ਗਈ ਭੈਂਸ ਪਾਣੀ ਵਿੱਚ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਚਿਅਰਸ ! ਅਗਲੀ ਵੀਹ ਤਾਰੀਖ ਦਾ ਕੀਰਤਨ ਦਰਬਾਰ ਰਖਾ ਦਿੱਤਾ ਹੈ ! (ਜਾਮ ਟਕਰਾਉਂਦੇ ਹੋਏ ਗੁਰਬਕਸ਼ ਸਿੰਘ ਬੋਲਿਆ )

ਰਾਗੀ ਇਸ ਵਾਰ ਅਜੇਹੇ ਬੁਲਾਉਣੇ ਕੀ ਸੰਗਤਾਂ ਝੂਮ ਜਾਉਣ ਤੇ ਸਾਡੀ ਬੱਲੇ ਬੱਲੇ ਹੋ ਜਾਵੇ ! ਨਾਲੇ ਪ੍ਰਧਾਨ ਜੀ, ਚਿਕਨ ਤੰਦੂਰੀ ਦੀਆਂ ਟੰਗੜੀਆਂ ਜਿਆਦਾ ਮੰਗਵਾਇਆ ਕਰੋ ! ਮੀਟਿੰਗ ਦਾ ਮਜ਼ਾ ਹੀ ਨਹੀਂ ਆ ਪਾਉਂਦਾ, ਸਾਰਾ ਮਾਲ ਤਾਂ ਇਹ ਮੇੰਬਰ ਪਹਿਲਾਂ ਹੀ ਰਗੜ ਜਾਉਂਦੇ ਨੇ ! (ਆਪਣੀ ਗੱਲ ਰਖਦੇ ਹੋਏ ਅਮਰਜੀਤ ਸਿੰਘ ਨੇ ਕਿਹਾ)

ਆਪਣੀ ਰੰਗੀ ਹੋਈ ਦਾਹੜੀ ਤੇ ਹੱਥ ਫੇਰਦਾ ਹੋਇਆ ਗੁਰਬਕਸ਼ ਸਿੰਘ ਬੋਲਿਆ : ਆਪਾਂ ਵੀ ਸੰਗਤਾਂ ਨੂੰ ਵਿਖਾ ਦੇਣਾ ਹੈ ਕੀ ਪਿਛਲੀ ਕਮੇਟੀ ਪੱਕੀ ਦਾਰੁਬਾਜ਼ ਸੀ, ਗੋਲਕ ਚੋਰ ਸੀ, ਇੱਕ ਨੰਬਰ ਦੇ ਘਟੀਆ ਲੋਗ ਸਨ (ਗਾਲ ਕਢਦਾ ਹੈ) !

ਮੈਂ ਲਵਲੀ ਹੋ ਗਈ ਯਾਰ, ਨਾਮ ਤੇਰਾ ਪੜ੍ਹਕੇ…..ਨਾਮ ਤੇਰਾ ਪੜ੍ਹਕੇ…..!! ਯਾਰ ਇਸ ਗਾਣੇ ਦੀ ਟਿਉਣ ਤੇ ਕੋਈ ਸ਼ਬਦ ਗਾਉਣ ਨੂੰ ਜਰੂਰ ਕਹਿਣਾ ਉਸ ਵੱਡੇ ਰਾਗੀ ਨੂੰ ! (ਆਪਣਾ ਪੱਖ ਰਖਦੇ ਹੋਏ ਕੁਲਵਿੰਦਰ ਸਿੰਘ ਨੇ ਵੀ ਗੰਦ ਪਾਇਆ)

ਚੜ ਗਈ ਹੈ ਤੈਨੂੰ ! ਤਾਂਹੀਂ ਬਕਵਾਸ ਕਰਦਾ ਪਿਆ ਹੈਂ ਤੂੰ ਕੁਲਵਿੰਦਰ ਸੀਹਾਂ ! ਵਖਰੇ ਕਮਰੇ ਵਿੱਚ ਆਪਣੇ ਇਹ ਸ਼ੰਕ ਪੂਰੇ ਕਰ ਲਵੀਂ, ਵਰਨਾ ਸੰਗਤਾਂ ਨੇ ਖੱਪ ਪਾ ਦੇਣੀ ਹੈ ! (ਗੁੱਸੇ ਵਿੱਚ ਅਮਰਜੀਤ ਸਿੰਘ ਲੋਹਾ ਲਾਖਾ ਹੋ ਗਿਆ ਸੀ)

ਯਾਰ ! ਤੁਹਾਡੇ ਤੋਂ ਚੰਗੇ ਤਾਂ ਪਿਛਲੇ ਪ੍ਰਧਾਨ ਸਨ !  ਉਨ੍ਹਾਂ ਦੇ ਦੋਰ ਵਿੱਚ ਕਦੀ ਲੜ੍ਹਾਈ ਨਹੀਂ ਹੋਈ ਸੀ ! ਸਾਰੇ ਚੁੱਪ ਚਾਪ ਦੋ-ਦੋ ਲਵਲੀ ਮਾਰ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਸਾਂ ਪਰ ਤੁਸੀਂ ਤਾਂ ਸ਼ਰਾਬ ਬਹੁਤ ਖੁੱਲੀ ਕਰ ਦਿੱਤੀ ਹੈ, ਜਦੋਂ ਕੀ ਤੁਸੀਂ ਆਪ ਉਨ੍ਹਾਂ ਦੇ ਸ਼ਰਾਬ ਦੇ ਕੇਸਾਂ ਨੂੰ ਸੰਗਤਾਂ ਵਿੱਚ ਨੰਗਾ ਕਰ ਕੇ ਉਨ੍ਹਾਂ ਨੂੰ ਬਾਹਰ ਕੀਤਾ ਸੀ ! (ਅਮਰਜੀਤ ਸਿੰਘ ਨੇ ਗੱਲ ਜੋੜਦੇ ਹੋਏ ਕਿਹਾ)

ਛੱਡ ਯਾਰ ! ਰੱਖੋ ਸਾਰੇ ਦਸ-ਦਸ ਹਜ਼ਾਰ ਟੇਬਲ ਤੇ, ਤੁਹਾਡੀਆਂ ਫੋਟੋ ਵੀ ਲਗਾਉਣੀਆਂ ਹਨ ਇਸ਼ਤਿਹਾਰਾਂ ਤੇ ! ਬਾਕੀ ਸੰਗਤਾਂ ਕੋਲੋ ਉਗਰਾਹੀ ਹੋ ਜਾਵੇਗੀ !

ਸਾਡੇ ਨਾਮਾਂ ਦੇ ਉੱਤੇ ਲਿਖਣਾ … “ਦਾਸਰੇ” ! ਚੰਗਾ ਲਗੇਗਾ ! (ਨਸ਼ੇ ਵਿੱਚ ਓਹ ਹੱਸਣ ਲੱਗੇ)

ਧਰਮ ਅਸਥਾਨਾਂ ਵਿੱਚ ਦਿਨੋਂ ਦਿਨ ਆਉਂਦੀ ਜਾ ਰਹੀ ਕਿਰਦਾਰ ਦੀ ਗਿਰਾਵਟ ਨੂੰ ਵੇਖ ਕੇ ਗੇਟ ਤੇ ਖੜਾ ਸੇਵਾਦਾਰ ਹੱਕਾ-ਬੱਕਾ ਰਹ ਗਿਆ ! (ਓਹ ਆਪਣੇ ਸਾਥੀ ਨੂੰ ਬੋਲਿਆ ….. ਅਜੇ ਤਾਂ ਮੈਨੂੰ ਡਿਉਟੀ ਤੇ ਆਏ ਕੁਝ ਦਿਨ ਹੀ ਹੋਏ ਨੇ ਤੇ ਇਹ ਦਿਨ ਵੇਖਣਾ ਪੈ ਗਿਆ ਹੈ ! ਖਬਰੇ ਅੱਗੇ ਜਾ ਕੇ ਕੀ ਕੀ ਵੇਖਣਾ ਪਵੇਗਾ ! ਇਸ ਤੋਂ ਚੰਗਾ ਤਾਂ ਇਹ ਹੈ ਕੀ ਮੈਂ ਕੋਈ ਹੋਰ ਹੱਕ-ਹਲਾਲ ਦੀ ਨੌਕਰੀ ਕਰ ਲਵਾਂ … ਘੱਟੋ ਘੱਟ ਜ਼ਮੀਰ ਤੇ ਨਹੀਂ ਮਾਰਣਾ ਪਵੇਗਾ ! )

ਚੰਗੇ ਪ੍ਰਬੰਧਕ ਵੀ ਬਹੁਤ ਹਨ ਪਰ ਵੀਰ ਉਨ੍ਹਾਂ ਨੂੰ ਅੱਗੇ ਕੋਈ ਆਉਣ ਨਹੀਂ ਦਿੰਦਾ ਤੇ ਅਕਸਰ ਗੁਰਦੁਆਰਾ ਚੋਣਾਂ ਵਿੱਚ ਸ਼ਰਾਬ, ਕਬਾਬ ਅੱਤੇ ਪੈਸਾ ਹੀ ਸੱਤਾ ਦਾ ਸੁੱਖ ਦਿਵਾਉਂਦਾ ਹੈ ! ਅਜੋਕੇ ਪ੍ਰਬੰਧਕ ਤਾਂ “ਜਿਸਦੀ ਸੋਟੀ, ਉਸਦੀ ਮੱਝ” ! ‘ਤਕੜੇ ਦਾ ਸੱਤੀ ਵੀਹੀ ਸੌ'” ਵਾਲੇ ਫਲਸਫੇ ਤੇ ਚਲਦੇ ਹਨ ! ਇਸੀ ਤਰੀਕੇ ਚਲਦਾ ਰਿਹਾ ਤਾਂ ਫਿਰ ਪ੍ਰਬੰਧ ਦੀ ਤਾਂ “ਗਈ ਭੈਂਸ ਪਾਣੀ ਵਿੱਚ” !

Tag Cloud

DHARAM

Meta