ਇੱਕ ਧਿਰ ਪੱਗਾਂ ਲਥਣੋਂ ਬਚਾਉਣਾ ਚਾਹੁੰਦੀ ਹੈ, ਤੇ ਦੂਸਰੀ ਲਾਹੁਣ ਨੂੰ ਬਜ਼ਿੱਦ ਹੈ… ਇੱਕ ਧਿਰ ਭਰਾ ਮਾਰੂ ਜੰਗ ਨਹੀਂ ਚਾਹੁੰਦੀ, ਤੇ ਦੂਸਰੀ ਨੇ ਭਰਾ ਹੀ ਮਾਰ ਦਿੱਤਾ ਤੇ ਅਜੇ ਹੋਰ ਮਾਰਨ ਨੂੰ ੫੦,੦੦੦ ਡਾਲਰ ਇਨਾਮ ਤਿਆਰ ਕਰੀ ਬੈਠੀ ਹੈ… ਬਹੁੜੀ ਬਾਬਾ ਨਾਨਕਾ !!! -: ਜਤਿੰਦਰਪਾਲ ਸਿੰਘ ਗੁਰਦਾਸਪੁਰ ੯੯੧੪੦ ੩੦੧੯੧

ਸਿੱਖ ਧਰਮ ਇੱਕ ਵਿਚਾਰਿਕ ਧਰਮ ਹੈ। ਇਥੇ ਵਿਚਾਰਧਾਰਾ ਦੀ ਪ੍ਰਧਾਨਤਾ ਹੈ, ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਹੀ ਸਮਝਾਉਂਦੇ ਨੇ ਕਿ…

ਹੋਇ ਇੱਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਗੁਰੂ ਗ੍ਰੰਥ ਸਾਹਿਬ – ਅੰਕ ੧੧੮੫

ਜੇ ਕੋਈ ਵਿਚਾਰਿਕ ਮਤਭੇਦ ਹਨ, ਤਾਂ ਗੁਰਸਿੱਖਾਂ ਵਾਂਗ ਮਿਲ ਬੈਠ ਕੇ ਦੂਰ ਕੀਤੇ ਜਾ ਸਕਦੇ ਹਨ, ਪਰ ਲਗਦਾ ਹੈ ਕਿ ਸਾਨੂੰ ਗੁਰਸਿੱਖਾਂ ਵਾਂਗ ਬੈਠਣਾ ਨਹੀਂ ਆਉਂਦਾ ?? ਦੋ ਹੀ ਕਾਰਨ ਹੋ ਸਕਦੇ ਹਨ, ਜਾਂ ਤਾਂ ਅਸੀਂ ਗੁਰਸਿੱਖ ਨਹੀਂ ਹਾਂ ਤੇ ਜਾਂ ਅਜੇ ਤੱਕ ਆਪਣੇ ਗੁਰੂ ਦੀ ਬਾਣੀ ਹੀ ਨਹੀਂ ਪੜ੍ਹੀ …. ਨਹੀਂ?? ਜਿਹੜਾ ਅਸੀਂ ਕਿਸੇ ਦੀ ਦਲੀਲ ਦਾ ਜਵਾਬ ਮਾਰ ਦਿਓ, ਚੱਕ ਦਿਓ, ਜ਼ੁਬਾਨ ਕੱਟ ਦੇਵਾਂਗੇ, ਸਿਰ ਕਲਮ ਕਰ ਦੇਵਾਂਗੇ ਆਦਿ ਦੇ ਲਲਕਾਰਿਆਂ ਨਾਲ ਦਿੰਦੇ ਹਾਂ… ਕੀ ਇਹਨਾ ਗੱਲਾਂ ਕਰਕੇ ਅਸੀਂ ਗੁਰਸਿੱਖ ਦਿਸਦੇ ਜਾਂ ਲਗਦੇ ਹਾਂ, ਕਿਸੇ ਵੀ ਕੋਣ ਤੋਂ ???……..ਇਹ ਤਾਂ ਗੁਰਸਿਖਾਂ ਵਾਲੀ ਬੋਲੀ ਨਹੀਂ …..ਸਾਡਾ ਗੁਰੂ ਤਾਂ ਸਾਨੂੰ ਸਮਝਾਉਂਦਾ ਹੈ ਕਿ

ਰੋਸੁ ਨ ਕੀਜੈ ਉਤਰੁ ਦੀਜੈ………॥ ਗੁਰੂ ਗ੍ਰੰਥ ਸਾਹਿਬ – ਅੰਕ ੯੩੮

ਇੱਕ ਤਾਂ ਅਸੀਂ ਗੁਰੂ ਦੀ ਮੰਨਦੇ ਨਹੀਂ, ਦੂਸਰਾ ਅਸੀਂ ਗੁਰੂ ਤੇ ਅਪਣਾ ਏਕਾ-ਅਧਿਕਾਰ ਸਾਬਤ ਕਰਦੇ ਹਾਂ ਕਿ ਗੁਰੂ ਕੇਵਲ ਸਾਡਾ ਹੀ ਹੈ…… ਭਲਿਓ ! ਜਿਸ ਗੁਰੂ ਦੀ ਅਸੀਂ ਗੱਲ ਹੀ ਨਹੀਂ ਮੰਨਦੇ ਉਸ ਉੱਤੇ ਦਾਅਵਾ ਕਾਹਦਾ ??? ਕਿ ਹੈ ਕੋਈ ???

ਹੇਠਾਂ ਉਪਰ ਹੋਈਆਂ ਘਟਨਾਵਾਂ ਨੇ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਕੀ ਅਸੀਂ ਵਾਕਿਆ ਈ ਉਸ ਗੁਰੂ ਦੇ ਸਿੱਖ ਹਾਂ, ਜਿਸ ਦਾ ਅਸੀਂ ਹੋਣ ਦਾ ਦਾਅਵਾ ਹੀ ਨਹੀਂ ਕਰ ਰਹੇ, ਸਗੋਂ ਕਿਸੇ ਹੋਰ ਨੂੰ ਸਿੱਖ ਹੀ ਨਹੀਂ ਮੰਨਦੇ ……..

ਪਹਿਲੀ ਪ੍ਰੋ. ਦਰਸ਼ਨ ਸਿੰਘ ਜੀ ਤੇ ਵੀਰ ਪ੍ਰਭਦੀਪ ਸਿੰਘ ਤੇ ਤਰਨ ਤਾਰਨ ਸਾਹਿਬ ਵਿਖੇ ਹੋਏ ਬੰਬ ਨਾਲ ਹਮਲੇ ਦੀ…. ਜਿਸ ਵਿਚ ਕਹੇ ਜਾਂਦੇ ਟਕਸਾਲੀ ਤੇ ਨਿਹੰਗ ਯੋਧੇ ਆਪਣੇ ਹੀ ਭਰਾਵਾਂ ਦੀਆਂ ਪੱਗਾਂ ਲਾਹੁਣ ਲਈ ਬਜ਼ਿਦ ਖੜੇ ਸਨ। ਬੜੀ ਵਾਰ ਸਮਝਾਉਣ ਤੇ ਵਾਰ ਵਾਰ ਬੇਨਤੀਆਂ ਕਰਨ ਤੇ ਕਿ ਭਲਿਓ! ਜੇ ਤੁਹਾਡਾ ਵਿਚਾਰਿਕ ਮਤਭੇਦ ਹੈ, ਤੁਹਾਨੂੰ ਕੋਈ ਸ਼ੰਕਾ ਹੈ, ਤਾਂ ਆਓ ਮਿਲ ਬੈਠ ਕੇ ਵਿਚਾਰ ਕਰ ਲੈਂਦੇ ਹਾਂ, ਅਸੀਂ ਵੀ ਤੁਹਾਡੇ ਭਰਾ ਹੀ ਹਾਂ, ਕੋਈ ਦੁਸ਼ਮਨ ਤਾਂ ਨਹੀਂ, ਮੰਨ ਵੀ ਗਏ, ਅੰਦਰ ਆ ਵੀ ਗਏ, ਪਰ ਗਲ ਅਜੇ ਸ਼ੁਰੂ ਵੀ ਨਹੀਂ ਹੋਈ ਤੇ ਰੌਲਾ ਪਾ ਲਿਆ ਕਿ ਨਹੀਂ ਜੀ ਤੁਹਾਡੀਆਂ ਤਾਂ ਬੋਲਦਿਆਂ (ਖਾਂਦਿਆਂ) ਦੀਆਂ ਦਾਹੜੀਆਂ ਹਿਲਦੀਆਂ ਨੇ ਤੇ ਲਾ-ਲਾ ਕਰਦੇ ਬਾਹਰ ਨਿਕਲ ਗਏ, ਕਿ ਨਹੀਂ ਜੀ ਅਸੀਂ ਤਾਂ ਪੱਗਾਂ ਲਾਉਣੀਆਂ ਹਨ ਤੇ ਦਲੀਲ ਨਾਲ ਗੱਲ ਕਰਕੇ ਪੱਗਾਂ ਨਹੀ ਸਨ ਲਥਦੀਆਂ। ਪਰ ਜਿਹੜੇ ਘਰੋਂ ਤੁਰੇ ਹੀ ਭਰਾਵਾਂ ਦੀਆਂ ਪੱਗਾਂ ਲਾਹੁਣ ਹੋਣ ਉਹਨਾਂ ਨੂੰ ਦਲੀਲ ਕਿਥੇ ਸਖਾਉਂਦੀ ਆ….. ਇਹ ਸਨ ਉਹ ਗੁਰਸਿੱਖ ਜੋ ਗੁਰੂ ‘ਤੇ ਏਕਾ-ਅਧਿਕਾਰ ਚਾਹੰਦੇ ਨੇ……. ਤੇ ਫਿਰ ਗੀਦੀਆਂ ਵਾਂਗੂੰ ਕਾਰ ਤੇ ਕਿਰਪਾਨਾਂ ਨਾਲ ਹਮਲਾ ਤੇ ਮਗਰੋਂ ਬੰਬ ………

ਦੂਸਰੀ ਘਟਨਾ…… ਦਿੱਲੀ ਗੁਰਦਵਾਰਾ ਕਮੇਟੀ ਦੀ ਸਟੇਜ ‘ਤੇ ਉਪਰ ਮੋਹਤਬਰ ਬੰਦਿਆਂ ਤੇ ਬੈਠਿਆਂ ਹੀ ਕਾਂ-ਗਿਹਾਰੀ ਜਿਹਾ ਮਨਪ੍ਰੀਤ ਕਾਨਪੁਰੀ ਕਿੱਲ-ਕਿੱਲ ਕੇ ਜਬਾਨਾਂ ਕੱਟਣ ਤੇ ਸਿਰ ਕਲਮ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ…… ਕਿਸੇ ਮੋਹਤਬਰ ਕਹੇ ਜਾਂਦੇ ਵਿਅਕਤੀ ਨੇ ਨਹੀਂ ਟੋਕਿਆ ਕਿ ਭਲਿਆ ਇਹ ਗੁਰਦੁਆਰੇ ਦੀ ਸਟੇਜ ਹੈ, ਕੋਈ ਜੰਗ ਦਾ ਮੈਦਾਨ ਨਹੀਂ…….. ਪਰ ਨਹੀਂ, ਅਸੀਂ ਤਾਂ ਭਰਾ ਮਾਰੂ ਜੰਗ ਵਿੱਚ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਜ਼ਰੂਰ ਬਣਾਗੇ…….. ਵੈਸੇ ਅਗਰ ਇਸ ਕਾਨ੍ਪੁਰੀਏ ਸੂਰਮੇ ਦੇ ਕੋਈ ਚੰਗਾ-ਭਲਾ ਬੰਦਾ ਚਪੇੜ ਮਾਰ ਦੇਵੇ, ਤਾਂ ਖੁਸ਼ੀ-ਭਾਵੇ ਚਾਰ ਦਿਨ ਦੰਦਲ ਹੀ ਨਾ ਟੁਟੇ, ਉਂਝ ਹੀ ਪ੍ਰਾਣ-ਪੰਖੇਰੂ ਉੱਡ ਜਾਣ……. ਦਲੀਲ ਨਾਲ ਜਵਾਬ ਕੋਈ ਨਹੀਂ, ਬੱਸ ਬੂਝੜਾ ਵਾਂਗ ਮਾਰ ਦਿਆਂਗੇ, ਚੱਕ ਦਿਆਂਗੇ……ਉਹ ਵੀ ਦੁਸ਼ਮਣਾਂ ਨੂੰ ਨਹੀਂ, ਆਪਣੇ ਵੀ ਗੁਰਸਿੱਖ ਭਰਾਵਾਂ ਨੂੰ …… ਪੁੱਛਣ ਵਾਲਾ ਹੋਵੇ ਵਡਿਆ ਸੂਰਮਿਆਂ ਪੰਜਾਬ ਵਿਚ ਥਾਂ-ਥਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ, ਉਦੋਂ ਕਿਥੇ ਸੀ ?? ਬਰਗਾੜੀ ਕਾਂਡ ਵਿੱਚ ਦੋ ਸੂਰਮੇ ਸ਼ਹੀਦ ਹੋ ਗਏ ਉਦੋਂ ਕਿਥੇ ਸੀ ?? ਸਰਕਾਰ ਨੇ ਸਿੱਖ ਹੀ ਚੁੱਕ ਕੇ ਜੇਲਾਂ ਅੰਦਰ ਦੇ ਦਿਤੇ ਉਦੋਂ ਕਿਥੇ ਸੀ ?? ਉਦੋਂ ਨਾ ਤੇਰੇ ਵਿੱਚ ਕਾਲੀ ਪ੍ਰਗਟ ਹੋਈ ਜਿਹੜੀ ਆਪਣੇ ਵੀ ਭਰਾਵਾਂ ਦਾ ਖੂਨ ਮੰਗਦੀ ਹੈ ………

ਤੀਸਰੀ ਘਟਨਾ ਅਮਰੀਕਾ ਵਰਗੇ ਦੇਸ਼ ਦੀ ਜਿਥੇ ਦਾਅਵੇ ਕੀਤੇ ਜਾਂਦੇ ਨੇ ਸਿੱਖੀ ਬਹੁਤ ਪ੍ਰਫੁਲਤ ਹੈ। ਉਥੇ ਬਹੁਤ ਸਭਿਅਕ ਮਨੁੱਖ (ਸਿੱਖ) ਵਸਦੇ ਹਨ ……..ਦੇਸ਼ ਹੀ ਬਾਹਰਲਾ ਹੈ, ਬੰਦੇ ਤਾਂ ਉਹੀ ਨੇ ਜਿਹੜੇ ਏਥੋਂ ਗਏ ਨੇ (ਮਾਫ਼ ਕਰਨਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ) ਸਿਆਣੇ ਕਹਿੰਦੇ ਨੇ ਕੇ ਜੇ ਖੋਤੇ ਨੂੰ ਸੋਨੇ ਦੀਆਂ ਖੁਰੀਆਂ ਲਗਵਾ ਦਿੱਤੀਆਂ, ਜਾਂ ਤਾਂ ਉਹ ਅਰਬੀ-ਘੋੜਾ ਨਹੀਂ ਬਣ ਜਾਂਦਾ ……ਹੁਣ ਅਸੀਂ ਸਿਆਣਿਆਂ ਨੂੰ ਕਿਵੇਂ ਝੂਠੇ ਪਾ ਦਿੰਦੇ ……ਤੇ ਅਸੀਂ ਪੈਣ ਵੀ ਨਹੀਂ ਦਿੱਤਾ। ਅਸੀਂ ਉਥੇ ਵੀ ਸਿੱਖ ਪੰਥ ਦੇ ਪ੍ਰਚਾਰਿਕ ਭਾਈ ਸਰਬਜੀਤ ਸਿੰਘ ‘ਧੂੰਦਾ’ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੇ ਅਸੀਂ ਬੋਲਣ ਨਹੀਂ ਦੇਵਾਂਗੇ….. ਤੇ ਵਾਹਿਗੁਰੂ ਦੇ ਸਿਮਰਨ ਨੂੰ ਹੀ ਹਥਿਆਰ ਬਣਾ ਲਿਆ। ਉਪਰੋਂ ਰੌਲਾ ਇਹ ਪਾਉਣਗੇ ਕੇ ਹਾਏ! ਇਹ ਸਿਮਰਨ ਨਹੀਂ ਕਰਦੇ, ਇਹ ਸਿਮਰਨ ਦੇ ਖਿਲਾਫ ਬੋਲਦੇ ਨੇ ………ਅਗਰ ਇਹਨਾਂ ਨੂੰ ਪੁਛਿਆ ਜਾਵੇ ਕੇ ਭਾਈ ਸਿਮਰਨ ਕਰਨ ਨਾਲ ਕੀ ਹੁੰਦਾ ਤਾਂ ਬੜੇ ਚੌੜੇ ਹੋ ਕੇ ਕਹਿਣਗੇ….. ਜੀ ਮਨ ਨੂੰ ਸ਼ਾਂਤੀ ਆਉਂਦੀ ਹੈ। ਓਹ ਭਲਿਓ! ਸ਼ਾਂਤੀ ਤਾਂ ਤੁਸੀਂ ਗੁਰਦਵਾਰੇ ਦੀ ਭੰਗ ਕਰ ਦਿੱਤੀ, ਮਨ ਨੂੰ ਕੀ ਆਉਣੀ ਸੀ ……ਕੀ ਆ ਜਾਂਦੀ ਏ ?? ਫਿਰ ਕਥਾ ਕਰ ਰਹੇ ਭਾਈ ਧੂੰਦਾ ਦੀ ਪੱਗ ਨੂੰ ਪੈਣਾ, ਇਹ ਕਿਧਰ ਦੀ ਸਿੱਖੀ ਹੋਈ ?? ਫਿਰ ਰੌਲਾ ਸਾਡੇ ਨਾਲ ਬੈਠ ਕੇ ਸਵਾਲ ਜਵਾਬ ਕਰੋ ……ਤੇ ਜੇ ਬੈਠ ਜਾਓ ਫਿਰ ਸਵਾਲ ਆਉਂਦਾ ਕੋਈ ਨਹੀਂ, ਬੱਸ ਇੱਕੋ ਰੱਟ ਜੋ ਅਸੀਂ ਤੁਹਾਡੇ ਮੂੰਹੋ ਅਖਵਾਉਣਾ ਚਾਹੁੰਦੇ ਹਾਂ ਉਹੋ ਕਹੋ ਨਹੀਂ ਤੇ ਮੈਂ ਨੀ ਮੈਂ ਨੀ ਦਾ ਰੌਲਾ ……ਜੇ ਨਹੀਂ ਯਕੀਨ ਤਾਂ ਭਾਈ ਧੁੰਦੇ ਨਾਲ ਸਵਾਲ ਜਵਾਬਾਂ ਦੀਆਂ ਵੀਡੀਓ ਵੇਖ ਲਵੋ …….ਮਗਰੋਂ ਜੀ ਸਾਡੇ ਬੰਦੇ ਭੋਲੇ ਸੀ, ਓਹਨਾਂ ਦੀ ਤਿਆਰੀ ਨਹੀਂ ਸੀ ਵਗੈਰਾ ਵਗੈਰਾ ………ਜੇ ਭੋਲੇ ਸੀ ਤਿਆਰੀ ਨਹੀਂ ਸੀ, ਫਿਰ ਰਾਆਟ ਕਾਹਦਾ ਪਾਇਆ ਸੀ, ਤੇ ਲੈਣ ਵੜੇਵੇਂ ਗਏ ਸੀ …….ਓਦਾਂ ਜੀ ਅਸੀਂ ਯੂਨਿਵਰਸਿਟੀਆਂ ਦੇ ਪ੍ਰੋਫੈਸਰ ਹਾਂ। ਜਿਵੇਂ ਪਿੰਡ ਨੂੰ ਅੱਗ ਲੱਗੀ ਤੋਂ ਡੱਬੂ ਰੂੜੀ ‘ਤੇ ਹੁੰਦਾ… ਇਸੇ ਤਰ੍ਰਾਂ ਹੀ ਸੰਗਤ ਵਿੱਚ ਰੌਲਾ ਪਾ ਕੇ ਡੱਬੂ ਗੱਡੀ ‘ਚ ਬੈਠ ਕੇ ਮੂਵੀ ਬਣਾਉਂਦਾ ………….

…ਤੇ ਹੁਣ ਤਾਜ਼ਾ ਘਟਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਜਾਨਲੇਵਾ ਹਮਲਾ, ਜਿਸ ਵਿਚ ਇੱਕ ਪ੍ਰਚਾਰਿਕ ਵੀਰ ਦੀ ਜਾਨ ਵੀ ਚਲੀ ਗਈ ਤੇ ਹਮਲਾ ਵੀ ਗੁਰੂ ਦੀ ਛਬੀਲ ਰੂਪੀ ਪਰੰਪਰਾ ਦੀ ਆੜ ਲੈ ਕੇ… ਘਾਤ ਲਾ ਕੇ (ਇਹਨਾਂ ਸੂਰਮਿਆਂ ਦੀ ਬਹਾਦਰੀ ਦਾ ਇਨਾਮ ਹੈ ਕਿ ਸਰਕਾਰ ਨੇ ਬਿਨਾ ……..ਵਾਹ ਬਈ ਸੂਰ੍ਮਿਓ ……..ਗੁਰੂ ਵੀ ਤੁਹਾਡੇ ਉਤੋਂ ਬਹੁਤ ਖੁਸ਼ ਹੋ ਰਿਹਾ ਹੋਵੇਗਾ …ਨਹੀਂ ?? ਓਏ ਮੂਰਖੋ ਪੂਰਾ ਸਿੱਖ ਇਤਿਹਾਸ ਪੜ ਕੇ ਦੇਖ ਲਵੋ ਏਦਾਂ ਤੇ ਕਦੇ ਸਿੱਖਾਂ ਨੇ ਆਪਣੇ ਦੁਸ਼ਮਣ ‘ਤੇ ਵੀ ਵਾਰ ਨਹੀਂ ਕੀਤਾ ਹੋਣਾ ਤੇ ਤੁਸੀਂ ਆਪਣੇ ਹੀ ਭਰਾ ਤੇ ਜੋ ਸਿੱਖੀ ਦਾ ਪ੍ਰਚਾਰ ਦਿਨ ਰਾਤ ਕਰਦਾ ਫਿਰਦਾ। ਬੜੇ ਦਿਨਾਂ ਤੋਂ ਫੇਸਬੁਕ ਤੇ ਸੂਰਮੇ ਲਲਕਾਰੇ ਮਾਰ ਰਹੇ ਸੀ ਕਿ ਭਾਈ ਰਣਜੀਤ ਸਿੰਘ ਢਁਡਰੀਆਂ ਨੂੰ ਚੱਕ ਦਿਆਂਗੇ, ਮਾਰ ਦਿਆਂਗੇ ਇੱਕ ਵਾਰੀ ਮਿਲੇ ਸਹੀ, ਲੁਧਿਆਣਾ ਨਹੀਂ ਲੰਘਣ ਦੇਵਾਂਗੇ ……….ਕਿਓਂ ???? ਕਿਉਂਕਿ ਭਾਈ ਰਣਜੀਤ ਸਿੰਘ ਢੱਡਰੀਆਂ ਮਿਸ਼ਨਰੀਆਂ ਦੀ ਬੋਲੀ ਬੋਲਣ ਲਗ ਪਿਆ ਹੈ, ਇਸ ਦੁਸ਼ਟ ਨੂੰ ਮੂੰਹ ਨਾ ਲਾਇਓ, ਇਹ ਧੁੰਦੇ ਨਾਲ ਰਲ ਗਿਆ, ਪੰਥਪ੍ਰੀਤ ਨਾਲ ਰਲ ਗਿਆ……..ਇਹ ਸੰਗਰਾਂਦਾਂ ਨੂੰ ਮੰਨਣੋ ਹਟ ਗਿਆ, ਇਹ ਮੱਸਿਆ ਨੂੰ ਮੰਨਣੋ ਹਟ ਗਿਆ ……..ਤੇ ਇਹ ਸਭ ਫੁੱਲ ਮੂੰਹ ਚੋਂ ਕੇਰ ਰਿਹਾ ਸੀ ਮੁੱਖੀ ਦਮਦਮੀ ਟਕਸਾਲ…. ਸੰਤ ਗਿਆਨੀ ਹਰਨਾਮ ਸਿੰਘ ਜੀ ਧੁੰਮਾ ……..ਹੈ ਨਾ ਗੁਰਸਿਖਾਂ ਵਾਲੀ ਬੋਲੀ। ਕਿਓਂ ??

ਪਹਿਲੇ ਤਾਂ ਭਾਈ ਰਣਜੀਤ ਸਿੰਘ ਚੰਗਾ ਸੀ ਹੁਣ ਕੀ ਹੋ ਗ਼ਿਆ, ਓਹਨੇ ਕਿਹੜਾ ਹੁਣ ਹੀ ਪਰਚਾਰ ਕਰਨਾ ਸ਼ੁਰੂ ਕੀਤਾ। ਉਹ ਤਾਂ ਕਈ ਸਾਲਾਂ ਤੋਂ ਕਰਦਾ ਆ ਰਿਹਾ ਫਿਰ ਹੁਣ ਹੀ ਢਿਡ ਪੀੜ ਕਿਉਂ ਉਠੀ ??? ਕਿਉਂਕਿ ਹੁਣ ਉਹ ਨਿਰੋਲ ‘ਗੁਰਮਤਿ’ ਦਾ ਪ੍ਰਚਾਰ (ਜਿਸ ਨੂੰ ਇਹ ਮਿਸ਼ਨਰੀਆਂ ਦੀ ਬੋਲੀ ਬੋਲਣ ਲੱਗ ਗਿਆ ਵੀ ਕਹਿੰਦੇ ਨੇ) ਕਰਨ ਲੱਗ ਗਿਆ ਤੇ ਇਹਨਾਂ ਨੂੰ ਇਹੀ ਸੂਲ ਉਠੀ ਆ ਕਿ ਇਹ ਸਿੱਖ ਇਤਿਹਾਸ ਤੇ ਕਥਾ ਵਿਚਾਰਾਂ ‘ਤੇ ਚੜੀ ਬ੍ਰਾਹਮਣੀ ਰੰਗਤ ਕਿਉਂ ਉਤਾਰੀ ਜਾਂਦਾ ??? ਹਾਏ ਏਦਾਂ ਤਾਂ ਕੌਮ ਬ੍ਰਾਹਮਣੀ ਜੂਲੇ ਹੇਠੋਂ ਨਿਕਲ ਜਾਵੇਗੀ??? ਬੱਸ ਜੀ ਜਾ ਪਏ ਐਲੀ ਐਲੀ ਕਰਦੇ ਤੇ ਇੱਕ ਗੁਰਸਿੱਖ ਦੀ ਜਾਨ ਲੈ ਲਈ। ਅਜੇ ਹੋਰ ਤਲਖ ਤੇ ਕੌੜੇ ਸੱਚ ਬਾਹਰ ਆਉਣਗੇ …..ਕੱਲ ਨੂੰ ਕੋਈ ਕਕਾਰਾਂ ਨਾਲ ਹਮਲਾ ਕਰ ਦੇਵੇਗਾ ਫਿਰ ਉਨ੍ਹਾਂ ‘ਤੇ ਵੀ ਪਾਬੰਦੀ ………ਵਾਹ ਓਏ ਸੂਰਮਿਓ…..ਇਸ ਹਮਲੇ ‘ਚ ਇੱਕਲਾ ਸਿੱਖ ਹੀ ਨਹੀਂ ਮਰਿਆ, ਇੱਕ ਸਿੱਖੀ ਸਿਧਾਂਤ ਵੀ ਮਰਿਆ ਹੈ, ਇੱਕ ਪਰੰਪਰਾ ਵੀ ਮਰੀ ਹੈ …..ਪਰ ਤੁਹਾਡੇ ਕਲੇਜੇ ਤਾਂ ਠੰਡ ਪੈ ਗਈ ਨਾ …..ਜਾਂ ਅਜੇ ਹੋਰ ਗੁਰਸਿੱਖਾਂ ਦੀਆਂ ਜਾਨਾਂ ਲੈ ਕੇ ਪਵੇਗੀ??

ਉਪਰੋਂ ਵਰਜੀਨੀਆਂ ਦੇ ਸਿੱਖਾਂ ਦੇ ਸਿਰ ਲਾਹੁਣ ਲਈ ੫੦,੦੦੦ ਡਾਲਰ ਦਾ ਇਨਾਮ……. ਸਿੱਖ ਸਟੂਡੈਂਟ ਫੈਡਰੇਸ਼ਨ ਦੇ ੬੦ ਸਾਲਾ ਵਿਦਆਰਥੀ ਪਰਧਾਨ ਜੀਓ……. ਇਹ ੫੦,੦੦੦ ਡਾਲਰ ਉਦੋਂ ਕਿਥੇ ਸੀ ਜਦੋਂ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ?? ਇਹ ੫੦,੦੦੦ ਡਾਲਰ ਉਦੋਂ ਕਿਥੇ ਸੀ ਜਦੋਂ ਦੋ ਸਿੱਖ ਸ਼ਹੀਦ ਕਰ ਦਿੱਤੇ ਗਏ ?? ਓਦੋਂ ਕਿਥੇ ਸੀ ਜਦੋਂ ਸਿਖਾਂ ‘ਤੇ ਹੀ ਕੇਸ ਕਰਕੇ ਜੇਲਾਂ ਵਿਚ ਡੱਕੇ ਜਾ ਰਹੇ ਸਨ ?? ਨਾਲੇ ਪ੍ਰਧਾਨ ਸਾਹਿਬ ਕਿਸੇ ਮਾਂ ਦੇ ਪੁੱਤ ਨੂੰ ਸੰਸਕਾਰ ਕੇ ਕਿਸੇ ਦੇ ਗਲ ਪਵਾਉਣ ਨਾਲੋਂ ਆਪ ਜਾ ਕੇ ਸਿਰ ਲਾਹ ਲਿਆਓ, ਇੱਕ ਤਾਂ ੫੦,੦੦੦ ਡਾਲਰ ਬੱਚ ਜਾਣਗੇ, ਨਾਲੇ ਤੁਹਾਡੀ ਵੀ ਸੂਰਮਗਤੀ ਪਰਖੀ ਜਾਊ ਕਿ ਜਾਂ ਦੂਸਰਿਆਂ ਦੇ ਹੀ ਪੁੱਤ ਮਰਵਾਉਣੇ ਆਉਂਦੇ ਨੇ ……..ਨਾਲੇ ਵਹਿਮ ਨਿਕਲ ਜਾਊ ।

ਹੁਣ ਸੰਗਤ ਨੇ ਦੇਖਣਾ ਹੈ ਕਿ ਗੁਰਸਿੱਖ ਕੌਣ ਨੇ, ਗੁਰੂ ਨੂੰ ਮੰਨਣ ਵਾਲੇ ਕੌਣ ਨੇ, ਗੁਰਮਤਿ ਨੂੰ ਪਰਣਾਏ ਹੋਏ ਕੌਣ ਨੇ ??? ਸਿੱਖਾਂ ਦੀਆਂ ਪੱਗਾਂ ਲਾਹੁਣ ਵਾਲੇ, ਗੁਰਦਵਾਰੇ ਖੌਰੂ ਪਾਉਣ ਵਾਲੇ, ਗੁਰਦਵਾਰੇ ਪੁਲਿਸ ਬਲਾਉਣ ਦਾ ਕਰਨ ਬਣਨ ਵਾਲੇ, ਸਿੱਖਾਂ ਨੂੰ ਮਾਰਨ ਵਾਲੇ, ਧਮਕੀਆਂ ਦੇਣ ਵਾਲੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲੇ ਜ਼ਕਰੀਏ, ਮੀਰ ਮੰਨੂ ਦੇ ਵਾਰਿਸ ਜਾਂ ਨਿਰੋਲ ਗੁਰਬਾਣੀ ਦੀ ਕਥਾ ਕੀਰਤਨ ਕਰਨ ਵਾਲੇ, ਗੁਰਮਤਿ ਨਾਲ ਲੋਕਾਂ ਨੂੰ ਜੋੜਨ ਵਾਲੇ, ਭਰਾ ਮਾਰੂ ਜੰਗ ਸ਼ੁਰੂ ਹੋਣ ਤੋਂ ਡਰਨ ਵਾਲੇ …………ਇੱਕ ਪਾਸਾ ਤਾਂ ਕਰਨਾ ਹੀ ਪਵੇਗਾ ……….

ਡਗਮਗ ਛਾਡਿ ਰੇ ਮਨ ਬਉਰਾ।। ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ।। ਗੁਰੂ ਗ੍ਰੰਥ ਸਾਹਿਬ ਅੰਕ-੩੩੮

ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਾਣਾ ਸਿੱਖ

ALL ARTICLES AND NEWS

Tag Cloud

DHARAM

Meta