਾਵਲੇ ਹਨ, ਇਹ ਵੇਖ ਕੇ ਹੈਰਾਨਗੀ ਜ਼ਰੂਰ ਹੁੰਦੀ ਹੈ । ਇਹ ਉਤਾਵਲਾਪਨ ਕੇਵਲ ਫਿਲਮੀ ਕਲਾਕਾਰਾਂ ਜਾਂ ਉਸ ਸਨਅਤ ਨਾਲ ਸਬੰਧਤ ਲੋਕਾਂ ਤੱਕ ਸੀਮਤ ਨਹੀਂ ਬਲਕਿ ਹਰ ਪਰਿਵਾਰ ਇਸ ਵਿੱਚ ਫ਼ਖਰ ਮਹਿਸੂਸ ਕਰਦਾ ਹੈ । ਕਾਰਨ ਸਿਰਫ ਇਕੋ ਹੈ ਕਿ ਇਸ ਫਿਲਮੀ ਪ੍ਰਭਾਵ ਨੇ ਸਾਡੇ ਅੰਦਰੋਂ ਸ਼ਰਮ-ਹਯਾ ਜਾਂ ਮਨੁੱਖੀ ਕਦਰਾਂ ਕੀਮਤਾਂ ਦੀ ਮਹਤੱਤਾ ਹੀ ਖ਼ਤਮ ਕਰ ਦਿੱਤੀ ਹੈ । ਇਹ ਗੱਲਾਂ ਹੁਣ ਫਾਲਤੂ ਦੀਆਂ, ਬੇਅਰਥ, ਰੂੜਵਾਦੀ ਅਤੇ ਪਿਛਾਹ ਖਿੱਚੂ ਜਾਪਦੀਆਂ ਹਨ । ਕੇਵਲ ਪੈਸਾ ਹੀ ਪਰਧਾਨ ਰਹਿ ਗਿਆ ਹੈ ਉਹ ਜਿਹੜੇ ਰਾਹ ਮਰਜ਼ੀ ਆਵੇ। ਸਮਾਜਿਕ ਨਿਘਾਰ ਦਾ ਸਭ ਤੋਂ ਵੱਡਾ ਪ੍ਰਮਾਣ ਹੀ ਇਹੀ ਹੁੰਦਾ ਹੈ ਕਿ ਮਨੁੱਖ ਨੂੰ ਠੀਕ ਤੇ ਗਲਤ ਦੇ ਵਿੱਚ ਫਰਕ ਦਾ ਅਹਿਸਾਸ ਹੀ ਨਾ ਰਹੇ ।
ਮੇਰੀਆਂ ਗੱਲਾਂ ਨੂੰ ਰੱਦ ਕਰਨ ਲਈ ਆਖਿਆ ਜਾਵੇਗਾ ਕਿ ਇਹ ਤਾਂ ਯੁੱਗ ਬਦਲ ਰਿਹਾ ਹੈ, ਭਾਰਤੀ ਸਮਾਜ ਪੁਰਾਣੇ ਯੁੱਗ ’ਚੋਂ ਨਿਕਲ ਕੇ ਨਵੇਂ ਯੁੱਗ ਦਾ ਬਣ ਰਿਹਾ ਹੈ। ਮੇਰੇ ’ਤੇ ਪਿਛਾਂਹ ਖਿਚੂ ਵਿਚਾਰਾਂ ਦਾ ਹੋਣ ਦਾ ਦੋਸ਼ ਲਾਇਆ ਜਾਵੇਗਾ । ਇਹ ਵੀ ਆਖਿਆ ਜਾਵੇਗਾ ਕਿ ਮੈਂ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ । ਨਾ ਤਾਂ ਮੈਂ ਪਿਛਾਹ ਖਿੱਚੂ ਵਿਚਾਰਾਂ ਦਾ ਹਾਂ ਅਤੇ ਨਾ ਹੀ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ ਬਲਕਿ ਔਰਤ ਨੂੰ ਮਨੁੱਖੀ ਸਮਾਜ ਦਾ ਬਰਾਬਰ ਦਾ ਅੰਗ ਸਮਝਦਾ ਹਾਂ । ਘਰ ਵਿੱਚ ਔਰਤ ਨੂੰ ਬਰਾਬਰ ਦੇ ਸਤਿਕਾਰ ਅਤੇ ਸਮਾਜ ਵਿੱਚ ਬਰਾਬਰ ਦੇ ਅਧਿਕਾਰਾਂ ਦਾ ਮੁਦਈ ਹਾਂ । ਉਹ ਭਾਵੇਂ ਪੜ੍ਹਾਈ ਵਿੱਚ ਹੋਵੇ ਜਾਂ ਨੌਕਰੀਆਂ ਵਿੱਚ, ਸਿਆਸਤ ਵਿੱਚ ਹੋਵੇ ਜਾਂ ਸਮਾਜ ਦੇ ਹੋਰ ਕਿਸੇ ਵੀ ਪੱਖ ਵਿੱਚ । ਭਰੂਣ ਹੱਤਿਆ, ਦਹੇਜ, ਘਰੇਲੂ ਤਸ਼ੱਦਦ, ਸਮਾਜਿਕ ਪੱਖਪਾਤ ਜਾਂ ਕਿਸੇ ਕਿਸਮ ਦੇ ਵੀ ਸੋਸ਼ਨ ਨੂੰ ਅਤਿਆਚਾਰ, ਗੈਰ ਮਨੁੱਖੀ ਕਾਰਾ ਅਤੇ ਵੱਡੀ ਸਜ਼ਾ ਦਾ ਭਾਗੀ ਸਮਝਦਾ ਹਾਂ । ਲੇਕਿਨ ਜਿਤਨਾ ਔਰਤ ਦੇ ਪੜਦੇ ਦਾ ਵਿਰੋਧੀ ਹਾਂ ਉਤਨਾ ਹੀ ਔਰਤ ਦੇ ਨੰਗੇਜ਼ ਦੇ ਖ਼ਿਲਾਫ ਹਾਂ । ਨੰਗੇਜ ਔਰਤ ਦੀ ਤਰੱਕੀ ਦਾ ਨਹੀਂ, ਸੋਸ਼ਨ ਦਾ ਪ੍ਰਤੀਕ ਹੈ । ਆਪ ਹੀ ਸੋਚੀਏ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਨੰਗਾ ਕਰਨਾ ਸੋਸ਼ਨ ਹੈ ਤਾਂ ਐਸਾ ਮਹੌਲ ਪੈਦਾ ਕਰ ਦੇਣਾ ਕਿ ਔਰਤ ਆਪੇ ਆਪਣੇ ਕਪੜੇ ਉਤਾਰ ਦੇਵੇ, ਇਹ ਸੋਸ਼ਨ ਕਿਵੇਂ ਨਹੀਂ ? ਜ਼ਰਾ ਸੋਚੋ ਜੋ ਫਿਲਮਾਂ ਸਿਰਫ ਇਸ ਲਈ ਵਧੇਰੇ ਚਲਦੀਆਂ ਹਨ ਕਿ ਉਨ੍ਹਾਂ ਵਿੱਚ ਨੰਗੇਜ਼ ਵਧੇਰੇ ਵਿਖਾਇਆ ਗਿਆ ਹੁੰਦਾ ਹੈ, ਉਨ੍ਹਾਂ ਵਿੱਚ ਦਰਸ਼ਕ ਵਧੇਰੇ ਕਿਉਂ ਜਾਂਦੇ ਹਨ । ਉਹ ਉਸ ਸਮੇਂ ਉਨ੍ਹਾਂ ਨੰਗੇਜ਼ ਵਾਲੀ ਅਵਸਥਾ ਵਿੱਚ ਕਾਮੁਕ ਦ੍ਰਿਸ਼ ਕਰ ਰਹੀਆਂ ਔਰਤਾਂ ਨੂੰ ਕਿਸ ਅੱਖ ਨਾਲ ਵੇਖ ਰਹੇ ਹੁੰਦੇ ਹਨ ? ਜੇ ਉਨ੍ਹਾਂ ਦੀ ਨਜ਼ਰ ਵਿੱਚ ਮੈਲ ਹੁੰਦੀ ਹੈ ਤਾਂ ਇਹ ਸੋਸ਼ਨ ਕਿਵੇਂ ਨਹੀਂ ? ਜੇ ਉਹ ਫਿਲਮਾਂ ਜਾਂ ਟੀ ਵੀ ਸੀਰੀਅਲਾਂ ਵਿੱਚ ਨੰਗੇਜ਼ ਵਾਲਾ ਪਹਿਰਾਵਾ ਪਾਈ ਔਰਤਾਂ ਨੂੰ ਕਾਮੁਕ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਸਮਾਜ ਵਿੱਚ ਐਸਾ ਪਹਿਰਾਵਾ ਪਾਈ ਔਰਤਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਹੋਣਗੇ ? ਇਹੀ ਕਾਰਨ ਹੈ ਕਿ ਅੱਜ ਦੇ ਭਾਰਤੀ ਸਮਾਜ ਵਿੱਚ ਜ਼ਬਰ-ਜਨਾਹ ਦੀਆਂ ਵਾਰਦਾਤਾਂ ਇਤਨੀਆਂ ਵੱਧ ਗਈਆਂ ਹਨ ।
ਸਮਝਿਆ ਜਾਂਦਾ ਹੈ ਕਿ ਪਹਿਲਾਂ ਪਹਿਲ ਮਨੁੱਖ ਨੰਗਾ ਰਹਿੰਦਾ ਸੀ, ਫਿਰ ਉਸ ਨੇ ਲੋੜ ਅਨੁਸਾਰ ਦਰੱਖਤਾਂ ਦੇ ਪੱਤਿਆਂ ਆਦਿ ਨਾਲ ਜਿਸਮ ਨੂੰ ਢਕਣਾ ਸ਼ੁਰੂ ਕੀਤਾ । ਮਨੁੱਖੀ ਲੋੜ ਵਿੱਚੋਂ ਹੀ ਕਪੜਾ ਬਨਾਉਣ ਦੀ ਤਕਨੀਕ ਨੇ ਜਨਮ ਲਿਆ ਅਤੇ ਫਿਰ ਉਨ੍ਹਾਂ ਦੀ ਸਿਲਾਈ ਨੇ । ਜਿਵੇਂ ਜਿਵੇਂ ਮਨੁੱਖ ਸਰੀਰ ਨੂੰ ਕਪੜਿਆਂ ਨਾਲ ਢਕਦਾ ਗਿਆ, ਇਸ ਨੂੰ ਸਮਾਜਿਕ ਵਿਕਾਸ ਦਾ ਨਾਂਅ ਦਿੱਤਾ ਗਿਆ । ਅੱਜ ਜਿਸ ਵੇਲੇ ਸਭ ਕੁਝ ਹੁੰਦਿਆਂ ਪੂਰਨ ਸਤਿਕਾਰ ਦੀ ਪਾਤਰ ਔਰਤ ਨੂੰ ਜਿਸ ਤਰ੍ਹਾਂ ਨੰਗੇਜ਼ ਵੱਲ ਧੱਕਿਆ ਜਾ ਰਿਹਾ ਹੈ ਤਾਂ ਇਸ ਨੂੰ ਕੀ ਨਾਂਅ ਦੇਵਾਂਗੇ ।
ਅੱਜ ਜ਼ਬਰ-ਜਨਾਹ ਦੇ ਖਿਲਾਫ ਕਰੜੇ ਕਾਨੂੰਨ ਬਣਾਏ ਜਾ ਰਹੇ ਹਨ । ਲੇਕਿਨ ਇਤਨੇ ਕਰੜੇ ਕਾਨੂੰਨ ਬਣਾਉਣ ਦੇ ਬਾਵਜੂਦ ਇਨ੍ਹਾਂ ਅਤਿ ਘਿਨੌਣੀਆਂ ਵਾਰਦਾਤਾਂ ਵਿੱਚ ਠੱਲ ਪੈਣ ਦੀ ਬਜਾਏ ਹਰ ਦਿਨ ਵਾਧਾ ਹੀ ਹੋ ਰਿਹਾ ਹੈ । ਠੱਲ ਪਵੇ ਵੀ ਕਿਵੇਂ ? ਨਾ ਤਾਂ ਕੋਈ ਸਦਾ-ਚਾਰਕ ਸਿੱਖਿਆ (Moral Education) ਦਿੱਤੀ ਜਾ ਰਹੀ ਹੈ, ਅਤੇ ਨਾ ਹੀ ਉਸ ਮਾਹੌਲ ਨੂੰ ਬਦਲਣ ਦੀ ਕੋਈ ਕੋਸ਼ਿਸ਼ ਹੋ ਰਹੀ ਹੈ, ਜਿਸ ਨੇ ਇਨਸਾਨ ਨੂੰ ਐਸਾ ਵਹਿਸ਼ੀ ਬਣਾ ਦਿੱਤਾ ਹੈ । ਮਾੜਾ ਮੋਟਾ ਡਰ ਭਾਵੇਂ ਪੈਦਾ ਕਰ ਦੇਣ ਪਰ ਸਖਤ ਕਾਨੂੰਨ ਕਦੇ ਮਨੁੱਖੀ ਸੋਚਣੀ ਨੂੰ ਨਹੀਂ ਬਦਲ ਸਕਦੇ । ਇਸ ਦੇ ਵਾਸਤੇ ਸੋਚ ਬਦਲਣ ਦੀ ਲੋੜ ਹੈ । ਉਸ ਮਾਹੌਲ ਨੂੰ ਬਦਲਣ ਦੀ ਲੋੜ ਹੈ, ਜਿਸ ਨੇ ਇਹ ਹਾਲਾਤ ਪੈਦਾ ਕੀਤੇ ਹਨ । ਇਹ ਆਪਣੇ ਆਪ ਵਿੱਚ ਇਕ ਵੱਡਾ ਵਿਸ਼ਾ ਹੈ ਜਿਸ ਤੇ ਫੇਰ ਕਿਤੇ ਅਲੱਗ ਲਿਖਣਾ ਚਾਹਾਂਗਾ, ਇਸ ਲਈ ਆਪਣੇ ਅੱਜ ਦੇ ਵਿਸ਼ੇ ਤੇ ਵਾਪਸ ਆਉਦਾ ਹਾਂ ।
ਇਸ ਅਤਿ ਗੰਧਲੇ ਮਾਹੌਲ ਨੂੰ ਸਿਰਜਨ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਦਰਸ਼ਨੀ ਮੀਡੀਏ ਨੇ ਪਾਇਆ ਹੈ । ਜ਼ਿਮੇਵਾਰੀ ਦਾ ਅਹਿਸਾਸ ਤਾਂ ਜਿਵੇਂ ਮੂਲੋਂ ਹੀ ਮੁੱਕ ਗਿਆ ਹੈ, ਕੇਵਲ ਪੈਸਾ ਹੀ ਪ੍ਰਧਾਨ ਹੋ ਗਿਆ ਹੈ । ਪਿਛਲੇ ਦਿਨੀਂ ਟੀ ਵੀ ਤੇ ਇਕ ਫਿਲਮ ਵਿਖਾਈ ਜਾਣੀ ਸੀ ਜੋ ਅਸ਼ਲੀਲ ਦ੍ਰਿਸ਼ਾਂ ਨਾਲ ਭਰਪੂਰ ਸੀ । ਬਹੁਤੇ ਸਮਾਜ ਵਿੱਚ ਇਸ ਦੇ ਵਿਰੋਧ ਵਿੱਚ ਇਕ ਅਵਾਜ਼ ਉਠੀ । ਨਤੀਜੇ ਵਜੋਂ ਆਖਰੀ ਸਮੇਂ ਤੇ ਇਸ ਫਿਲਮ ਦਾ ਪ੍ਰਦਰਸ਼ਨ ਰੋਕ ਦਿੱਤਾ ਗਿਆ। ਅਗਲੇ ਦਿਨ ਇਕ ਖਬਰਾਂ ਵਾਲੇ ਚੈਨਲ ਨੇ ਇਹ ਖ਼ਬਰ ਵਿਖਾਈ ਕਿ ਇਸ ਫਿਲਮ ਦੇ ਵਿਖਾਉਣ ਤੇ ਪਾਬੰਦੀ ਕਿਉਂ ਲਗਾਈ ਗਈ ? ਉਸ ਵਿੱਚ ਉਸ ਨੇ ਉਹ ਸਾਰੇ ਅਸ਼ਲੀਲ ਦ੍ਰਿਸ਼ ਵਿਖਾ ਦਿੱਤੇ, ਜਿਨ੍ਹਾਂ ਕਰਕੇ ਫਿਲਮ ਦੇ ਪ੍ਰਦਰਸ਼ਨ ਤੇ ਪਾਬੰਦੀ ਲਗਾਈ ਗਈ ਸੀ । ਜਿਨ੍ਹਾਂ ਦ੍ਰਿਸ਼ਾਂ ਨੂੰ ਲੋਕ ਪਰਿਵਾਰਾਂ ਵਿੱਚ ਬੈਠ ਕੇ ਨਹੀਂ ਸੀ ਵੇਖਣਾ ਚਾਹੁੰਦੇ, ਉਹ ਸਾਰੇ ਖ਼ਬਰਾਂ ਦੇ ਡਰਾਮੇਂ ਵਿੱਚ ਵਿਖਾ ਦਿੱਤੇ ਤਾਂ ਪਾਬੰਦੀ ਦੀ ਕੀ ਮਹੱਤਤਾ ਰਹਿ ਗਈ ?
ਅੱਜ ਡੇਢ ਸੌ ਤੋਂ ਉਪਰ ਟੀ ਵੀ ਚੈਨਲਾਂ ਵਿੱਚੋਂ ਪੰਜ-ਸਤ ਹੀ ਐਸੇ ਹੋਣਗੇ ਜੋ ਪਰਿਵਾਰ ਵਿੱਚ ਬੈਠ ਕੇ ਵੇਖੇ ਜਾ ਸਕਦੇ ਹਨ, ਬਾਕੀ ਸਭ ਤਾਂ ਅਸ਼ਲੀਲਤਾ ਵਿਖਾਉਣ ਦਾ ਕੋਈ ਨਾ ਕੋਈ ਬਹਾਨਾ ਲਭ ਹੀ ਲੈਂਦੇ ਹਨ। ਜੇ ਪ੍ਰੋਗਰਾਮ ਵਿੱਚ ਨਾ ਹੋਇਆ ਤਾਂ ਵਿੱਚੋਂ ਵਿਖਾਏ ਜਾਣ ਵਾਲੇ ਮਸ਼ਹੂਰੀ ਦੇ ਪ੍ਰੋਗਰਾਮਾਂ ਵਿੱਚ ਇਸੇ ਨੰਗੇਜ਼ ਦੀ ਭਰਮਾਰ ਹੁੰਦੀ ਹੈ । ਔਰਤ ਨੂੰ ਤਾਂ ਇਤਨਾ ਸਸਤਾ ਕਰ ਦਿੱਤਾ ਗਿਆ ਹੈ ਕਿ ਬੀੜੀ ਦੇ ਲੇਬਲ ਤੇ ਵੀ ਅੱਧਨੰਗੀ ਲੜਕੀ ਦੀ ਫੋਟੋ ਜ਼ਰੂਰੀ ਹੈ । ਹੋਰ ਤਾਂ ਹੋਰ, ਕੁਝ ਚੈਨਲਾਂ ਤੇ ਸਵੇਰੇ ਧਾਰਮਿਕ ਪ੍ਰੋਗਰਾਮ ਵਿਖਾਏ ਜਾਂਦੇ ਹਨ ਅਤੇ ਉਸ ਤੋਂ ਫੌਰਨ ਬਾਅਦ ਹੀ ਅਸ਼ਲੀਲਤਾ ਅਤੇ ਨੰਗੇਜ਼ ਭਰਪੂਰ ਮਸ਼ਹੂਰੀਆਂ ਸ਼ੁਰੂ ਹੋ ਜਾਂਦੀਆਂ ਹਨ । ਔਰਤ ਦੇ ਗੁਪਤ ਅੰਗਾਂ ਨੂੰ ਕਜਣ ਵਾਲੀਆਂ ਜਾਂ ਕੰਮ ਆਉਣ ਵਾਲੀਆਂ ਵਸਤਾਂ ਦੀ ਮਸ਼ਹੂਰੀ ਵਿੱਚ ਵਧ ਤੋਂ ਵਧ ਨੰਗੇਜ਼ ਵਿਖਾਉਣ ਦੀ ਦੌੜ ਲੱਗੀ ਹੋਈ ਹੈ, ਇਥੋਂ ਤੱਕ ਕੇ ਕੰਡੋਮ ਆਦਿ ਦੀ ਮਸ਼ਹੂਰੀ ਸਾਰੀ ਸ਼ਰਮ ਹਯਾ ਲਾਹ ਕੇ ਵਿਖਾਈ ਜਾਂਦੀ ਹੈ, ਜਿਵੇਂ ਮਸ਼ਹੂਰੀ ਉਨ੍ਹਾਂ ਵਸਤ੍ਰਾਂ ਜਾਂ ਵਸਤ ਦੀ ਨਹੀਂ, ਉਸ ਮਾਡਲ ਦੇ ਸਰੀਰ ਦੀ ਜਾਂ ਆਦਾਵਾਂ ਦੀ ਕੀਤੀ ਜਾ ਰਹੀ ਹੋਵੇ ।
ਇਸ ਮੀਡੀਆ ਨੇ ਐਸਾ ਮਹੌਲ ਸਿਰਜ ਦਿੱਤਾ ਹੈ ਕਿ ਭਰਾ ਜੁਆਨ ਭੈਣ ਦੇ ਸਾਹਮਣੇ ‘ਚੁੰਮਾ ਦੇ ਦੇ ਚੁੰਮਾ’ ਗੀਤ ਗਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਅਤੇ ਪਿਓ ਧੀ ਜਾਂ ਨੂੰਹ ਦੇ ਨਾਲ ਬੈਠ ਕੇ ਵੇਖਦਾ ਅਤੇ ਸੁਣਦਾ ਹੈ, ‘ਚੁਨਰੀ ਕੇ ਨੀਚੇ ਕਿਆ ਹੈ ਚੋਲੀ ਕੇ ਪੀਛੇ ਕਿਆ ਹੈ ?’ ਦੋਹਰੇ ਅਰਥਾਂ ਵਾਲੇ ਸ਼ਬਦਾਂ ਦਾ ਚਲਨ ਇਕ ਆਮ ਜਿਹੀ ਗੱਲ ਬਣ ਗਈ ਹੈ । ਬਲਕਿ ਹਾਸਾ ਪੈਦਾ ਕਰਨ ਲਈ ਤਾਂ ਇਨ੍ਹਾਂ ਦੀ ਵਰਤੋਂ ਫਿਲਮਾਂ ਅਤੇ ਟੀ ਵੀ ਵਿੱਚ ਰੋਜ਼ ਦਾ ਕੰਮ ਹੈ । ਬਾਅਦ ਵਿੱਚ ਤੁਸੀਂ ਜੋ ਮਰਜ਼ੀ ਕਹਿ ਕੇ ਗੱਲ ਨੂੰ ਕੱਜ ਲਓ, ਪਰ ਲੋਕੀ ਕਿਹੜਾ ਨਹੀਂ ਸਮਝਦੇ ਕਿ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ ?
ਇਕ ਹੋਰ ਅਤਿ ਮੰਦਭਾਗਾ ਕੰਮ ਜੋ ਇਸ ਮੀਡੀਆ ਵਲੋਂ ਕੀਤਾ ਜਾ ਰਿਹਾ ਹੈ ਉਹ ਹੈ ਅੰਧਵਿਸ਼ਵਾਸ ਫੈਲਾਉਣ ਦਾ । ਫਿਲਮਾਂ ਵਿੱਚ ਅਤੇ ਟੀ ਵੀ ਦੇ ਸੀਰੀਅਲਾਂ ਵਿੱਚ ਵੀ ਜੋਤਸ਼ੀਆਂ ਅਤੇ ਕੁਝ ਭੇਖੀ ਸਾਧੂਆਂ ਆਦਿ ਵਲੋਂ ਭਵਿੱਖਬਾਣੀ ਕਰਨਾ ਅਤੇ ਫਿਰ ਉਸ ਦਾ ਸੱਚ ਹੋਣਾ ਵਿਖਾਇਆ ਜਾਣਾ ਇਕ ਆਮ ਜਿਹੀ ਗੱਲ ਹੈ । ਇਸ ਨਾਲ ਆਪਣੇ ਕਰਮ ਤੋਂ ਹੱਟ ਕੇ ਐਸੇ ਅੰਧ ਵਿਸ਼ਵਾਸਾਂ ਵਿੱਚ ਯਕੀਨ ਰੱਖਣ ਦਾ ਰੁਝਾਨ ਵਧਦਾ ਹੈ, ਜੋ ਸਮਾਜ ਵਾਸਤੇ ਅਤਿ ਘਾਤਕ ਹੈ । ਇਸ ਨਾਲ ਹੀ ਪਖੰਡੀ ਸਾਧਾਂ ਦੇ ਡੇਰੇ ਚਲਦੇ ਹਨ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਦੁਕਾਨਦਾਰੀਆਂ ਪ੍ਰਫੁਲਤ ਹੁੰਦੀਆਂ ਹਨ । ਖ਼ਬਰਾਂ ਵਾਲਾ ਸ਼ਾਇਦ ਹੀ ਕੋਈ ਐਸਾ ਚੈਨਲ ਹੋਵੇਗਾ ਜਿਥੇ ਰੋਜ਼ ਅੱਜ ਦਾ ਭਵਿੱਖ ਆਦਿ ਪ੍ਰੋਗਰਾਮ ਨਾ ਵਿਖਾਏ ਜਾ ਰਹੇ ਹੋਨ। ਹੋਰ ਤਾਂ ਹੋਰ ਕੁਝ ਪੰਜਾਬੀ ਚੈਨਲਾਂ ਵੱਲੋਂ ਪਹਿਲਾਂ ਗੁਰਬਾਣੀ ਦੇ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਇਹ ਭਵਿੱਖ ਬਾਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਦਕਿ ਗੁਰਬਾਣੀ ਐਸੇ ਵਹਿਮਾਂ ਭਰਮਾਂ ਦਾ ਪੂਰਨ ਖੰਡਨ ਕਰਦੀ ਹੈ । ਸਾਲ ਵਿੱਚ ਇਕ ਦੋ ਫਿਲਮਾਂ ਭੂਤਾਂ ਪ੍ਰੇਤਾਂ ਬਾਰੇ ਆ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਟੀ ਵੀ ਚੈਨਲ ਤੇ ਤਾਂ ਭੁਤਾਂ ਪ੍ਰੇਤਾਂ ਬਾਰੇ ਕੋਈ ਸੀਰੀਅਲ ਚਲਦਾ ਹੀ ਰਹਿੰਦਾ ਹੈ । ਨੰਗੇਜ਼ ਅਤੇ ਅਸ਼ਲੀਲਤਾ ਜਿਹਾ ਗੰਦ ਫੈਲਾ ਕੇ ਤਾਂ ਇਹ ਸਮਾਜ ਨੂੰ ਮਾਡਰਨ ਯੁਗ ਵੱਲ ਲੈ ਕੇ ਜਾਣ ਦੇ ਦਾਵੇ ਭਰਦੇ ਹਨ ਅਤੇ ਜਿਥੇ ਆਧੁਨਿਕਤਾ ਲਿਆਉਣੀ ਸੀ, ਉਥੇ ਪਛੜੇਪਨ ਵੱਲ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ ।
ਟੈਲੀਵਿਜਨ ਦੇ ਸੀਰੀਅਲਾਂ ਨੇ ਤਾਂ ਸਮਾਜਿਕ ਬਰਬਾਦੀ ਦਾ ਇਕ ਹੋਰ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਹੋਇਆ ਹੈ । ਪਰਿਵਾਰਾਂ ਨੂੰ ਤੋੜਨ ਦਾ । ਬੇਸ਼ਕ ਕੁਝ ਪਰਿਵਾਰਾਂ ਨੂੰ ਬਨ੍ਹਣ ਵਾਲੇ ਉਸਾਰੂ ਸੀਰੀਅਲ ਵੀ ਬਣਦੇ ਹਨ, ਜਿਨ੍ਹਾਂ ਦੀ ਤਾਰੀਫ ਵੀ ਕਰਨੀ ਬਣਦੀ ਹੈ ਪਰ ਬਹੁਤੇ ਸੀਰੀਅਲ ਤਾਂ ਪਰਿਵਾਰਕ ਸਾਜਿਸ਼ਾਂ ਵਾਲੇ ਹੀ ਹੁੰਦੇ ਹਨ । ਕਿਤੇਂ ਨੂੰਹ ਸੱਸ ਜਾਂ ਪੂਰੇ ਪਰਿਵਾਰ ਦੇ ਖਿਲਾਫ ਸਾਜਿਸ਼ ਕਰ ਰਹੀ ਹੈ ਅਤੇ ਕਿਤੇ ਸੱਸ ਨੂੰਹ ਦੇ ਖਿਲਾਫ ਸਾਜਿਸ਼ ਜਾਂ ਉਸ ਤੇ ਜੁਲਮ ਕਰ ਰਹੀ ਹੈ । ਪਹਿਲਾਂ ਹੀ ਨੂੰਹ ਸੱਸ ਦੇ ਅਤਿ ਨਾਜ਼ੁਕ ਸਮਝੇ ਜਾਂਦੇ ਰਿਸ਼ਤੇ ਨੂੰ ਇਹ ਕਿਥੇ ਪਹੁੰਚਾਣਾ ਚਾਹੁੰਦੇ ਹਨ ? ਜੇ ਨੂੰਹ ਸੱਸ ਨਹੀਂ ਤਾਂ ਘਰ ਦਾ ਕੋਈ ਹੋਰ ਮੈਂਬਰ ਜਾਂ ਕੋਈ ਬਾਹਰੋਂ ਫੜ ਕੇ ਲਿਆਂਦਾ ਪਾਤਰ ਸ਼ਰਨ ਦੇਣ ਵਾਲੇ ਦੇ ਘਰ ਵਿੱਚ ਸਾਜਿਸ਼ਾਂ ਕਰੀ ਜਾਂਦਾ ਹੈ । ਬੇਸ਼ਕ ਪਰਿਵਾਰ ਦੀ ਏਕਤਾ ਅਤੇ ਪਿਆਰ ਵਿਖਾਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਗੱਲ ਤਾਂ ਫੇਰ ਉਹੀ ਹੈ, ਜ਼ਿਆਦਾ ਪ੍ਰਭਾਵ ਕਿਸ ਦਾ ਪਵੇਗਾ, ਜੋ ਵਧੇਰੇ ਸਮਾਂ ਵੇਖੀ ਹੈ ਜਾਂ ਜੋ ਥੋੜ੍ਹੀ ਦੇਰ ? ਇਕ ਔਰਤ ਦੇ ਕਈ ਕਈ ਵਿਆਹਾਂ ਦੀ ਗੱਲ ਬਿਲਕੁਲ ਆਮ ਜਿਹੀ ਹੈ । ਔਰਤ ਪਤੀ ਇੰਝ ਬਦਲ ਲੈਂਦੀ ਹੈ ਜਿਵੇਂ ਪੁਰਾਣਾ ਕਪੜਾ ਬਦਲਿਆ ਹੋਵੇ । ਪਿਛਲੇ ਕੁਝ ਸਮੇਂ ਤੋਂ ਰਿਐਲਟੀ ਸ਼ੋਆਂ ਦੇ ਨਾਂ ਤੇ ਟੈਲੀਵਿਜਨ ਉਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਇਕ ਬਹੁਤ ਖਤਰਨਾਕ ਰੁਝਾਨ ਸ਼ੁਰੁ ਹੋਇਆ ਹੈ, ਬੱਚਿਆਂ ਦੀ ਗੁਣਵਤਾ ਲਭਣ ਦੇ ਨਾਂ ਤੇ ਬੱਚਿਆਂ ਦੀ ਬਰਬਾਦੀ ਦਾ । ਕਿਤੇ ਬੱਚਿਆਂ ਦੇ ਨਾਚ ਮੁਕਾਬਲੇ ਕਰਾਏ ਜਾ ਰਹੇ ਹਨ ਤੇ ਕਿਤੇ ਗਾਣ ਦੇ ਜਾਂ ਕੋਈ ਹੋਰ । ਜਿਹੜੀ ਉਮਰ ਬੱਚਿਆਂ ਦੇ ਪੜ੍ਹਨ ਲਿਖਣ ਜਾਂ ਹੋਰ ਗੁਣਾਂ ਨੂੰ ਪੱਕਿਆਂ ਕਰਨ ਦੀ ਹੈ, ਉਸ ਨੂੰ ਮੁਕਾਬਲਿਆਂ ਵਿੱਚ ਉਲਝਾ ਦਿੱਤਾ ਗਿਆ ਹੈ । ਹੁਣ ਜਿਹੜੇ ਬੱਚੇ ਇਨ੍ਹਾਂ ਵਿੱਚ ਹਿਸਾ ਲੈ ਰਹੇ ਹਨ, ਉਨ੍ਹਾਂ ਦੀ ਪੜ੍ਹਾਈ ਤਾਂ ਬਰਬਾਦ ਹੋ ਹੀ ਰਹੀ ਹੈ, ਇਸ ਨਾਲ ਹਰ ਸ਼ਹਿਰ ਹਰ ਮੁਹੱਲੇ ਵਿੱਚ ਨਾਚ ਅਤੇ ਗਾਣਾ ਸਿੱਖਣ ਦੇ ਅਨੇਕਾਂ ਸਕੂਲ ਖੁਲ੍ਹ ਗਏ ਹਨ । ਜਿਥੇ ਆਪਣੀ ਪੜ੍ਹਾਈ ਨੂੰ ਵਿਸਾਰ ਕੇ, ਆਪਣੇ ਭਵਿੱਖ ਨੂੰ ਦਾਅ ਤੇ ਲਾਕੇ, ਹਜ਼ਾਰਾਂ ਬੱਚੇ ਜਾਂਦੇ ਹਨ । ਹਰ ਚੰਗੇ ਸ਼ਹਿਰ ਵਿੱਚ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤਾਂ ਸਾਰੇ ਦੇਸ਼ ਵਿੱਚ ਕਿਤਨੀ ਕੁ ਹੋਵੇਗੀ, ਇਸ ਦਾ ਅੰਦਾਜ਼ਾ ਆਪ ਲਾ ਲਈਏ। ਵੈਸੇ ਤਾਂ ਪੜ੍ਹਾਈ ਦੀ ਮਹੱਤਤਾ ਪੇਸ਼ੇ ਨਾਲੋਂ ਵਧੇਰੇ ਬੱਚੇ ਦੇ ਮਾਨਸਿਕ ਵਿਕਾਸ ਲਈ ਹੈ।
ਪੇਸ਼ੇਵਰ ਕੋਰਸ ਤਾਂ ਸਕੂਲੀ ਵਿਦਿਆ ਤੋਂ ਬਾਅਦ ਹੀ ਸ਼ੁਰੂ ਹੁੰਦੇ ਹਨ ਪਰ ਚਲੋ ਜੇ ਪੇਸ਼ੇ ਦੇ ਤੌਰ ਤੇ ਹੀ ਵੇਖ ਲਈਏ ਤਾਂ ਕੀ ਭਾਰਤ ਵਿੱਚ ਗਾਣ-ਨਚਣ ਦੇ ਪੇਸ਼ੇ ਵਿੱਚ ਇਤਨਾ ਖਲਾਅ ਹੈ ਕਿ ਜਿਸ ਵਿੱਚ ਇਤਨੇ ਬੱਚੇ ਜੋ ਕੱਲ ਨੌਜੁਆਨ ਬਣਨੇ ਹਨ ਜਜ਼ਬ ਹੋ ਜਾਣ ? ਇਸ ਤਰ੍ਹਾਂ ਦੇਸ਼ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ । ਫਿਰ ਹਰ ਮੁਕਾਬਲੇ ਵਿੱਚ, ਆਖਰੀ ਦੌਰ ਵਿੱਚ ਪੁੱਜਣ ਵਾਲੇ ਚਾਰ-ਪੰਜ ਬੱਚੇ ਤਕਰੀਬਨ ਇਕੋ ਪੱਧਰ ਦੇ ਹੁੰਦੇ ਹਨ ਪਰ ਜਿਤਣਾ ਤਾਂ ਕਿਸੇ ਇਕ ਨੇ ਹੀ ਹੁੰਦਾ ਹੈ । ਬਾਕੀਆਂ ਦੀ ਬਾਲ ਮਾਨਸਿਕਤਾ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ, ਇਹ ਕਿਸੇ ਨੇ ਸੋਚਿਆ ਹੈ ? ਪਰ ਉਨ੍ਹਾਂ ਟੀ ਵੀ ਵਾਲਿਆਂ ਨੂੰ ਕੀ ਫਰਕ ਪੈਂਦਾ ਹੈ ? ਉਨ੍ਹਾਂ ਨੂੰ ਤਾਂ ਕੇਵਲ ਇਸ ਗੱਲ ਨਾਲ ਮਤਲਬ ਹੈ ਕਿ ਇਨ੍ਹਾਂ ਰਾਹੀਂ ਮੋਟੀ ਕਮਾਈ ਹੋ ਰਹੀ ਹੈ । ਮੈਂ ਹੈਰਾਨ ਤਾਂ ਉਨ੍ਹਾਂ ਮਾਂ ਬਾਪ ਤੇ ਹਾਂ ਜੋ ਥੋੜ੍ਹੀ ਜਿਹੀ ਸ਼ੋਹਰਤ ਜਾਂ ਕਮਾਈ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਹਨ ।
ਇਕ ਹੋਰ ਬਹੁਤ ਵੱਡਾ ਜ਼ੁਲਮ ਟੈਲੀਵਿਜਨ ਨੇ ਸਾਡੇ ਪਰਿਵਾਰਕ ਜੀਵਨ ਤੇ ਢਾਹਿਆ ਹੈ । ਉਹ ਇਹ ਹੈ ਕਿ ਘਰ ਦੇ ਵਿੱਚ ਹੀ ਬੱਚਿਆਂ ਨੂੰ ਮਾਂ ਬਾਪ ਤੋਂ ਬੇਗਾਨਾ ਕਰ ਦਿੱਤਾ ਹੈ । ਸਕੂਲੋਂ ਆ ਕੇ ਬੱਚੇ ਬਹੁਤ ਸਮਾਂ ਮਾਂ ਬਾਪ ਨਾਲ ਬਿਤਾਉਂਦੇ ਸਨ, ਉਨ੍ਹਾਂ ਕੋਲੋਂ ਚੰਗੀਆਂ ਆਦਤਾਂ, ਚੰਗੇ ਚੰਗੇ ਗੁਣ ਸਿੱਖਦੇ ਸਨ । ਰਾਤ ਨੂੰ ਸੌਣ ਵੇਲੇ ਦਾਦੀ-ਨਾਨੀ ਵਲੋਂ ਸੁਣਾਈਆਂ ਗਈਆਂ ਕਹਾਣੀਆਂ ਜਾਂ ਸਾਖੀਆਂ ਉਨ੍ਹਾਂ ਦਾ ਉੱਚਾ ਸੁੱਚਾ ਕਿਰਦਾਰ ਘੜਨ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਸਨ । ਹੁਣ ਇਹ ਸਾਰਾ ਸਮਾਂ ਟੀ ਵੀ ਦੀ ਭੇਟ ਚੜ੍ਹ ਗਿਆ ਹੈ । ਬੱਚਿਆਂ ਨੂੰ ਤਾਂ ਸੋਝੀ ਘੱਟ ਹੁੰਦੀ ਹੈ ਉਹ ਇਸ ਦੇ ਰਸ-ਕਸ ਵਿੱਚ ਗਲਤਾਨ ਹੋ ਜਾਂਦੇ ਹਨ, ਪਰ ਬਹੁਤੇ ਮਾਂ ਬਾਪ ਨੂੰ ਵੀ ਆਪਣੇ ਫਰਜ਼ ਦਾ ਅਹਿਸਾਸ ਨਹੀਂ ਰਿਹਾ । ਇਹ ਸਮਾਜ ਦੇ ਭਵਿੱਖ ਵਾਸਤੇ ਇਕ ਮਾਰੂ ਰੁਝਾਨ ਹੈ, ਜਿਸ ਉਤੇ ਪਰਿਵਾਰ ਦੇ ਮੈਂਬਰਾਂ ਨੂੰ ਆਪ ਹੀ ਲਗਾਮ ਕੱਸਣ ਦੀ ਵੱਡੀ ਲੋੜ ਹੈ । ਵੈਸੇ ਤਾਂ ਫਿਲਮਾਂ ਵਾਸਤੇ ਅਤੇ ਟੈਲੀਜ਼ਿਨ ਵਾਸਤੇ ਵੀ ਇਨ੍ਹਾਂ ਦੇ ਸੈਂਸਰ ਬੋਰਡ ਹਨ ਪਰ ਇਨ੍ਹਾਂ ਵਿੱਚ ਵੀ ਬਹੁਤਾਤ ਇਨ੍ਹਾਂ ਦੇ ਆਪਣੇ ਪੇਸ਼ੇ ਵਾਲਿਆਂ ਦੀ ਹੈ, ਜਿਨ੍ਹਾਂ ਦੀ ਮਾਨਸਿਕਤਾ ਉਸੇ ਮਾਹੌਲ ਅਨੁਸਾਰ ਢੱਲ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਕੁਝ ਗੱਲਤ ਨਜ਼ਰ ਨਹੀਂ ਆਉਂਦਾ । ਇਹ ਤਾਂ ਸਮਾਜ ਨੂੰ ਹੀ ਕੋਈ ਭਰਵੀਂ ਅਵਾਜ਼ ਬੁਲੰਦ ਕਰਨੀ ਪਵੇਗੀ ਇਸ ਵੱਡੇ ਸਮਾਜਿਕ ਪਤਨ ਦਾ ਕਾਰਨ ਬਣ ਰਹੇ ਰੁਝਾਨ ਨੂੰ ਠੱਲ ਪਾਉਣ ਦੀ, ਜਾਂ ਸਰਕਾਰ ਨੂੰ ਕੋਈ ਕਰੜੇ ਫੈਸਲੇ ਲੈਣੇ ਪੈਣਗੇ, ਨਹੀਂ ਤਾਂ ਸਮਾਜ ਦਾ ਜੋ ਆਉਣ ਵਾਲਾ ਰੂਪ ਹੋਵੇਗਾ ਉਸ ਬਾਰੇ ਸੋਚ ਕੇ ਵੀ ਡਰ ਲਗਦਾ ਹੈ ।
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਮੋਬਾਇਲ: 9876104726

Tag Cloud

DHARAM

Meta