ਗੁਰੂ ਸਾਹਿਬਾਨ ਦੀਆਂ ਨਕਲੀ ਤਸਵੀਰਾਂ *ਡਾ. ਹਰਜਿੰਦਰ ਸਿੰਘ ਦਿਲਗੀਰ

ਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਤਸਵੀਰਾਂ ਮਿਲਦੀਆਂ ਹਨ, ਉਹ ਸਭ ਨਕਲੀ ਹਨ। ਗੁਰੂ

ਸਾਹਿਬਾਨ ਦੇ ਵੇਲੇ ਸਿਰਫ਼ ਇਕ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪੇਂਟਿੰਗ ਢਾਕਾ ਵਿਚ ਬਣਾਏ ਜਾਣ ਦਾ

ਜ਼ਿਕਰ ਮਿਲਦਾ ਹੈ। ਉਸ ਤਸਵੀਰ ਦਾ  1947 ਤੋਂ ਮਗਰੋਂ ਕੋਈ ਪਤਾ ਨਹੀਂ ਲੱਗਾ। ਪਰ, ਅੱਜ ਜਿਸ ਫੋਟੋ

ਨੂੰ ਉਹ ਤਸਵੀਰ ਕਹਿ ਕੇ ਪਰਚਾਰਿਆ ਜਾਂਦਾ ਹੈ, ਉਹ ਨਕਲੀ ਹੈ। ਯਾਨਿ ਇਸ ਵਕਤ ਕੋਈ ਵੀ ਤਸਵੀਰ ਅਸਲੀ

ਨਹੀਂ ਹੈ। ਗੁਰੂ ਸਾਹਿਬ ਦੀਆਂ ਪਹਿਲੀਆਂ ਤਸਵੀਰਾਂ ਅਠਾਰਵੀਂ ਸਦੀ ਦੇ ਅਖ਼ੀਰ ਵਿਚ ਬਣਾਈਆਂ

ਜਾਣੀਆਂ ਸ਼ੁਰੂ ਹੋਈਆਂ ਸਨ। ਪਹਾੜੀ ਇਲਾਕਿਆਂ ਵਿਚ, ਖ਼ਾਸ ਕਰ ਕੇ ਕਾਂਗੜਾ ਤੇ ਗੁਲੇਰ ਵਿਚ, ਕਈ

ਤਸਵੀਰਾਂ ਬਣਾਈਆਂ ਗਈਆਂ ਸਨ (ਇਨ੍ਹਾਂ ਵਿਚੋਂ ਇਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਰਬਾਰ

ਸਾਹਿਬ ਦੇ ਅੰਦਰ ਵੀ ਲੱਗੀ ਹੋਈ ਹੈ)। 1770 ਦੇ ਦੁਆਲੇ, ਜਦ ਜੱਸਾ ਸਿੰਘ ਰਾਮਗੜ੍ਹੀਆ ਨੇ ਬਾਬਾ

ਅਟਲ ਦੀ ਈਮਾਰਤ ਬਣਾਈ, ਤਾਂ ਉਨ੍ਹਾਂ ਨੇ ਬਰੇਲੀ, ਬਨਾਰਸ ਅਤੇ ਹੋਰ ਜਗਹ ਤੋਂ ਆਏ ਹਿੰਦੂ

ਕਲਾਕਾਰਾਂ ਨੂੰ,  ਇਸ ਇਮਾਰਤ ਦੀ ਸਜਾਵਟ ਦੀ ਡਿਊਟੀ ਦਿੱਤੀ ਸੀ। ਉਨ੍ਹਾਂ ਕਲਾਕਾਰਾਂ ਨੇ ਸਜਾਵਟ ਦੇ

ਨਾਂ ‘ਤੇ ਹਿੰਦੂ ਸ਼ੈਲੀ ਵਿਚ ਗੁਰੂ ਸਾਹਿਬ ਦੀਆਂ ਅਤੇ ਹਿੰਦੂ ਮਿਥਹਾਸ ਦੀਆਂ ਤਸਵੀਰਾਂ ਬਾਬਾ ਅਟਲ

ਦੀ ਇਮਾਰਤ ਵਿਚ ਭਰ ਦਿੱਤੀਆਂ। ਇਸ ਤੋਂ ਇਲਾਵਾ ਨਿਰਮਲਿਆਂ ਅਤੇ ਉਦਾਸੀਆਂ ਨੇ ਆਪਣੇ

‘ਅਖਾੜਿਆਂ’ ਵਿਚ ਇਨ੍ਹਾਂ ਹਿੰਦੂ ਕਲਾਕਾਰਾਂ ਤੋਂ ਪੇਂਟਿੰਗ ਤਿਆਰ ਕਰਵਾਈਆਂ। ਇੰਞ ਹੀ,

ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਕਪੂਰਥਲਾ ਤੇ ਹੋਰ ਸਿੱਖ ਰਾਜਿਆਂ ਦੇ ਰਾਜ ਦੌਰਾਨ ਵੀ ਕੁਝ

ਤਸਵੀਰਾਂ ਬਣਵਾਈਆਂ ਸਨ। ਕੁਝ ਤਸਵੀਰਾਂ ਸ਼ਾਇਦ ਮੁਸਲਮਾਨ ਕਲਾਕਾਰਾਂ ਨੇ ਵੀ ਬਣਾਈਆਂ

ਮੌਜੂਦਾ ਸਮੇਂ ਵਿਚ ਸਭ ਤੋਂ ਵਧ ਮਸ਼ਹੂਰੀ 1969 ਵਿਚ ਸ. ਸੋਭਾ ਸਿੰਘ ਵੱਲੋਂ ਬਣਾਈ

ਗੁਰੂ ਨਾਨਕ ਸਾਹਿਬ ਦੇ ਨਾਂ ਵਾਲੀ ਤਸਵੀਰ ਨੂੰ ਮਿਲੀ ਸੀ। ਇਸ ਤਸਵੀਰ ਇਕ ਫਿੱਟੇ ਹੋਏ ਸਾਧ ਨੂੰ

ਮਾਡਲ ਵਜੋਂ ਬਿਠਾ ਕੇ ਬਣਾਈ ਗਈ ਸੀ। ਇਹ ਗੁਨਾਹ ਕਰ ਕੇ ਲੋਕਾਂ ਤੋਂ ਉਸ ਸਾਧ ਦੀ ਪੂਜਾ ਕਰਵਾਈ

ਗਈ। ਇਸ ਤਸੀਰ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਛਾਪ ਕੇ ਵੰਡਿਆ ਸੀ। ਇੰਞ

ਸਿੱਖਾਂ ਵਿਚ ਮੂਰਤੀ ਪੂਜਾ ਨੂੰ ਪਰਚਾਰਨ ਦੀ ਜ਼ਿੰਮੇਦਾਰੀ ਸ਼੍ਰੋਮਣੀ ਕਮੇਟੀ ਵੀ ਬਾਕੀਆਂ ਤੋਂ ਵਧ

ਹੈ।ਮੈਂ 1995 ਵਿਚ ਸ਼੍ਰੋਮਣੀ ਕਮੇਟੀ  ਦੇ ਸਕੱਤਰ ਸ. ਮਨਜੀਤ ਸਿੰਘ ਕਲਕੱਤਾ ਨੂੰ ਚਿੱਠੀ ਲਿਖ ਕੇ ਇਸ

ਤਸਵੀਰ ਦਾ ਛਪਣਾ ਬੰਦ ਕਰਨ ਵਾਸਤੇ ਕਿਹਾ। ਉਨ੍ਹਾਂ ਜਵਾਬ ਵਿਚ ਲਿਖਿਆ ਕਿ ਸ਼੍ਰੋਮਣੀ ਕਮੇਟੀ ਨੇ ਸਿਰਫ਼

ਇਕ ਵਾਰ ਹੀ ਇਹ ਫ਼ੋਟੋ ਛਾਪੀ ਸੀ। ਮੈਂ ਇਹ ਵੀ ਕਿਹਾ ਸੀ ਕਿ ਫ਼ੋਟੋਆਂ ਛਾਪਾ ਬੰਦ ਕਰਨ ਵਾਸਤੇ

ਮਤਾ ਪਾਸ ਕੀਤਾ ਜਾਵੇ।* ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਸੀ; ਪਰ, ਜੇ ਸ਼੍ਰੋਮਣੀ ਕਮੇਟੀ ‘ਤੇ ਬਾਦਲ ਦਾ

ਕਬਜ਼ਾ ਹੁੰਦਾ ਤਾਂ ਇਹ ਨਹੀਂ ਹੋ ਸਕਣਾ ਸੀ।

ਪਰ. ਹੁਣ ਹੋਰ ਬਹੁਤ ਸਾਰੇ ਅਦਾਰੇ ਉਸ ਸਾਧ ਦੀ ਫ਼ੋਟੋ ਨੂੰ ਗੁਰੂ ਨਾਨਕ ਸਾਹਿਬ ਦੀ ਫ਼ੋਟੋ

ਕਹਿ ਕੇ ਅੱਜ ਵੀ ਛਾਪੀ ਜਾ ਰਹੇ ਹਨ। ਇਸ ਤੋਂ ਕੂਝ ਸਾਲ ਮਗਰੋਂ ਸੋਭਾ ਸਿੰਘ ਨੇ ਗੁਰਦਾਸਪੁਰ ਦੇ

ਸਾਧ ਭਾਗ ਸਿੰਘ ਨੂੰ ਮਾਡਲ ਵਜੋਂ ਬਿਠਾ ਕੇ ਦੋ ਤਸਵੀਰਾਂ ਬਣਾਈਆਂ। ਇਕ ਦੇ ਹੇਠਾਂ ‘ਗੁਰੂ ਤੇਗ਼

ਬਹਾਦਰ’ ਤੇ ਦੂਜੀ ਦੇ ਹੇਠਾਂ ‘ਗੁਰੂ ਗੋਬਿੰਦ ਸਿੰਘ’ ਲਿਖ ਕੇ ਲੋਕਾਂ ਤੋਂ ਸਾਧ ਭਾਗ ਸਿੰਘ ਦੀ ਪੂਜਾ

ਕਰਵਾਈ। ਇਹ ਗੱਲ ਸ. ਸੌਭਾ ਸਿੰਘ ਨੇ ਮੈਨੂੰ ਅੰਮ੍ਰਿਤਸਰ ਵਿਚ 1982 ਵਿਚ ਦੱਸੀ ਸੀ। ਸੋਭਾ ਸਿੰਘ

ਇਕ ਮਹਾਨ ਕਲਾਕਾਰ ਸਨ ਤੇ ਉਨ੍ਹਾਂ ਦਾ ਮੈਂ ਅੱਜ ਵੀ ਓਨਾ ਹੀ ਕਦਰਦਾਨ ਹਾਂ ਤੇ ਰਹਾਂਗਾ ਵੀ; ਪਰ

ਉਨ੍ਹਾਂ ਨੇ ਇਹ ਤਸਵੀਰਾਂ ਬਣਾ ਕੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ।

ਇਨ੍ਹਾਂ ਤਿੰਨ ਤਸਵੀਰਾਂ ਤੋਂ ਇਲਾਵਾ ਗੁਰੂ ਸਾਹਿਬ ਦੇ ਨਾਂ ‘ਤੇ ਬਹੁਤ ਸਾਰੀਆਂ ਹੋਰ

ਤਸਵੀਰਾਂ ਵੀ ਮਿਲਦੀਆਂ ਹਨ। ਉਨ੍ਹਾਂ ਵਿਚੋਂ ਕਈ ਤਾਂ ਗੁਰੂ ਸਾਹਿਬ ਦਾ ਰੂਪ ਵਿਗਾੜਨ ਵਲੀਆਂ ਵੀ ਹਨ;

ਕਿਤੇ ਮੁੱਛਾਂ ਕੱਟੀਆਂ ਹਨ, ਕਿਤੇ ਦਾੜ੍ਹੀ ‘ਬਣਾਈ’ ਹੋਈ ਹੈ। ਕਿਤੇ ਹੋਰ ਮਜ਼ਾਹੀਆ ਜਾਂ ਤਮਾਸਬੀਨੀ

ਵਾਲਾ ਹਿੱਸਾ ਦਿਖਇਆ ਹੋੲਆ ਹੈ। ਸਭ ਤੋ ਮਾੜਾ ਪੱਖ ਇਹ ਹੈ ਕਿ ਗੁਰੂ ਣਸਾਹਿਬ ਜਿਸ ਮਾਲਾ

ਨੂੰ ਰੱਦ ਕਰਦੇ ਰਹੇ, ਗੁਰੂਆਂ ਦੇ ਗਲਿਆਂ ਤੇ ਹੱਥ ਵਿਚ ਉਹੀ ਦਿਖਾਈਆਂ ਹੋਈਆਂ ਹਨ। ਇਕ

ਬੇਈਮਾਨ ਨੇ ਤਾਂ ਇਕ ਫ਼ੋਟੋ ਵਿਚ ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਨੂੰ ਰਖੜੀ ਬੰਨ੍ਹਦਾ

ਵੀ ਦਿਖਾ ਦਿੱਤਾ ਸੀ। ਹਾਲਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਰਖੜੀ ਦੀ ਰਸਮ ਪੰਜਾਬ

ਦੇ ਹਿੰਦੂਆਂ ਵਿਚ ਵੀ ਨਹੀਂ ਮੌਜੂਦ ਸੀ।

1969 ਤੋਂ ਸਿੱਖਾਂ ਵਿਚ ਮੂਰਤੀ ਪੂਜਾ ਦਾ ਪਸਾਰਾ ਬਹੁਤ ਵਧ ਗਿਆ। ਹਰ ਘਰ ਵਿਚ ਮੋਟੇ ਸਾਧ

ਤੇ ਭਾਗ ਸਿੰਘ ਦੀਆਂ ਪੇਂਟਿੰਗ ਕੰਧਾਂ ਦਾ ਸ਼ਿੰਗਾਰ ਬਣਨ ਲਗ ਪਈਆਂ। ਲੋਕਾਂ ਵਾਸਤੇ ਇਨ੍ਹਾਂ

ਸਾਧਾਂ ਨੂੰ ਮੱਥਾ ਟੇਕਣਾ ਹੀ ਸਿੱਖੀ ਬਣ ਗਿਆ। ਜਿੰਨਾ ਕਿਸੇ ਗੁਰੂ ਦਾ ਸਵਾਂਗ ਬਣਾਉਣਾ ਗ਼ਲਤ

ਹੈ ਓਨਾ ਹੀ ਕਿਸੇ ਮਾਡਲ ਨੂੰ ਬਿਠਾ ਕੇ ਤਸਵੀਰ ਬਣਾ ਕੇ ਗੁਰੂ ਸਾਹਿਬ ਦੀ ਕਹਿ ਕੇ ਪਰਚਾਰਨਾ ਵੀ ਗ਼ਲਤ

ਹੈ। ਜਿਸ ਘਰ ਵਿਚ ਵੀ ਕਿਸੇ ਗੁਰੂ ਦੀ ਤਸਵੀਰ ਮੌਜੂਦ ਹੈ ਉਹ ਘਰ ਯਕੀਨਨ ਮੂਰਤੀ ਪੂਜਾ ਦਾ ਪ੍ਰਚਾਰ ਤੇ

ਪਰਸਾਰ ਕਰ ਰਿਹਾ ਹੈ। ਹਰ ਇਕ ਸਿੱਖ ਦਾ ਫ਼ਰਜ਼ ਹੈ ਕਿ ਘਰ ਵਿਚੋਂ ਸਾਧਾਂ ਦੀਆਂ ਤਸਵੀਰਾਂ ਹਟਾ ਦੇਵੇ ਤੇ

ਉਸ ਦੀ ਜਗਹ ਸ਼ਬਦਾਂ ਦੀਆਂ ਫ਼ੋਟੋ ਜਾਂ ਤਵਾਰੀਖ਼ ਤੇ ਫ਼ਸਲਫ਼ੇ ਨਾਲ ਸਬੰਧਕ ਨੁਕਤਿਆਂ ਬਾਰੇ

ਜਾਣਕਾਰੀਆਂ ਦੀਆਂ ਪਲੇਟਾਂ ਤੇ ਤਸਵੀਰਾਂ ਘਰਾਂ ਵਿਚ ਲਾਈਆਂ ਜਾਣ ਤਾਂ ਜੋ ਬੱਚੇ ਘਟੋ ਘਟ ਕੁਝ ਸ਼ਬਦ

ਜਾਂ ਸਿੱਖੀ ਦੇ ਕੁਝ ਨੁਕਤੇ ਤਾਂ ਯਾਦ ਕਰ ਸਕਣ।

Tag Cloud

DHARAM

Meta