ਤਸਵੀਰ ‘ਮੱਝ’ ਦੀ, ਲਿਖਿਆ ‘ਹਾਥੀ’, ਗੱਲ ਸਮਝ ਨਹੀਂ ਆਈ ! -: ਦਵਿੰਦਰ ਸਿੰਘ ਆਰਟਿਸਟ, ਖਰੜ ਮੋਬਾਇਲ : 91-97815-09768

ਮੈਂ ਆਪਣੇ ਕਮਰੇ ਵਿਚ, ਇਕ ‘ਮੱਝ’ ਦੀ ਤਸਵੀਰ ਬਣਾ ਕੇ ਰੱਖੀ ਹੋਈ ਹੈ। ਇਸ ਤਸਵੀਰ ਉੱਤੇ ਅੰਗਰੇਜ਼ੀ ਵਿਚ ‘Elephant’ ਅਤੇ ਪੰਜਾਬੀ ਵਿਚ ‘ਹਾਥੀ’ ਲਿਖਿਆ ਹੋਇਆ ਹੈ। ਜਦੋਂ ਵੀ ਕੋਈ ਸੱਜਣ, ਮੇਰੇ ਕਮਰੇ ਵਿਚ ਆ ਕੇ ਬੈਠਦਾ ਹੈ ਤਾਂ ਉਸ ਦੀ ਨਜ਼ਰ ਆਪਣੇ ਆਪ ਹੀ ਇਸ ਤਸਵੀਰ ਉੱਤੇ ਪੈ ਜਾਂਦੀ ਹੈ। ਹਰ ਕੋਈ ਅੱਖਾਂ ਟੱਡ ਕੇ ਗਹੁ ਨਾਲ ਵੇਖਦਾ ਹੋਇਆ ਸੋਚਦਾ ਹੈ ਕਿ ਮੇਰੀ ਨਜ਼ਰ ਨੂੰ ਕਿਤੇ ਭੁਲੇਖ਼ਾ ਤਾਂ ਨਹੀਂ ਲੱਗ ਰਿਹਾ ਜਾਂ ਤਸਵੀਰ ਬਨਾਉਣ ਵਾਲੇ ਨੇ ਜਾਣਬੁੱਝ ਕੇ ‘ਮੱਝ’ ਦੀ ਤਸਵੀਰ ਬਣਾ ਕੇ, ਉਸ ਉੱਤੇ ‘ਹਾਥੀ’ ਲਿਖਣ ਦੀ ਸ਼ਰਾਰਤ ਕੀਤੀ ਹੈ।

ਇਕ ਦਿਨ ਦੀ ਗੱਲ ਹੈ। ਰੋਪੜ ਤੋਂ ਮੇਰੇ ਇਕ ਰਿਸ਼ਤੇਦਾਰ ਨਾਲ ਇਕ ਸਰਦਾਰ ਜੀ ਪਹਿਲੀ ਵਾਰ ਕਿਸੇ ਕੰਮ ਦੇ ਸਬੰਧ ਵਿਚ ਮੈਂਨੂੰ ਮਿਲਣ ਲਈ ਆਏ। ਫ਼ਤਿਹ ਬੁਲਾਉਣ ਉਪਰੰਤ ਦੋਵੇਂ ਜਣੇ ਮੇਰੇ ਕਮਰੇ ਵਿਚ ਬੈਠ ਗਏ। ਬੈਠਦਿਆਂ ਸਾਰ ਹੀ ਸਰਦਾਰ ਜੀ ਦੀ ਨਜ਼ਰ ਤਸਵੀਰ ਉੱਤੇ ਪੈ ਗਈ।

ਕਹਿਣ ਲੱਗੇ, “ਪਹਿਲਾਂ ਇਸ ਤਸਵੀਰ ਬਾਰੇ ਚਾਨਣਾ ਪਾਉ ਕਿਉਂਕਿ ਤਸਵੀਰ ਤਾਂ ‘ਮੱਝ’ ਦੀ ਹੈ ਪਰ ਇਸ ਉੱਤੇ ‘ਹਾਥੀ’ ਲਿਖਿਆ ਹੋਇਐ, ਗੱਲ ਸਮਝ ਨਹੀਂ ਆਈ। ਇਹ ਕਿਵੇਂ ਹੋ ਸਕਦਾ ਹੈ?” ਮੇਰਾ ਰਿਸ਼ਤੇਦਾਰ ਇਸ ਤਸਵੀਰ ਵਿਚਲੇ ਭੇਦ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਉਹ ਚੁੱਪ ਕਰ ਕੇ ਬੈਠਾ ਰਿਹਾ। ਮੈਂ ਸਰਦਾਰ ਜੀ ਨੂੰ ਕਿਹਾ, “ਇਹ ਹਾਥੀ ਹੈ।” ਮੇਰਾ ਜਵਾਬ ਸੁਣ ਕੇ ਸਰਦਾਰ ਜੀ ਕਹਿਣ ਲੱਗੇ ਕਿ ਤਸਵੀਰ ‘ਮੱਝ’ ਦੀ ਹੈ, ਇਸ ਨੂੰ ‘ਹਾਥੀ’ ਕਿਵੇਂ ਮੰਨ ਲਿਆ ਜਾਵੇ ? ਮੈਂ ਸਰਦਾਰ ਜੀ ਨੂੰ ਕਿਹਾ, “ਤੁਸੀਂ ਮੰਨੋ ਚਾਹੇ ਨਾ ਮੰਨੋ ਪਰ ਇਹ ਹਾਥੀ ਹੀ ਹੈ।” ਸਰਦਾਰ ਜੀ ਹੈਰਾਨ ਹੋ ਕੇ ਕਹਿਣ ਲੱਗੇ, “ਮੈਂ ਇਸ ਝੂਠ ਨਾਲ ਕਦੇ ਵੀ ਸਹਿਮਤ ਨਹੀ ਹੋ ਸਕਦਾ। ਚੰਗੇ ਭਲੇ ਨੂੰ ਦਿਨ ਵਿਚ ਹੀ ਮੂਰਖ਼ ਬਣਾਇਆ ਜਾ ਰਿਹਾ ਹੈ।”

ਭਾਵੇਂ ਮੈਂ ਇਸ ਤਸਵੀਰ ਨੂੰ ‘ਹਾਥੀ’ ਹੀ ਦੱਸਦਾ ਹਾਂ, ਪਰ ਕੋਈ ਵੀ ਸੱਜਣ ਮੇਰੇ ਨਾਲ ਸਹਿਮਤ ਨਹੀਂ ਹੁੰਦਾ। ਇਸ ਕਰਕੇ ਉਹ ਸਰਦਾਰ ਜੀ ਵੀ ਮੇਰੇ ਨਾਲ ਸਹਿਮਤ ਨਾ ਹੋਏ। ਮੇਰੀਆਂ ਗੱਲਾਂ ਸੁਣ ਕੇ ਸਰਦਾਰ ਜੀ ਨੇ ਮੇਰੇ ਵਲ ਨਾਰਾਜ਼ਗੀ ਭਰੀਆਂ ਅੱਖਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਮਨ ਵਿਚ ਸੋਚਣ ਲੱਗੇ ਕਿ ਕਿਹੋ ਜਹੇ ਮੂਰਖ਼ ਬੰਦੇ ਨਾਲ ਵਾਹ ਪੈ ਗਿਆ ਹੈ। ਮੈਂਨੂੰ ਲੱਗਾ ਕਿ ਸਰਦਾਰ ਜੀ ਗੁੱਸੇ ਵਿਚ ਆ ਕੇ ਕਮਰੇ ਵਿਚੋਂ ਉਠ ਕੇ ਚਲੇ ਜਾਣਗੇ। ਮੈਂ ਮੌਕੇ ਨੂੰ ਸੰਭਾਲਦਿਆਂ ਕਿਹਾ, “ਸਰਦਾਰ ਜੀ ! ਤੁਸੀਂ ਬਹੁਤ ਹੀ ਸਿਆਣੇ ਇਨਸਾਨ ਹੋ ਜਿਹੜੇ ਮੇਰੀਆਂ ਗੱਲਾਂ ਵਿਚ ਨਹੀਂ ਆਏ। ਕਿਸੇ ਦੀਆਂ ਗੱਲਾਂ ਵਿਚ ਸਿਰਫ਼ ਉਹੀ ਮਨੁੱਖ ਆਉਂਦੇ ਹਨ ਜਿਨ੍ਹਾਂ ਨੂੰ ਸੱਚ ਅਤੇ ਝੂਠ ਜਾਂ ਅਸਲ ਅਤੇ ਨਕਲ ਦਾ ਪਤਾ ਨਾ ਹੋਵੇ। ਇਸ ਅਗਿਆਨਤਾ ਕਾਰਨ ਮਨੁੱਖ ਕਈ ਵਾਰ ਸੱਚ ਵਿਰੋਧੀ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਕੁਰਾਹੇ ਵੀ ਪੈ ਜਾਂਦਾ ਹੈ।” ਹੁਣ ਸਰਦਾਰ ਜੀ ਮੇਰੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਹਿਣ ਲੱਗੇ, “ਅਗਿਆਨਤਾ ਕਾਰਨ ਤਾਂ ਪੜ੍ਹੇ-ਲਿਖੇ ਮਨੁੱਖ ਵੀ ਮੂਰਖ਼ ਬਣ ਜਾਂਦੇ ਹਨ।” ਮੈਂ ਸਰਦਾਰ ਜੀ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ, “ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ।” ਮੈਂ ਆਪਣੇ ਅਸਲ ਵਿਸ਼ੇ ਨੂੰ ਅੱਗੇ ਤੋਰਨ ਲਈ ਸਰਦਾਰ ਜੀ ਨੂੰ ਕਿਹਾ, “ਕੀ ਤੁਸੀਂ ਮੇਰੇ ਕੁੱਝ ਸਵਾਲਾਂ ਦੇ ਜਵਾਬ ਦਿਉਗੇ?” ਸਰਦਾਰ ਜੀ ਕਹਿਣ ਲੱਗੇ, “ਹਾਂ… ਹਾਂ…ਜ਼ਰੂਰ। ਤੁਸੀਂ ਸਵਾਲ ਕਰੋ।”

ਮੇਰਾ ਪਹਿਲਾ ਸਵਾਲ : ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ ?
– ਸਰਦਾਰ ਜੀ : ਮੇਰੇ ਵਲ ਵੇਖਦੇ ਹੋਏ (ਕਿਉਂਕਿ ਮੈਂ ਖੰਡੇ-ਬਾਟੇ ਦੀ ਪਾਹੁਲ ਵੀ ਛਕੀ ਹੋਈ ਹੈ) ਕਹਿਣ ਲੱਗੇ, “ਤੁਹਾਨੂੰ ਇਹ ਵੀ ਨਹੀਂ ਪਤਾ। ਕਮਾਲ ਦੀ ਗੱਲ ਹੈ। ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ।”

ਦੂਜਾ ਸਵਾਲ : ਕੀ ਤੁਸੀਂ ਕਦੇ ਦਸਮ ਗ੍ਰੰਥ ਵੇਖਿਆ ਹੈ ?
– ਸਰਦਾਰ ਜੀ : ਨਹੀਂ।

ਤੀਜਾ ਸਵਾਲ : ਕੀ ਤੁਸੀਂ ਇਸ ਗ੍ਰੰਥ ਦੀਆਂ ਰਚਨਾਵਾਂ ਪੜ੍ਹੀਆਂ ਹਨ ?
– ਸਰਦਾਰ ਜੀ : ਇਹ ਗ੍ਰੰਥ ਵੇਖਿਆ ਹੀ ਨਹੀਂ, ਪੜ੍ਹਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਚੌਥਾ ਸਵਾਲ : ਹੁਣ ਤੁਸੀਂ ਆਪ ਹੀ ਦੱਸੋ ਕਿ ਜਿਹੜੇ ਗ੍ਰੰਥ ਨੂੰ ਤੁਸੀਂ ਕਦੇ ਵੇਖਿਆ ਨਹੀਂ ਅਤੇ ਨਾ ਹੀ ਕਦੇ ਪੜ੍ਹਿਆ ਹੈ, ਉਸ ਗ੍ਰੰਥ ਬਾਰੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ?
– ਸਰਦਾਰ ਜੀ : ਗੁਰਦੁਆਰਿਆਂ ਦੇ ਗਿਆਨੀਆਂ, ਪ੍ਰਚਾਰਕਾਂ ਅਤੇ ਸਾਧਾਂ-ਸੰਤਾਂ ਦੇ ਦੀਵਾਨਾਂ ਵਿਚ ਅਕਸਰ ਇਸ ਗ੍ਰੰਥ ਬਾਰੇ ਸੁਣਦੇ ਆ ਰਹੇ ਹਾਂ। ਇਸ ਤੋਂ ਇਲਾਵਾਂ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੀਆਂ ਪਾਠ-ਪੁਸਤਕਾਂ ਅਤੇ ਧਾਰਮਕ ਰਸਾਲਿਆਂ ਵਿਚ ਵੀ ਪੜ੍ਹਦੇ ਆਏ ਹਾਂ। ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਅਤੇ ਕਿਤਾਬਾਂ ਦੀਆਂ ਲਿਖਤਾਂ ਦੇ ਆਧਾਰ ‘ਤੇ ਹੀ ਮੈਂ ਇਹ ਕਿਹਾ ਹੈ। ਪਰ ਸੱਚ ਦੱਸਾਂ, ਮੈਂਨੂੰ ਆਪਣੀਆਂ ਅੱਖਾਂ ਨਾਲ ਵੇਖੀ ਕੋਈ ਜਾਣਕਾਰੀ ਨਹੀਂ ਹੈ।

ਪੰਜਵਾਂ ਸਵਾਲ : ਕੀ ਤੁਸੀਂ ਇਸ ਗ੍ਰੰਥ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ?
– ਸਰਦਾਰ ਜੀ : ਹਾਂ, ਜ਼ਰੂਰ। ਇਸ ਗ੍ਰੰਥ ਦੀ ਜਾਣਕਾਰੀ ਪ੍ਰਾਪਤ ਕਰ ਕੇ ਮੈਂਨੂੰ ਬਹੁਤ ਖੁਸ਼ੀ ਹੋਵੇਗੀ।

ਫਿਰ ਮੈਂ ਸਰਦਾਰ ਜੀ ਨੂੰ ਅਖੌਤੀ ਦਸਮ ਗ੍ਰੰਥ ਦੇ ਗੰਦੇ, ਅਸ਼ਲੀਲ ਅਤੇ ਕਾਮ-ਉਕਸਾਉੂ ਟੋਟਕੇ ਪੰਨਾ ਨੰ:1082, 1358, 1281, 1342, 1010, ਅਤੇ 899 ਪੜ੍ਹਨ ਲਈ ਦਿੱਤੇ। ਜਿਉਂ ਜਿਉਂ ਸਰਦਾਰ ਜੀ ਇਨ੍ਹਾਂ ਟੋਟਕਿਆਂ ਨੂੰ ਪੜ੍ਹਦੇ ਗਏ, ਤਿਉਂ ਤਿਉਂ ਸਰਦਾਰ ਜੀ ਦੇ, ਆਪਣੀ ਅਗਿਆਨਤਾ ਕਾਰਣ ਪਸੀਨੇ ਛੁੱਟ ਰਹੇ ਸਨ ਅਤੇ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਜਾ ਰਿਹਾ ਸੀ। ਸਰਦਾਰ ਜੀ ਕਹਿਣ ਲੱਗੇ, “ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਗੰਦੀਆਂ ਅਸ਼ਲੀਲ ਅਤੇ ਕਾਮ-ਉਕਸਾਊ ਰਚਨਾਵਾਂ ਦਸਮ ਗ੍ਰੰਥ ਦੀਆਂ ਹਨ ?”

ਮੈਂ ਕਿਹਾ, “ਤੁਸੀਂ ਇਨ੍ਹਾਂ ਟੋਟਕਿਆਂ ਦੇ ਪੰਨਾ ਨੰਬਰ ਇਸ ਗ੍ਰੰਥ ਨਾਲ ਮਿਲਾ ਕੇ ਆਪਣਾ ਭੁਲੇਖ਼ਾ ਦੂਰ ਕਰ ਸਕਦੇ ਹੋ।” ਸਰਦਾਰ ਜੀ ਨੇ ਆਪਣੀਆਂ ਅੱਖਾਂ ਨਾਲ, ਚੰਗੀ ਤਰ੍ਹਾਂ ਤਸੱਲੀ ਕਰਨ ਉਪਰੰਤ ਝੱਟ ਕਿਹਾ ਕਿ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ।

ਛੇਵਾਂ ਸਵਾਲ : ਕੀ ਤੁਹਾਡੇ ਪਿਤਾ ਜੀ ਨੇ ਵੀ ਤੁਹਾਨੂੰ ਅਜਿਹੀਆਂ ਰਚਨਾਵਾਂ ਲਿਖ ਕੇ ਦਿੱਤੀਆਂ ਹਨ?
– ਸਰਦਾਰ ਜੀ : ਮੇਰੇ ਪਿਤਾ ਜੀ ਤਾਂ ਬਹੁਤ ਉੱਚੀ ਸ਼ਖ਼ਸੀਅਤ ਦੇ ਮਾਲਕ ਸਨ। ਅਸੀਂ ਉਨ੍ਹਾਂ ਬਾਰੇ ਕਦੇ ਵੀ ਅਜਿਹਾ ਨਹੀਂ ਸੋਚ ਸਕਦੇ।

ਸਤਵਾਂ ਸਵਾਲ : ਜੇਕਰ ਤੁਹਾਡੇ ਪਿਤਾ ਜੀ ਅਜਿਹਾ ਨਹੀਂ ਲਿਖ ਸਕਦੇ ਤਾਂ ਦੱਸੋ, ਤੁਹਾਡਾ ਗੁਰ-ਪਿਤਾ ਆਪਣੇ ਸਿੱਖਾਂ ਲਈ ਅਜਿਹੀਆਂ ਰਚਨਾਵਾਂ ਕਿਵੇਂ ਲਿਖ ਸਕਦਾ ਹੈ ?
– ਸਰਦਾਰ ਜੀ : ਗੁਰੂ ਸਾਹਿਬ ਬਾਰੇ ਅਜਿਹਾ ਸੋਚਣਾ ਬਹੁਤ ਵੱਡਾ ਅਪਰਾਧ ਹੈ। ਮੈਂਨੂੰ ਆਪਣੇ ਆਪ ਉੱਤੇ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ।

ਅਠਵਾਂ ਸਵਾਲ : ਕੀ ਤੁਸੀਂ ਇਸ ਗ੍ਰੰਥ ਵਿਚਲੀਆਂ ਗੰਦੀਆਂ, ਅਸ਼ਲੀਲ ਤੇ ਕਾਮ-ਉਕਸਾਊ ਰਚਨਾਵਾਂ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਜਾਂ ਆਪਣੇ ਧੀਆਂ-ਪੁੱਤਰਾਂ ਅੱਗੇ ਬੈਠ ਕੇ ਪੜ੍ਹ ਸਕਦੇ ਹੋ ?
ਸਰਦਾਰ ਜੀ : ਕੋਈ ਵੀ ਸਿਆਣਾ ਮਨੁੱਖ ਅਜਿਹਾ ਕਰਨ ਦਾ ਹੀਆ ਨਹੀਂ ਕਰ ਸਕਦਾ।

ਨੌਵਾਂ ਸਵਾਲ : ਜਿਹੜੇ ਗੁਰੂ ਨੇ ਸਾਰੀ ਉਮਰ ਜ਼ੁਲਮਾਂ-ਅਤਿਆਚਾਰਾਂ ਅਤੇ ਬੇਇਨਸਾਫ਼ੀ ਵਿਰੁੱਧ ਲੜਦਿਆਂ ਮਨੁੱਖਤਾਂ ਦੇ ਭਲੇ-ਹਿਤ ਆਪਣਾ ਸਾਰਾ ਪ੍ਰਵਾਰ ਕੁਰਬਾਨ ਕਰਾ ਦਿੱਤਾ, ਉਸ ਗੁਰੂ ਦੇ ਨਾਂ ਨਾਲ ਇਹ ਗੰਦਾ ਗ੍ਰੰਥ ਜੋੜ ਕੇ ਤੁਸੀਂ ਗੁਰੂ-ਨਿੰਦਕ ਅਤੇ ਅਪਰਾਧੀ ਬਣਨਾ ਕਿਉਂ ਪ੍ਰਵਾਨ ਕਰ ਲਿਆ ਹੈ ?
– ਸਰਦਾਰ ਜੀ : ਸੱਚ ਜਾਣਿਉ ! ਅੱਜ ਮੈਂਨੂੰ ਆਪਣੀ ਅਗਿਆਨਤਾ ਦਾ ਬਹੁਤ ਅਹਿਸਾਸ ਹੋਇਆ ਹੈ ਕਿ ਅਸੀਂ ਆਪਣੇ ਧਰਮ ਦੀ ਜਾਣਕਾਰੀ ਤੋਂ ਕੋਹਾਂ ਦੂਰ ਹਾਂ। ਗੁਰੂ ਸਾਨੂੰ ਕਦੇ ਮਾਫ਼ ਨਹੀਂ ਕਰਗੇ।

ਅਖ਼ੀਰਲਾ ਸਵਾਲ : ਤੁਸੀਂ ਮੇਰੇ ਵਲੋਂ ਬਣਾਈ ‘ਮੱਝ’ ਦੀ ਤਸਵੀਰ ਉਤੇ ਲਿਖੇ ‘ਹਾਥੀ’ ਨਾਲ ਸਹਿਮਤ ਨਹੀਂ ਹੋ ਰਹੇ ਸੀ, ਕਿਉਂਕਿ ਤੁਹਾਨੂੰ ‘ਮੱਝ’ ਅਤੇ ‘ਹਾਥੀ’ ਦੀ ਜਾਣਕਾਰੀ ਸੀ, ਪਰ ਇਕ ਅਸ਼ਲੀਲ ਗ੍ਰੰਥ ਜਿਸ ਤੇ ਲਿਖਿਆ ਦਸਮ ਗ੍ਰੰਥ, ਉਸ ਨੂੰ ਬਿਨਾਂ ਦੇਖੇ, ਬਿਨਾਂ ਪੜ੍ਹੇ ਅਤੇ ਬਿਨਾਂ ਸਮਝੇ ਆਪਣਾ ਧਾਰਮਕ ਗ੍ਰੰਥ ਕਿਵੇਂ ਮੰਨ ਲਿਆ ?
– ਸਰਦਾਰ ਜੀ : ਦਰਅਸਲ ਮੈਂ ਆਪਣੀ ਅੰਨ੍ਹੀ ਸ਼ਰਧਾ ਕਾਰਨ ਇਸ ਗ੍ਰੰਥ ਤੇ ਭਰੋਸਾ ਕਰ ਬੈਠਾ ਸੀ। ਅੱਜ ਮੈਂਨੂੰ ਬਹੁਤ ਵੱਡੀ ਸਿੱਖਿਆ ਪ੍ਰਾਪਤ ਹੋਈ ਹੈ ਕਿ ਕਦੇ ਵੀ ਕਿਸੇ ਗੱਲ ਦੀ ਪਰਖ ਕੀਤੇ ਬਿਨਾਂ, ਦੇਖੇ ਬਿਨਾਂ ਅਤੇ ਸਮਝੇ ਬਿਨਾਂ ਅੱਖਾਂ ਬੰਦ ਕਰਕੇ ਉਸ ਨੂੰ ਮੰਨ ਨਹੀਂ ਲੈਣਾ ਚਾਹੀਦਾ। ਅੱਜ ਮੈਂਨੂੰ 50 ਸਾਲ ਦੀ ਉਮਰ ਵਿਚ ਜਾ ਕੇ ਇਸ ਗ੍ਰੰਥ ਦੀ ਅਸਲੀਅਤ ਦਾ ਪਤਾ ਚੱਲਿਆ ਹੈ। ਜੇਕਰ ਮੈਨੂੰ ਵੀ ਅੱਜ ਇਸ ਗ੍ਰੰਥ ਦੀ ਅਸਲੀਅਤ ਦਾ ਪਤਾ ਨਾ ਲਗਦਾ ਤਾਂ ਮੈਂ ਸਾਰੀ ਉਮਰ ਹੀ ਭੁਲੇਖ਼ੇ ਵਿਚ ਰਹਿਣਾ ਸੀ। ਮੈਂਨੂੰ ਤਾਂ ਇਸ ਗ੍ਰੰਥ ਬਾਰੇ ਪਤਾ ਲੱਗ ਗਿਆ ਹੈ ਪਰ ਉਨ੍ਹਾਂ ਸਿੱਖਾਂ ਦਾ ਕੀ ਬਣੇਗਾ ਜਿਹੜੇ ਇਸ ਗ੍ਰੰਥ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਰੱਖਦੇ ?

ਸਰਦਾਰ ਜੀ ਦੇ ਸਵਾਲ ਦਾ ਇਹ ਜਵਾਬ ਦਿੱਤਾ ਗਿਆ ਕਿ ਅੱਜ ਜਿਵੇਂ ਤੁਸੀਂ ਇਸ ਗ੍ਰੰਥ ਦੀ ਅਸਲੀਅਤ ਬਾਰੇ ਸਮਝ ਗਏ ਹੋ, ਉਸੇ ਤਰ੍ਹਾਂ ਇਕ ਦਿਨ ਹੋਰ ਸਿੱਖ ਵੀ, ਤੁਹਾਡੇ ਵਾਂਗ ਛੇਤੀ ਹੀ ਸਮਝ ਜਾਣਗੇ। ਭਾਵੇਂ ਗੁਰਮਤਿ ਵਿਰੋਧੀ ਲੋਕ ਹਜ਼ਾਰਾਂ ਵਾਰ ਕਹਿਣ ਕਿ ਇਹ ਗ੍ਰੰਥ ਤੁਹਾਡੇ ਗੁਰੂ ਦਾ ਹੈ, ਪਰ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਗੁਰੂ ਦਾ ਗ੍ਰੰਥ ਤਾਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ, ਹੋਰ ਕੋਈ ਨਹੀਂ, ਉਹ ਸਿੱਖ, ਗੁਰਮਤਿ ਵਿਰੋਧੀ ਲੋਕਾਂ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਹਨ।

ਅਖ਼ੀਰ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਸਿੱਖਾਂ ਨੇ ਆਪਣੇ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ-920 ‘ਤੇ ਦਰਜ ਗੁਰਬਾਣੀ ਦੇ ਫ਼ੁਰਮਾਨ: “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।” ਨੂੰ ਆਪਣੇ ਜੀਵਨ ਵਿਚ ਲਾਗੂ ਕੀਤਾ ਹੁੰਦਾ, ਤਾਂ ਗੁਰਮਤਿ ਵਿਰੋਧੀ ਲੋਕਾਂ ਦੀ ਕੋਈ ਚਾਲ ਸਫ਼ਲ ਨਹੀਂ ਸੀ ਹੋਣੀ। ਸਿੱਖਾਂ ਨੂੰ ਇਕ ਗੱਲ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਿੱਖ-ਕੌਮ ਦੀ ਆਨ ਅਤੇ ਸ਼ਾਨ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਚਲ ਕੇ ਹੀ ਬਰਕਰਾਰ ਰੱਖੀ ਜਾ ਸਕਦੀ ਹੈ।

ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਿੱਖਿਆ ਨੂੰ ਵਿਸਾਰ ਕੇ ਜੇਕਰ ਸਿੱਖ ਹੋਰ ਗ੍ਰੰਥ ਦੀਆਂ ਗੁਰਮਤਿ ਵਿਰੋਧੀ ਸਿੱਖਿਆਵਾਂ ਦੇ ਗੰਦਗੀ ਭਰੇ ਚਿੱਕੜ ਵਿਚ ਵੜਨ ਦੀ ਕੋਸ਼ਿਸ਼ ਕਰਨਗੇ, ਤਾਂ ਯਾਦ ਰੱਖੋ, ਜਿੱਥੇ ਉਹ ਆਪਣੇ ਨਾਂ ਨੂੰ ਧੱਬਾ ਲਾਉਣਗੇ, ਉਥੇ ਗੁਰੂ ਦੇ ਨਾਂ ਨੂੰ ਵੀ ਧੱਬਾ ਲਾਉਣਗੇ।

Tag Cloud

DHARAM

Meta