ਡਾਗ ਦਾ ਭੋਗ ! (ਨਿੱਕੀ ਕਹਾਣੀ) ——————————-

ਪਿਛਲੇ ਦਿਨੀ ਗੁਰਦੁਆਰੇ ਵਿੱਚ ਕੁੱਤੇਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ ਤੇ ਗਿਰਾਵਟ ਵੱਲ ਜਾਉਂਦਾ ਇਨਸਾਨ ਹੋਰ ਕਿਤਨਾ ਡਿੱਗੇਗਾ ? (ਗੁਮਨਾਮ ਸਿੰਘ ਆਪਣੀ ਘਰਵਾਲੀ ਰਹਸਮਈ ਕੌਰ ਨਾਲ ਖਬਰਾਂ ਬਾਰੇ ਗੱਲ ਕਰ ਰਿਹਾ ਸੀ)

ਕਿਸੀ ਸਿਆਸੀ ਅਮੀਰ ਦਾ ਕੁੱਤਾ ਹੋਣਾ ਹੈ ! ਉਨ੍ਹਾਂ ਦੇ ਕੁੱਤੇ ਵੀ ਤਾਂ ਸਗੇ ਧੀ-ਪੁੱਤਰਾਂ ਨਾਲੋਂ ਜਿਆਦਾ ਲਾਡਲੇ ਹੁੰਦੇ ਨੇ ! (ਰਹਸਮਈ ਕੌਰ ਬੋਲੀ)

ਗੁਮਨਾਮ ਸਿੰਘ : ਪਰ ਕੁੱਤੇ ਦੀ ਅੰਤਿਮ ਅਰਦਾਸ ?

ਰਹਸਮਈ ਕੌਰ : ਇੱਕ ਗੱਲ ਦੱਸੋ ਕੀ ਬਹੁਤ ਸਾਰੇ ਅਜੇਹੇ ਬੰਦੇਆਂ ਦੇ ਮਰਣ ਤੋਂ ਬਾਅਦ ਜੋ ਕੀ ਆਪਣੀ ਪੂਰੀ ਜਿੰਦਗੀ ਦੋ ਨੰਬਰ ਦੇ ਧੰਦੇ ਕਰਦੇ ਰਹੇ, ਪਰਾਇਆ ਹੱਕ ਮਾਰਦੇ ਰਹੇ, ਸ਼ਰਾਬਾਂ ਪੀਂਦੇ ਰਹੇ ਅੱਤੇ ਸਾਰੇ ਕੁਕਰਮ ਕਰਦੇ ਰਹੇ ! ਜਿਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਲਾਲਚ ਵਿੱਚ ਖਚਿਤ ਹੋ ਕੇ ਗੁਜਾਰੀ ! ਅਜੇਹੇ ਬੰਦੇਆਂ ਦੀ ਵੀ ਜਦੋਂ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਤਾਂ ਕਿਵੇਂ ਦੁਨਿਆਵੀ ਦਿਖਾਵੇ ਲਈ ਉਨ੍ਹਾਂ ਨੂੰ ਵੱਡਾ ਧਰਮੀ ਦਰਸ਼ਾਇਆ ਜਾਂਦਾ ਹੈ ਤੇ ਉਨ੍ਹਾਂ ਦੇ “ਕੁੱਤੇ ਵਰਗੇ ਜੀਵਨ – ਲਾਲਚ, ਈਰਖਾ, ਚਰਿੱਤਰ ਦੀ ਘਾਟ ਆਦਿ” ਜਿਸ ਬਾਰੇ ਲੋਕਾਂ ਨੂੰ ਪਤਾ ਵੀ ਹੁੰਦਾ ਹੈ ਤੇ ਲੋਕੀ ਆਪਸ ਵਿੱਚ ਬੋਲਦੇ ਵੀ ਹਨ ਕੀ “ਚੰਗਾ ਹੋਇਆ ਕੀ ਕੁੱਤਾ ਮਰ ਗਿਆ” ਪਰ ਸਮਾਜਿਕ ਵਿਖਾਵੇ ਲਈ ਉੱਤੋਂ ਉੱਤੋਂ ਉਸ ਦੀ ਵਾਹ ਵਾਹ ਕਰਦੇ ਨਹੀਂ ਥਕਦੇ !

ਤੂੰ ਠੀਕ ਕਹਿੰਦੀ ਹੈਂ ਭਾਗਵਾਨੇ ! ਸ਼ਮਸ਼ਾਨ ਦੇ ਪੰਡਿਤ ਲਈ ਲਾਸ਼ ਇੱਕ ਜਰੀਆ ਹੈ ਦੋ ਰੋਟੀਆਂ ਕਮਾਉਣ ਦਾ ਤੇ ਸ਼ਾਇਦ ਇਸੀ ਤਰੀਕੇ ਸਾਡੇ ਭਾਈ ਸਾਹਿਬ ਵੀ ਮਾੜੇ ਨੂੰ ਮਾੜਾ ਕਹਿਣਗੇ ਤਾਂ ਫਿਰ ਭੇਟਾਂ ਨਹੀਂ ਮਿਲੇਗੀ ! ਦੁਕਾਨ ਬਣਾ ਕੇ ਰਖ ਦਿੱਤਾ ਹੈ ਇਨ੍ਹਾਂ ਨੇ ਧਰਮਸ਼ਾਲ ਨੂੰ ! (ਗੁਮਨਾਮ ਸਿੰਘ ਬੋਲਿਆ)

ਚੰਗੇ ਧਰਮੀ ਮਨੁੱਖ ਵੀ ਇੱਕ ਸਿਆਣੇ ਪਾਲਤੂ ਕੁੱਤੇ ਵਾਂਗ ਆਪਣੇ ਮਾਲਕ ਪ੍ਰਭੁ ਦਾ ਵਫ਼ਾਦਾਰ ਹੁੰਦਾ ਹੈ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਦਾ ਹੈ ! ਪਰ ਅਵਾਰਾ ਕੁੱਤਾ ਰੱਬ ਤੋ ਦੂਰ ਜਾ ਚੁੱਕੇ ਮਨੁੱਖ ਵਾਂਗ ਹੁੰਦਾ ਹੈ ਜੋ ਬਹੁਤ ਸਾਰੇ ਵਿਕਾਰਾਂ ਵਿੱਚ ਖਚਿਤ ਹੋ ਚੁੱਕਾ ਹੈ ! ਜੇਕਰ ਗੁਰੂ ਦੇ ਵਜੀਰ ਕਹਾਉਣ ਵਾਲੇ ਉਨ੍ਹਾਂ ਕੁੱਤੇਆਂ ਦੀ ਅਰਦਾਸ (ਜਿਨ੍ਹਾਂ ਦੇ ਕਰਮ ਜਿੰਦਗੀ ਭਰ ਅਵਾਰਾ ਕੁੱਤੇਆਂ ਵਾਲੇ ਰਹੇ) ਕਰ ਸਕਦੇ ਹਨ ਤਾਂ ਇਨ੍ਹਾਂ ਕੁੱਤੇਆਂ (ਜੋ ਜਨਮ ਤੋਂ ਕੁੱਤੇ ਹਨ) ਦੀ ਕਿਓਂ ਨਹੀਂ ਕਰ ਸਕਦੇ ? (ਰਹਸਮਈ ਕੌਰ ਨੇ ਆਪਣੇ ਦਰਸ਼ਨ ਸ਼ਾਸਤਰ ਦੀ ਵਨੰਗੀ ਪੇਸ਼ ਕਰਦੇ ਹੋਏ ਕਿਹਾ)

ਗੁਮਨਾਮ ਸਿੰਘ (ਦੁਖੀ ਹੋ ਕੇ): ਅਸਲ ਵਿੱਚ ਇਹ “ਡਾਗ ਦਾ ਭੋਗ” ਨਹੀਂ ਬਲਕਿ “ਗੁਰਮਤ ਦਾ ਭੋਗ” ਪਾਉਣ ਦੀ ਇੱਕ ਕੋਝੀ ਚਾਲ ਸੀ ! ਜਿਵੇਂ ਜਿਵੇਂ ਸਿੱਖ ਸ੍ਰੀ ਗੁਰੂ ਗਰੰਥ ਸਾਹਿਬ ਦੀ ਸਿਖਿਆ (ਪੜ੍ਹਨਾ, ਵਿਚਾਰਨਾ ਤੇ ਅਮਲ ਕਰਨਾ) ਤੋਂ ਦੂਰ ਹੁੰਦੇ ਜਾ ਰਹੇ ਹਨ ਤੇ ਇੱਕ ਮੂਰਤੀ ਵਾਂਗ ਕੇਵਲ ਮੱਥਾ ਟੇਕਣ ਨੂੰ ਹੀ ਧਰਮ ਦੀ ਪਾਲਣਾ ਸਮਝ ਰਹੇ ਹਨ ਤਿਵੇਂ ਤਿਵੇਂ ਇਹੋ ਜਿਹੇ ਕਾਰਨਾਮੇਂ ਸਾਹਮਣੇ ਆ ਰਹੇ ਨੇ ! ਪੁਜਾਰੀ ਸ਼੍ਰੇਣੀ (ਭਾਵੇਂ ਕਿਸੀ ਵੀ ਧਰਮ ਵਿੱਚ ਹੈ) ਹਮੇਸ਼ਾ ਤੋ ਹੀ ਆਮ ਮਨੁੱਖ ਨੂੰ ਧਰਮ ਦੇ ਅਸਲ ਤੱਤ ਤੋ ਦੂਰ ਰਖਣ ਦਾ ਜਤਨ ਕਰਦੀ ਹੈ ! ਗੁਰੂ ਦੀ ਸਿਖਿਆ ਤੋ ਦੂਰ ਜਾ ਰਹੇ ਸਿੱਖਾਂ ਵਿਚ ਉਕਾਈ ਆ ਜਾਵੇ, ਤਾਂ ਸਤਿਗੁਰੂ ਭੀ ਇਸ ਹੀਰੇ-ਜਨਮ ਨੂੰ ‘ਕਉਡੀ ਬਦਲੈ’ ਜਾਂਦੇ ਨੂੰ ਬਚਾ ਨਹੀਂ ਸਕਦਾ !

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥

– ਬਲਵਿੰਦਰ ਸਿੰਘ ਬਾਈਸਨ
http://nikkikahani.com/
———————————————–

Tag Cloud

DHARAM

Meta