ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਸਿੱਖਾਂ ਨੇ ਦਲਦਲ ਤੋਂ ਉੱਪਰ ਉਠਕੇ ਕੀਤਾ ਮੁਕੰਮਲ ਪੰਜਾਬ ਬੰਦ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੀਤੇ ਦਿਨੀਂ ਕੁੱਝ ਹਰਾਮਖੋਰ ਬਿਰਤੀ ਦੇ ਮਾਲਿਕ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਕੇ, ਕੀਤੀ ਬੇਹੁਰਮਤੀ ਕਾਰਨ ਸਿੱਖ ਜਜਬਾਤ ਲੂਹੇ ਗਏ ਅਤੇ ਪੰਜਾਬ ਦਾ ਅਮਨ ਵੀ ਅੱਗ ਦੀ ਭੱਠੀ ਉੱਤੇ ਖੜਾ ਦਿਖਾਈ ਦੇ ਰਿਹਾ ਹੈ। ਸਿੱਖ ਭਾਵੇ ਕਿਸੇ ਵੀ ਰੂਪ ਵਿੱਚ ਵਿਚਰ ਰਿਹਾ ਹੋਵੇ, ਕਿਸੇ ਰਾਜਸੀ ਪਾਰਟੀ ਨਾਲ ਸਬੰਧਤ ਹੋਵੇ ਜਾਂ ਕੋਈ ਨੌਕਰੀ ਪੇਸ਼ਾ ਵੀ ਕਿਉਂ ਨਾ ਹੋਵੇ, ਗੁਰੂ ਨਾਲ ਵਾਪਰੀ ਕਿਸੇ ਵੀ ਅਜਿਹੀ ਹਿਰਦੇਵੇਦਿਕ ਘਟਨਾ ਉੱਤੇ ਇੱਕ ਦਮ ਤੜਫ ਉਠਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਤੋਂ ਹੀ ਲੈ ਕੇ, ਕੁੱਝ ਇੱਕ ਕੱਟੜਵਾਦੀ ਜਥੇਬੰਦੀਆਂ ਸਿੱਖਾਂ ਨੂੰ ਨਿਗਲ ਜਾਣ ਵਾਸਤੇ ਦਿਨ ਰਾਤ ਨਵੀਆਂ ਨਵੀਆਂ ਵਿਉਂਤ ਬੰਦੀਆਂ ਵਿੱਚ ਰੁੱਝੀਆਂ ਹੋਈਆਂ ਹਨ। ਅਜਿਹੇ ਮੌਕੇ ਉਹਨਾਂ ਲੋਕਾਂ ਨੂੰ ਤੀਜ ਦੀਆਂ ਤੀਆਂ ਵਾਂਗੂੰ ਰਾਸ ਆਉਂਦੇ ਹਨ। ਜਿਸ ਵਿੱਚੋਂ ਉਹਨਾਂ ਦੇ ਮਾੜੇ ਇਰਾਦਿਆਂ ਦੀ ਤ੍ਰਿਪਤੀ ਹੁੰਦੀ ਹੈ ਅਤੇ ਫਿਰ ਅਗਲੀ ਮੰਜਿਲ ਵੱਲ ਵਧਣ ਦਾ ਹੌਂਸਲਾ ਮਿਲ ਜਾਂਦਾ ਹੈ। ਅਜਿਹੀਆਂ ਜਥੇਬੰਦੀਆਂ ਕੋਲ ਅੱਜਕੱਲ ਰਾਜ ਪ੍ਰਬੰਧ ਹੋਣ ਕਰਕੇ, ਸਾਧਨ ਵੀ ਬਹੁਤ ਹਨ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਵੀ ਬੜੇ ਅਜੀਬ ਹਨ। ਉਹ ਇੱਕ ਤੀਰ ਨਾਲ ਅਨੇਕ ਸ਼ਿਕਾਰ ਕਰਨ ਦਾ ਹੁਨਰ ਰੱਖਦੀਆਂ ਹਨ, ਜਿਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਵੀ ਉਹ ਸਿੱਖਾਂ ਦਾ ਹਰ ਪੱਖੋਂ ਨੁਕਸਾਨ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਹੋਈਆਂ ਹਨ।

ਸਿੱਖਾਂ ਵੱਲੋਂ ਆਪਣੇ ਇਸ਼ਟ ਦੀ ਹੋਈ ਬੇਹੁਰਮਤੀ ਖਿਲਾਫ਼ ਅਮਨਮਈ ਧਰਨਾ ਦਿੱਤਾ ਗਿਆ ਸੀ, ਪਰ ਇਸ ਧਰਨੇ ਵਿੱਚਲੀ ਹਾਜਰੀ ਨੇ ਸਰਕਾਰ ਨੂੰ ਵਖਤ ਪਾ ਦਿੱਤਾ ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਸਾਰੇ ਧਾਰਮਿਕ ਅਤੇ ਰਾਜਨੀਤਿਕ ਆਗੂ ਇੱਕਸੁਰ ਹੋ ਕੇ, ਪੰਥਕ ਜੁਗਤ ਵਿੱਚ ਜੁੜ ਬੈਠੇ ਸਨ। ਅਜਿਹਾ ਇਕੱਠ ਜਰੂਰ ਕਿਸੇ ਖੂਬਸੂਰਤੀ ਨੂੰ ਜਨਮ ਦੇਣ ਵਿੱਚ ਕਾਮਯਾਬ ਹੋ ਸਕਦਾ ਹੈ। ਸਰਕਾਰ ਨੂੰ ਕੁੱਝ ਮੁੱਢੋਂ ਹੀ ਸਿੱਖ ਵਿਰੋਧੀ ਅਤੇ ਘਟੀਆ ਕਿਰਦਾਰ ਦੇ ਅਫਸਰਾਂ ਨੇ ਸਖਤੀ ਦੀਆਂ ਸਲਾਹਾਂ ਦੇ ਕੇ, ਇੱਕ ਤਾਂ ਪੰਜਾਬ ਸਰਕਾਰ ਦੀਆਂ ਜੜਾਂ ਖੋਖਲੀਆਂ ਕਰਵਾ ਦਿੱਤੀਆਂ ਅਤੇ ਦੂਜੇ ਪਾਸੇ ਸਿੱਖਾਂ ਨੂੰ ਨਿਗਲ ਜਾਣ ਦੀ ਠਾਣੀ ਬੈਠੀ ਜਮਾਤ ਦਾ ਸਿੱਖ ਵਿਰੋਧੀ ਏਜੰਡਾ ਲਾਗੂ ਕਰਦਿਆਂ, ਤਿੰਨ ਸਿੱਖਾਂ ਦੀਆਂ ਜਾਨਾਂ ਵੀ ਲੈ ਲਈਆਂ ਅਤੇ ਸੈਂਕੜੇ ਸਿੱਖਾਂ ਨੂੰ ਸਰੀਰਕ ਰੂਪ ਵਿੱਚ ਜਖਮੀ ਕਰ ਦਿੱਤਾ। ਜਿਹੜੀ ਪਾਰਟੀ ਜਾਂ ਆਗੂ ਅਫਸਰਾਂ ਦੀਆਂ ਸਲਾਹਾਂ ਉੱਤੇ ਭਰੋਸਾ ਕਰਨ ਲੱਗ ਪਵੇ ਅਤੇ ਲੋਕ ਰਾਇ ਦੀ ਪ੍ਰਵਾਹ ਨਾ ਕਰੇ, ਉਸਦਾ ਹਸ਼ਰ ਮਾੜਾ ਹੀ ਹੁੰਦਾ ਹੈ ਅਤੇ ਉਸਦੀ ਮਿਆਦ ਬਹੁਤੀ ਲੰਬੀ ਨਹੀਂ ਹੁੰਦੀ। ਅਜਿਹੇ ਲੋਕ ਦੋਹੀਂ ਜਹਾਨੀਂ ਮੁੰਹ ਕਾਲਾ ਕਰਵਾਉਂਦੇ ਹਨ।

ਅੱਜ ਸਿੱਖਾਂ ਨੇ ਧੜੇਬੰਦੀ ਤੋਂ ਉੱਪਰ ਉੱਠਕੇ ਪੰਜਾਬ ਬੰਦ ਨੂੰ ਸਫਲ ਬਣਾਇਆ ਹੈ, ਉਹਨਾਂ ਨੇ ਇਹ ਨਹੀਂ ਵੇਖਿਆ ਕਿ ਬੰਦ ਦਾ ਸੱਦਾ ਕਿਸ ਨੇ ਦਿੱਤਾ ਹੈ, ਸਿਰਫ ਗੁਰੂ ਪਿਆਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਖਿਲਾਫ਼ ਰੋਹ ਨੂੰ ਹੀ ਸਨਮੁੱਖ ਰੱਖਿਆ ਹੈ, ਕਿਉਂਕਿ ਬਾਦਲ ਪਰਿਵਾਰ ਅਤੇ ਬਾਦਲੀ ਸਰਕਾਰ ਨਾਲ ਸਬੰਧਤ ਇੱਕ ਡੇਰੇਦਾਰ ਬਾਬੇ ਧੁੰਮੇ ਨੇ ਵੀ ਬੰਦ ਦਾ ਸੱਦਾ ਦਿੱਤਾ ਸੀ ਅਤੇ ਕੁੱਝ ਕੁ ਪੰਥਕ ਜਥੇਬੰਦੀਆਂ ਨੇ ਵੀ ਬੰਦ ਕਰਨ ਦੀ ਅਪੀਲ ਕੀਤੀ ਸੀ, ਪਰ ਸਿੱਖਾਂ ਨੇ ਪੰਥਕ ਏਕਤਾ ਵਜੋਂ ਬੰਦ ਕੀਤਾ ਹੈ, ਬੇਸ਼ਕ ਅੱਜ ਵੀ ਕੁੱਝ ਲੋਕਾਂ ਨੇ ਬੰਦ ਦੌਰਾਨ ਸੜਕਾਂ ਉੱਤੇ ਜੁੜੇ ਪੰਥਕ ਇਕੱਠਾਂ ਵਿੱਚ ਆਪਣੀਆਂ ਜਥੇਬੰਦੀਆਂ ਜਾਂ ਆਗੂਆਂ ਦੇ ਸੋਹਲੇ ਗਾ ਕੇ, ਬੰਦ ਦਾ ਸਿਹਰਾ ਆਪਣੇ ਸਿਰ ਬੰਨਣ ਦੇ ਅਸਫਲ ਯਤਨ ਕੀਤੇ। ਕੁੱਝ ਕੁ ਆਗੂਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਜਾਂ ਪੰਜਾਬ ਵਿੱਚ ਸਿੱਖਾਂ ਨਾਲ ਵਾਪਰੇ ਖੂੰਨੀ ਕਾਂਡ ਦਾ ਦੁੱਖ ਘੱਟ ਸੀ, ਪਰ ਥਾਂ ਥਾਂ ਉੱਤੇ ਜਾ ਕੇ ਭਾਸ਼ਣ ਝਾੜਣ ਦਾ ਚਾਅ ਉਹਨਾਂ ਦੇ ਚਿਹਰਿਆਂ ਉੱਤੇ ਵਧੇਰੇ ਝਲਕ ਰਿਹਾ ਸੀ ਅਤੇ ਹਰ ਥਾਂ ਭਾਸ਼ਣ ਕਰਨ ਉਪਰੰਤ ਆਪਣੇ ਨਾਲ ਕਾਰ ਵਿੱਚ ਲਿਆਂਦੇ ਬੰਦਿਆਂ ਨੂੰ ਪੁੱਛਦੇ ਵੀ ਸਨ ਕਿ ਕਿਉਂ ਆਪਾਂ ਮੇਲਾ ਲੁੱਟ ਲਿਆ ਕੇ ਨਹੀਂ ? ਖੈਰ ਕੁੱਝ ਵੀ ਹੋਵੇ ਸਿੱਖਾਂ ਨੇ ਕਸਰ ਨਹੀਂ ਛੱਡੀ ਆਪਣਾ ਸਭ ਕੁੱਝ ਭੁਲਾਕੇ ਇੱਕ ਮੱਤ ਹੋਏ ਬੈਠੇ, ਸਭ ਨੂੰ ਝੱਲ ਰਹੇ ਸਨ। ਬਾਦਲ ਦਲ ਦੇ ਸਥਾਨਿਕ ਆਗੂ ਬੇਸ਼ੱਕ ਆਪਣੀ ਪਾਰਟੀ ਤੋਂ ਡਰਦੇ ਨਹੀਂ ਆਏ, ਪਰ ਵਰਕਰ ਅਤੇ ਵੋਟਰ ਸਭ ਥਾਵਾਂ ਉੱਤੇ ਧਰਨਿਆਂ ਵਿੱਚ ਬੈਠੇ ਬੜੇ ਠਰੰਮੇ ਨਾਲ ਆਪਣੇ ਨੇਤਾਵਾਂ ਦੇ ਖਿਲਾਫ਼ ਭਾਸ਼ਣ ਸੁਣਦੇ ਵੇਖੇ ਗਏ। ਉਹਨਾਂ ਨੂੰ ਕੋਈ ਗਿਲਾ ਨਹੀਂ ਸੀ ਕਿਉਂਕਿ ਮਾਮਲਾ ਇਸ਼ਟ ਦਾ ਸੀ, ਇਥੇ ਸਿੱਖ ਇੱਕਮੱਤ ਸਨ।

ਬੰਦ ਸਫਲ ਹੋਇਆ, ਇਸ ਬੰਦ ਨੂੰ ਕਿਸੇ ਇੱਕ ਧਿਰ ਜਾਂ ਦੋ ਚਾਰ ਖਾਸ ਜਥੇਬੰਦੀਆਂ ਦੀ ਝੋਲੀ ਪਾਉਣ ਦੀ ਥਾਂ ਜੇ ਪੰਥਕ ਕਾਮਯਾਬੀ ਕਿਹਾ ਜਾਵੇ ਤਾਂ ਬੜਾ ਬਿਹਤਰ ਹੋਵੇਗਾ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਜਮਤ ਦਾਅ ਉੱਤੇ ਲੱਗੀ ਹੈ ਤਾਂ ਕਿਤੇ ਪੰਥ ਇਕੱਠਾ ਹੋ ਕੇ ਇੱਕਸੁਰ ਵਿੱਚ ਬੈਠਾ ਹੈ, ਤਿੰਨ ਸਿੰਘ ਇਸ ਸੰਘਰਸ਼ ਵਿੱਚ ਆਪਣੇ ਜੀਵਨ ਦੀ ਬਾਜ਼ੀ ਲਗਾ ਚੁੱਕੇ ਹਨ, ਬਹੁਤ ਸਾਰੇ ਜੇਲਾਂ ਵਿੱਚ ਹਨ ਅਤੇ ਕੁੱਝ ਸੱਟਾਂ ਦਾ ਸੰਤਾਪ ਭੋਗ ਰਹੇ ਹਨ, ਅੱਜ ਸਿੱਖ ਸੰਘਰਸ਼ ਨੂੰ ਇੱਕ ਮੋੜ ਪਿਆ ਹੈ, ਜੇ ਹੁਣ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ। ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦਾ ਹੀ ਬਹੁਤ ਵੱਡਾ ਹੈ, ਪਰ ਇਸ ਨਾਲ ਹੋਰ ਮਸਲੇ ਵੀ ਜੁੜੇ ਹੋਏ ਹਨ, ਜਿਹਨਾਂ ਸਾਰਿਆਂ ਦਾ ਹੱਲ ਸਿਰਫ ਤੇ ਸਿਰਫ ਪੰਥਕ ਏਕਤਾ ਹੀ ਹੈ।

ਅੱਜ ਦੇ ਇਕੱਠਾਂ ਵਿੱਚ ਸਭ ਥਾਂ ਗਰਮਾਂ ਗਰਮ ਅਤੇ ਧੂੰਆਂਧਾਰ ਭਾਸ਼ਣਾਂ ਵਿੱਚ ਇੱਕ ਗੱਲ ਹੀ ਭਾਰੂ ਸੀ ਕਿ ਨਿਜ਼ਾਮ ਬਦਲੋ, ਲੇਕਿਨ ਬਦਲਕੇ ਲਿਆਉਣਾਂ ਕੀਹ ਹੈ, ਇਸ ਸਵਾਲ ਦਾ ਜਵਾਬ ਦੇਣ ਦੇ ਇੱਕ ਵੀ ਬੁਲਾਰਾ ਸਮਰੱਥ ਨਹੀਂ ਸੀ, ਹਰ ਕੋਈ ਬਾਦਲ ਸਰਕਾਰ ਨੂੰ ਜੜੋਂ ਉਖੇੜਣ ਦੀ ਗੱਲ ਤਾਂ ਸਾਰਾ ਜੋਰ ਲਾ ਕੇ ਕਰਦਾ ਸੀ, ਪਰ ਇਹ ਰਾਜਸੀ ਚਾਬੁਕ ਫੜਾਉਣਾ ਕਿਸ ਦੇ ਹੱਥ ਹੈ ਇੱਥੇ ਆ ਕੇ ਚੁੱਪ ਜਾਂ ਬੇਸ਼ਰਮੀ ਦਾ ਹਾਸਾ ਹੀ ਸੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਹੋ ਸਕਦਾ ਹੈ ਕਿ ਨਾ ਵੀ ਫੜੇ ਜਾਣ ਕਿਉਂਕਿ ਅਜਿਹਾ ਕਾਰਾ ਭਾਰਤੀ ਖੁਫੀਆ ਤੰਤਰ ਜਾਂ ਆਰ.ਐਸ.ਐਸ. ਦਾ ਵੀ ਹੋ ਸਕਦਾ ਹੈ, ਉਹਨਾਂ ਤੱਕ ਕਿਸ ਨੇ ਪਹੁੰਚਣਾ ਹੈ, ਨਾਂ ਹੀ ਕਿਸੇ ਦੀ ਜੁਅਰਤ ਹੈ, ਨਾਲੇ ਜੇ ਬੰਦੇ ਫੜੇ ਹੀ ਗਏ ਤਾਂ ਮਾਮਲਾ ਠੱਪ ਹੋ ਜਾਵੇਗਾ, ਫਿਰ ਭਾਰਤੀ ਨਿਜ਼ਾਮ ਜਾਂ ਸਿੱਖ ਵਿਰੋਧੀਆਂ ਦੇ ਹੱਥ ਕੀਹ ਆਇਆ? ਉਹਨਾਂ ਨੂੰ ਤਾਂ ਅੱਗ ਬਲਦੀ ਹੀ ਲਾਹੇਵੰਦੀ ਹੈ, ਜਿਸ ਉੱਤੇ ਉਹ ਸਿੱਖਾਂ ਨੂੰ ਭੁੰਨਦੇ ਰਹਿਣ ਅਤੇ ਉਹਨਾਂ ਦੇ ਮਨ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਰਹਿਣ, ਲੇਕਿਨ ਸਾਡੇ ਕੋਲ ਇੱਕ ਮੌਕਾ ਆਇਆ ਹੈ ਕਿ ਅਸੀਂ ਇਸ ਦਾ ਨਿੱਜੀ ਲਾਹਾ ਭਾਵ ਆਪਣੀਆਂ ਜਥੇਬੰਦੀਆਂ ਦੇ ਸਿਰ ਸੇਹਰਾ ਬੰਨ ਕੇ, ਖੁਦ ਦੀ ਬੱਲੇ ਬੱਲੇ ਦਾ ਭਰਮ ਪਾਲਦਿਆਂ, ਆਪਣੀ ਈਰਖਾ ਵੱਸ ਏਕਤਾ ਨੂੰ ਸਿਰੇ ਨਾ ਚਾੜਣ ਵਰਗੀ ਗਲਤੀ ਕਰਕੇ, ਪੰਥ ਨੂੰ ਹੋਰ ਬਰਬਾਦੀ ਵਿਚ ਧੱਕਣ ਦੀ ਬਜਾਇ, ਹੁਣ ਪੰਥਕ ਏਕਤਾ ਦਾ ਨਤੀਜਾ ਕੱਢੀਏ ਤਾਂ ਕਿ ਅਸੀਂ ਮੌਜੂਦਾ ਰਾਜ ਨੂੰ ਕੋਸਣ ਦੀ ਥਾਂ ਆਪਣਾ ਰਾਜ ਕਾਇਮ ਕਰਨ ਵੱਲ ਤੁਰ ਸਕੀਏ ਅਤੇ ਬਹੁਤ ਸਾਰੇ ਮਸਲੇ ਅਸੀਂ ਰਾਜਸੀ ਸ਼ਕਤੀ ਹੱਥ ਵਿੱਚ ਲੈ ਕੇ ਖੁਦ ਹੱਲ ਕਰਨ ਦੇ ਸਮਰੱਥ ਹੋ ਸਕਦੇ ਹਾ।

ਹੋਰ ਨਾ ਸਹੀ ਅਸੀਂ ਜ਼ਾਲਮ ਅਫਸਰ ਨੂੰ ਪਰਾਂ ਸੁੱਟਕੇ ਕੁੱਝ ਚੰਗੇ ਅਫਸਰ ਅੱਗੇ ਲਿਆ ਸਕਦੇ ਹਾ, ਜਿਸ ਨਾਲ ਘੱਟੋ ਘੱਟ ਲੋਕਾਂ ਉੱਤੇ ਹੁੰਦਾ ਜਬਰ ਤਾਂ ਰੁਕੇਗਾ ਹੀ ਅਤੇ ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇਗਾ। ਅੱਜ ਪੰਜਾਬ ਸਾਡੇ ਮੁੰਹ ਵੱਲ ਵੇਖਦਾ ਹੈ, ਸਿੱਖ ਅਤੇ ਪੰਜਾਬੀ ਸਮਝਦੇ ਹਨ ਕਿ ਬਾਦਲ ਬੀ.ਜੇ.ਪੀ. ਦਾ ਬਦਲ ਆਮ ਆਦਮੀ ਪਾਰਟੀ ਜਾਂ ਕਾਂਗਰਸ ਨਹੀਂ ਹੈ, ਅਸਲੀ ਬਦਲ ਪੰਥ ਹੀ ਹੈ। ਇਸ ਵਾਸਤੇ ਭਰਾਵੋ ਸਿੱਖਾਂ ਦੇ ਭਵਿੱਖ ਦਾ ਵਾਸਤਾ ਹੈ, ਇਸ ਵਿੱਚੋਂ ਪੰਥਕ ਏਕਤਾ ਨੂੰ ਰੂਪਮਾਨ ਕਰੋ, ਨਹੀਂ ਤਾਂ ਇਹ ਉਬਾਲਾ ਕੁੱਝ ਦਿਨਾਂ ਵਿੱਚ ਠੰਡਾ ਪੈ ਜਾਵੇਗਾ, ਤੁਸੀਂ ਧਰਨਿਆਂ ਦੀਆਂ ਫੋਟੋਆਂ ਵਿਖਾਕੇ ਵਿਦੇਸ਼ਾਂ ਵਿੱਚੋਂ ਡਾਲਰ ਤਾਂ ਬੇਸ਼ੱਕ ਇਕੱਠੇ ਕਰ ਲੈਣੇ ਜਾਂ ਫੇਸ ਬੁੱਕ ਉੱਤੇ ਆਪਣੀਆਂ ਫੋਟੋ ਪਾ ਕੇ, ਆਪਣੇ ਦੋਸਤਾਂ ਜਾਂ ਪਾਰਟੀ ਵਾਲਿਆਂ ਨੂੰ ਟੈਗ ਕਰਕੇ, ਖੁਸ਼ ਹੋਈ ਜਾਇਓ, ਪਰ ਰਾਜਭਾਗ ਦੇ ਮਾਲਿਕ ਨਹੀਂ ਬਣ ਸਕੋਗੇ? ਇਸ ਤੋਂ ਬਿਨਾਂ ਤੁਸੀਂ ਸਿੱਖਾਂ ਨੂੰ ਨਿਆਂ ਨਹੀਂ ਦਿਵਾ ਸਕੋਗੇ ਅਤੇ ਇਤਿਹਾਸ ਵਿੱਚ ਨਾਇਕ ਨਹੀਂ ਖਲਨਾਇਕ ਹੀ ਲਿਖੇ ਜਾਓਗੇ।

ਇੱਕੋ ਹੀ ਹੱਲ ਹੈ, ਪੰਥਕ ਏਕਤਾ ! ਪੰਥਕ ਏਕਤਾ ! ਪੰਥਕ ਏਕਤਾ !

ਗੁਰੂ ਰਾਖਾ !!

Tag Cloud

DHARAM

Meta