ਉੱਘੇ ਪਾਕਿਸਤਾਨੀ ਸਿੱਖ ਡਾਕਟਰ ਅਤੇ ਸਿਆਸਤਦਾਨ ਦਾ ਕਤਲ ਭਾਰੀ ਦੁਖਦਾਇਕ -: ਪੰਥਕ ਤਾਲਮੇਲ ਸੰਗਠਨ 9592093472, 9814898802, 9814921297, 9815193839, 9888353957

ਪ੍ਰੈਸ ਨੋਟ
23/4/2016: ਪਾਕਿਸਤਾਨੀ ਸੂਬਾ ਖੈਬਰ ਪਖਤੂਨਵਾ ਤੋਂ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ: ਸੂਰਨ ਸਿੰਘ ਦਾ ਅੱਤਵਾਦੀਆਂ ਹੱਥੋਂ ਹੋਇਆ ਕਤਲ ਅਤਿ ਦੁਖਦਾਇਕ ਹੈ। ਪਰ ਉਹਨਾਂ ਵਲੋਂ ਸੂਬੇ ਦੀ ਖੁਸ਼ਹਾਲੀ ਅਤੇ ਮਾਨਵਤਾ ਦੀ ਸੇਵਾ ਕਰਦਿਆਂ ਜਿਵੇਂ ਅੱਤਵਾਦ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਜ਼ਾਲਮ ਹਤਿਆਰੇ ਅੱਤ ਨਾਲ ਜਾਗਦੀਆਂ ਜ਼ਮੀਰਾਂ ਦਾ ਅੰਤ ਨਹੀਂ ਕਰ ਸਕਦੇ। ਬਲਕਿ ਅਣਖੀ ਰੂਹਾਂ ਰੂਹੇ-ਜ਼ਮੀਂ ਤੇ ਅਮਰ ਰਹਿੰਦੀਆਂ ਹਨ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਡਾ: ਸਾਹਿਬ ਜਿੱਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਦੋ ਵਾਰ ਪ੍ਰਧਾਨ, ਤਹਿਰੀਕ-ਏ-ਇਨਸਾਫ ਪਾਰਟੀ ਦੇ ਸਿਆਣੇ ਸਿਆਸਤਦਾਨ, ਟੀ.ਵੀ. ਐਂਕਰ ਅਤੇ ਪ੍ਰੌਪਰਟੀ ਬੋਰਡ ਦੇ ਮੈਂਬਰ ਸਨ ਉੱਥੇ ਸਿੱਖਾਂ ਦੀ ਵੱਖਰੀ ਪਹਿਚਾਣ ਸਥਾਪਤ ਕਰਨ ਵਿਚ ਮੋਹਰੀ ਸਨ। ਅਜਿਹੇ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਘੱਟ ਗਿਣਤੀ ਕੌਮਾਂ ਅੰਦਰ ਚਿੰਤਾਂ ਦਾ ਭੁਚਾਲ ਖੜ੍ਹਾ ਕਰਦਾ ਹੈ। ਇਸ ਕਤਲ ਨੇ ਸਿੱਖ ਕੌਮ ਅੰਦਰ ਭਾਰੀ ਅਫਸੋਸ ਅਤੇ ਨਿਰਾਸ਼ਾ ਨੂੰ ਜਨਮ ਦਿੱਤਾ ਹੈ।

ਪੰਥਕ ਤਾਲਮੇਲ ਸੰਗਠਨ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਿੱਖਾਂ ਉੱਤੇ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਸਖਤ ਕਦਮ ਉਠਾਏ ਜਾਣ ਅਤੇ ਮਾਨਵੀ ਭਾਈਚਾਰਕ ਸਾਂਝ ਤੇ ਸ਼ਾਂਤੀ ਲਈ ਲੋਕ ਲਹਿਰ ਪੈਦਾ ਕੀਤੀ ਜਾਵੇ। ਜਿਸ ਨਾਲ ਸੋਗ ਲਹਿਰਾਂ ਦੇ ਅੰਤ ਦਾ ਸੁਪਨਾ ਲਿਆ ਜਾ ਸਕੇ।

ਸੂਰਨ ਸਿੰਘ ਦੇ ਕਤਲ ਦੀ ਜਿਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ

ਪਿਸ਼ਾਵਰ: ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਸੂਰਨ ਸਿੰਘ ਦੇ ਕਤਲ ਦੀ ਪਾਕਿਸਤਾਨੀ ਤਾਲਿਬਾਨ ਜ਼ਿੰਮੇਵਾਰੀ ਲਈ ਹੈ । ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਇਕ ਬਿਆਨ ‘ਚ ਕਿਹਾ ਕਿ ਉਸਦੇ ਵਿਸ਼ੇਸ਼ ਟਾਸਕ ਫੋਰਸ ਦੇ ਸ਼ਾਰਪ ਸ਼ੂਟਰਾਂ ਨੇ ਸ. ਸੂਰਨ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਬੁਨੇਰ ‘ਚ ਸਫਲਤਾਪੂਰਵਕ ਨਿਸ਼ਾਨਾ ਬਣਾਇਆ ।

ਸ. ਸੂਰਨ ਸਿੰਘ ਦੀ ਕੱਲ੍ਹ ਉਨ੍ਹਾਂ ਦੇ ਘਰ ਦੇ ਕੋਲ ਮੋਟਰਸਾਇਕਲ ‘ਤੇ ਸਵਾਰ ਬੰਦੂਕਧਾਰੀਆਂ ਨੇ ਹੱਤਿਆ ਕਰ ਦਿੱਤੀ ਸੀ । ਇਸੇ ਦੌਰਾਨ ਡਾ: ਸੂਰਨ ਸਿੰਘ ਦੀ ਮੌਤ ਸਬੰਧੀ ਖੈਂਬਰ ਪਖਤੂਨਵਾ ਪੁਲਿਸ ਨੇ ਦੋ ਪਾਕਿਸਤਾਨੀ ਅਣਪਛਾਤੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਚੱਲ ਰਹੀ ਹੈ ।

ਉਨ੍ਹਾਂ ਦਾ ਅੰਤਿਮ ਸੰਸਕਾਰ ਬੁਨੇਰ ਜ਼ਿਲ੍ਹੇ ‘ਚ ਕੀਤਾ ਗਿਆ । ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਹੋਰ ਸਿਆਸੀ ਪਾਰਟੀਆਂ ਦੇ ਵਰਕਰ ਵੱਡੀ ਗਿਣਤੀ ‘ਚ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਏ । ਸੂਰਨ ਸਿੰਘ ਦੀ ਹੱਤਿਆ ਦੀ ਵਿਆਪਕ ਨਿੰਦਾ ਹੋ ਰਹੀ ਹੈ । ਕਿ੍ਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ ਪ੍ਰਾਂਤ ਵਿਚ ਸੱਤਾ ਵਿਚ ਹੈ, ਉਨ੍ਹਾਂ ਆਪਣੀ ਸਰਕਾਰ ਨੂੰ ਹੱਤਿਆ ਦੀ ਜਾਂਚ ਦੇ ਲਈ ਜਾਂਚ ਕਮਿਸ਼ਨ ਦਾ ਗਠਨ ਕਰਨ ਨੂੰ ਕਿਹਾ ਹੈ ।

ਸੂ. ਸੂਰਨ ਸਿੰਘ ਇਕ ਡਾਕਟਰ, ਟੀ. ਵੀ. ਐਾਕਰ ਅਤੇ ਸਿਆਸਤਦਾਨ ਸੀ । ਪਾਕਿਸਤਾਨ ਤਹਿਰੀਕ-ਏ-ਇਨਸਾਫ ‘ਚ 2011 ਵਿਚ ਸ਼ਾਮਿਲ ਹੋਣ ਤੋਂ ਪਹਿਲਾਂ, ਉਹ 9 ਸਾਲਾਂ ਤੱਕ ਜਮਾਤ-ਏ-ਇਸਲਾਮੀ ਦੇ ਮੈਂਬਰ ਵੀ ਰਹੇ । ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਓਕਾਫ ਟਰੱਸਟ ਪ੍ਰਾਪਰਟੀ ਬੋਰਡ ਦੇ ਮੈਂਬਰ ਵੀ ਸਨ ।

Tag Cloud

DHARAM

Meta