ਕਾਲੀ ਦਾੜੀ ! (ਨਿੱਕੀ ਕਹਾਣੀ)— ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕਿ ਹੁਣ ਦਿੱਲੀ ਕਾਲਜਾਂ ਦੀ ਸਿਆਸਤ ਵਿੱਚ ਸਿੱਖ ਨੌਜਵਾਨ ਵੀ ਬਾਕੀ ਪਾਰਟੀਆਂ ਵਾਂਗ ਵੱਖ ਵੱਖ ਅਕਾਲੀ ਪਾਰਟੀਆਂ ਦੇ ਝੰਡੇ ਥੱਲੇ ਜੋਰ ਲਾਉਣਗੇ ਤੇ ਸਿਆਸਤ ਦਾ ਪਹਿਲਾ ਪੈਰ ਗੁਰਦੁਆਰਾ ਚੋਣਾਂ ਦੀ ਥਾਂ ਇੱਕ ਪੱਧਰ ਹੋਰ ਥੱਲੇ ਤੋਂ ਸ਼ੁਰੂ ਕਰਣਗੇ ! (ਇਕਬਾਲ ਸਿੰਘ ਵਿਚਾਰਾਂ ਦੀ ਸਾਂਝ ਕਰ ਰਿਹਾ ਸੀ)

ਜੇਕਰ ਇਹ ਨੌਜਵਾਨ ਗੁਰਮਤ ਬਾਬਤ ਸੁਚੇਤ ਅੱਤੇ ਦੂਰਅੰਦੇਸ਼ ਨਿਕਲੇ ਤਾਂ ਛੇਤੀ ਹੀ ਕਾਲਜ ਦੀ ਹਦਾਂ ਟੱਪ ਕੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ “ਕਾਲੀ ਦਾੜੀਆਂ” ਬੱਦੋਬੱਦੀ “ਸਫੇਦ ਦਾੜੀਆਂ” ਨੂੰ ਲਾਂਭੇ ਕਰ ਦੇਣਗੀਆਂ ! (ਅਮਨਦੀਪ ਸਿੰਘ ਜਵਾਬ ਦਿੰਦਾ ਬੋਲਿਆ)

ਇਕਬਾਲ ਸਿੰਘ : ਜੇਕਰ ਤਾਕਤ ਦੇ ਸੁਆਦ ਦੀ ਪਹਿਲੀ ਪੌੜੀ ਹੀ ਕੱਚੀ ਨਿਕਲੀ ਤੇ “ਸੱਤਾ ਦੀ ਭੁੱਖ” ਗੁਰਮਤ ਤੇ ਭਾਰੂ ਹੋ ਗਈ ਤਾਂ ਫਿਰ ਕੀ ਹੋਵੇਗਾ ? ਕਿਓਂਕਿ ਜਵਾਨੀ “ਹੋਸ਼ ਤੋਂ ਕੱਚੀ” ਤੇ “ਜੋਸ਼” ਨਾਲ ਲਬਾਲਬ ਭਰੀ ਹੁੰਦੀ ਹੈ !

ਅਮਨਦੀਪ ਸਿੰਘ (ਹਸਦੇ ਹੋਏ) : ਜੇਕਰ ਅਗਲੀ ਪਨੀਰੀ “ਸੱਤਾ ਦੀ ਭੁੱਖੀ” ਅਤੇ “ਜੁੱਤੀ ਚੱਟ” ਨਿਕਲੀ ਤਾਂ ਪੰਜਾਬ ਨਾਲੋਂ ਵੀ ਮਾੜਾ ਹਾਲ ਦਿੱਲੀ ਵਿੱਚ ਸਿੱਖੀ ਦਾ ਹੋਵੇਗਾ ਤੇ ਸੰਗਤਾਂ ਨੂੰ ਖੁੰਢੀਆਂ ਕਿਰਪਾਨਾਂ ਤੋਂ ਇਲਾਵਾ ਬੇਸ-ਬਾਲ ਦੇ ਡੰਡੇ ਅਤੇ ਹਾਕੀ ਦੀਆਂ ਸੇਵਾਵਾਂ ਵੀ ਮਿਲਣਗੀਆਂ !

ਵੱਡੇ ਸਕੂਲ ਜਾਣ ਤੋਂ ਪਹਿਲਾਂ ਬੱਚੇ ਨਰਸਰੀ ਜਾਂਦੇ ਹਨ ਤੇ ਓਥੇ ਜਾ ਕੇ ਉਠਣਾ-ਬੈਠਣਾ ਅਤੇ ਜਿੰਦਗੀ ਦੇ ਮੁਢਲੇ ਸਿਧਾਂਤ ਸਿਖਦੇ ਹਨ ! ਜੇਕਰ ਬੱਚਾ ਸ਼ਰਾਰਤੀ ਅਤੇ ਜਿੱਦੀ ਹੋਵੇ ਤੇ ਉਸਨੂੰ ਸਹੀ ਸੇਧ ਨਾ ਮਿਲੇ ਤਾਂ ਉਸਦੀ ਆਪਣੀ ਜਿੰਦਗੀ ਬਰਬਾਦ ਤਾਂ ਹੁੰਦੀ ਹੀ ਹੈ ਪਰ ਸਮਾਜ ਨੂੰ ਗਰਕ ਕਰਨ ਲਈ ਇੱਕ ਜਹਰੀਲੀ ਬੇਲ ਪੈਦਾ ਹੋ ਜਾਂਦੀ ਹੈ ! ਜੇਕਰ ਇਹ ਬੱਚੇ ਗੁਰੂ ਉਪਦੇਸ਼ ਪਿੱਛੇ ਲੱਗੇ ਤਾਂ ਸਿੱਖਾਂ ਦਾ ਅਕਸ ਚੁੱਕਣਗੇ ਪਰ ਜੇਕਰ ਗੁਰੂ ਤੋ ਬੇਮੁਖ ਹੋ ਕੇ ਸਿਆਸੀਆਂ ਮਗਰ ਲੱਗੇ ਤਾਂ ਬੇੜਾ ਗਰਕ ਹੋਣ ਤੋ ਕੋਈ ਵੀ ਨਹੀਂ ਬਚਾ ਪਾਵੇਗਾ ! (ਆਪਣੇ ਵਿਚਾਰਾਂ ਨੂੰ ਸਮਾਪਤੀ ਵੱਲ ਤੋਰਦੇ ਹੋਏ ਇਕਬਾਲ ਸਿੰਘ ਨੇ ਕਿਹਾ)

– ਬਲਵਿੰਦਰ ਸਿੰਘ ਬਾਈਸਨ
http://nikkikahani.com/
———————————————–

Tag Cloud

DHARAM

Meta