ਇਟਲੀ ਦੇ ਸਿੰਘਾਂ ਨੇ ਪਾਈਆਂ ਬਾਦਲ ਦੇ ਜਥੇਦਾਰ ਨੂੰ ਭਾਜੜਾਂ !

(ਬਲਦੇਵ ਝੱਲੀ): ਕੋਈ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਟਲੀ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਹਿਲਾਂ 27 ਜੂਨ ਸ਼ਨਿੱਚਰਵਾਰ ਤੇ ਫਿਰ 28 ਜੂਨ ਐਤਵਾਰ ਵਾਲੇ ਦਿਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਵੈਸੇ ਸਿੱਖ ਧਰਮ ਅੰਦਰ ਅਕਾਲ ਤਖਤ ਦੇ ਜਥੇਦਾਰ ਦੀ ਤਾਕਤ ਇਸਾਈਆਂ ਦੇ ਪੋਪ ਬਰਾਬਰ ਸਮਝੀ ਜਾਂਦੀ ਹੈ। ਸ਼ਾਇਦ ਗਿਆਨੀ ਗੁਰਬਚਨ ਸਿੰਘ ਧਰਮ ਦੀ ਦੀ ਦੁਨੀਆ ਦੇ ਪਹਿਲੇ ਪੋਪ ਹਨ ਜਿਨਾਂ ਦਾ ਸਿੱਖਾਂ ਨੇ ਵਿਰੋਧ ਵੀ ਕੀਤਾ ਤੇ ਉਹ ਵੀ ਗੁਰਦੁਆਰੇ ਦੇ ਅੰਦਰ।

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਦੇ ਉੱਤਰ ਵਿੱਚ ਸਥਿਤ ਹੈ ਜਿੱਥੇ ਸਿੱਖਾਂ ਦੀ ਵੱਢੀ ਵਸੋਂ ਨੇ ਆਪਣੀ ਮਿਹਨਤ ਦੇ ਦਮ ਉੱਤੇ ਆਪਣਾ ਨਾਮ ਕਮਾਇਆ ਹੈ। ਲੇਕਿਨ ਪਿਛਲੇ ਪੰਜ ਸਾਲਾਂ ਵਿੱਚ ਜਿੰਨੀ ਮਿੱਟੀ ਪਲੀਤ ਸਿੱਖਾਂ ਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਅਕਾਲ ਤਖਤ ਦੇ ਜਥੇਦਾਰ ਨੇ ਕਰਵਾਈ ਹੈ, ਉੰਨੀ ਤਾਂ ਸ਼ਾਇਦ ਹਿੰਦੁਸਤਾਨ ਦਾ ਬ੍ਰਾਹਮਣ ਵੀ ਨਹੀਂ ਕਰਵਾ ਸਕਿਆ। ਇਟਲੀ ਅੰਦਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੁਰਦੁਆਰਿਆਂ ਅੰਦਰ ਕਦੇ ਅਕਾਲ ਤਖਤ ਦੇ ਵਿਰੋਧ ਅਤੇ ਕਦੇ ਹੱਕ ਵਿੱਚ ਅਵਾਜਾਂ ਉੱਠਦੀਆਂ ਰਹੀਆਂ ਹਨ। ਫਰਕ ਸਿਰਫ ਇੰਨਾ ਹੈ ਕਿ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਕਦੇ ਇੱਕ ਧੜੇ ਤੇ ਕਦੇ ਦੂਜੇ ਧੜੇ ਦੇ ਮੌਰੀਂ ਚੜੀ ਰਹੀ ਹੈ।

ਮੁੱਖ ਰੂਪ ਵਿੱਚ ਸਿੱਖਾਂ ਦੇ ਦੋ ਧੜੇ ਹਨ ਜਿਨਾਂ ਵਿੱਚ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਅਤੇ ਸਿੱਖ ਕੌਂਸਲ ਇਟਲੀ ਹਮੇਸ਼ਾਂ ਕੁੱਝ ਕੁ ਗੱਲਾਂ ਨੂੰ ਲੈ ਕੇ ਆਪਸ ਵਿੱਚ ਲੜਦੇ ਰਹੇ ਹਨ। ਲੜਾਈ ਦਾ ਮੁੱਢ ਉਦੋਂ ਬੱਝਾ ਸੀ ਜਦੋਂ ਨੈਸਨਲ ਧਰਮ ਪ੍ਰਚਾਰ ਕਮੇਟੀ ਨੇ ਵੱਢੀ ਗਿਣਤੀ ਵਿੱਚ ਇੰਡੀਆ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੰਗਵਾਏ ਸਨ। ਤੌਬਾ ਰੱਬ ਦੀ!!! ਜਿਵੇਂ ਹੀ ਇੰਡੀਆ ਤੋਂ ਇਟਲੀ ਵਿੱਚ ਗੁਰੂ ਮਾਹਾਰਾਜ ਦੇ ਸਰੂਪ ਪਹੁੰਚੇ ਤਾਂ ਚੌਧਰੀਆਂ ਵਿੱਚ ਘਮਾਸਾਣ ਮੱਚ ਗਿਆ ਪਈ ਇਹ ਸਰੂਪ ਸਾਡੇ ਨੇ ਤੇ ਸਾਡੇ ਨੇ!! ਜਦੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਮੌਜੂਦਗੀ ਵਿੱਚਂ ਦੋਵੇਂ ਕਮੇਟੀਆਂ ਗੁਰੂ ਮਹਾਰਾਜ ਜੀ ਦੇ ਸਰੂਪਾਂ ਤੇ ਆਪੋ-ਆਪਣਾ ਦਾਅਵਾ ਠੋਕ ਰਹੀਆਂ ਸਨ ਤਾਂ ਇਟਾਲੀਅਨ ਪੁਲੀਸ ਸਰੂਪਾਂ ਦੀ ਰਾਖੀ ਇਵੇਂ ਕਰ ਰਹੀ ਸੀ ਜਾਣੋ ਕਿਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਹੋਵੇ। ਖੈਰ ਮਹਾਰਾਜ ਦੇ ਸਰੂਪ ਮੰਗਵਾਏ ਕਿਸੇ ਨੇ ਤੇ ਪਹੁੰਚ ਕਿਸੇ ਹੋਰ ਕੋਲ ਗਏ। ਇੱਥੋਂ ਹੀ ਮੁੱਖ ਕਹਾਣੀ ਸ਼ੁਰੂ ਹੁੰਦੀ ਹੈ ਹਊਮੈ ਦੇ ਯੁੱਧ ਦੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੰਗਵਾਉਣ ਵਾਲੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਨੂੰ ਖਾਲੀ ਹੱਥ ਮੁੜਨਾ ਪਿਆ ਤਾਂ, ਉਸਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇੱਧਰ ਭੌਰ ਹੁਰਾਂ ਜਾ ਕੇ ਜਦੋਂ ਗਿਆਨੀ ਗੁਰਬਚਨ ਸਿੰਘ ਨੂੰ ਸਾਰੀ ਗਾਥਾ ਸੁਣਾਈ ਤਾਂ ਪੰਜੇ ਤਖਤਾਂ ਦੇ ਜਥੇਦਾਰਾਂ ਨੇ ਹਰਵੰਤ ਸਿੰਘ ਦਾਦੂਵਾਲ ਪ੍ਰਧਾਨ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਨੂੰ ਅਕਾਲ ਤਖਤ ‘ਤੇ ਤਲਬ ਕਰ ਲਿਆ। ਫੇਰ ਕੀ ਸੀ ਅਗਲਿਆਂ ਸੁਣਾਈ ਸਜ੍ਹਾ ਤੇ ਦਾਦੂਵਾਲ ਨੇ ਭੁਗਤ ਲਈ!!!

ਪਤਾ ਨਹੀਂ ਗਿਆਨੀ ਗੁਰਬਚਨ ਸਿੰਘ ਨੂੰ ਅਚਾਨਕ ਕੀ ਸੌਰਿਆ, ਆ ਪਹੁੰਚਿਆ ਲੌ-ਲਸ਼ਕਰ ਸਮੇਤ ਉਨਾਂ ਕੋਲੇ ਜਿਨਾਂ ਨੂੰ ਉਸਨੇ ਕਦੇ ਸਜਾ ਸੁਣਾਈ ਸੀ। ਅਖੇ ਸਿੱਖ ਧਰਮ ਇਟਲੀ ‘ਚ ਰਜਿਸਟਰ ਕਰਵਾਉਣਾ ਐ!!! ਭਲਾ ਕੋਈ ਪੁੱਛੇ ਪਈ ਇੰਡੀਆ ਚ ਤਾਂ ਸਿੱਖ ਹਾਲੇ ਵੀ ਹਿੰਦੂਆਂ ਦਾ ਅੰਗ ਨੇ, ਨਸ਼ਿਆਂ ਨੇ ਪੰਜਾਬ ਖਾ ਲਿਆ, ਬਾਣੀ ਡੇਰਿਆਂ ਚ ਮੁੱਲ ਵੇਚੀ ਜਾ ਰਹੀ ਐ, ਜਥੇਦਾਰ ਬਾਬੇ ਸ਼੍ਰੀ ਚੰਦ ਦੇ ਸਮਾਗਮਾਂ ਵਿੱਚ ਸ਼ਿਰਕਤ ਕਰ ਰਿਹੈ, ਜੀਹਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ!!! ਧਰਮ ਰਜਿਸਟਰਡ ਕਰਵਾਉਣਾ ਕਿਨਾਂ ਲਈ ਐ ‘ਹਿੰਦੂਆਂ ਜਾ ਸਿੱਖਾਂ ਲਈ’। ਉੱਧਰ ਭੂਤਰੀ ਸ਼ਿਵ ਸੈਨਾ ਰੋਜ ਥਾਪੀਆਂ ਮਾਰ ਰਹੀ ਐ ਪਈ ਸਿੱਖ ਹਿੰਦੂ ਹੀ ਨੇ ਤੇ ਅਸੀਂ 2020 ਤੱਕ ਭਾਰਤ ਨੂੰ ਪੂਰੀ ਤਰਾਂ ਹਿੰਦੂ ਰਾਸ਼ਟਰ ਐਲਾਨ ਦੇਣਾ ਹੈ। ਬਾਦਲ ਰੋਜ ਸ਼ਿਵਲਿੰਗ ਪੂਦੇ ਨੇ, ਹਾਲੇ ਹੁਣੇ ਤਾਂ ਮੋਦੀ ਨੂੰ ਖੁਸ਼ ਕਰਨ ਲਈ ਸੂਰਜ ਨਮਸਕਾਰ ਕਰਕੇ ਹਟੇ ਨੇ!! ਤੇ ਏਧਰ ਇਟਲੀ ਵਿੱਚ ਧਰਮ ਰਜਿਸਟਰਡ ਕਰਵਾਉਣ ਲਈ ਸਿੱਖਾਂ ਦਾ ਜੋਰ ਲੱਗਾ ਪਿਆ ਮਤੇ ਇੱਕ ਧਿਰ ਦੂਜੀ ਤੋਂ ਮੂਹਰੇ ਨਾਂ ਨਿੱਕਲ ਜਾਵੇ।

ਸੂਤਰਾਂ ਦੀ ਮੰਨੀਏ ਤਾਂ 27 ਜੂਨ ਸ਼ਨਿੱਚਰਵਾਰ ਨੂੰ ਸ਼ਾਮੀਂ 7 ਵਜੇ ਨੋਵੇਲਾਰਾ ਗੁਰਦੁਆਰੇ ਅੰਦਰ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਪ੍ਰਬੰਧਕਾਂ ਨੇ ਧਰਮ ਰਜਿਸਟਰਡ ਕਰਵਾਉਣ ਸਬੰਧੀ ਵਿਚਾਰ ਕਰਨ ਦਾ ਸੱਦਾ ਦਿੱਤਾ ਸੀ। ਵਿਰੋਧ ਨੂੰ ਵੇਖਦੇ ਹੋਏ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਕੁੱਝ ਕੁ ਸਿੰਘਾਂ ਨੇ ਫੇਸਬੁੱਕ ਤੇ ਮੈਸੇਜ ਪਾ ਦਿੱਤਾ ਸੀ ਪਈ ਅਸੀਂ ਜਥੇਦਾਰ ਨਾਲ ਦੋ ਹੱਥ ਹੀ ਕਰਨੇ ਐ!!!

ਅੱਜ ਐਤਵਾਰ ਨੂੰ ਹਫਤਾਵਾਰੀ ਦਿਵਾਨਾਂ ਵਿੱਚ ਜਿਵੇਂ ਹੀ ਅਕਾਲ ਤਖਤ ਦੇ ਜਥੇਦਾਰ ਹਾਲ ਵਿੱਚ ਪਹੁੰਚੇ ਤਾਂ ਸਿੰਘਾ ਨਾਹਰੇਬਾਜੀ ਸ਼ੁਰੂ ਕਰ ਦਿੱਤੀ “ਗੁੰਡਾ ਰਾਜ ਮੁਰਦਾਬਾਦ” ਦੇ ਨਾਹਰਿਆਂ ਨਾਲ ਜਥੇਦਾਰ ਦਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਬਥੇਰਾ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਵਿਦਰੋਹ ਲੁਕਾਉਣ ਦੀ ਕੋਸ਼ਿਸ਼ ਕੀਤੀ, ਸੱਭ ਬੇਕਾਰ ਤੇ ਆਖਿਰ ਗਿਆਨੀ ਗੁਰਬਚਨ ਸਿੰਘ ਨੂੰ ਵਿਰੋਧ ਦੇ ਚੱਲਦੇ ਵਿੱਚੋਂ ਹੀ ਜਾਣਾ ਪਿਆ, ਇੱਕ ਜੂਨ ਮਹੀਨਾ ਤੇ ਦੂਜਾ ਸੰਗਤਾਂ ਦੇ ਵਿਰੋਧ ਕਾਰਨ ਛੁੱਟੇ ਪਸੀਨੇ। ਲੁਕਾਈ ਲਾਹਣਤਾਂ ਪਾ ਰਹੀ ਹੈ ਅਖੇ ਇਹ ਕਿਹੋ ਜਿਹਾ ਪੋਪ, ਜੀਹਦਾ ਸੰਗਤਾਂ ਹੀ ਕਰ ਰਹੀਆਂ ਨੇ ਵਿਰੋਧ? ਵੈਸੇ ਵਿਰੋਧ ਕਰਨ ਵਿੱਚ ਔਰਤਾਂ ਨੇ ਬਾਜੀ ਮਾਰ ਲਈ ਜਿਨਾਂ ਸ਼ਰੇਆਮ ਗੁੰਡਾਰਾਜ ਮੁਰਦਾਬਾਦ ਦੇ ਨਾਹਰੇ ਮੇਨ ਹਾਲ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਸਿੱਖੀ ਅੰਦਰ ਆ ਰਹੇ ਨਿਘਾਰ ਅਤੇ ਨਿੱਘਰ ਚੁੱਕੇ ਜਥੇਦਾਰਾਂ ਨੂੰ ਖਬਰਦਾਰ ਕਰਨ ਲਈ ਲਾਏ।

ਹੁਣ ਕਈਆਂ ਇਸਨੂੰ ਬੇਅਦਬੀ ਕਹਿ ਕੇ ਭੰਡਣਾ ਤੇ ਕਈਆਂ ਕਹਿਣਾ ਪਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਰਮੌਰ ਨੇ!!! ਜੇਕਰ ਜਥੇਦਾਰ ਖੁਦ ਹੀ ਆਪਣੇ ਹੁਕਮਨਾਮਿਆਂ ਦੀ ਉਲੰਘਣਾ ਕਰੂ ਤਾਂ ਵਿਰੋਧ ਤਾਂ ਹੋਣਾ ਈ ਹੋਣੈ!! ਹੈ ਨਾਂ ਸੋਚਣ ਵਾਲੀ ਗੱਲ?

Tag Cloud

DHARAM

Meta