ਇਕ ਸਿੱਖ ਦੂਜੇ ਸਿੱਖ ਦੀਆਂ ਹੱਡੀਆਂ ਭੰਨ ਦੇਵੇ, ਇਹ ਸਿੱਖੀ ਦਾ ਸਤਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ ? -: ਇੰਦਰਜੀਤ ਸਿੰਘ, ਕਾਨਪੁਰ

ਕਈ ਵੀਰ ਬਜ਼ੁਰਗ ਸਿੱਖਾਂ ਦੀ ਹੱਡ ਤੋੜ ਕੁਟਾਈ ਨੂੰ ਜਾਇਜ਼ ਠਹਿਰਾ ਰਹੇ ਹਨ। ਇਕ ਸਿੱਖ ਦੂਜੇ ਸਿੱਖ ਦੀਆਂ ਹੱਡੀਆਂ ਭੰਨ ਦੇਵੇ, ਇਹ ਸਿੱਖੀ ਦਾ ਸਤਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ ?

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਅੰਕ 360

ਅਖੌਤੀ ਸਤਿਕਾਰ ਕਮੇਟੀ ਵਿਚ ਹਿੰਮਤ ਹੈ ਤਾਂ ਵੱਡਿਆਂ ਸਾਨ੍ਹਾਂ ਨੂੰ ਹੱਥ ਪਾਵੇ, ਜੋ ਸਿੱਖੀ ਦਾ ਬੇੜਾ ਗਰਕ ਕਰ ਚੁਕੇ ਹਨ। ਗਰੀਬ ਤੇ ਕਮਜੋਰ ਨੂੰ ਤਾਂ ਹਰ ਕੋਈ ਮਾਰ ਸਕਦਾ ਹੈ। ਇਸ ਦਾ ਮਤਲਬ ਤਾਂ ਇਹ ਹੋਇਆ, ਕਿ ਜਿਨ੍ਹਾਂ ਵੀ ਲੋਕਾਂ ਨੇ ਕੇਸ ਕਤਲ ਕੀਤੇ ਹੋਏ ਹਨ ਜਾਂ ਪਤਿਤ ਹੋ ਚੁਕੇ ਹਨ, ਜਾਂ ਜਿਨ੍ਹਾਂ ਨੇ ਪਤਿਤ ਸਿੱਖਾਂ ਨਾਲ ਆਪਣੇ ਬੱਚੇ ਬੱਚੀਆਂ ਦੇ ਵਿਆਹ ਕੀਤੇ ਹਨ, ਤਾਲੀਬਾਨੀ ਸਤਿਕਾਰ ਕਮੇਟੀ ਦੇ ਗੁੰਡਿਆਂ ਵਲੋਂ ਸਭ ਦੀਆਂ ਹੱਡੀਆਂ ਪਸਲੀਆਂ ਤੋੜ ਦੇਣੀਆਂ ਚਾਹੀਦੀਆਂ ਹਨ।

ਇਸ ਮੁਤਾਬਿਕ ਤਾਂ ਫਿਰ,

– ਜਿਹੜੇ ਸਿੱਖ ਵੀ ਅਖਵਾਉਂਦੇ ਹਨ ਤੇ ਸ਼ਰਾਬ ਪੀਂਦੇ ਹਨ, ਉਨ੍ਹਾਂ ਸਾਰਿਆਂ ਨੂੰ ਵੀ ਦਰਖ਼ਤ ਨਾਲ ਬੰਨ੍ਹ ਕੇ ਕੋੜੇ ਮਾਰਨੇ ਚਾਹੀਦੇ ਹਨ।

– ਜੇੜ੍ਹੇ ਪ੍ਰਧਾਨ, ਪ੍ਰਚਾਰਕ ਅਤੇ ਜੱਥੇਦਾਰ ਗੁਰਦੁਆਰਿਆਂ ਦੀ ਗੋਲਕ ਲੁੱਟ ਲੁੱਟ ਕੇ ਖਾ ਰਹੇ ਨੇ, ਉਨ੍ਹਾਂ ਨੂੰ ਇਸ ਸਤਿਕਾਰ ਕੰਪਨੀ ਵਲੋਂ ਗਰਮ ਤੇਲ ਦੇ ਕੜਾਹੇ ਵਿਚ ਸੁਟ ਦੇਣਾਂ ਚਾਹੀਦਾ ਹੈ।

– ਕਿਉਂ ਨਹੀਂ ਕੁੱਟਦੇ ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਗੁੰਡਿਆ ਨੂੰ, ਜੋ ਹਰਿਆਣਾ ਕਮੇਟੀ ਦੇ ਬਨਣ ਤੋਂ ਬਾਅਦ ਉਥੇ ਦੀਆਂ ਗੋਲਕਾਂ ‘ਤੇ ਕਾਬਿਜ ਹੋ ਗਏ ਸਨ ?

– ਦਰਬਾਰ ਸਾਹਿਬ ਦੇ ਨਾਲ ਹੀ ਸ਼ਨੀਦੇਵ ਦਾ ਮੰਦਿਰ ਹੈ, ਸ਼ਨੀਵਾਰ ਨੂੰ ਉਥੇ ਮੱਥਾ ਟੇਕਣ ਵਾਲੇ ਸਿੱਖਾਂ ਨੂੰ ਇਹ ਸਤਿਕਾਰ ਕਮੇਟੀ ਸੋਟੇ ਮਾਰ ਮਾਰ ਕੇ ਅਧਮੋਇਆ ਕਿਉਂ ਨਹੀਂ ਕਰਦੀ ?

ਵੀਰੋ !!! ਇਹ ਗੁੰਡਾ ਬ੍ਰਿਗੇਡ ਹੈ, ਸਤਿਕਾਰ ਕਮੇਟੀ ਨਹੀਂ।

ਜਿਹੜੇ ਲੋਕ ਇਸ ਗੁੰਡਾ ਬ੍ਰਿਗੇਡ ਦੇ ਹਿਮਾਇਤੀ ਹਨ, ਸਭਤੋਂ ਪਹਿਲਾਂ ਇਨ੍ਹਾਂ ਨੂੰ ਸਲਾਹ ਦਿਉ ਕਿ ਦਰਬਾਰ ਸਾਹਿਬ ‘ਤੇ ਚੜ੍ਹਨ ਵਾਲੇ ਪੈਸੇ ‘ਚੋਂ ਦੋ ਕਰੋੜ ਰੁਪਏ ਦਾ ਇਕ ਸਾਲ ਵਿਚ ਪੈਟਰੋਲ ਪੀ ਜਾਣ ਵਾਲੇ ਪ੍ਰਧਾਨ ਦੀਆਂ ਹੱਡੀਆਂ ਤੋੜੇ। ਜੇ ਇਹ ਤਾਲੀਬਾਨੀ ਸੋਚ ਹੀ ਸਿੱਖੀ ਦਾ ਸਤਿਕਾਰ ਹੈ, ਤਾਂ ਰਿਸ਼ਵਤ ਲੈ ਕੇ ਵੱਡੇ ਵੱਡੇ ਹੋਟਲ ਬਨਾਉਣ ਵਾਲੇ ਅਖੌਤੀ ਜਥੇਦਾਰ ਦਾ ਲੱਕ ਤੋੜੇ।

ਇਕ ਹੋਰ ਗੱਲ ਬਹੁਤ ਹੀ ਅਜੀਬ ਅਤੇ ਫਜ਼ੂਲ ਜਿਹੀ ਦਲੀਲ ਦਿੱਤੀ ਜਾ ਰਹੀ ਹੈ, ਕਿ “ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮਸੰਦਾ ਨੂੰ ਗਰਮ ਤੇਲ ਦੇ ਕੜਾਹੇ ਵਿੱਚ ਪਾਇਆ ਸੀ।”

ਇਹ ਮਨ ਘੜੰਤ ਕਹਾਣੀ ਹੈ, ਅਤੇ ਸਰਬੰਸਦਾਨੀ ਗੁਰੂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਹ ਗੁਰੂ ਤਾਂ ਅਪਣੇ ਗੁਰੂਆਂ ਦੀ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਆਪ ਦਰਜ ਕਰਦਾ ਹੈ ਕਿ:

– ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਅੰਕ 51
– ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥ ਅੰਕ 22
– ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ ਅਕ 49
– ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥ ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥ਅੰਕ 153

ਵੀਰੋ, ਉਹ ਗੁਰੂ ਤਾਂ ਦਇਆਲ ਹੈ ! ਦਇਆ ਦਾ ਸਾਗਰ ਹੈ। ਉਹ ਇਨ੍ਹਾਂ ਕਰੂਰ ਕਿਵੇਂ ਹੋ ਸਕਦਾ ਹੈ ? ਕਿ ਉਹ ਉਬਲਦੇ ਤੇਲ ਦੇ ਕੜਾਹੇ ਵਿਚ ਸਕਦਾ ਹੈ ? ਇਹੋ ਜਹੀਆਂ ਕਹਾਣੀਆਂ ਉਸ ਦਸਮ ਗ੍ਰੰਥ ਅਤੇ ਸਰਬਲੋਹ ਨਾਮ ਦੇ ਕੂੜ ਪੋਥਿਆਂ ਦੀ ਸ਼ਰਾਰਤ ਹੈ। ਇਹੋ ਜਹੀਆਂ ਗੱਲਾਂ ਦਾ ਪ੍ਰਚਾਰ ਕਰਕੇ ਅਪਣੇ ਸਰਬੰਸਦਾਨੀ ਗੁਰੂ ਨੂੰ ਬਦਨਾਮ ਨਾ ਕਰੋ।

ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ। ਅਪਣੀ ਸੋਚ ਦੀ ਪੜਚੋਲ ਕਰੋ ਜੀ।

Tag Cloud

DHARAM

Meta