ਗੁਰੂ ਨਾਨਕ ਸਾਹਿਬ ਤੇ ਅਜੋਕਾ ਸਿੱਖ ਸਮਾਜ -ਹਰਚਰਨ ਸਿੰਘ (ਸਿੱਖ ਵਿਰਸਾ)Tel.: (403) 681-8689 Email: hp8689@gmail.com

ਗੁਰੂ ਨਾਨਕ ਸਾਹਿਬ ਧਰਮਾਂ ਦੀ ਦੁਨੀਆਂ ਵਿੱਚ ਇੱਕ ਅਜਿਹੇ ਪੈਗੰਬਰੀ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਦੇ ਪ੍ਰਚਲਤ ਜਿਥੇ ਹਰ ਤਰ੍ਹਾਂ ਦੇ ਜਥੇਬੰਧਕ ਧਰਮਾਂ ਦੀਆਂ ਫੋਕਟ ਰੀਤਾਂ-ਰਸਮਾਂ, ਕਰਮਕਾਂਡਾਂ, ਬਾਹਰੀ ਦਿਖਾਵਿਆਂ, ਪਹਿਰਾਵਿਆਂ, ਮਰਿਯਾਦਾਵਾਂ, ਪਾਖੰਡਾਂ, ਪੂਜਾ-ਪਾਠਾਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਉਥੇ ਮੌਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ ਹਾਕਮਾਂ ਵਿਰੁੱਧ ਵੀ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਲਈ ਆਮ ਲੋਕਾਈ ਨੂੰ ਜਾਗਰਤ ਕੀਤਾ।ਉਨ੍ਹਾਂ ਸਿਰਫ ਇਹ ਕੰਮ ਆਪਣੀ ਕਲਮ ਰਾਹੀਂ ਲਿਖ ਕੇ ਹੀ ਨਹੀਂ ਕੀਤਾ, ਸਗੋਂ ਹਿੰਦੂਆਂ ਦੇ ਵੱਡੇ-ਵੱਡੇ ਮੰਦਰਾਂ, ਤੀਰਥ ਅਸਥਾਨਾਂ ਦੇ ਗੜ੍ਹ ਵਿੱਚ ਜਾ ਕੇ ਉਨ੍ਹਾਂ ਦੇ ਧਾਰਮਿਕ ਆਗੂਆਂ ਪੰਡਤਾਂ-ਬ੍ਰਾਹਮਣਾਂ ਨੂੰ ਵੰਗਾਰਿਆ, ਇਸਲਾਮ ਦੇ ਗੜ੍ਹ ਮੱਕੇ ਵਿੱਚ ਜਾ ਕੇ ਵੱਡੇ-ਵੱਡੇ ਮੌਲਵੀਆਂ ਨੂੰ ਚੈਲਿੰਜ ਕੀਤਾ, ਸਮਾਜ ਦੀਆਂ ਸਮੱਸਿਆਵਾਂ ਤੋਂ ਭੱਜ ਕੇ ਜੰਗਲਾਂ-ਪਹਾੜਾਂ ਵਿੱਚ ਅਖੌਤੀ ਜਪ-ਤਪ ਕਰ ਰਹੇ ਪਾਖੰਡੀ ਸਾਧਾਂ-ਸੰਤਾਂ-ਯੋਗੀਆਂ ਆਦਿ ਨੂੰ ਅਸਲੀ ਜੀਵਨ ਦਾ ਸੰਦੇਸ਼ ਦਿੱਤਾ, ਬਾਬਰ ਵਰਗੇ ਤਾਕਤਵਰ ਹਮਲਾਵਰਾਂ ਸਾਹਮਣੇ ਹਿੱਕ ਤਾਣ ਕੇ ਜ਼ਾਬਰ ਕਹਿਣ ਦੀ ਦਲੇਰੀ ਕੀਤੀ, ਮਲਕ ਭਾਗੋਆਂ ਵਰਗੇ ਸਰਮਾਏਦਾਰਾਂ ਦੇ ਭੋਜਨ ਨੂੰ ਪਾਪ ਦੀ ਕਮਾਈ ਕਹਿ ਨਿਕਾਰਿਆ ਹੀ ਨਹੀਂ, ਸਗੋਂ ਭਾਈ ਲਾਲੋ ਵਰਗੇ ਕਿਰਤੀਆਂ ਦੇ ਘਰ ਜਾ ਕੇ ਸੱਚੀ-ਸੁੱਚੀ ਕਿਰਤ ਨੂੰ ਵਡਿਆਈ ਦਿੱਤੀ, ਧਰਮ ਦੇ ਨਾਮ ਤੇ ਬਾਹਰੀ ਪਹਿਰਾਵਾ ਪਾ ਕੇ ਸੱਜਣ ਬਣੀ ਬੈਠੇ ਠਗਾਂ ਦੇ ਨਕਾਬ ਲਾ ਕੇ ਉਨ੍ਹਾਂ ਦਾ ਅਸਲੀ ਤੇ ਘਿਨਾਉਣਾ ਚਿਹਰਾ ਸਮਾਜ ਸਾਹਮਣੇ ਰੱਖਿਆ। ਅਜਿਹੇ ਇਨਕਲਾਬੀ, ਯੁੱਗ ਪੁਰਸ਼, ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਤੇ ਸਾਡਾ ਸੀਸ ਵਾਰ-ਵਾਰ ਉਨ੍ਹਾਂ ਦੇ ਚਰਨਾਂ ਤੇ ਝੁਕਦਾ ਹੈ।ਉਨ੍ਹਾਂ ਦੀ ਮਨੁੱਖਤਾ ਲਈ ਦੇਣ ਨੂੰ ਵਾਰ-ਵਾਰ ਨਮਸਕਾਰ ਹੈ।ਉਨ੍ਹਾਂ ਦੀ ਸਰਬਤ ਦੇ ਭਲੇ ਦੀ ਵਿਚਾਰਧਾਰਾ ਦਾ ਸੁਨੇਹਾ ਜੋ ਕਿ ਸਾਰੀ ਮਾਨਵਤਾ ਦੀ ਰਹਿਨੁਮਾਈ ਕਰਨ ਦੀ ਸਮਰੱਥਾ ਰੱਖਦਾ ਹੈ, ਉਸਨੂੰ ਅਸੀਂ ਸਿੱਖ ਕਹਾਉਣ ਵਾਲਿਆਂ ਨੇ ਬੜੀ ਬੇਰਹਿਮੀ ਨਾਲ ਦੁਰਕਾਰਿਆ ਹੀ ਨਹੀਂ, ਸਗੋਂ ਅਜਿਹਾ ਜੱਫਾ ਮਾਰ ਲਿਆ ਹੈ ਕਿ ਨਾ ਤੇ ਅਸੀਂ ਕਿਸੇ ਹੋਰ ਨੂੰ ਅਪਨਾਉਣ ਦੇ ਰਹੇ ਹਾਂ ਤੇ ਨਾ ਹੀ ਆਪ ਅਪਨਾ ਰਹੇ ਹਾਂ।ਅਜੋਕਾ ਸਿੱਖ ਸਮਾਜ ਗੁਰੂ ਨਾਨਕ ਸਾਹਿਬ ਦੀ ਮਨੁੱਖਤਾਵਾਦੀ ਸੋਚ ਦੇ ਬਿਲਕੁਲ ਉਲਟ ਖੜਾ ਹੈ, ਗੁਰੂ ਨਾਨਕ ਸਾਹਿਬ ਦੀ ਮਨੁੱਖਤਾ ਦੀ ਭਲਾਈ ਲਈ ਦਿੱਤੀ ਗਈ ਇੱਕ ਵਿਲੱਖਣ ਸੰਸਥਾ ‘ਧਰਮਸ਼ਾਲਾ’ (ਗੁਰਦੁਆਰਾ) ਇੱਕ ਰਵਾਇਤੀ ਸਥਾਨ ਬਣ ਕੇ ਰਹਿ ਗਈ ਹੈ।ਜਿਥੇ ਹੋਰ ਪ੍ਰਚਲਤ ਜਥੇਬੰਧਕ ਧਰਮਾਂ ਵਾਂਗ ਪੂਜਾ-ਪਾਠ, ਕਰਮਕਾਂਡ, ਦਿਖਾਵੇ-ਪਹਿਰਾਵੇ, ਸਿਆਸਤ, ਪਾਖੰਡ ਆਦਿ ਪ੍ਰਧਾਨ ਹਨ।ਅੱਜ ਸਿੱਖ ਸਮਾਜ ਵਿੱਚ ਵੀ ਗੁਰੂ ਨਾਨਾਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਵਾਂਗ ‘ਕੂੜ ਉਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕੈ ਚੜ੍ਹਿਆ’ ਵਾਲੀ ਹਾਲਤ ਹੋ ਚੁੱਕੀ ਹੈ।ਅੱਜ ਦੀ ਇਸ ਵਿਚਾਰ ਚਰਚਾ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿਚੋਂ ਉਦਾਹਰਣਾਂ ਲੈ ਕੇ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਅਜੋਕਾ ਸਿੱਖ ਸਮਾਜ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਉਲਟ ਦਿਸ਼ਾ ਵਿੱਚ ਚੱਲ ਰਿਹਾ ਹੈ।ਮੌਜੂਦਾ ਗੁਰਦੁਆਰਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ।ਹੋਰ ਜਥੇਬੰਧਕ ਧਰਮਾਂ ਵਾਂਗ ਗੁਰਦੁਆਰੇ ਵੀ ਰਵਾਇਤੀ ਪੂਜਾ ਪਾਠ ਦੇ ਸਥਾਨ ਬਣ ਚੁੱਕੇ ਹਨ।ਮੌਜੂਦਾ ਗੁਰਦੁਆਰੇ ਭ੍ਰਿਸ਼ਟਾਚਾਰ, ਵਿਭਚਾਰ ਤੇ ਸਿਆਸੀ ਭੁੱਖ ਦੇ ਬਿਜਨੈਸ ਅਦਾਰੇ ਬਣ ਚੁੱਕੇ ਹਨ।ਆਉਣ ਵਾਲੇ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਬੜੇ ਧੂਮ ਧੜੱਕੇ ਨਾਲ ਦੁਨੀਆਂ ਭਰ ਵਿੱਚ ਮਨਾਇਆ ਜਾਵੇਗਾ।ਅਖੰਡ ਪਾਠਾਂ ਦੀ ਲੜੀਆਂ ਚੱਲਣਗੀਆਂ, ਪਰ ਸੁਣਨ ਵਾਲਾ ਕੋਈ ਨਹੀਂ ਹੋਵੇਗਾ? ਕੀਰਤਨ ਦਰਬਾਰ ਲੱਗਣਗੇ, ਜਿਥੇ ਪੇਸ਼ਾਵਰ ਰਾਗੀ, ਢਾਡੀ, ਕਥਾਵਾਚਕ ਪਹਿਲਾਂ ਤਹਿ ਕੀਤੀ ਕੀਮਤ ਅਨੁਸਾਰ ਗੁਰੂ ਨਾਨਾਕ ਸਾਹਿਬ ਦੀ ਸਿੱਖ ਦਾ ਪ੍ਰਚਾਰ ਕਰਨਗੇ? ਵੱਡੇ ਵੱਡੇ ਧਨਾਢਾਂ ਵਲੋਂ ਗੁਰਦੁਆਰਿਆਂ ਵਿੱਚ ਲੰਗਰ ਲਗਾਏ ਜਾਣਗੇ, ਜਿਨ੍ਹਾਂ ਵਰਗੇ ਮਲਕ ਭਾਗੋਆਂ ਦੇ ਘਰ ਦਾ ਭੋਜਨ ਗੁਰੂ ਨਾਨਕ ਸਾਹਿਬ ਨੇ ਇਹ ਕਹਿ ਕੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਵਿੱਚ ਗਰੀਬਾਂ, ਮਜਲੂਮਾਂ ਦੀ ਰੱਤ ਹੈ? ਵੱਡੇ-ਵੱਡੇ ਸਿਆਸੀ ਲੀਡਰ ਗੁਰਦੁਆਰਿਆਂ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ ਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਕੇ ਅਹਿਸਾਨ ਕਰਨਗੇ, ਜਿਨ੍ਹਾਂ ਨੂੰ ਗੁਰੂ ਨਾਨਕ ਜ਼ਾਬਰ ਕਹਿਣ ਦੀ ਹਿੰਮਤ ਰੱਖਦਾ ਸੀ, ਸਾਡਾ ਕੋਈ ਜਥੇਦਾਰ, ਪ੍ਰਚਾਰਕ, ਲੀਡਰ ਅਜਿਹੇ ਜਰਵਾਣਿਆਂ ਨੂੰ ਖੜ ਕੇ ‘ਸਚ ਸੁਣਾਇਸੀ ਸਚ ਕੀ ਵੇਲਾ’ ਅਨੁਸਾਰ ਖਰੀਆਂ ਖਰੀਆਂ ਨਹੀਂ ਸੁਣਾਉਣਗੇ, ਸਗੋਂ ਸਿਰੋਪਾਉ ਦੀ ਬਖਸ਼ਿਸ਼ ਕਰੇਗਾ? ਗੁਰੂ ਨਾਨਕ ਸਾਹਿਬ ਵਰਗਾ ਕੋਈ ਮਨੁੱਖਤਾ ਦਾ ਸੱਚਾ ਹਮਦਰਦ ਹੀ ਮਲਕ ਭਾਗੋ ਦੇ ਮਹਿਲਾਂ ਵਿਚੋਂ ਮਾਲ਼ ਪੂੜੇ ਛੱਡ ਕੇ, ਭਾਈ ਲਾਲੋ ਦੀ ਕੋਦਰੇ ਦੀ ਰੋਟੀ ਝੁੱਗੀ ਝੌਂਪੜੀ ਵਿੱਚ ਖਾਣ ਜਾ ਸਕਦਾ ਹੈ, ਨਹੀਂ ਤੇ ਸਾਨੂੰ ਇਸ ਨਾਲ ਕੀ ਮਤਲਬ ਕਿ ਸਾਡੇ ਸ਼ਹਿਰ ਜਾਂ ਦੇਸ਼ ਵਿੱਚ ਕਿਤਨੇ ਲੋਕ ਭੁੱਖੇ ਮਰ ਰਹੇ ਹਨ, ਅਸੀਂ ਤੇ ਆਪੇ ਤਿਆਰ ਕੀਤੇ ਭਾਂਤ-ਸੁਭਾਂਤੇ ਲੰਗਰ ਖਾ ਕੇ ਘਰਾਂ ਨੂੰ ਮੁੜ ਆਵਾਂਗੇ, ਸਾਨੂੰ ਕੀ ਮਤਲਬ ਕੋਣ ਭਾਈ ਲਾਲੋ ਭੁੱਖਣ ਭਾਣੇ ਸੜਕ ਕਿਨਾਰੇ ਨੀਲੇ ਆਕਾਸ਼ ਹੇਠ ਸੁੱਤਾ ਪਿਆ ਹੈ।ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਪ੍ਰੋਫੈਸ਼ਨਲ ਰਾਗੀਆਂ ਦੀਆਂ ਫਿਲਮੀ ਟਿਊਨਾਂ ਤੇ ਕੀਰਤਨਾਂ ਅਤੇ ਵਾਹਿਗੁਰੂ ਦੇ ਸਿਮਰਨਾਂ ਦੀ ਲੋਰ ਵਿੱਚ ਇਤਨੇ ਮਸਤ ਰਹਾਂਗੇ ਕਿ ਸਾਨੂੰ ਕੀ ਮਤਲਬ ਕਿ ਦੁਨੀਆਂ ਵਿੱਚ ਕਿਥੇ-ਕਿਥੇ ਮਨੁੱਖਤਾ ਦਾ ਗਾਣ ਹੋ ਰਿਹਾ ਹੈ, ਕਿਥੇ ਮਨੁੱਖੀ ਹੱਕਾਂ ਦੀ ੳਲੰਘਣਾ ਹੋ ਰਹੀ ਹੈ, ਕਿਥੇ ਆਮ ਕਿਰਤੀ ਲੋਕਾਂ ਦੇ ਹੱਕ ਦਬਾਏ ਜਾ ਰਹੇ ਹਨ, ਕਿਥੇ ਡਰੋਨ ਹਮਲੇ ਹੋ ਰਹੇ ਹਨ, ਕਿਥੇ ਅੱਤਵਾਦੀ ਹਮਲੇ ਹੋ ਰਹੇ, ਸਾਨੂੰ ਇਸ ਨਾਲ ਕੀ ਮਤਲਬ ਕਿ ਇਸੇ ਹਫਤੇ 1984 ਵਿੱਚ ਸਾਡੇ ਆਪਣੇ ਧਰਮ ਭਾਈਆਂ ਨੂੰ ਕੋਹ-ਕੋਹ ਕੇ ਗਲ਼ੀਆਂ ਬਜ਼ਾਰਾਂ ਵਿੱਚ ਕਤਲ ਕੀਤਾ ਗਿਆ ਸੀ ਤੇ ਕਿਸੇ ਕਾਤਲ ਨੂੰ ਸਜ਼ਾ ਨਹੀਂ ਮਿਲੀ? ਅਸੀਂ ਬੱਸ ਤੇ ਪ੍ਰਭਾਤ ਫੇਰੀਆਂ ਕੱਢਾਂਗੇ, ਨਗਰ ਕੀਰਤਨ (ਜਲੂਸ) ਕੱਢਾਂਗੇ, ਲੰਗਰ ਖਾਵਾਂਗੇ, ਕੀਰਤਨ ਦਰਬਾਰ ਕਰਾਵਾਂਗੇ, ਸਿਮਰਨ ਕਰਾਂਗੇ, ਅਖੰਡ ਪਾਠਾਂ ਦੀ ਲੜੀਆਂ ਚਲਾਵਾਂਗੇ, ਬਾਬੇ ਨਾਨਕ ਦੇ ਬਰਥ ਡੇ ਦਾ ਕੇਕ ਕੱਟਾਂਗੇ?
ਆਉ ਹੁਣ ਗੁਰਬਾਣੀ ਦੇ ਪੱਖ ਦੇ ਨਾਲ-ਨਾਲ ਮੌਜੂਦਾ ਸਿੱਖ ਸਮਾਜ ਵੱਲ ਝਾਤੀ ਮਾਰੀਏ ਕਿ ਅਸੀਂ ਕਿਥੇ ਖੜੇ ਹਾਂ? ਗੁਰੂ ਨਾਨਕ ਸਾਹਿਬ ਆਪਣੀ ਵਿੱਚ ਕੀ ਕਹਿ ਰਹੇ ਹਨ ਤੇ ਅਸੀਂ ਕੀ ਕਰ ਰਹੇ ਹਾਂ?
ਇੱਕ ਰੱਬ ਦੀ ਵਿਚਾਰਧਾਰਾ: ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਵਾਰ-ਵਾਰ ਇੱਕ ਰੱਬ ਦੀ ਗੱਲ ਕੀਤੀ ਹੈ ਤੇ ਉਹ ਇਕੋ ਰੱਬ ਜਿਸਨੇ ਇਹ ਸਾਰਾ ਪਸਾਰਾ ਰਚਿਆ ਤੇ ਆਪ ਉਸਦੇ ਵਿੱਚ ਵਰਤਦਾ ਹੈ।ਜਿਸਦੇ ਹੁਕਮ ਵਿੱਚ ਸਭ ਕੁਝ ਚੱਲ ਰਿਹਾ ਹੈ ਤੇ ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੈ।ਅਸੀਂ ਉਸ ਹੁਕਮ ਨੂੰ ਸਮਝ ਸਕਦੇ ਹਾਂ, ਉਸ ਅਨੁਸਾਰ ਰਹਿਣਾ ਸਿੱਖ ਸਕਦੇ ਹਾਂ, ਪਰ ਉਸਨੂੰ ਬਦਲ ਨਹੀਂ ਸਕਦੇ।ਇਸ ਲਈ ਸਾਨੂੰ ਉਸ ਇੱਕ ਤੇ ਭਰੋਸਾ ਰੱਖ ਕੇ ਉਸਦੇ ਹੁਕਮ ਨੂੰ ਬੁੱਝਣਾ ਚਾਹੀਦਾ ਹੈ, ਇਹੀ ਜੀਵਨ ਦਾ ਭੇਤ ਹੈ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ? ਸਿਸ ਬਾਰੇ ਕੁਝ ਗੁਰਬਾਣੀ ਫੁਰਮਾਨ ਹਨ:
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ (350) ਏਕੋ ਵੇਖਹੁ ਅਵਰੁ ਨ ਭਾਲਿ ॥ (355) ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ (357) ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ (420) ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ॥ (55) ਏਕ ਤੂਹੀ ਏਕ ਤੁਹੀ ॥੧॥ (143) ਸਭ ਮਹਿ ਏਕੁ ਨਿਰੰਜਨੁ ਸੋਈ ॥੧॥ (223)
ਜੇ ਅਸੀਂ ਅਜੋਕੇ ਸਿੱਖ ਸਮਾਜ ਦੀ ਦਸ਼ਾ ਦੇਖਦੇ ਹਾਂ ਤਾਂ ਸਿੱਖ ਮੜ੍ਹੀਆਂ, ਮਸਾਣਾਂ, ਕਬਰਾਂ, ਸ਼ਹੀਦਾਂ ਦੀ ਥਾਵਾਂ, ਦਰਖਤਾਂ, ਵਸਤਾਂ, ਜਾਨਵਰਾਂ ਤੋਂ ਇਲਾਵਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਵੀ ਮੂਰਤੀ ਵਾਂਗ ਪੂਜਾ ਕਰ ਰਹੇ ਹਨ।ਇੱਕ ਰੱਬ ਤੇ ਕੋਈ ਵਿਸ਼ਵਾਸ਼ ਜਾਂ ਭਰੋਸਾ ਨਹੀਂ, ਪਰ ਕਿਸੇ ਪਾਖੰਡੀ ਸਾਧ ਦੇ ਚਰਨਾਂ ਵਿੱਚ ਜਾ ਡਿਗਦੇ ਹਨ।ਗੁਰੂ ਨਾਨਕ ਸਾਹਿਬ ਵਾਰ-ਵਾਰ ਹੁਕਮ ਜਾਂ ਰਜ਼ਾ ਦੀ ਗੱਲ ਕਰਦੇ ਹਨ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁਝ ਅਟੱਲ ਨਿਯਮਾਂ ਵਿੱਚ ਚੱਲ ਰਿਹਾ ਹੈ ਤੇ ਇਸ ਹੁਕਮ ਨੂੰ ਕੋਈ ਬਦਲ ਨਹੀਂ ਸਕਦਾ, ਪਰ ਅਸੀਂ ਅਰਦਾਸਾਂ, ਮੰਤਰ ਜਾਪਾਂ, ਸਿਮਰਨਾਂ, ਪਾਠਾਂ ਦੇ ਜੋਰ ਨਾਲ ਉਸਦੇ ਹੁਕਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਸੋਚਦੇ ਹਾਂ ਕਿਰਾਏ ਦੇ ਪਾਠਾਂ, ਇਕੋਤਰੀਆਂ, ਲੜੀਆਂ ਜਾਂ ਭਾੜੇ ਦੀਆਂ ਅਰਦਾਸਾਂ ਨਾਲ ਰੱਬ ਤੋਂ ਆਪਣੇ ਹੱਕ ਵਿੱਚ ਫੈਸਲੇ ਕਰਾ ਲਵਾਂਗੇ? ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਵੱਡੀ ਸੰਸਥਾ ਸਿੱਖੀ ਦੇ ਕੇਂਦਰ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਤੋਂ ਬੇਰੀ ਦੀ ਪੂਜਾ ਕਰਵਾ ਰਹੀ ਹੈ।ਗੁਰੂ ਦੀਆਂ ਵਸਤਾਂ ਜਾਂ ਫੋਟੋਆਂ ਦੀ ਪੂਜਾ ਤਾਂ ਪਹਿਲਾਂ ਹੀ ਚਲਦੀ ਸੀ, ਹੁਣ ਡੇਰਿਆਂ ਦੇ ਮਰ ਚੁੱਕੇ ਸਾਧਾਂ ਦੀਆਂ ਜੁੱਤੀਆਂ, ਟੁਆਇਲਿਟਾਂ, ਨਲਕਿਆਂ ਆਦਿ ਦੀ ਪੂਜਾ ਵੀ ਸ਼ੁਰੂ ਹੋ ਚੁੱਕੀ ਹੈ।ਸਾਡਾ ਮਾਨਸਿਕ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ।
ਤੀਰਥਾਂ, ਸਰੋਵਰਾਂ ਦਾ ਇਸ਼ਨਾਨ: ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਵਾਰ-ਵਾਰ ਇਹ ਗੱਲ ਸਮਝਾਈ ਹੈ ਕਿ ਧਾਰਮਿਕ ਅਸਥਾਨਾਂ ਨਾਲ ਬਣੇ ਸਰੋਵਰਾਂ ਆਦਿ ਵਿੱਚ ਇਸ਼ਨਾਨ ਕਰਨੇ ਫਜ਼ੂਲ ਹਨ, ਉਸ ਨਾਲ ਮਨ ਸਾਫ ਨਹੀਂ ਹੁੰਦਾ, ਮਨ ਦੀ ਮੈਲ਼ ਨਹੀਂ ਲੱਥਦੀ, ਮੈਲ਼ ਸਾਡੇ ਅੰਦਰ ਹੈ, ਵਿਕਾਰ ਸਾਡੇ ਅੰਦਰ ਹਨ, ਬਾਹਰੋਂ ਅਖੌਤੀ ਸਰੋਵਰਾਂ ਵਿੱਚ ਨਹਾਉਣ ਦਾ ਕੋਈ ਲਾਭ ਨਹੀਂ।ਨਾ ਹੀ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਕੋਈ ਮਨੋਕਾਮਨਾ ਪੂਰੀ ਹੁੰਦੀ ਹੈ, ਇਹ ਸਭ ਕਰਮਕਾਂਡ ਹਨ।ਸਾਨੂੰ ਆਪਣੇ ਮਨ ਨੂੰ ਸਾਧਣ ਦੀ ਲੋੜ ਹੈ, ਜੋ ਵਿਕਾਰ ਪੈਦਾ ਕਰਦਾ ਹੈ, ਉਸ ਲਈ ਗੁਰੂ ਦੇ ਗਿਆਨ ਤੇ ਜੁਗਤੀ ਨੂੰ ਜਾਨਣ ਦੀ ਲੋੜ ਹੈ।
ਅੰਤਰਗਤਿ ਤੀਰਥਿ ਮਲਿ ਨਾਉ ॥ (4) ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ (61) ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ (75) ਬਹੁ ਤੀਰਥ ਭਵਿਆ॥ ਤੇਤੋ ਲਵਿਆ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ (467) ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ (473) ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (687) ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ॥(730) ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥(789) ਅੰਤਰਿ ਮੈਲੁ ਤੀਰਥ ਭਰਮੀਜੈ॥ ਮਨੁ ਨਹੀ ਸੂਚਾ ਕਿਆ ਸੋਚ ਕਰੀਜੈ॥(905) ਤੀਰਥਿ ਭਰਮਸਿ ਬਿਆਧਿ ਨ ਜਾਵੈ॥(906)
ਜਦੋਂ ਅਸੀਂ ਅਜੋਕੇ ਸਿੱਖ ਸਮਾਜ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਤੇ ਮੱਸਿਆ, ਪੁੰਨਿਆ, ਸੰਗਰਾਂਦ ਜਾਂ ਕੁਝ ਖਾਸ ਮੋਕਿਆਂ ਤੇ ਮੇਲੇ ਲਗਦੇ ਹਨ, ਲੋਕ ਬੜੀ ਸ਼ਰਧਾ ਨਾਲ ਇਸ਼ਨਾਨ ਹੀ ਨਹੀਂ ਕਰਦੇ ਸਗੋਂ ਇਸ ਭਰਮ ਵਿੱਚ ਵੀ ਹੁੰਦੇ ਹਨ ਕਿ ਅਜਿਹੇ ਮੌਕਿਆਂ ਤੇ ਇਸ਼ਨਾਨ ਕਰਨ ਨਾਲ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਹੀ ਹੱਲ ਨਹੀਂ ਹੁੰਦੀਆਂ, ਸਗੋਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ।ਕਈ ਸਰੋਵਰ ਤੇ ਅਜਿਹੀਆਂ ਗੱਲਾਂ ਲਈ ਮਸ਼ਹੂਰ ਹਨ ਕਿ ਇਥੇ ਮੱਸਿਆ ਜਾਂ ਪੂਰਨਮਾਸ਼ੀ ਨੂੰ ਨਹਾਉਣ ਨਾਲ ਔਰਤਾਂ ਦੇ ਲੜਕੇ ਜੰਮਦੇ ਹਨ।ਕਈ ਸਾਧ ਆਪਣੇ ਡੇਰਿਆਂ ਵਿੱਚ ਸਰੋਵਰ ਬਣਾ ਕੇ ਲੋਕਾਂ ਦੀ ਲੁੱਟ ਕਰ ਰਹੇ।ਗੁਰੂ ਸਾਹਿਬਾਨ ਨੇ ਸਰੋਵਰ ਸਰੀਰ ਦੇ ਇਸ਼ਨਾਨ ਲਈ ਬਣਾਏ ਸਨ ਤਾਂ ਕਿ ਲੋਕ ਇੱਕ ਜਗ੍ਹਾ ਇਕੱਠੇ ਇਸ਼ਨਾਨ ਕਰ ਸਕਣ ਕਿਉਂਕਿ ਹਿੰਦੂ ਤੀਰਥ ਅਸਥਾਨਾਂ ਤੇ ਸ਼ੂਦਰਾਂ ਜਾਂ ਨੀਵੀਂਆਂ ਜਾਤਾਂ ਨੂੰ ਇਸ਼ਨਾਨ ਕਰਨ ਦੀ ਇਜ਼ਾਜਤ ਨਹੀਂ ਸੀ।ਉੱਚ ਜਾਤੀ ਦੇ ਲੋਕਾਂ ਦੇ ਖੂਹਾਂ ਜਾਂ ਨਲਕਿਆਂ ਤੋਂ ਨੀਵੀਂ ਜਾਤ ਵਾਲੇ ਪਾਣੀ ਨਹੀਂ ਭਰ ਸਕਦੇ ਸਨ।ਗੁਰੂ ਸਾਹਿਬਾਨ ਨੇ ਸਮਾਜ ਵਿਚੋਂ ਜਾਤ ਪਾਤੀ ਵਿਤਕਰਾ ਖਤਮ ਕਰਨ ਲਈ ਸਰੋਵਰ, ਖੂਹ, ਬੌਲੀਆਂ ਆਦਿ ਬਣਾਏ।ਪਰ ਅਸੀਂ ਮੂਰਖਾਂ ਨੇ ਉਨ੍ਹਾਂ ਨੂੰ ਤੀਰਥ ਬਣਾ ਕੇ ਆਪਣੀਆਂ ਮੰਗਾਂ ਮਨਾਉਣ ਦਾ ਸਾਧਨ ਬਣਾ ਲਿਆ।ਆਪਣੇ ਪਾਪ ਲਾਹੁਣ ਦਾ ਜ਼ਰੀਆ ਬਣਾ ਲਿਆ।ਗੁਰਦੁਆਰਿਆਂ ਦੇ ਪ੍ਰਬੰਧਕ ਤੇ ਡੇਰਿਆਂ ਦੇ ਸਾਧ ਲੋਕਾਂ ਦੀ ਇਸ ਅਗਿਆਨਤਾ ਦਾ ਖੂਬ ਲਾਭ ਉਠਾ ਰਹੇ ਹਨ, ਕਿਉਂਕਿ ਉਨ੍ਹਾਂ ਲਈ ਗੁਰਦੁਆਰੇ ਧਰਮ ਕਮਾਉਣ ਦੇ ਸਥਾਨ ਨਹੀਂ, ਸਗੋਂ ਬਿਜਨੈਸ ਅਦਾਰੇ ਹਨ।
ਧਾਰਮਿਕ ਗ੍ਰੰਥਾਂ ਦੇ ਪਾਠਾਂ ਬਾਰੇ ਨਜ਼ਰੀਆ: ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਅਨੇਕਾਂ ਥਾਵਾਂ ਤੇ ਧਰਮ ਗ੍ਰੰਥਾਂ ਦੇ ਕੀਤੇ ਜਾਂਦੇ ਪਾਠਾਂ, ਜਾਪਾਂ ਆਦਿ ਨੂੰ ਪਾਖੰਡ ਕਰਮ ਕਿਹਾ ਹੈ।ਇਸਨੂੰ ਮਾਇਆ ਦਾ ਵਪਾਰ ਵੀ ਕਿਹਾ ਹੈ।ਅਜਿਹੇ ਬਚਨ ਵੀ ਮਿਲਦੇ ਹਨ ਕਿ ਦਿਖਾਵੇ ਦੇ ਅਤੇ ਭਾੜੇ ਦੇ ਇਨ੍ਹਾਂ ਪਾਠਾਂ ਨਾਲ ਸਾਡਾ ਕੁਝ ਨਹੀਂ ਸੰਵਰ ਸਕਦਾ।ਇਹ ਸਾਡੀ ਹਉਮੈ ਹੀ ਵਧਾਉਂਦੇ ਹਨ।ਇਨ੍ਹਾਂ ਪਾਠਾਂ ਵਿਚਲੀ ਵਿਚਾਰਧਾਰਾ ਨੂੰ ਸਮਝਣ ਤੋਂ ਬਿਨਾਂ ਕੀਤੇ ਜਾ ਰਹੇ ਜਾਂ ਕਰਾਏ ਜਾ ਰਹੇ ਇਨ੍ਹਾਂ ਪਾਠਾਂ ਦਾ ਕੋਈ ਲਾਭ ਨਹੀਂ ਹੋ ਸਕਦਾ।
ਪਾਠ ਪੜੈ ਨਹੀ ਕੀਮਤਿ ਪਾਇ ॥ ਅਸਟ ਦਸੀ ਚਹੁ ਭੇਦੁ ਨ ਪਾਇਆ ॥(355) ਬੇਦ ਪਾਠ ਸੰਸਾਰ ਕੀ ਕਾਰ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ (791) ਪਾਠ ਪੜੈ ਲੇ ਲੋਕ ਸੁਣਾਵੈ ॥ਤੀਰਥਿ ਭਰਮਸਿ ਬਿਆਧਿ ਨ ਜਾਵੈ ॥ (905) ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥(56) ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ (467) ਲਿਖਿ ਲਿਖਿ ਪੜਿਆ ॥ਤੇਤਾ ਕੜਿਆ ॥ਬਹੁ ਤੀਰਥ ਭਵਿਆ ॥ਤੇਤੋ ਲਵਿਆ ॥ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਜੇ ਅੱਜ ਦੇ ਸਿੱਖ ਸਮਾਜ ਨੂੰ ਦੇਖਿਆ ਜਾਵੇ ਤਾਂ ਹਰ ਗੁਰਦੁਆਰੇ ਵਿੱਚ ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ, ਸੁਖਮਨੀ ਸਾਹਿਬ ਪਾਠ ਵਿਕ ਰਹੇ ਹਨ।ਵੱਖ-ਵੱਖ ਗੁਰਦੁਆਰਿਆਂ ਤੇ ਡੇਰਿਆਂ ਵਿੱਚ ਪਾਠਾਂ ਦੀਆਂ ਲੜੀਆਂ ਚਲਦੀਆਂ ਹਨ।ਹਰ ਛੋਟੇ ਤੋਂ ਲੈ ਕੇ ਵੱਡੇ ਗੁਰਦੁਆਰੇ ਲਈ ਪਾਠ ਇਨਕਮ ਦਾ ਇੱਕ ਵਧੀਆ ਸਾਧਨ ਬਣ ਚੁੱਕਾ ਹੈ।ਅਨੇਕਾਂ ਡੇਰਿਆਂ ਜਾਂ ਡੇਰਿਆਂ ਦੀ ਤਰਜ ਦੇ ਗੁਰਦੁਆਰਿਆਂ ਵਿੱਚ ਪਾਠਾਂ ਦੀ ਇਨਕਮ ਵਧਾਉਣ ਲਈ ਕਈ ਨਵੀਂ ਤਰ੍ਹਾਂ ਦੇ ਪਾਠਾਂ ਦੀਆਂ ਕਿਸਮਾਂ ਬਣਾਈਆਂ ਗਈਆਂ ਹਨ, ਜਿਵੇਂ ਸੰਪਟ ਪਾਠ, ਦੂਹਰਾ ਸੰਪਟ ਪਾਠ, ਤੀਹਰਾ ਸੰਪਟ ਪਾਠ, ਮਨੋ ਕਾਮਨਾ ਪੂਰਨ ਪਾਠ, ਮਿਰਤਕ ਪ੍ਰਾਣੀ ਨਮਿਤ ਪਾਠ, ਵਿਆਹਾਂ ਲਈ ਪਾਠ, ਖੁਸ਼ੀ ਦਾ ਪਾਠ, ਪਰਿਵਾਰ ਦੀ ਸੁੱਖ ਸ਼ਾਂਤੀ ਪਾਠ, ਸਿਹਤਯਾਬੀ ਪਾਠ ਆਦਿ।ਕਿਸੇ ਗੁਰਦੁਆਰੇ ਜਾਂ ਘਰਾਂ ਵਿੱਚ ਇੱਕ ਪਾਠ ਚਲਦਾ ਹੈ ਜਾਂ 100 ਪਾਠਾਂ ਦੀ ਲੜੀ, ਸੁਣਨ ਵਾਲਾ ਕੋਈ ਨਹੀਂ ਹੁੰਦਾ।ਅਜੋਕਾ ਸਿੱਖ ਸਮਾਜ ਤੇ ਪ੍ਰਚਾਰਕ ਸ਼੍ਰੇਣੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਇਨਕਮ ਦਾ ਇੱਕ ਸਾਧਨ ਮਾਤਰ ਸਮਝਦੀ ਹੈ।ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਡੇ ਲਈ ਜੀਵਨ ਜਾਚ ਦਾ ਮਾਰਗ ਨਹੀਂ ਤੇ ਨਾ ਹੀ ਧਰਮ ਕਮਾਉਣ ਦੀ ਵਿਚਾਰਧਾਰਾ ਹੈ।ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਿਰਫ ਆਪਣੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਰੀਤਾਂ-ਰਸਮਾਂ ਨਿਭਾਉਣ ਦਾ ਜ਼ਰੀਆ ਸਮਝਦੇ ਹਾਂ।ਗੁਰਬਾਣੀ ਕੀ ਕਹਿੰਦੀ ਹੈ, ਸਾਡਾ ਇਸ ਨਾਲ ਕੋਈ ਮਤਲਬ ਨਹੀਂ।ਇਸ ਤੋਂ ਇਲਾਵਾ ਜੇ ਕੋਈ ਆਪਣੇ ਲਈ ਪਾਠ ਕਰਦਾ ਹੈ, ਉਹ ਵੀ ਆਪਣਾ ਇਹ ਜੀਵਨ ਸੰਵਾਰਨ ਲਈ ਨਹੀਂ ਆਪਣਾ ਅੱਗਾ ਸੰਵਾਰਨ ਲਈ ਪਾਠ-ਪੂਜਾ ਕਰਦਾ ਹੈ ਜਾਂ ਫਿਰ ਕੋਈ ਆਪਣੇ ਨਿਤਨੇਮ ਦੀ ਰਸਮ ਨਿਭਾਉਣ ਲਈ ਪਾਠ ਕਰਦਾ ਹੈ। ਸਿੱਖਾਂ ਦੀ ਪੁਜਾਰੀ ਸ਼੍ਰੇਣੀ, ਜਿਸਦਾ ਸਿੱਖ ਧਰਮ ਵਿੱਚ ਕੋਈ ਸਥਾਨ ਨਹੀਂ, ਸਾਡੀ ਅਗਿਆਨਤਾ ਦਾ ਪੂਰਾ ਲਾਭ ਉਠਾ ਰਹੀ ਹੈ।ਹੈਰਾਨੀ ਹੁੰਦੀ ਹੈ ਕਿ ਜਿਸ ਫਿਰਕੇ ਦਾ ਗੁਰੂ, ਗ੍ਰੰਥ (ਸ਼ਬਦ ਜਾਂ ਗਿਆਨ) ਹੈ, ਉਹ ਹੀ ਸਭ ਤੋਂ ਵੱਧ ਅਗਿਆਨੀ ਤੇ ਜਹਾਲਤ ਵਿੱਚ ਫਸੀ ਹੋਈ ਹੈ।
ਮਾਲਾ ਜਾਂ ਸਿਮਰਨਿਆਂ ਬਾਰੇ: ਪੁਰਾਣੇ ਸਮਿਆਂ ਵਿੱਚ ਲੋਕ ਰੱਬ ਦੀ ਭਾਲ ਵਿੱਚ ਜੰਗਲਾਂ ਪਹਾੜਾਂ ਵੱਲ ਚਲੇ ਜਾਂਦੇ ਸਨ ਤੇ ਸਾਰੀ ਉਮਰ ਰੱਬ ਨੂੰ ਲੱਭਣ ਲਈ ਕਈ ਤਰ੍ਹਾਂ ਦੇ ਜਪ-ਤਪ ਜਾਂ ਮੰਤਰ ਜਾਪ ਆਦਿ ਕਰਦੇ ਸਨ।ਉਨ੍ਹਾਂ ਨੂੰ ਅਜਿਹਾ ਕੋਈ ਰੱਬ ਮਿਲਦਾ ਸੀ ਜਾਂ ਨਹੀਂ, ਇਹ ਤਾਂ ਉਹ ਹੀ ਜਾਣਦੇ ਹੋਣਗੇ, ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਵਿੱਚ ਪਰਿਵਾਰ ਤੇ ਸਮਾਜ ਦੀਆਂ ਸਮੱਸਿਆਵਾਂ ਤੋਂ ਭੱਜ ਕੇ ਜੰਗਲਾਂ-ਪਹਾੜਾਂ ਵਿੱਚ ਫਿਰਦੇ ਅਜਿਹੇ ਸਾਧਾਂ-ਸੰਤਾਂ, ਯੋਗੀਆਂ-ਸਨਿਆਸੀਆਂ ਨੂੰ ਸਮਝਾਇਆ ਕਿ ਅਜਿਹਾ ਕੋਈ ਰੱਬ ਨਹੀਂ, ਜੋ ਸਿਰਫ ਜੰਗਲਾਂ ਪਹਾੜਾਂ ਜਾਂ ਸਮਾਜ ਤੋਂ ਬਾਹਰ ਰਹਿੰਦਾ ਹੋਵੇ, ਰੱਬ ਤੇ ਸਭ ਜਗ੍ਹਾ ਮੌਜੂਦ ਹੈ ਅਤੇ ਉਸਨੂੰ ਘਰ ਪਰਿਵਾਰ ਤੇ ਸਮਾਜ ਦੀਆਂ ਜ਼ੁੰਮੇਵਾਰੀਆਂ ਨਿਭਾਉਂਦੇ ਹੋਏ ਪਾਇਆ ਜਾ ਸਕਦਾ ਹੈ, ਉਸ ਲਈ ਕੋਈ ਖਾਸ ਕਠਿਨ ਜਪ-ਤਪ ਜਾਂ ਮੰਤਰ ਜਾਪ ਕਰਨ ਦੀ ਲੋੜ ਨਹੀਂ ਤੇ ਨਾ ਹੀ ਅੱਖਾਂ ਮੀਟ ਕੇ ਹੱਥ ਵਿੱਚ ਮਾਲਾ ਫੜ ਕੇ ਬੈਠਣ ਦੀ ਲੋੜ ਹੈ ਤੇ ਨਾ ਹੀ ਕੰਮ ਧੰਦਾ ਛੱਡਣ ਦੀ ਲੋੜ ਹੈ।ਪਰ ਆਪਣੇ ਆਪ ਨੂੰ ਧਰਮੀ ਹੋਣ ਦਾ ਦਿਖਾਵਾ ਕਰਨ ਲਈ ਅਨੇਕਾਂ ਪਾਖੰਡੀ ਲੋਕ ਕਈ ਤਰ੍ਹਾਂ ਦੇ ਬਾਹਰੀ ਧਾਰਮਿਕ ਪਹਿਰਾਵੇ ਪਾਉਂਦੇ ਹਨ, ਗਲ਼ ਵਿੱਚ ਮਾਲਾ ਪਾਉਂਦੇ ਹਨ ਜਾਂ ਹੱਥ ਵਿੱਚ ਮਾਲਾ ਫੜ ਕੇ ਮਣਕੇ ਗਿਣਦੇ ਹੋਏ ਮੰਤਰ ਪੜ੍ਹਦੇ ਹਨ, ਅਜਿਹੇ ਬਾਹਰੀ ਕਰਮਕਾਂਡੀ ਸਿਮਰਨਾਂ ਜਾਂ ਜਾਪਾਂ ਨੂੰ ਗੁਰੂ ਸਾਹਿਬ ਨੇ ਰੱਦ ਕਰਕੇ ਇੱਕ ਸੱਚੇ ਪ੍ਰਭੂ ਨਾਲ ਪ੍ਰੀਤ ਪਾਉਣ ਲਈ ਕਿਹਾ ਹੈ, ਜੋ ਕਿ ਆਪਣੇ ਸੰਸਾਰਕ ਕਾਰ-ਵਿਹਾਰ ਕਰਦਿਆਂ ਵੀ ਪਾਈ ਜਾ ਸਕਦੀ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਦਿਖਾਵੇ ਦੀਆਂ ਮਾਲ਼ਾਂ ਜਾਂ ਪਹਿਰਾਵਿਆਂ ਬਾਰੇ ਅਨੇਕਾਂ ਸ਼ਬਦਾਂ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਕਰਮਾਂ ਨੂੰ ਫੋਕਟ ਕਰਮ ਕਿਹਾ ਹੈ:
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥ (470)
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥ (694)
ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ (832)
ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥੩॥ (888)
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥੧॥(1158)
ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥(1372)
ਨਾ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥ (1035)
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ ॥੧॥(471)
ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ॥(887)
ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ (951)
ਪਰ ਹੁਣ ਜਦੋਂ ਅਸੀਂ ਅਜੋਕੇ ਸਿੱਖ ਸਮਾਜ ਵੱਲ ਦੇਖਦੇ ਹਾਂ ਤਾਂ ਇਸ ਵਿੱਚ ਦਿਖਾਵਿਆਂ ਪਹਿਰਾਵਿਆਂ ਦੀ ਪੂਰੀ ਭਰਮਾਰ ਹੈ।ਸਿਰਫ ਬਾਹਰੀ ਸਰੀਰਕ ਦਿੱਖ ਜਾਂ ਪਹਿਰਾਵੇ ਨੂੰ ਹੀ ਕਿਸੇ ਦੇ ਗੁਰਸਿੱਖ ਹੋਣ ਦਾ ਪ੍ਰਮਾਣ ਸਮਝਿਆ ਜਾਂਦਾ ਹੈ।ਅਨੇਕਾਂ ਤਰ੍ਹਾਂ ਦੇ ਡੇਰੇਦਾਰ ਸਾਧ, ਸਿੱਖ ਸੰਗਤ ਵਿੱਚ ਤਰ੍ਹਾਂ-ਤਰ੍ਹਾਂ ਦੇ ਭਰਮ ਭੁਲੇਖੇ ਖੜ੍ਹੇ ਕਰ ਰਹੇ ਹਨ।ਅੱਜ ਸਾਧਾਂ ਨੇ ਆਪ ਤੇ ਦਿਖਾਵੇ ਵਾਲੀਆਂ ਮਾਲਾਂ ਫੜੀਆਂ ਹੋਈਆਂ ਹੀ ਸਨ ਤੇ ਆਪਣੇ ਚੇਲਿਆਂ ਨੂੰ ਵੀ ਸਿਮਰਨੇ ਵੰਡਦੇ ਸਨ, ਹੁਣ ਗੁਰੂ ਸਾਹਿਬਾਨ, ਜੋ ਕਿ ਆਪਣੀ ਬਾਣੀ ਵਿੱਚ ਮਾਲਾ ਦੀ ਨਿਖੇਧੀ ਕਰਦੇ ਹਨ, ਉਨ੍ਹਾਂ ਦੇ ਹੱਥ ਵਿੱਚ, ਗਲ਼ ਵਿੱਚ, ਪੱਗ ਤੇ ਮਾਲਾ ਬੰਨ੍ਹ ਕੇ ਨਕਲੀ ਫੋਟੋਆਂ ਪ੍ਰਚਲਤ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਬਾਣੀ ਪੜ੍ਹਨ ਤੋਂ ਤਾਂ ਉਨ੍ਹਾਂ ਤੋੜ ਹੀ ਲਿਆ ਹੈ, ਸਿੱਖਾਂ ਨੇ ਹੁਣ ਗੁਰੂਆਂ ਨੂੰ ਫੋਟੋਆਂ ਰਾਹੀਂ ਹੀ ਦੇਖਣਾ ਹੈ, ਇਸ ਲਈ ਗੁਰੂਆਂ ਦੇ ਹੱਥਾਂ ਵਿੱਚ ਵੀ ਮਾਲਾ ਫੜ੍ਹਾ ਦਿਉ। ਜਦਕਿ ਉਨ੍ਹਾਂ ਦੀ ਬਾਣੀ ਅਜਿਹੀਆਂ ਮਾਲਾਂ ਦਾ ਖੰਡਨ ਕਰਦੀ ਹੈ।ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਲੋਹੇ ਦੀ ਇੱਕ ਤਾਰ ਵਿੱਚ ਮਣਕੇ ਪਾ ਕੇ ਗੁਰਦੁਆਰਿਆਂ ਵਿੱਚ ‘ਸਿਮਰਨੇ’ ਕਹਿ ਕੇ ਵੰਡੇ ਜਾ ਰਹੇ ਹਨ। ਜਦਕਿ ਗੁਰਬਾਣੀ ਸੰਦੇਸ਼ ਦੇ ਰਹੀ ਹੈ ਕਿ ਸਾਨੂੰ ਦਿਖਾਵੇ ਵਾਲੀ ਮਾਲਾ, ਸਿਮਰਨਾ, ਤਸਬੀ, ਜਪਮਾਲੀ ਆਦਿ ਨੂੰ ਛੱਡ ਕੇ ਆਪਣੇ ਹਿਰਦੇ ਨੂੰ ਮਾਲਾ ਬਣਾਉਣ ਦੀ ਲੋੜ ਹੈ।
ਕਰਾਮਾਤਾਂ ਬਾਰੇ: ਧਰਮਾਂ ਦੀ ਦੁਨੀਆਂ ਵਿੱਚ ਕਰਾਮਾਤ ਦੀ ਬੜੀ ਮਹੱਤਤਾ ਹੈ, ਬਹੁਤੇ ਸ਼ਰਧਾਲੂ ਲੋਕ ਧਰਮ ਅਸਥਾਨਾਂ ਵਿੱਚ ਪੂਜਾ-ਪਾਠ ਕਰਨ ਹੀ ਇਸ ਭਾਵਨਾ ਨਾਲ ਜਾਂਦੇ ਹਨ ਕਿ ਕੋਈ ਕਰਾਮਾਤ ਵਾਪਰ ਜਾਵੇ ਤੇ ਉਨ੍ਹਾਂ ਦੇ ਦੁੱਖ ਕਲੇਸ਼ ਕੱਟੇ ਜਾਣ ਤੇ ਸੁੱਖਾਂ ਦੀ ਵਰਖਾ ਸ਼ੁਰੂ ਹੋ ਜਾਵੇ।ਸ਼ਾਇਦ ਧਰਮਾਂ ਵਿੱਚੋਂ ਸਿੱਖ ਧਰਮ ਹੀ ਅਜਿਹਾ ਧਰਮ ਹੈ, ਜਿਸ ਵਿੱਚ ਕਰਾਮਾਤ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ, ਸਗੋਂ ਗੁਰਬਾਣੀ ਨੇ ਇਸਨੂੰ ਹੋਰ ਸੁਆਦ ਕਿਹਾ ਹੈ, ਜਿਹੜਾ ਕਿਸੇ ਦੇ ਕੰਮ ਨਹੀਂ ਆ ਸਕਦਾ।ਆਮ ਤੌਰ ਤੇ ਸ਼ਰਧਾਲੂ ਕਿਸੇ ਗੁਰੂ, ਪੀਰ, ਰਹਿਬਰ, ਮਹਾਂਪੁਰਸ਼ ਨੂੰ ਅਸਲੀ ਧਰਮੀ ਮੰਨਦੇ ਹੀ ਤਾਂ ਹਨ, ਜੇ ਉਨ੍ਹਾਂ ਨੂੰ ਅਜਿਹਾ ਵਿਸ਼ਾਵਾਸ਼ ਹੋਵੇ ਕਿ ਉਹ ਕੋਈ ਕਰਾਮਾਤ ਕਰਨ ਦੇ ਸਮਰੱਥ ਹੈ ਤੇ ਉਸਨੂੰ ਅਸ਼ੀਰਵਾਦ ਦੇ ਕੇ ਸਭ ਕੁਝ ਠੀਕ ਕਰਨ ਦੀ ਮੁਹਾਰਤ ਰੱਖਦਾ ਹੈ।ਮੇਰੇ ਵਿਚਾਰ ਅਨੁਸਾਰ ਜੇ ਲੋਕਾਂ ਨੂੰ ਅਜਿਹਾ ਵਿਸ਼ਵਾਸ਼ ਦੁਆ ਦਿੱਤਾ ਜਾਵੇ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁਝ ਅਟੱਲ ਨਿਯਮਾਂ ਅਨੁਸਾਰ ਚਲਦਾ ਹੈ ਤੇ ਕਦੇ ਕੋਈ ਕਰਾਮਾਤ ਇਨ੍ਹਾਂ ਕੁਦਰਤ ਦੇ ਨਿਯਮਾਂ ਤੋਂ ਉਲਟ ਨਹੀਂ ਵਾਪਰਦੀ ਤਾਂ ਸ਼ਾਇਦ ਬਹੁਤ ਥੋੜੀ ਗਿਣਤੀ ਵਿੱਚ ਹੀ ਲੋਕ ਧਰਮ ਅਸਥਾਨਾਂ ਵਿੱਚ ਜਾਣ।ਕਰਾਮਾਤਾਂ ਬਾਰੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਗੁਰੂ ਨਾਨਾਕ ਸਾਹਿਬ ਬਾਰੇ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ:
ਸਿਧਿ ਬੋਲਨਿ ਸੁਣਿ ਨਾਨਕਾ ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ। ਕੁਝ ਵਿਖਾਲੇਂ ਅਸਾਂ ਨੋ ਤੁਹਿ ਕਿਉ ਢਿਲ ਅਵੇਹੀ ਲਾਈ।—
—ਬਾਬਾ ਬੋਲੇ ਨਾਥ ਜੀ! ਸ਼ਬਦੁ ਸੁਨਹੁ ਸਚੁ ਮੁਖਹੁ ਅਲਾਈ। ਬਾਝੋ ਸਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ।
ਇਸੇ ਤਰ੍ਹਾਂ ਗੁਰਬਾਣੀ ਵਿੱਚ ਸਾਨੂੰ ਕਰਾਮਾਤਾਂ, ਰਿੱਧੀਆਂ-ਸਿੱਧੀਆਂ ਬਾਰੇ ਕਈ ਸ਼ਬਦ ਇਸ ਤਰ੍ਹਾਂ ਮਿਲਦੇ ਹਨ:
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (6)
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥ (26)
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ (593)
ਹੁਣ ਜਦੋਂ ਅਸੀਂ ਅਜੋਕੇ ਸਿੱਖ ਸਮਾਜ ਵੱਲ ਝਾਤੀ ਮਾਰਦੇ ਹਾਂ ਤਾਂ ਸਾਡੇ ਪ੍ਰਚਾਰਕ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਨਾਲ ਭਰਪੂਰ ਸਾਖੀਆਂ ਸੁਣਾਉਂਦੇ ਹਨ।ਸਿੱਖ ਇਤਿਹਾਸ ਦੇ ਜੋ ਗ੍ਰੰਥ ਸਾਨੂੰ ਅੱਜ ਮਿਲਦੇ ਹਨ, ਉਨ੍ਹਾਂ ਵਿੱਚ ਗੁਰੂਆਂ ਦਾ ਇਤਿਹਾਸ ਕਰਾਮਾਤੀ ਸਾਖੀਆਂ ਨਾਲ ਭਰਿਆ ਪਿਆ ਹੈ।ਇਨ੍ਹਾਂ   ਨਕਲੀ ਸਾਖੀਆਂ ਦੇ ਅਧਾਰ ਤੇ ਹੀ ਅਨੇਕਾਂ ਨਕਲੀ ਗੁਰਦੁਆਰੇ ਵੀ ਬਣੇ ਹੋਏ ਹਨ।ਅਜਿਹੀਆਂ ਸਾਖੀਆਂ ਸੁਣਾ ਕੇ ਹੀ ਪਾਖਡੀ ਸਾਧ ਲੋਕਾਂ ਨੂੰ ਲੁੱਟਦੇ ਹਨ ਕਿ ਜਿਸ ਤਰ੍ਹਾਂ ਜਪ-ਤਪ ਜਾਂ ਸਿਮਰਨ ਦੀ ਬਖਸ਼ਿਸ਼ ਨਾਲ ਗੁਰੂ ਸਾਹਿਬਾਨ ਵਿੱਚ ਸ਼ਕਤੀਆਂ ਸਨ, ਉਸੇ ਤਰ੍ਹਾਂ ਉਨ੍ਹਾਂ ਦੇ ਅਸ਼ੀਰਵਾਦ ਨਾਲ ਸਾਡੇ ਵਿੱਚ ਹਨ, ਹੁਣ ਸਾਡੇ ਤੋਂ ਅਸ਼ੀਰਵਾਦ ਲਵੋ ਤੇ ਮਨੋ ਮੰਗੀਆਂ ਮੁਰਾਦਾਂ ਪਾਉ।ਅੱਜ ਦਾ ਸਿੱਖ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਥਾਂ ਸੋਚਦਾ ਹੈ ਕਿ ਕੋਈ ਸਾਧ  ਮੰਤਰ ਮਾਰ ਦੇਵੇ, ਕੋਈ ਅਜਿਹੀ ਫੂਕ ਮਾਰੇ ਕਿ ਸਭ ਦੁੱਖ ਦਲਿਦਰ ਦੂਰ ਹੋ ਜਾਣ ਤੇ ਜੀਵਨ ਖੁਸ਼ੀਆਂ ਨਾਲ ਭਰ ਜਾਵੇ।ਲੋਕਾਂ ਦੀ ਅਜਿਹੀ ਕਮੋਜ਼ਰ ਤੇ ਬੀਮਾਰ ਮਾਨਸਿਕਤਾ ਦਾ ਅਜਿਹੇ ਪਾਖੰਡੀ ਲੋਕ ਖੂਬ ਲਾਭ ਉਠਾਉਂਦੇ ਹਨ।
ਸੁੱਚ-ਜੂਠ ਬਾਰੇ: ਗੁਰਬਾਣੀ ਸਰੀਰ ਦੀ ਕਿਸੇ ਤਰ੍ਹਾਂ ਦੀ ਸੁੱਚ ਜੂਠ ਨੂੰ ਨਹੀਂ ਮੰਨਦੀ, ਮਨੁੱਖੀ ਸਰੀਰ ਸਾਫ ਜਾਂ ਗੰਦਾ ਤੇ ਹੋ ਸਕਦਾ ਹੈ।ਪਰ ਜਿਸ ਤਰ੍ਹਾਂ ਦੀ ਸੁੱਚ ਭਿੱਟ ਜਾਂ ਛੂਤ-ਛਾਤ ਭਾਰਤੀ ਸਮਾਜ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਪ੍ਰਚਲਤ ਸੀ, ਉਸਦੀ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਨਿਖੇਧੀ ਕੀਤੀ ਗਈ ਹੈ।ਪਰ ਅੱਜ ਦਾ ਸਿੱਖ ਛੋਟੀ ਛੋਟੀ ਗੱਲ ਤੇ ਸੁੱਚ ਭਿੱਟ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ, ਧੋਤੇ ਹੋਏ ਹੱਥਾਂ ਨੂੰ ਵਾਰ ਵਾਰ ਧੋਣ ਦਾ ਭਰਮ ਪਾਇਆ ਜਾਂਦਾ ਹੈ।ਅੰਮ੍ਰਿਧਾਰੀਆਂ ਤੇ ਗੈਰ ਅੰਮ੍ਰਿਤਧਾਰੀ ਸਿੱਖਾਂ ਵਿੱਚ ਸੁੱਚ ਜੂਠ ਦੇ ਨਾਮ ਤੇ ਵਿਤਕਰਾ ਕੀਤਾ ਜਾਂਦਾ ਹੈ।ਕਈ ਅਜਿਹੇ ਜਥੇ ਵੀ ਪ੍ਰਚਲਤ ਹੋ ਗਏ ਹਨ ਕਿ ਜਿਹੜੇ ਉਨ੍ਹਾਂ ਦੇ ਜਥੇ ਨੂੰ ਛੱਡ ਕੇ ਬਾਕੀ ਸਾਰੇ ਸਿੱਖਾਂ ਤੋਂ ਭਿੱਟ ਮੰਨਦੇ ਹਨ, ਇਥੋਂ ਤੱਕ ਕਿ ਗੁਰਦੁਆਰਿਆਂ ਵਿਚੋਂ ਲੰਗਰ ਤੱਕ ਨਹੀਂ ਛਕਦੇ, ਪ੍ਰਸ਼ਾਦਿ ਨਹੀਂ ਲੈਂਦੇ, ਕਿਤੇ ਗੈਰ ਅੰਮ੍ਰਿਤਧਾਰੀ ਨੇ ਨਾ ਬਣਾਇਆ ਹੋਵੇ।ਗੁਰਬਾਣੀ ਕਹਿੰਦੀ ਹੈ:
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}
ਅੰਤਰਿ ਜੂਠਾ ਕਿਉ ਸੁਚਿ ਹੋਇ ॥ ਸਬਦੀ ਧੋਵੈ ਵਿਰਲਾ ਕੋਇ ॥ ਗੁਰਮੁਖਿ ਕੋਈ ਸਚੁ ਕਮਾਵੈ ॥ (1344)
ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ (1149)
ਵਰਤਾਂ ਬਾਰੇ: ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਵਰਤਾਂ ਨੂੰ ਫੋਕਟ ਕਰਮਕਾਂਡ ਕਿਹਾ ਗਿਆ ਹੈ।ਮਨੁੱਖ ਨੂੰ ਧਰਮ ਦੇ ਨਾਮ ਅਜਿਹੇ ਪਾਖੰਡ ਕਰਮ ਕਰਨ ਤੋਂ ਵਰਜਿਆ ਗਿਆ ਹੈ।ਅਜਿਹੇ ਗੁਰ ਫੁਰਮਾਨ ਵੀ ਮਿਲਦੇ ਹਨ ਕਿ ਸਰੀਰ ਨੂੰ ਭੁੱਖਾ ਰੱਖਣ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਰੱਬ ਮਿਲਦਾ ਹੈ।ਪਰ ਹੋਰ ਅਨੇਕਾਂ ਰੀਤਾਂ ਵਾਂਗ ਸਿੱਖ ਬੀਬੀਆਂ ਭੇਡ ਚਾਲ ਵਿੱਚ ਫਸ ਕੇ ਤਰ੍ਹਾਂ ਤਰ੍ਹਾਂ ਦੇ ਵਰਤ ਰੱਖਦੀਆਂ ਹਨ।ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਾਡੇ ਪ੍ਰਚਾਰਕਾਂ ਨੂੰ ਆਪ ਗੁਰਬਾਣੀ ਦਾ ਗਿਆਨ ਨਹੀਂ, ਉਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ ਤੇ ਉਹ ਉਤਨੀ ਕੁ ਹੀ ਗੱਲ ਕਰਦੇ ਹਨ, ਜਿਤਨੀ ਨਾਲ ਲੋਕ ਉਨ੍ਹਾਂ ਤੇ ਇਤਰਾਜ਼ ਨਾ ਕਰਨ।ਉਹ ਵਰਤ ਰੱਖਣ ਵਾਲੀਆਂ ਬੀਬੀਆਂ ਨੂੰ ਗੁਰਬਾਣੀ ਦਾ ਪੱਖ ਦੱਸ ਕੇ ਨਾਰਾਜ਼ ਨਹੀਂ ਕਰਨਾ ਚਾਹੁੰਦੇ।ਇਸ ਸਬੰਧੀ ਗੁਰਬਾਣੀ ਦਾ ਪੱਖ ਇਸ ਤਰ੍ਹਾਂ ਹੈ:
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥ {ਪੰਨਾ 75}
ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥ (48)
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥(75)
ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥ (408)
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ (674)
ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥ (732)
ਬਾਹਰੀ ਪਹਿਰਾਵੇ ਤੇ ਭੇਖਾਂ ਦਾ ਖੰਡਨ: ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਧਰਮ ਦਾ ਚੋਲਾ ਪਾਉਣ ਦੀ ਨਿਖੇਧੀ ਕੀਤੀ ਗਈ ਹੈ।ਅਜਿਹੇ ਲੋਕਾਂ ਨੂੰ ਕਪਟੀ ਤੇ ਪਾਖੰਡੀ ਕਿਹਾ ਹੈ ਜੋ ਆਮ ਲੋਕਾਂ ਵਾਲਾ ਪਹਿਰਾਵਾ ਛੱਡ ਕੇ ਖਾਸ ਕਿਸਮ ਦਾ ਧਾਰਮਿਕ ਪਹਿਰਾਵਾ ਪਾ ਕੇ ਲੋਕਾਂ ਵਿੱਚ ਆਪਣੇ ਵੱਡੇ ਧਰਮੀ ਹੋਣ ਦਾ ਭਰਮ ਪਾਲਦੇ ਹਨ।ਪਰ ਅੱਜ ਵਿਦੇਸ਼ਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਗੁਰਸਿੱਖ ਹੋਣ ਦਾ ਹੰਕਾਰ ਕੀਤਾ ਜਾ ਰਿਹਾ ਹੈ।ਇਸਨੂੰ ਹੀ ਸਿੱਖੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਵਿਅਕਤੀ ਸਿੱਖੀ ਵਾਲਾ ਕੋਈ ਗੁਣ ਹੈ ਜਾਂ ਨਹੀਂ, ਵੱਸ ਚੋਲਾ ਪਵਾ ਦਿਉ ਤੇ ਮਨੁੱਖ ਪੱਕਾ ਧਰਮੀ ਬਣ ਗਿਆ।ਇਸ ਸਬੰਧੀ ਕੁਝ ਗੁਰ ਫੁਰਮਾਨ ਹਨ:
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥ (473)
ਅਧਿਕ ਤਿਆਸ ਭੇਖ ਬਹੁ ਕਰੈ ॥ ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥ ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥ ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥ (352)
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥੩॥ (751)
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ ਮਨ ਰੇ ਗ੍ਰਿਹ ਹੀ ਮਾਹਿ ਉਦਾਸੁ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ (26)
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ (598)
ਭੋਗ ਲਗਾਉਣ ਬਾਰੇ: ਹਿੰਦੂ ਧਾਰਮਿਕ ਪ੍ਰੰਪਰਾ ਵਿੱਚ ਪੁਜਾਰੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਭੋਗ ਲਗਾਉਂਦੇ ਸਨ, ਬਾਅਦ ਵਿੱਚ ਸਾਰਾ ਸਮਾਨ ਆਪ ਛਕਦੇ ਸਨ ਜਾਂ ਸ਼ਰਧਾਲੂਆਂ ਵਿੱਚ ਵੰਡ ਦਿੰਦੇ ਸਨ ਤੇ ਕਹਿੰਦੇ ਸਨ ਕਿ ਦੇਵਤੇ ਨੇ ਭੋਗ ਲਗਾ ਦਿੱਤਾ ਹੈ ਤੇ ਭੋਜਨ ਜਾਂ ਪ੍ਰਸ਼ਾਦ ਪਵਿੱਤਰ ਹੋ ਗਿਆ।ਜਿਸਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਨਿਖੇਧ ਕੀਤਾ ਗਿਆ ਹੈ:
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ (479)
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥ (1136)
ਪਰ ਅਜੋਕੇ ਸਿੱਖ ਗੁਰਬਾਣੀ ਗਿਆਨ ਨੂੰ ਭੋਗ ਲਵਾ ਰਹੇ ਹਨ, ਮੂਰਖਤਾ ਦੀ ਵੀ ਕੋਈ ਹੱਦ ਹੁੰਦੀ ਹੈ।ਪਰ ਅਸੀਂ ਪਾਖੰਡੀ ਸਾਧਾਂ ਜਾਂ ਕਰਮਕਾਂਡੀ ਪੁਜਾਰੀਆਂ ਮਗਰ ਲੱਗ ਕੇ ਅਜਿਹੀਆਂ ਮਨਮਤਾਂ ਦਿਨੋ ਦਿਨ ਵਧਾ ਰਹੇ ਹਾਂ।
ਇਸ ਤਰ੍ਹਾਂ ਦੇ ਅਨੇਕਾਂ ਗੁਰ ਫੁਰਮਾਨ ਸਾਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਬਾਹਰੀ ਪਹਿਰਾਵਿਆਂ, ਦਿਖਾਵਿਆਂ, ਧਰਮ ਚਿੰਨ੍ਹਾਂ ਨੂੰ ਪਾਖੰਡ ਕਰਮ ਕਿਹਾ ਗਿਆ ਹੈ।ਪਰ ਅੱਜ ਦੇ ਸਿੱਖਾਂ ਵਿੱਚ ਫੋਕਾ ਦਿਖਾਵਾ ਤੇ ਇਸਦਾ ਹੰਕਾਰ ਹੀ ਪ੍ਰਧਾਨ ਹੈ।ਜਿਸਨੇ ਬਾਹਰੋਂ ਦਿਖਾਵਾ ਕੀਤਾ ਹੋਵੇ, ਬਾਹਰੀ ਧਾਰਮਿਕ ਲਿਬਾਸ ਪਾਇਆ ਹੋਵੇ, ਬਾਹਰੋਂ ਧਾਰਮਿਕ ਚਿੰਨ੍ਹ ਪਾਏ ਹੋਣ, ਉਹ ਹੀ ਗੁਰਸਿੱਖ ਹਨ, ਉਹ ਹੀ ਗੁਰੂ ਵਾਲੇ ਹਨ, ਬਾਕੀ ਸਭ ਮਨਮੁੱਖ, ਨਾਸਤਿਕ, ਪਤਿਤ ਹਨ।ਪਹਿਰਾਵੇ ਦੇ ਹੰਕਾਰ ਨੇ ਆਮ ਮਨੁੱਖ ਨੂੰ ਸਿੱਖੀ ਤੋਂ ਦੂਰ ਕੀਤਾ ਹੈ।ਗੁਰਬਾਣੀ ਦਾ ਸਪੱਸ਼ਟ ਸੁਨੇਹਾ ਹੈ ਕਿ ਬਾਹਰੋਂ ਧਰਮੀ ਹੋਣ ਦਾ ਭੇਖ ਉਹੀ ਪਾਉਂਦੇ ਹਨ, ਜਿਨ੍ਹਾਂ ਦੇ ਅੰਦਰ ਧਰਮ ਨਹੀਂ ਹੁੰਦਾ, ਜਿਨ੍ਹਾਂ ਕੋਲ ਧਰਮ ਹੁੰਦਾ ਹੈ, ਉਨ੍ਹਾਂ ਨੂੰ ਬਾਹਰੋਂ ਵਿਖਾਵਾ ਕਰਨ ਦੀ ਲੋੜ ਨਹੀਂ ਹੁੰਦੀ, ਪਰ ਅਜੋਕੇ ਸਿੱਖ ਸਮਾਜ ਵਿੱਚ, ਖਾਸਕਰ ਵਿਦੇਸ਼ਾਂ ਵਿੱਚ ਬੜੀ ਤੇਜ਼ੀ ਨਾਲ ਬਾਹਰੀ ਭੇਖ ਨੂੰ ਹੀ ਸਿੱਖੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਗੁਰਬਾਣੀ ਨੂੰ ਰੀਤਾਂ-ਰਸਮਾਂ ਨਿਭਾਉਣ ਤੇ ਗੁਰਦੁਆਰਿਆਂ ਦੀਆਂ ਗੋਲਕਾਂ ਭਰਨ ਦਾ ਸੰਦ ਬਣਾਇਆ ਹੋਇਆ ਹੈ।
ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਕਰਮਕਾਂਡਾਂ ਦੀ ਗੁਰਬਾਣੀ ਵਿੱਚ ਨਿਖੇਧੀ ਮਿਲਦੀ ਹੈ, ਇਨ੍ਹਾਂ ਨੂੰ ਫੋਕਟ ਕਰਮ ਕਿਹਾ ਹੈ, ਜਿਨ੍ਹਾਂ ਨੂੰ ਅੱਜ ਸਾਡੇ ਗੁਰਦੁਆਰਿਆਂ ਵਿੱਚ ਨਵੇਂ ਰੂਪ ਵਿੱਚ ਪੁਰਾਤਨ ਮਰਿਯਾਦਾ ਦੇ ਨਾਮ ਹੇਠ ਦੇਖਿਆ ਜਾ ਸਕਦਾ ਹੈ। ਗੁਰਦੁਆਰੇ ਜੋ ਕਿ ਸਿੱਖੀ ਕਮਾਉਣ ਦੇ ਸਥਾਨ ਸਨ, ਅੱਜ ਮਨਮਤ ਤੇ ਕਰਮਕਾਂਡਾਂ ਦੇ ਅੱਡੇ ਬਣੇ ਹੋਏ।ਗੁਰਬਾਣੀ ਦੀ ਗੱਲ ਕਰਨ ਵਾਲਿਆਂ ਨੂੰ ਨਾਸਤਿਕ ਕਿਹਾ ਜਾਂਦਾ ਹੈ ਤੇ ਝੂਠੀਆਂ ਤੇ ਮਨਘੜਤ, ਕਰਾਮਾਤੀ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਬ੍ਰਹਮ ਗਿਆਨੀ ਕਹਿ ਕੇ ਪੂਜਿਆ ਜਾਂਦਾ ਹੈ।ਸਿੱਖ ਧਰਮ ਨੇ ਪਹਿਲੀ ਵਾਰ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਮਰਦ ਔਰਤ ਵਿੱਚ ਬਰਾਬਰਤਾ ਦਾ ਸੰਦੇਸ਼ ਦਿੱਤਾ, ਪਰ ਅਜੋਕਾ ਸਿੱਖ ਸਮਾਜ ਵਿੱਚ ਕੁੜੀਆਂ ਮਾਰਨ ਲਈ ਤਾਂ ਦੁਨੀਆਂ ਭਰ ਵਿੱਚ ਮਸ਼ਹੂਰ ਹੈ, ਆਪਣੇ ਕੇਂਦਰੀ ਅਸਥਾਨ ਵਿੱਚ ਔਰਤਾਂ ਨੂੰ ਕੀਰਤਨ ਕਰਨ ਦੀ ਆਗਿਆ ਨਹੀਂ, ਪੰਜ ਪਿਆਰਿਆਂ ਵਿੱਚ ਬੀਬੀਆਂ ਸ਼ਾਮਿਲ ਨਹੀਂ ਹੋ ਸਕਦੀਆਂ? ਗੱਲ ਅਸੀਂ ਕਰਦੇ ਹਾਂ ਕਿ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਅਗਾਂਹਵਧੂ ਤੇ ਵਿਗਿਆਨਕ ਧਰਮ ਹੈ? ਬੇਸ਼ਕ ਸਾਡੇ ਧਰਮ ਗ੍ਰੰਥ ਵਿੱਚ ਸਭ ਕੁਝ ਹੈ, ਜੋ ਇਸ ਧਰਮ ਨੂੰ ਸਰਬੋਤਮ ਧਰਮ ਬਣਾਉਂਦਾ ਹੈ, ਪਰ ਦੁਨੀਆਂ ਨੇ ਸਾਡਾ ਕਿਰਦਾਰ ਦੇਖਣਾ ਹੈ, ਸਾਡਾ ਵਿਹਾਰ ਦੇਖਣਾ ਹੈ, ਸਾਡਾ ਅਜੋਕਾ ਸਮਾਜ ਦੇਖ ਕੇ ਸਿੱਖੀ ਦੀ ਤਸਵੀਰ ਬਣਾਉਣੀ ਹੈ।ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦਾ ਤਾਂ ਸਾਡੇ ਕੋਲ ਸਮਾਂ ਨਹੀਂ, ਅਸੀਂ ਭਾੜੇ ਦੇ ਪਾਠ ਕਰਾਉਂਦੇ ਹਾਂ ਤੇ ਦੂਜੀਆਂ ਕੌਮਾਂ ਤੋਂ ਕਿਵੇਂ ਆਸ ਰੱਖੀਏ ਕਿ ਉਹ ਸਾਡਾ ਗ੍ਰੰਥ ਪੜ੍ਹ ਕੇ ਸਹੀ ਸਿੱਖੀ ਨੂੰ ਸਮਝਣ? ਸਿੱਖੀ ਅਸੂਲਾਂ ਵਿੱਚ ਗੁਰਬਾਣੀ ਦਾ ਪ੍ਰਮੁੱਖ ਸਿਧਾਂਤ ਮਨੁੱਖੀ ਬਰਾਬਰਤਾ ਹੈ, ਗੁਰਬਾਣੀ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦਾ ਸੰਦੇਸ਼ ਦੇ ਕੇ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ।ਗੁਰਬਾਣੀ ਇਥੇ ਹੀ ਨਹੀਂ ਰੁਕਦੀ, ਸਗੋਂ ‘ਸਭੈ ਘਟਿ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ’ ਅਤੇ ‘ਏਕ ਨੂਰ ਤੇ ਸਭ ਜਗ ਉਪਜਿਆ..’ ਕਹਿ ਕੇ ਸਾਰੀ ਸ੍ਰਿਸਟੀ ਨੂੰ ਆਪਣਾ ਬਣਾਉਣ ਦਾ ਸੁਨੇਹਾ ਦਿੰਦੀ ਹੈ, ਪਰ ਬਦਕਿਸਮਤੀ ਨਾਲ ਅਸੀਂ 500 ਸਾਲ ਬਾਅਦ ਵੀ ਆਪਣੀ ਕਬੀਲਾ ਸੋਚ ਛੱਡਣ ਲਈ ਤਿਆਰ ਨਹੀਂ ਹਾਂ। ਅਸੀਂ ਅੱਜ ਵੀ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਪਰ ਸਮਾਜਿਕ ਜੀਵਨ ਵਿੱਚ ਗੁਰੂ ‘ਮਨੂ ਸਿਮਰਿਤੀ’ ਨੂੰ ਮੰਨਦੇ ਹਾਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੁੰਦੇ ਤਾਂ ਕੋਈ ਕਾਰਨ ਨਹੀਂ ਸੀ ਕਿ 500 ਸਾਲ ਬਾਅਦ ਵੀ ਅਸੀਂ ਜਾਤਾਂ-ਪਾਤਾਂ ਵਿੱਚ ਫਸੇ ਹੁੰਦੇ।ਆਪ ਤੇ ਅਸੀਂ ਜਾਤਾਂ ਪਾਤਾਂ ਵਿੱਚ ਫਸੇ ਹੋਏ ਹੀ ਸੀ, ਗੁਰਦੁਆਰੇ ਵੀ ਜਾਤਾਂ ਦੇ ਨਾਮ ਤੇ ਬਣਾ ਲਏ।ਗੁਰੂ ਸਾਹਿਬਾਨ ਨੇ ਮਨੁੱਖਤਾ ਉਪਰ ਪਰਉਪਕਾਰ ਕਰਕੇ ਨਾ ਸਿਰਫ ਆਪਣੀ ਬਾਣੀ, ਸਗੋਂ ਹੋਰ ਅਨੇਕਾਂ ਰੱਬੀ ਰੂਹਾਂ ਦੀ ਬਾਣੀ ਦੂਰੋਂ ਦੂਰੋਂ ਜਾ ਕੇ ਇਕੱਤਰ ਕੀਤੀ ਤੇ ਸਾਡੀ ਰਹਿਨੁਮਾਈ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਕਲਮਬੱਧ ਕਰ ਦਿੱਤੀ ਤਾਂ ਕਿ ਸਾਰੀ ਮਨੁੱਖਤਾ ਹਮੇਸ਼ਾਂ ਲਈ ਇਸ ਤੋਂ ਲਾਭ ਉਠਾਉਂਦੀ ਰਹੇ, ਪਰ ਅਸੀਂ ਸਿੱਖ ਕਹਾਉਣ ਵਾਲਿਆਂ ਨੇ ਇਸ ਉਪਰ ਅਜਿਹਾ ਜੱਫਾ ਮਾਰ ਲਿਆ ਹੈ ਕਿ ਅੜੀਅਲ ਤੇ ਨਲਾਇਕ ਬੱਚੇ ਵਾਂਗ ਨਾ ਤੇ ਆਪ ਪੜ੍ਹ ਰਹੇ ਹਾਂ ਤੇ ਨਾ ਹੀ ਕਿਸੇ ਹੋਰਨ ਨੂੰ ਨੇੜੇ ਲੱਗਣ ਦੇ ਰਹੇ ਹਾਂ।ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਜੀਵਨ ਸੰਵਾਰਨ ਵਾਲੀ ਵਿਚਾਰਧਾਰਾ ਵਜੋਂ ਅਪਨਾਉਣ ਦੀ ਥਾਂ ਇਸ ਅੱਗੇ ਖੜ ਕੇ ਆਪਣੀਆਂ ਮਨਮਤੀ ਅਰਦਾਸਾਂ ਪੂਰੀਆਂ ਕਰਾਉਣ ਦਾ ਸਾਧਨ ਸਮਝ ਲਿਆ ਹੈ।ਇਸ ਨੂੰ ਆਪਣੀਆਂ ਸਮਾਜਿਕ ਤੇ ਧਾਰਮਿਕ ਮਨਮਤੀ ਰੀਤਾਂ-ਰਸਮਾਂ ਨਿਭਾਉਣ ਦਾ ਜ਼ਰੀਆ ਬਣਾ ਲਿਆ ਹੈ।ਪੇਸ਼ਾਵਰ ਪਾਠੀਆਂ ਕੋਲੋਂ ਪਾਠ ਕਰਾ ਕੇ ਆਪਣੀਆਂ ਸੁੱਖਣਾ ਪੂਰੀਆਂ ਕਰਾਉਣ ਦਾ ਸਾਧਨ ਮਾਤਰ ਬਣਾ ਲਿਆ ਹੈ।ਗੁਰਬਾਣੀ ਥਾਂ ਥਾਂ ਤੇ ਜੰਤਰਾਂ, ਮੰਤਰਾਂ, ਤੰਤਰਾਂ, ਟੂਣਿਆਂ-ਟਾਮਣਿਆਂ ਨੂੰ ਨਖਿਧ ਕਰਮ ਦੱਸਦੀ ਹੈ ਤੇ ਅਸੀਂ ਬ੍ਰਹਮ ਗਿਆਨੀ ਬਾਬਿਆਂ ਕੋਲੋਂ ਗੁਰਬਾਣੀ ਦੇ ਮੰਤਰੇ ਪਾਣੀ ਨਾਲ ਬੀਮਾਰੀਆਂ ਠੀਕ ਹੋਣ ਦਾ ਭਰਮ ਪਾਲਦੇ ਹਾਂ, ਗੁਰਬਾਣੀ ਦੇ ਸ਼ਬਦ ਦਾ ਤਵੀਤ ਬਣਾ ਕੇ ਬੁਰੀਆਂ ਬਲਾਵਾਂ ਭਜਾਉਣ ਦਾ ਢੌਂਗ ਰਚਦੇ ਹਾਂ, ਗੁਰਬਾਣੀ ਨੂੰ ਇਸ ਨੀਵੇਂ ਪੱਧਰ ਤੱਕ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਮੱਝ ਦੁੱਧ ਨਾ ਦੇਵੇ ਤਾਂ ਬਾਬੇ ਬਾਣੀ ਦਾ ਸ਼ਬਦ ਪੜ੍ਹ ਕੇ ਆਟੇ ਦੇ ਪੇੜੇ ਤੇ ਫੂਕ ਮਾਰ ਕੇ ਕਹਿੰਦੇ ਹਨ ਕਿ ਹੁਣ ਮੱਝ ਦੁੱਧ ਦੇ ਦੇਵੇਗੀ।ਗੁਰਬਾਣੀ ਨੇ ਜਿਥੇ ਮਨੁੱਖੀ ਏਕਤਾ ਦੀ ਗੱਲ ਕੀਤੀ ਹੈ, ਉਥੇ ਮਨੁੱਖ ਹੱਥੋਂ ਮਨੁੱਖ ਦੇ ਸਮਾਜਿਕ, ਆਰਥਿਕ, ਰਾਜਨੀਤਕ ਸੋਸ਼ਣ ਖਿਲਾਫ ਲਾਮਬੰਦ ਹੋਣ ਦੀ ਵੀ ਸੱਦ ਪਾਈ ਹੈ।ਗੁਰਬਾਣੀ ਇੱਕ ਸੋਸ਼ਣ ਰਹਿਤ ਸਰਬਤ ਦੇ ਭਲੇ ਵਾਲਾ ਸਮਾਜ ਸਿਰਜਣ ਦੀ ਹਾਮੀ ਭਰਦੀ ਹੋਈ, ਜ਼ਾਲਮਾਂ-ਜਰਵਾਣਿਆਂ ਨੂੰ ਵੀ ਵੰਗਾਰ ਪਾਉਣ ਦਾ ਸੰਦੇਸ਼ ਦਿੰਦੀ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣ ਵੀ ਪਾਪ ਹੈ।ਪਰ ਅੱਜ ਸਾਨੂੰ ਅਜਿਹਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਨਾਮ-ਸਿਮਰਨ (ਮੰਤਰ ਜਾਪ) ਕਰੋ ਤੇ ਆਪਣਾ ਅੱਗਾ ਸੰਵਾਰੋ।ਅੱਜ ਸਾਡੇ ਸਮਾਜ ਦੇ ਬਹੁਤ ਸਾਰੇ ਧਰਮੀਆਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਮਾਜ ਵਿੱਚ ਕਿਵੇਂ ਵੱਖ-ਵੱਖ ਪੱਧਰ ਤੇ ਸੋਸ਼ਣ ਹੋ ਰਿਹਾ ਹੈ, ਕਿਵੇਂ ਮਨੁੱਖੀ ਹੱਕਾਂ ਦੀ ਉਲੰਘਣਾ ਹੋ ਰਹੀ ਹੈ, ਕਿਵੇਂ ਲੋਕ ਨਰਕ ਭੋਗ ਰਹੇ ਹਨ, ਪਰ ਉਨ੍ਹਾਂ ਇਸ ਜੀਵਨ ਨਾਲ ਕੋਈ ਮਤਲਬ ਨਹੀਂ, ਉਨ੍ਹਾਂ ਨੇ ਸਿਰਫ ਆਪਣਾ ਅੱਗਾ (ਪਰਲੋਕ) ਹੀ ਸੰਵਾਰਨਾ ਹੈ।ਗੁਰਬਾਣੀ ਭਾਵੇਂ ਵਰਾਂ-ਸਰਾਪਾਂ ਦੇ ਵਿਰੋਧ ਵਿੱਚ ਖੜੀ ਹੈ, ਪਰ ਅਸੀਂ ਤੇ ਕਿਸੇ ਬਾਬੇ ਤੋਂ ਸੇਬ ਲੈਣਾ ਹੈ, ਇਲੈਚੀ ਲੈਣੀ ਹੈ, ਮਿਸ਼ਰੀ ਲੈਣੀ, ਅਸ਼ੀਰਵਾਦ ਲੈਣਾ ਹੈ, ਪਾਣੀ ਵਿੱਚ ਫੂਕ ਮਰਾਉਣੀ ਹੈ ਤਾਂ ਕਿ ਬਾਬਾ ਜੀ ਦੇ ਵਰ ਨਾਲ ਉਨ੍ਹਾਂ ਦੇ ਸੰਤਾਨ ਹੋ ਜਾਵੇ ਜਾਂ ਸੰਤਾਨ ਵੀ ਸਿਰਫ ਮੁੰਡਾ ਹੋ ਜਾਵੇ, ਕੋਈ ਚੰਗੀ ਨੌਕਰੀ ਮਿਲ ਜਾਵੇ ਆਦਿ।ਸਿੱਖੀ ਗਿਆਨ ਦਾ ਧਰਮ ਹੈ, ਪਰ ਅੱਜ ਸਾਡੇ ਘਰਾਂ ਵਿੱਚ ਹੀ ਨਹੀਂ, ਸਗੋਂ ਗੁਰਦੁਆਰਿਆਂ ਵਿੱਚ ਫੋਕਟ ਕਰਮਕਾਂਡ ਪ੍ਰਧਾਨ ਹਨ, ਝੂਠੇ ਦਿਖਾਵੇ-ਪਹਿਰਾਵੇ ਪ੍ਰਧਾਨ ਹਨ, ਅਗਿਆਨਤਾ ਹਰ ਪਾਸੇ ਪ੍ਰਧਾਨ ਹੈ। ਧਰਮ ਜੀਵਨ ਕਮਾਉਣ ਦਾ ਸਾਧਨ ਨਹੀਂ, ਧੰਦਾ ਬਣ ਕੇ ਰਹਿ ਗਿਆ ਹੈ।ਹਰ ਗੁਰਦੁਆਰੇ ਦਾ ਪ੍ਰਬੰਧਕ ਇਸ ਤਾਕ ਵਿੱਚ ਹੈ, ਕਿਹੜਾ ਜਥਾ, ਪ੍ਰਚਾਰਕ ਜਾਂ ਸਾਧ ਗੁਰਦੁਆਰੇ ਸੱਦਿਆ ਜਾਵੇ, ਜਿਸ ਨਾਲ ਗੋਲਕ ਵੱਧ ਭਰੇ? ਜਿਸ ਕੌਮ ਦਾ ਗੁਰੂ ਗਿਆਨ ਹੈ, ਉਸ ਕੌਮ ਵਲੋਂ ਹੀ ਗਿਆਨਵਾਨਾਂ (ਵਿਦਵਾਨਾਂ) ਨੂੰ ਗੁਰਦੁਆਰਿਆਂ ਨੇੜੇ ਫੜਕਣ ਨਹੀਂ ਦਿੱਤਾ ਜਾਂਦਾ, ਗਿਆਨਵਾਨ ਹੋਣ ਨੂੰ ਧਰਮ ਵਿਰੋਧੀ ਮੰਨਿਆ ਜਾ ਰਿਹਾ ਹੈ।ਸਾਨੂੰ ਲੋੜ ਹੈ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹਨਾ ਵਿਚਾਰਨਾ ਸਿੱਖੀਏ ਤੇ ਗੁਰੂ ਗਿਆਨ ਨਾਲ ਜੁੜੀਏ ਤਾਂ ਹੀ ਗੁਰੂ ਨਾਨਾਕ ਦੇ ਸਿੱਖ ਅਖਵਾ ਸਕਦੇ ਹਾਂ ਤੇ ਸਾਡੇ ਗੁਰਪੁਰਬ ਮਨਾੁੳਣੇ ਸਫਲ ਹੋ ਸਕਦੇ ਹਨ।
(ਸਮਾਪਤ)

Tag Cloud

DHARAM

Meta