ਜਦੋਂ ਵੀ ਸਿੱਖਾਂ ਨੂੰ ਸਹੀ ਅਗਵਾਈ ਮਿਲੀ, ਤਾਂ ਸਰਹਿੰਦ ਵਰਗੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਨਮ ਤੋਂ ਲੈ ਕੇ, ਅੱਜ ਤੱਕ ਕਦੇ ਸੁੱਖ ਦਾ ਸਾਹ ਨਹੀਂ ਲਿਆ। ਹਰ ਸਮੇਂ ਕੋਈ ਨ ਕੋਈ ਨਵੀਂ ਦੁਸ਼ਵਾਰੀ ਨੇ ਅਚਾਨਕ ਆ ਘੇਰਾ ਪਾਇਆ ਹੈ, ਪਰ ਧੰਨ ਹਨ ਉਹ ਸਿੱਖ ਅਤੇ ਉਹਨਾਂ ਦੀ ਸਿੱਖੀ ਜਿਹਨਾਂ ਨੇ ਗੁਰੂ ਨਾਨਕ ਦੇ ਰੂਹਾਨੀ ਫਲਸਫੇ ਨੂੰ ਸਮਝ ਲਿਆ ਅਤੇ ਸਦੀਆਂ ਤੋਂ ਸਥਾਪਤ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਕਰਾ ਕੇ ਫਤਿਹ ਦਾ ਮੁਕਾਮ ਹਾਸਿਲ ਕੀਤਾ ਸਿੱਖਾਂ ਨੇ ਮਨੁੱਖੀ ਹੱਕਾਂ ਦੀ ਰਾਖੀ ਕਰਦਿਆਂ, ਲੋਕਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਕੋਸ਼ਿਸ਼ ਕਰਦਿਆਂ, ਭਾਰੀ ਨੁਕਸਾਨ ਵੀ ਝੱਲੇ, ਲੇਕਿਨ ਕਦੇ ਸੰਘਰਸ਼ਾਂ ਤੋਂ ਪਿੱਠ ਨਹੀਂ ਭਵਾਈ। ਅਜਿਹੀਆਂ ਅਨੇਕਾਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਦਰਜ਼ ਹਨ, ਜਿਹਨਾਂ ਵਿੱਚੋਂ ਇੱਕ ਨਾਮ ਲੈਂਦਿਆਂ, ਧੁਰ ਅੰਦਰੋਂ ਸਤਿਕਾਰ ਦੇ ਜਵਾਰਭਾਟੇ ਨਿੱਕਲ ਉਠਦੇ ਹਨ, ਉਹ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ।

ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਪਣਾ ਸਾਰਾ ਸਰਬੰਸ, ਕੌਮ ਅਤੇ ਕਾਦਰ ਦੀ ਕੁਦਰਤ ਦੇ ਅਸੂਲਾਂ ਦੀ ਰਾਖੀ ਕਰਦਿਆਂ ਲੇਖੇ ਲਾਉਣ ਉਪਰੰਤ, ਔਰੰਗਜ਼ੇਬ ਦੇ ਸਪੁੱਤਰ ਬਹਾਦਰ ਸ਼ਾਹ ਨੂੰ ਦਿੱਲੀ ਦੇ ਰਾਜ ਤਖਤ ਦਾ ਮਾਲਕ ਬਣਾ ਕੇ, ਜਦੋਂ ਦੱਖਣੀ ਭਾਰਤ ਵੱਲ ਨੂੰ ਰਵਾਨਾ ਹੋਏ ਤਾਂ ਉਥੇ ਇੱਕ ਬੰਦਗੀ ਕਰਨ ਵਾਲੇ ਰੂਹਾਨੀ ਪੁਰਸ਼, ਮਾਧੋ ਦਾਸ ਵੈਰਾਗੀ ਨਾਲ ਸਾਹਮਣਾ ਹੋਇਆ। ਕਲਗੀਧਰ ਦੀ ਪਾਰਖੂ ਅੱਖ ਨੇ ਹੀਰੇ ਦੀ ਪਹਿਚਾਨ ਕਰ ਲਈ ਅਤੇ ਇਹ ਸਮਝ ਲਿਆ ਕਿ ਜੋ ਮਿਸ਼ਨ ਜ਼ੁਲਮ ਦੇ ਰਾਜ ਨੂੰ ਖਤਮ ਕਰਨ ਦਾ ਅਰੰਭਿਆ ਸੀ, ਉਸਦੀ ਸੰਪੂਰਨਤਾ ਕਰਨ ਵਾਲਾ ਇਕ ਯੋਗ ਵਿਅਕਤੀ ਮਿਲ ਗਿਆ ਹੈ। ਗੁਰੂ ਸਾਹਿਬ ਦੀ ਪਾਰਸ ਵਰਗੀ ਸੋਚ ਨੇ ਮਾਧੋ ਦਾਸ ਨੂੰ ਆਪਣੇ ਵਿਚਾਰਾ ਨਾਲ ਅਜਿਹਾ ਤਰਾਸ਼ਿਆ ਕਿ ਅਖੀਰ ਵਿੱਚ ਪੁੱਛਣ ਤੇ ਬਸ ਇਹੀ ਸ਼ਬਦ ਮੂੰਹੋ ਨਿਕਲੇ ਕਿ ਹੁਣ ਤੇਰਾ ਬੰਦਾ ਹਾ। ਫਿਰ ਉਸ ਬੰਦੇ ਨੇ ਜੋ ਕਾਰਜ਼ ਕੀਤੇ, ਉਹ ਇਤਿਹਾਸ ਦੇ ਸੁਨਹਿਰੀ ਪੰਨਿਆ ‘ਤੇ ਦਰਜ਼ ਹੋਏ।

ਅੱਜ ਦਾ ਦਿਨ ਸਾਨੂੰ ਉਸ ਮਰਦ ਦਲੇਰ ਬਾਬਾ ਬੰਦਾ ਸਿੰਘ ਬਹਾਦਰ ਦੀ ਹਿੰਮਤ ਅਤੇ ਸਾਹਸ ਨੂੰ ਸਮਰਪਿਤ ਹੋ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਦਿਨ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗਲ ਸਲਤਨਤ ਦਾ ਅੰਤ ਕਰ ਦਿੱਤਾ ਸੀ। ਬਹੁਤ ਸਾਰੇ ਵੀਰ ਹਰ ਸਾਲ ਦਸੰਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਬੜੇ ਹੀ ਉਤਸ਼ਾਹ ਨਾਲ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਬੜੀ ਸ਼ਰਧਾ ਨਾਲ ਜਾਂਦੇ ਹਨ ਅਤੇ ਪਿੰਡਾਂ ਵਿੱਚੋਂ ਟਰਾਲੀਆਂ, ਟਰੱਕਾਂ ਤੇ ਰਾਸ਼ਨ ਆਦਿਕ ਲਿਜਾ ਕੇ ਵੰਨ ਸਵੰਨੇ ਲੰਗਰ ਲਗਾ ਕੇ, ਆਏ ਸ਼ਰਧਾਲੂਆਂ ਦੀ ਸੇਵਾ ਵੀ ਕਰਦੇ ਹਨ। ਸਿੱਖਾਂ ਵਿੱਚ ਅੱਜਕੱਲ ਦਿਖਾਵਾ ਕਰਨ ਦੀ ਆਦਤ ਵਧੇਰੇ ਬਣ ਗਈ ਹੈ। ਲੰਗਰ ਲਗਾਕੇ ਬੜੀ ਜੋਰ ਜੋਰ ਨਾਲ ਅਵਾਜਾਂ ਦਿੰਦੇ ਹਨ ਕਿ ਗਰਮ ਗਰਮ ਪਕੌੜੇ, ਗਰਮ ਜਲੇਬੀਆਂ, ਬਦਾਮਾਂ ਵਾਲੀ ਖੀਰ,ਕੋਈ ਗੰਨੇ ਦੇ ਰਸ ਦਾ ਲੰਗਰ ਲਾਉਂਦਾ ਹੈ, ਮੁੱਕਦੀ ਗੱਲ ਕਿ ਛੱਤੀ ਪ੍ਰਕਾਰ ਦੇ ਪਕਵਾਨ ਪੱਕਦੇ ਹਨ। ਇਹ ਵੀ ਕੋਈ ਮਾੜੀ ਗੱਲ ਨਹੀਂ ਸੇਵਾ ਕਰਨੀ ਵੀ ਸਾਡਾ ਫਰਜ਼ ਹੈ, ਪਰ ਉਥੇ ਇਤਿਹਾਸ ਕੀਹ ਹੈ, ਇਥੇ ਕੀਹ ਵਾਪਰਿਆ, ਇਸ ਬਾਰੇ ਤੁਸੀਂ ਜੇ ਕਿਸੇ ਸੇਵਾ ਕਰਦੇ ਜਾਂ ਜੋੜ ਮੇਲੇ ਤੇ ਦਰਸ਼ਨ ਕਰਨ ਗਏ, ਕਿਸੇ ਸਿੱਖ ਨੂੰ ਪੁੱਛੋ ਤਾਂ ਇਹ ਹੀ ਜਵਾਬ ਹੋਵੇਗਾ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ ਸੀ, ਬੱਸ ਇਸ ਤੋਂ ਬਾਅਦ ਕੀਹ ਹੋਇਆ, ਕਿਸੇ ਨੂੰ ਹੀ ਪਤਾ ਹੋਵੇਗਾ।

ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਨਾਲ ਪਿਆ ਇੱਕ ਉਚਾ ਮਿੱਟੀ ਅਤੇ ਇੱਟਾਂ ਦਾ ਥੇਹ, ਜਿਸ ਉੱਤੇ ਪੁਲਿਸ ਬੈਠੀ ਹੁੰਦੀ ਹੈ ,ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਬਹੁਗਿਣਤੀ ਇਹ ਹੀ ਸਮਝਦੀ ਹੈ ਕਿ ਇਹ ਮਲਬੇ ਦਾ ਇੱਕ ਢੇਰ ਹੈ, ਜਿਵੇ ਆਮ ਤੌਰ ਤੇ ਕਿਸੇ ਵੱਡੀ ਇਮਾਰਤ ਨੂੰ ਢਾਹੁਣ ਤੋਂ ਬਾਅਦ ਢੇਰ ਲੱਗ ਜਾਂਦਾ ਹੈ। ਪਿੱਛੇ ਜਿਹੇ ਇੱਕ ਕਾਰ ਸੇਵਾ ਵਾਲੇ ਬਾਬਿਆਂ ਨੇ ਉਸ ਮਲਬੇ ਦੇ ਢੇਰ ਨੂੰ ਚੁੱਕਣਾ ਵੀ ਆਰੰਭ ਕਰ ਦਿੱਤਾ ਸੀ, ਲੇਕਿਨ ਦਾਸ ਲੇਖਿਕ ਨੇ ਤੁਰੰਤ ਸ. ਸਿਮਰਨਜੀਤ ਸਿੰਘ ਮਾਨ ਅਤੇ ਹੋਰ ਪੰਥ ਦਰਦੀਆਂ ਨੂੰ ਇਸ ਬਾਰੇ ਇਤਲਾਹ ਦਿੱਤੀ ਤੇ ਇਹ ਢੇਰ ਬਚ ਗਿਆ। ਅਸਲ ਵਿੱਚ ਇਹ ਢੇਰ ਸਿਰਫ ਮਲਬੇ ਦਾ ਢੇਰ ਨਹੀਂ ਹੈ, ਇਹ ਤਾਂ ਇੱਕ ਸਲਤਨਤ ਦੀ ਢੇਰੀ ਲੱਗੀ ਹੋਈ ਹੈ, ਜਿਹੜੀ ਕਿਸੇ ਵੇਲੇ ਏਨੀ ਜਾਬਰ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਸੂਮ ਬੱਚਿਆਂ ( ਛੋਟੇ ਸਾਹਿਬਜ਼ਾਦਿਆਂ ) ਨੂੰ ਨੀਂਹਾਂ ਵਿੱਚ ਚਿਨਣ ਦੇ ਹੁਕਮ ਸੁਣਾ ਰਹੀ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਲਤਨਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਜਿੱਥੇ ਗੁਰੂ ਕੇ ਲਾਲ ਸ਼ਹੀਦ ਹੋਏ, ਉਥੇ ਚੌਵੀ ਘੰਟੇ ਅਮ੍ਰਿਤ ਮਈ ਬਾਣੀ ਦੀ ਵਰਖਾ ਹੁੰਦੀ ਹੈ, ਲੰਗਰ ਚੱਲਦੇ ਹਨ, ਪਰ ਜਿਹੜੀ ਬਾਦਸ਼ਾਹੀ ਹੁਕਮ ਚਲਾਉਂਦੀ ਸੀ, ਉਹ ਥੇਹ ਬਣੀ ਨਜਰ ਆਉਂਦੀ ਹੈ।

ਅੱਜ ਤੱਕ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਨੇ ਕਦੇ ਇਹ ਖਿਆਲ ਹੀ ਨਹੀਂ ਕੀਤਾ ਕਿ ਉਸ ਥੇਹ ਨੂੰ ਸੰਭਾਲਣ ਦੇ ਨਾਲ ਨਾਲ, ਹਰ ਜੋੜ ਮੇਲੇ ਤੇ ਉਥੇ ਇੱਕ ਵਿਸ਼ੇਸ਼ ਜਾਣਕਾਰੀ ਦੇਣ ਦਾ ਵੀ ਪ੍ਰਬੰਧ ਕੀਤਾ ਜਾਵੇ ਕਿ ਜ਼ੁਲਮੀ ਦਾ ਇੱਕ ਦਿਨ ਅਜਿਹਾ ਹੀ ਹਸ਼ਰ ਹੁੰਦਾ ਹੈ ਅਤੇ ਧਰਮੀਆਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ। ਇੱਥੋਂ ਦਾ ਨਿਜ਼ਾਮ ਨਹੀਂ ਚਾਹੁੰਦਾ ਕਿ ਇਸ ਦਾ ਬਹੁਤਾ ਪ੍ਰਚਾਰ ਹੋਵੇ ਅਤੇ ਅਸੀਂ ਵੀ ਹੋਰ ਜਲੌਅ ਬਹੁਤ ਬਣਾਉਦੇ ਹਾ, ਪਰ ਇਹਨਾਂ ਗੱਲਾਂ ਦਾ ਧਿਆਨ ਘੱਟ ਹੀ ਕਰਦੇ ਹਾ। ਇਹ ਸਾਡੀ ਸਾਡੀ ਬੇਅਕਲੀ ਹੈ ਕਿ ਅਸੀਂ ਉਹ ਥੇਹ ਪੁਲਿਸ ਨੂੰ ਸੌਂਪ ਦਿੰਦੇ ਹਾ ਫਿਰ ਉਸ ਥੇਹ ਤੇ ਜਾ ਕੇ ਇਤਿਹਾਸ ਦਾ ਅਨਭਵ ਤਾਂ ਕਿਸੇ ਨੇ ਕੀਹ ਕਰਨਾ ਹੈ,ਸਗੋਂ ਪੁਲਿਸ ਦੇ ਵੱਡੇ ਵੱਡੇ ਅਫਸਰ ਥੇਹ ਉੱਤੇ ਖੜੇ ਵੇਖ ਕੇ, ਕੋਈ ਉਧਰ ਅੱਖ ਕਰਨ ਦੀ ਵੀ ਹਿੰਮਤ ਨਹੀਂ ਕਰਦਾ। ਇਹ ਸਾਡੀ ਬਦਕਿਸਮਤੀ ਜਾਂ ਨਲਾਇਕੀ ਹੀ ਆਖੀ ਜਾ ਸਕਦੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਸਤਿਗੁਰੁ ਜੀ ਨੇ ਆਪ ਕੀਤੀ ਅਤੇ ਜ਼ੁਲਮੀ ਰਾਜ ਦਾ ਅੰਤ ਕਰ ਦੇਣ ਦੀ ਤਕੀਦ ਵੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਿੱਖਾਂ ਅੰਦਰ ਬੜੀਆਂ ਸ਼ੰਕਾਵਾਂ ਪੈਦਾ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕਰਨ ਵਾਲੇ, ਇਸ ਬਹਾਦਰ ਜਰਨੈਲ ਅਤੇ ਗੁਰੂ ਦੇ ਵਰੋਸਾਇ ਇੱਕ ਮਹਾਨ ਸਿੱਖ ਨੂੰ ਸਿੱਖਾਂ ਦੇ ਦਿਲਾਂ ਤੋਂ ਦੁੂਰ ਰੱਖਿਆ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਸਮੇਂ ਗੁਰੂ ਸਾਹਿਬ ਨੇ ਪੰਜ ਤੀਰ ਅਤੇ ਪੰਜ ਸਿੰਘ ਦੇ ਕੇ, ਪੰਜਾਬ ਵੱਲ ਰਵਾਨਾਂ ਕੀਤਾ ਸੀ ਤਾਂ ਉਸ ਵੇਲੇ ਇਹ ਕੋਈ ਨਹੀਂ ਜਾਣਦਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਪੰਜ ਤੀਰਾਂ ਜਾਂ ਪੰਜ ਸਿੰਘਾਂ ਨਾਲ, ਇੱਕ ਸਲਤਨਤ ਦਾ ਕਿਵੇ ਮੁਕਬਲਾ ਕਰੇਗਾ, ਪਰ ਕਲਗੀਧਰ ਦੀ ਚੋਣ ਕਿਵੇ ਗਲਤ ਹੋ ਸਕਦੀ ਸੀ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਾਬਲੀਅਤ ਨੂੰ ਉਸਦੇ ਚਿਹਰੇ ਤੋਂ ਹੀ ਪੜ੍ਹ ਲਿਆ ਸੀ ਅਤੇ ਬੜਾ ਵੱਡਾ ਭਰੋਸਾ ਕਰਦਿਆਂ ਉਸ ਨੂੰ ਏਡੀ ਵੱਡੀ ਜਿੰਮੇਵਾਰੀ ਬਖਸ਼ਿਸ਼ ਕੀਤੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਇੱਕ ਵਾਹਿਦ ਕਮਾਂਡਰ ਸਨ, ਜਿਹਨਾਂ ਨੇ ਲੋਕਾਂ ਦੀ ਰੂਹ ਨੂੰ ਸਪਰਸ਼ ਕੀਤਾ ਅਤੇ ਜਦੋਂ ਲੋਕਾਂ ਨੂੰ ਬਾਬਾ ਜੀ ਦੀ ਦ੍ਰਿੜਤਾ ਅਤੇ ਨਿਸ਼ਚੇ ਦੀ ਸਮਝ ਆਈ ਕਿ ਜ਼ੁਲਮ ਦਾ ਰਾਜ ਖਤਮ ਕਰਕੇ ਇੱਕ ਲੋਕ ਰਾਜ ਕਾਇਮ ਕਰਨ ਦਾ ਅਕੀਦਾ ਲੈ ਕੇ ਆਏ ਹਨ ਤਾਂ ਫਿਰ ਲੋਕਾਂ ਨੇ ਕਿਸੇ ਵੱਡੀਆਂ ਫ਼ੌਜਾਂ ਜਾਂ ਤੋਪਾ ਦਾ ਭੈਅ ਨਹੀਂ ਮੰਨਿਆ ਅਤੇ ਨਾ ਹੀ ਕਿਸੇ ਕਿਸਮ ਦੇ ਹਥਿਆਰਾਂ ਦੀ ਉਡੀਕ ਕੀਤੀ, ਜਿਸ ਦੇ ਜੋ ਹੱਥ ਆਇਆ, ਉਹ ਲੈ ਕੇ, ਜ਼ੁਲਮ ਖਿਲਾਫ਼ ਲੜਣ ਵਾਸਤੇ, ਘਰੋਂ ਆਜ਼ਾਦੀ ਦਾ ਸ਼ੁਦਾਈ ਬਣ ਕੇ ਨਿਕਲ ਤੁਰਿਆ। ਇੱਕ ਇੱਕ ਕਰਕੇ ਇੱਕ ਕਾਫਲਾ ਬਣ ਗਿਆ, ਜਿਸ ਨੇ ਇੱਕ ਵੱਡੀ ਸਲਤਨਤ ਉੱਤੇ ਫਤਹਿ ਪਾਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਲੋਕਾਂ ਨੂੰ ਉਹਨਾਂ ਦੀਆਂ ਜਮੀਨਾਂ, ਜਿਹੜੀਆਂ ਵੱਡੇ ਜਿਮੀਦਾਰਾਂ ਦੇ ਕਬਜ਼ੇ ਵਿੱਚ ਸਨ ,ਦੇ ਮਾਲਕੀ ਦੇ ਹੱਕ ਹਕੂਕ ਦੇ ਕੇ, ਇੱਕ ਲੋਕਰਾਜ ਸਥਾਪਤ ਕੀਤਾ।

ਗੁਰੂ ਦੀ ਕਿਰਪਾ ਸਿੱਖਾਂ ਉੱਤੇ ਹਰ ਵੇਲੇ ਹੈ, ਕੋਈ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਵੱਲ ਨੂੰ ਮੁੰਹ ਕਰਕੇ ਤੁਰਿਆ ਹੈ, ਗੁਰੂ ਨੇ ਸੀਨੇ ਨਾਲ ਲਾਇਆ ਹੈ। ਕਿਸੇ ਨੂੰ ਬਾਦਸ਼ਾਹੀ ਤੇ ਕਿਸੇ ਨੂੰ ਸਭ ਤੋਂ ਵੱਡੀ ਦਾਤ ਸ਼ਹਾਦਤ ਝੋਲੀ ਵਿੱਚ ਪਾਈ ਹੈ। ਜਦੋਂ ਵੀ ਕਦੇ ਕੋਈ ਸਿੱਖ ਆਗੂ ਸਾਫ਼ ਨੀਅਤ ਨਾਲ ਕੌਮੀ ਕਾਰਜ਼ ਵਾਸਤੇ ਤੁਰਿਆ ਹੈ ਤਾਂ ਗੁਰੂ ਦੀ ਮਿਹਰ ਤਾਂ ਹੋਣੀ ਹੀ ਸੀ ,ਸਿੱਖਾਂ ਨੇ ਵੀ ਪੂਰਾ ਸਾਥ ਦਿੱਤਾ ਹੈ ਅਤੇ ਫਤਹਿ ਨੇ ਵੀ ਉਸ ਦੇ ਚਰਨ ਚੁੰਮੇ ਹਨ। ਅੱਜ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ, ਅਜੋਕੇ ਸਮੇਂ ਕੌਮ ਦੀ ਹਾਲਤ ਉੱਤੇ ਚਿੰਤਨ ਕਰਨ ਦਾ ਹੈ ਕਿ ਅੱਜ ਕੌਮ ਖਵਾਰੀਆਂ ਕਿਉਂ ਭੋਗ ਰਹੀ ਹੈ। ਵਰਤਮਾਨ ਲੀਡਰਾਂ ਦਾ ਕੌਮੀ ਹਿੱਤਾਂ ਤੋਂ ਮੋਹ ਭੰਗ ਹੋਣਾ ਅਤੇ ਕੇਵਲ ਸਿਆਸੀ ਤਾਕਤ ਵਾਸਤੇ ਜਦੋ ਜਹਿਦ ਕਰਨੀ ,ਇਸ ਨੇ ਆਮ ਲੋਕਾਂ ਦਾ ਭਰੋਸਾ ਲੀਡਰਾਂ ਤੋਂ ਚੁੱਕ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਸਿੱਖਾਂ ਦੇ ਪੱਲੇ ਖਵਾਰੀਆਂ ਜਾਂ ਦੂਸ਼ਵਾਰੀਆਂ ਤੋਂ ਸਿਵਾ ਕੁੱਝ ਨਹੀਂ ਹੈ, ਲੇਕਿਨ ਸਿੱਖਾਂ ਵਿੱਚ ਮੁੜ੍ਹ ਤੋਂ ਭਰੋਸਾ ਪੈਦਾ ਕਰਨ ਵਾਸਤੇ ਕਿ ਹਾਲੇ ਵੀ ਸੱਚ ਮਰਿਆ ਨਹੀਂ, ਕੁੱਝ ਸਿੱਖ ਅੱਜ ਵੀ ਗੁਰੂ ਭੈਅ ਵਿੱਚ ਜਿਉਣ ਵਾਲੇ ਅਤੇ ਧਰਮ ਕਰਮ ਨੂੰ ਪਹਿਲ ਦੇਣ ਵਾਲੇ ਹਨ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਤੇ ਚੱਲਕੇ ਕੌਮ ਦੀ ਵਿਗੜੀ ਸੰਵਾਰਨ ਵਾਸਤੇ ਆਪਾ ਕੁਰਬਾਨ ਕਰ ਸਕਦੇ ਹਨ।

ਅੱਜ ਬਾਪੁ ਸੂਰਤ ਸਿੰਘ ਖਾਲਸਾ, ਜਿਹੜਾ ਘਰੋਂ ਹਰ ਪੱਖੋਂ ਸੁਖੀ ਸੀ, ਸਾਰੇ ਬੱਚੇ ਸਵਰਗ ਵਰਗੇ ਦੇਸ਼ ਅਮਰੀਕਾ ਵਿੱਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ, ਪਰ ਪੰਥ ਦੀ ਤਰਾਸਦੀ ਵੇਖ ਕੇ ਅਤੇ ਸਿੱਖਾਂ ਵਿੱਚੋਂ ਆਗੂਆਂ ਪ੍ਰਤੀ ਟੁੱਟੇ ਭਰੋਸੇ ਨੂੰ ਮੁੜ੍ਹ ਬਹਾਲ ਕਰਨ ਦੇ ਲਈ, ਪਚਾਸੀ ਸਾਲਾ ਬਜੁਰਗ ਪਿਛਲੇ ਚਾਰ ਮਹੀਨਿਆਂ ਤੋਂ ਸਰਕਾਰੀ ਜਬਰ ਝੱਲਦਾ ਹੋਇਆ, ਆਪਣੇ ਅਕੀਦੇ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ, ਭੁੱਖੇ ਢਿੱਡ ਹੱਡੀਆਂ ਦਾ ਬਾਲਣ ਬਾਲਕੇ, ਤਿਲ ਤਿਲ ਕਰਕੇ ਟੁੱਟ ਰਿਹਾ ਹੈ। ਕੀਹ ਅੱਜ ਸਾਡੇ ਅੰਦਰੋਂ ਕਲਗੀਧਰ ਦੇ ਖੂਨ ਦੇ ਅੰਸ਼ ਖਤਮ ਹੋ ਚੁੱਕੇ ਹਨ ਕਿ ਅਸੀਂ ਪਹਿਚਾਨ ਕਰਨ ਦੇ ਕਾਬਿਲ ਵੀ ਨਹੀਂ ਰਹੇ, ਕਿ ਕੌਣ ਸਾਡੇ ਕੌਮੀ ਮੁੱਦਿਆਂ ਵਾਸਤੇ, ਆਪਣੇ ਸਿਰ ਉੱਤੇ ਕਫਨ ਬੰਨੀ ਸਾਨੂੰ ਵੰਗਾਰ ਰਿਹਾ ਹੈ?

ਆਓ ਵੇਲਾ ਹੈ, ਹੁਣ ਕਿਸੇ ਹਥਿਆਰ ਨੂੰ ਨਾ ਉਡੀਕੋ, ਕਿਸੇ ਬਾਦਸ਼ਾਹੀ ਦੀ ਕਾਣ ਨਾ ਰੱਖੋ, ਸਿਰਾਂ ਦਾ ਕਾਫਲਾ ਬਣਾ ਲਵੋ, ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਫਤਹਿ ਦਿਵਸ ਨੂੰ ਯਾਦ ਕਰ ਲਵੋ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਕੇ, ਇਸ ਫਤਹਿ ਦਿਵਸ ਨੂੰ ਇੱਕ ਹੋਰ ਫਤਿਹ ਨਾਲ ਸ਼ਿੰਗਾਰ ਦਿਆਂ, ਸੱਚੇ ਦਿਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਂਟ ਕਰੀਏ।

ਗੁਰੂ ਰਾਖਾ !!

Tag Cloud

DHARAM

Meta