ਕਿਉਂ ਬਣੇ ਮੱਕੜ ਕਾਕਾ ਸਿਪਾਹੀ ? -: ਜਸਬੀਰ ਸਿੰਘ ਪੱਟੀ 093560 24684

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਵਿਧਾਨ ਸਭਾ ਦੀ ਚੋਣ ਹਾਰਨ ਤੋ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ‘ਤੇ ਕਬਜ਼ਾ ਕਰਕੇ ਜਿਥੇ ਸਰਨਾ ਧੜੇ ਨੂੰ ਪੈਵੀਲੀਅਨ ਦਾ ਰਸਤਾ ਵਿਖਾ ਕੇ ਆਪਣੇ ਵਿਸ਼ਵਾਸ਼ ਪਾਤਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਪਟਨਾ ਸਾਹਿਬ ਦੀ ਵੀ ਪ੍ਰਧਾਨਗੀ ਸੌਂਪ ਕੇ ਪੰਥਕ ਹਲਕਿਆ ਵਿੱਚ ਨਵੀ ਚਰਚਾ ਛੇੜ ਦਿੱਤੀ ਹੈ, ਕਿ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਮੱਕੜ ਨੇ ਪਾਕਿਸਤਾਨ ਟੀ.ਵੀ ਚੈਨਲ ਤੋ ਚੱਲਦੇ ਹਨੇਰਾ ਉਜਾਲਾ ਟੀ.ਵੀ. ਸੀਰੀਅਲ ਦੀ ਤਰ੍ਹਾਂ ਅਗਾਂਹ ਵੱਧਣ ਦੀ ਬਜਾਏ ਵੱਡੀ ਕਮੇਟੀ ਤੋ ਬਾਅਦ ਛੋਟੀ ਕਮੇਟੀ ਦਾ ਪ੍ਰਧਾਨ ਬਣ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪ੍ਰਧਾਨ ਦੀ ਬਜਾਏ ਬਾਦਲ ਪਰਿਵਾਰ ਦੇ ਕਾਕਾ ਸਿਪਾਹੀ ਵਧੇਰੇ ਹਨ।

ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ 20 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਪ੍ਰਧਾਨ ਸਮੇਤ ਹੋਰ ਆਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਪੂਰੇ ਪਟਨਾ ਤੋ ਹੋਰ ਨਾਲ ਲੱਗਦੇ ਰਾਜਾਂ ਵਿੱਚੋ ਕੋਈ ਅਜਿਹਾ ਸਿੱਖ ਮੈਂਬਰ ਨਹੀਂ ਮਿਲ ਸਕਿਆ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਕੰਮ ਕਾਜ ਸੰਭਾਲਣ ਦੇ ਲਾਇਕ ਹੋਵੇ। ਪ੍ਰਬੰਧਕੀ ਬੋਰਡ ਦੇ ਕੁੱਲ 15 ਮੈਂਬਰ ਹੁੰਦੇ ਹ, ਜਿਹਨਾਂ ਵਿੱਚ ਕੁਝ ਚੁਣੇ ਜਾਂਦੇ ਹਨ ਤੇ ਕੁਝ ਨਾਮਜ਼ਦ ਕੀਤੇ ਜਾਂਦੇ ਹਨ।

ਬੋਰਡ ਵਿੱਚ ਜਿਥੇ ਅਕਾਲੀ ਦਲ ਬਾਦਲ ਨਾਲ ਸਬੰਧਿਤ ਸ੍ਰ ਅਵਤਾਰ ਸਿੰਘ ਮੱਕੜ ਵੀ ਸ਼੍ਰੋਮਣੀ ਕਮੇਟੀ ਵੱਲੋ ਨਾਮਜ਼ਦ ਮੈਂਬਰ ਹਨ, ਉਥੇ ਬਾਦਲ ਦਲ ਦੇ ਸਿਆਸੀ ਵਿਰੋਧੀ ਸ੍ਰ ਪਰਮਜੀਤ ਸਿੰਘ ਸਰਨਾ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਮੈਂਬਰ ਵੀ ਸ਼ਾਮਲ ਹਨ। ਕੁਲ ਮੈਂਬਰਾਂ ਵਿੱਚੋ ਅੱਠ ਮੈਬਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਹਨ ਤੇ ਸੱਤ ਮੈਂਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਸਬੰਧਿਤ ਹਨ। ਸਰਨਾ ਧੜੇ ਦੇ ਇੱਕ ਮੈਂਬਰ ਜਸਪਾਲ ਸਿੰਘ ਦਿੱਲੀ (ਜਿਹਨਾਂ ਨੂੰ ਚੀਫ ਖਾਲਸਾ ਦੀਵਾਨ ਕੋਟੇ ਵਿੱਚੋ ਮੈਂਬਰ ਨਾਮਜ਼ਦ ਕੀਤਾ ਗਿਆ ਸੀ) ਕੈਂਸਰ ਦੇ ਭਿਆਨਕ ਰੋਗ ਤੇ ਪੀੜਤ ਹੋਣ ਕਾਰਨ ਮੀਟਿੰਗ ਵਿੱਚ ਭਾਗ ਨਹੀਂ ਲੈ ਸਕੇ ਜਿਸ ਕਾਰਨ ਸਰਨਾ ਧੜੇ ਦੇ ਮੈਂਬਰਾਂ ਦੀ ਗਿਣਤੀ ਸੱਤ ਤੋ ਘੱਟ ਕੇ ਛੇ ਰਹਿ ਗਈ। ਸਰਨਾ ਧੜੇ ਦੇ ਦੋ ਮੈਂਬਰ ਘੱਟ ਜਾਣ ਕਾਰਨ ਬਾਦਲ ਦਲ ਪਟਨਾ ਸਾਹਿਬ ਕਮੇਟੀ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ। ਜੇਕਰ ਇੱਕ ਮੈਂਬਰ ਸਰਨੇ ਧੜੇ ਦਾ ਬੀਮਾਰ ਨਾ ਹੁੰਦਾ ਤਾਂ ਅੱਜ ਸਥਿਤੀ ਸ਼ਾਇਦ ਹੋਰ ਹੁੰਦੀ ਤੇ ਪ੍ਰਧਾਨ ਵੀ ਕੋਈ ਹੋਰ ਹੀ ਹੁੰਦਾ।

ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਸਾਲ ਪਹਿਲਾਂ ਪਟਨਾ ਸਾਹਿਬ ਦੇ ਸਿੱਖਾਂ ਨੂੰ ਪ੍ਰਬੰਧ ਸੌਂਪਿਆ ਸੀ ਕਿਉਂਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਉਥੋ ਦੋ ਸਿੱਖਾਂ ਕੋਲ ਹੀ ਹੋਣਾ ਚਾਹੀਦਾ ਹੈ, ਪਰ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੱਕੜ ਨੂੰ ਪ੍ਰਧਾਨ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਹਾਰ, ਝਾਰਖੰਡ ਤੇ ਬੰਗਾਲ ਵਿੱਚ ਕੋਈ ਵੀ ਅਜਿਹਾ ਸਿੱਖ ਨਹੀਂ ਹੈ, ਜਿਹੜਾ ਬੋਰਡ ਦਾ ਪ੍ਰਬੰਧ ਸੰਭਾਲ ਸਕੇ। ਬੀਤੇ ਦੋ ਸਾਲ ਪਹਿਲਾਂ ਹੋਈ ਚੋਣ ਸਮੇਂ ਸ੍ਰ ਆਰ.ਐਸ.ਗਾਂਧੀ ਨੂੰ ਪ੍ਰਧਾਨ ਤੇ ਸ੍ਰ ਚਰਨਜੀਤ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ ਜਿਹੜੇ ਪਟਨਾ ਸਾਹਿਬ ਨਾਲ ਹੀ ਸਬੰਧਿਤ ਹਨ। ਜਿਹਨਾਂ ਨੇ ਬਹੁਤ ਸਾਰੇ ਅੱਛੇ ਪ੍ਰਬੰਧ ਕੀਤੇ ਅਤੇ ਗੋਲਕ ਵਿੱਚੋ ਤਖਤ ਸਾਹਿਬ ਦੇ ਨਾਮ ਤੇ ਕਾਫੀ ਐਫ.ਡੀ. ਆਰਜ਼ ਵੀ ਬੈਂਕਾਂ ਵਿੱਚ ਕਰਵਾਈਆ। ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪ੍ਰਧਾਨ ਬਨਣ ‘ਤੇ ਮੱਕੜ ਨੂੰ ਵਧਾਈ ਦਿੰਦਿਆ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਪਹਿਲੀ ਕਮੇਟੀ ਦੁਆਰਾ ਆਰੰਭ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਬੰਦ ਕਰਨ ਦੀ ਬਜਾਏ ਨਿਰੰਤਰ ਜਾਰੀ ਰੱਖਣਗੇ।

ਸ੍ਰ ਅਵਤਾਰ ਸਿੰਘ ਮੱਕੜ ਵੱਲੋ ਇੱਕ ਛੋਟੀ ਕਮੇਟੀ ਦਾ ਪ੍ਰਧਾਨ ਬਨਣ ਨਾਲ ਜਿਥੇ ਸਿੱਖ ਬੁੱਧੀਜੀਵੀਆ ਵਿੱਚ ਨਵੀ ਚਰਚਾ ਛਿੜ ਗਈ ਹੈ ਉਥੇ ਬੁੱਧੀਜੀਵੀ ਵਰਗ ਇਹ ਵੀ ਮਹਿਸੂਸ ਕਰਦਾ ਹੈ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਤੋ ਬਾਹਰਲੇ ਸਿੱਖਾਂ ਤੋ ਕੋਈ ਭਰੋਸਾ ਨਹੀਂ ਹੈ, ਜਿਸ ਕਰਕੇ ਉਹਨਾਂ ਨੇ ਪਹਿਲਾਂ ਹੀ ਆਪਣੇ ਅਜ਼ਮਾਏ ਹੋਏ ਤੇ ਵਿਸ਼ਵਾਸ ਪਾਤਰ ਮੱਕੜ ਨੂੰ ਹੀ ਪ੍ਰਧਾਨ ਦਾ ਆਹੁਦਾ ਸੋਂਪ ਦਿੱਤਾ ਹੈ ਤਾਂ ਕਿ ਭਵਿੱਖ ਵਿੱਚ ਕੋਈ ਬਿਖੇੜਾ ਹੀ ਖੜਾ ਨਾ ਹੋਵੇ। ਚੋਣ ਤੋ ਪਹਿਲਾਂ ਪਟਨਾ ਸਾਹਿਬ ਕਮੇਟੀ ਦੇ ਅੱਠ ਮੈਂਬਰਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਸ਼ਨਾਖਤੀ ਪਰੇਡ ਕਰਾਉਣ ਹਵਾਈ ਜ਼ਹਾਜ਼ ਰਾਹੀ ਚੰਡੀਗੜ ਲਿਆਦਾ ਗਿਆ ਤੋ ਉਥੇ ਸੌਦੇਬਾਜ਼ੀ ਕਰਨ ਤੋ ਬਾਅਦ ਰਾਤ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਜ਼ੇਰੇ ਨਿਗਰਾਨੀ ਰੱਖਿਆ ਗਿਆ। ਚਰਚਾ ਹੈ ਕਿ ਇਹਨਾਂ ਮੈਂਬਰਾਂ ਨਾਲ ਕਾਫੀ ਮੋਟੀ ਰਾਸ਼ੀ ਦਾ ਲੈਣ ਦੇਣ ਵੀ ਹੋਇਆ ਤੇ ਉਹਨਾਂ ਨੂੰ ਹੋਰ ਵੀ ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ। ਮੀਟਿੰਗ ਵਿੱਚ ਕੁਲ ਮੈਂਬਰਾਂ ਵਿੱਚੋ 13 ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਹਰਵਿੰਦਰ ਸਿੰਘ ਸਰਨਾ ਨੇ ਮੀਟਿੰਗ ਵਿੱਚ ਭਾਗ ਨਹੀਂ ਲਿਆ। ਮੱਕੜ ਦਾ ਨਾਮ ਪੇਸ਼ ਕਰਨ ਉਪਰੰਤ ਜਦੋਂ ਕਿਸੇ ਵੀ ਹੋਰ ਉਮੀਦਵਾਰ ਦਾ ਨਾਮ ਸਾਹਮਣੇ ਨਾ ਆਇਆ ਤਾਂ ਮੱਕੜ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।

ਸਿਆਸੀ ਪੰਡਤ ਤੇ ਪੰਥਕ ਬੁੱਧੀਜਵੀ ਇਸ ਚੋਣ ਨੂੰ ਪੂਰੀ ਤਰ੍ਹਾਂ ਸਾਜਿਸ਼ ਦੱਸ ਰਹੇ ਤੇ ਸ੍ਰ ਮੱਕੜ ਨੂੰ ਕੋਸਦਿਆ ਕਹਿ ਰਹੇ ਹਨ ਕਿ ਉਹਨਾਂ ਨੇ ਪਟਨਾ ਸਾਹਿਬ ਦੀ ਕਮੇਟੀ ਦੀ ਪਰਧਾਨਗੀ ਸੰਭਾਲ ਕੇ ਸਿੱਖਾਂ ਦੀ ਸੁਪਰੀਮ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਢਾਹ ਲਗਾਈ ਹੈ। ਇਹ ਉਸ ਤਰ੍ਹਾਂ ਹੀ ਹੋਇਆ ਹੈ ਜਿਵੇਂ ਇੱਕ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੋਵੇ। ਉਹਨਾਂ ਦੇ ਮੰਨਣਾ ਹੈ ਕਿ ਮੁੱਖ ਮੰਤਰੀ ਤਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ, ਪਰ ਪ੍ਰਧਾਨ ਮੰਤਰੀ ਕਦੇ ਵੀ ਮੁੱਖ ਮੰਤਰੀ ਨਹੀਂ ਬਣਦਾ ਭਾਂਵੇ ਕਿ ਉਹ ਸਾਬਕਾ ਪਰਧਾਨ ਮੰਤਰੀ ਹੀ ਕਿਉਂ ਨਾ ਬਣ ਗਿਆ ਹੋਵੇ। ਮੱਕੜ ਨੇ ਪ੍ਰਧਾਨ ਬਣ ਕੇ ਆਪਣਾ ਭਵਿੱਖ ਤਾਂ ਭਾਂਵੇ ਸੁਰੱਖਿਅਤ ਕਰ ਲਿਆ ਹੋਵੇ ਪਰ ਸ਼੍ਰੋਮਣੀ ਕਮੇਟੀ ਦੀ ਆਭਾ ਨੂੰ ਜਿਹੜਾ ਨੁਕਸਾਨ ਪੁੱਜਾ ਹੈ ਉਹ ਸ਼ਾਇਦ ਕਦੇ ਵੀ ਪੂਰਾ ਨਹੀਂ ਹੋ ਸਕੇਗਾ।

ਇੱਕ ਸਿੱਖ ਬੁੱਧੀਜੀਵੀ ਨੇ ਤਾਂ ਮੱਕੜ ਦੀ ਇਸ ਨਵੀ ਪਰਧਾਨਗੀ ਦੀ ਤੁਲਨਾ ਕਾਫੀ ਸਮਾਂ ਪਹਿਲੇ ਪਾਕਿਸਤਾਨ ਟੀ.ਵੀ.ਚੈਨਲ ਤੋ ਚੱਲਦੇ ਇੱਕ ਸੀਰੀਅਲ ਅੰਧੇਰਾ ਉਜਾਲਾ ਦਾ ਜ਼ਿਕਰ ਕਰਦਿਆ ਕਿਹਾ ਕਿ ਉਸ ਸੀਰੀਅਲ ਵਿੱਚ ਇੱਕ ਡਾਇਰੈਕਟ ਹਵਾਲਦਾਰ ਦੇ ਨਾਮ ਦਾ ਪਾਤਰ ਸੀ ਜਦੋ ਉਸ ਦਾ ਦਰਜਾ ਘਟਾ ਕੇ ਉਸ ਨੂੰ ਸਿਪਾਹੀ ਬਣਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਸਾਰੇ ਮਹਿਕਮੇ ਵਿੱਚ ਕਾਕਾ ਸਿਪਾਹੀ ਵਜੋ ਜਾਣਿਆ ਜਾਣ ਲੱਗ ਪਿਆ। ਸੁਖਬੀਰ ਸਿੰਘ ਬਾਦਲ ਤੇ ਸਿਆਸਤ ਦੇ ਬਾਬਾ ਬੋਹੜ ਸ੍ਰ ਪ੍ਰਕਾਸ਼ ਸਿੰਘ ਹੀ ਇਸ ਭੇਦ ਨੂੰ ਜਾਣਦੇ ਹਨ ਕਿ ਉਹਨਾਂ ਨੇ ਮੱਕੜ ਦਾ ਦਰਜਾ ਘੱਟਾ ਕੇ ਉਸ ਨੂੰ ਵੀ ਉਸ ਕਾਕਾ ਸਿਪਾਹੀ ਵਾਂਗ ਕਿਉਂ ਬਣਾ ਦਿੱਤਾ ਹੈ? ਸ਼੍ਰੋਮਣੀ ਕਮੇਟੀ ਦੇ ਗਲਿਆਰਿਆ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਮੱਕੜ ਕੋਲੋ ਹੁਣ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋ ਅਸਤੀਫਾ ਲੈ ਕੇ ਸਾਰਾ ਕਾਰਜ ਭਾਗ ਸੁਖਬੀਰ ਸਿੰਘ ਬਾਦਲ ਆਪਣੇ ਰਿਸ਼ਤੇਦਾਰ ਤੇ ਅੱਤ ਵਿਸ਼ਵਾਸ਼ਯੋਗ ਪਾਤਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪਰਧਾਨ ਸ੍ਰ ਰਘੂਜੀਤ ਸਿੰਘ ਵਿਰਕ ਨੂੰ ਸੋਪਣਾ ਚਾਹੁੰਦੇ ਹਨ ਕਿਉਂਕਿ ਕੁਝ ਦਿੱਤਿਆ ਬਗੈਰ ਮੱਕੜ ਨੂੰ ਉਹ ਲਾਂਭੇ ਵੀ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਨੇ ਬਾਦਲ ਪਰਿਵਾਰ ਦੀ ਹਰ ਮੌਸਮ ਵਿੱਚ ਹਰ ਪ੍ਰਕਾਰ ਦੀ ਗੁਲਾਮੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਵਫਾਦਾਰੀ ਪੂਰੀ ਨਿਭਾਈ ਹੈ।

Tag Cloud

DHARAM

Meta