ਅਸਲ ਅਤੇ ਨਕਲ – ਇੰਦਰਜੀਤ ਸਿੰਘ, ਕਾਨਪੁਰ

ਅਸਲ ਅਤੇ ਨਕਲ

ਅੱਜ ਇਕ ਪੁਰਾਨੀ ਕਹਾਨੀ ਯਾਦ ਆ ਗਈ। ਆਪ ਸਭ ਨਾਲ ਸਾਂਝੀ ਕਰਦਾ ਹਾਂ।  ਇਕ ਸ਼ਹਿਰ ਵਿੱਚ ਇਕ ਬਹੁਤ ਵੱਡਾ ਜੋਹਰੀ ਸੀ। ਉਸ ਦਾ ਅਚਾਨਕ ਅੰਤਕਾਲ ਹੋ ਗਿਆ। ਵਕਤ ਐਸਾ ਗੁਜਰਿਆ ਕਿ ਉਸ ਦੇ ਘਰ ਰੋਟੀ ਖਾਣ ਦੇ ਵੀ ਲਾਲੇ ਪੈ ਗਏ। ਪਰਿਵਾਰ ਬਹੁਤ ਹੀ ਕੜਕੀ ਵਿਚ ਆ ਗਿਆ। ਜੋਹਰੀ ਦੀ ਪਤਨੀ ਨੇ ਅਪਣੇ ਪੁੱਤਰ ਨੂੰ ਬੁਲਾ ਕੇ ਹੀਰਿਆਂ ਦਾ ਇਕ ਪੁਰਾਨਾਂ ਹਾਰ ਦਿੱਤਾ ਤੇ ਕਹਿਆ ਕਿ, “ਇਸ ਨੂੰ ਅਪਣੇ ਚਾਚੇ ਦੀ ਦੁਕਾਨ ਤੇ ਵੇਚ ਕੇ ਜੋ ਪੈਸਾ ਮਿਲੇ ਲੈ ਆਈਂ। ਪੁੱਤਰ ਚਾਚੇ ਦੀ ਦੁਕਾਨ ਤੇ ਗਿਆ, ਜੋ ਆਪ ਵੀ ਇਕ ਜੋਹਰੀ ਸੀ। ਲੜਕੇ ਨੇ ਅਪਣੇ ਚਾਚੇ ਨੂੰ ਉਹ ਹਾਰ ਦੇ ਕੇ ਕਹਿਆ, “ਚਾਚਾ ਜੀ,  ਇਹ ਹਾਰ ਰੱਖ ਲਉ ਤੇ ਇਸ ਦੀ ਕੀਮਤ ਲਾ ਕੇ ਮੈਨੂੰ ਪੈਸਾ ਦੇ ਦਿਉ।” ਚਾਚੇ ਨੇ ਉਸ ਹਾਰ ਨੂੰ ਪਰਖਿਆ ਤੇ  ਕਹਿਆ ਕਿ , “ਪੁੱਤਰ  ਐਸ ਵੇਲੇ ਬਜਾਰ ਬਹੁਤ ਮੰਦਾ ਹੈ,  ਇਸ ਦੀ ਸਹੀ ਕੀਮਤ ਨਹੀ ਮਿਲਣੀ , ਘਰ ਲੈ ਜਾ ਤੇ ਰੱਖ ਦੇ, ਜਦੋਂ ਬਜਾਰ ਵਧੇਗੀ ਤਾਂ ਇਸਨੂੰ ਵੇਚ ਦਿਆਂਗੇ।  ਕਲ ਤੋਂ ਦੁਕਾਨ ਤੇ ਆ ਕੇ ਕੰਮ ਲੱਗ ਜਾ , ਤੇ ਘਰ ਦਾ ਵੀ ਗੁਜਾਰਾ ਹੋ ਜਾਵੇਗਾ ਤੇ ਤੁਹਾਡੇ ਮਨ ਵਿੱਚ  ਵੀ ਇਹ ਨਹੀ ਆਏਗਾ ਕੇ ਮਾੜੇ ਵਕਤ ਵਿੱਚ ਚਾਚੇ ਨੇ ਸਾਥ ਨਹੀ ਦਿੱਤਾ । ਜੋਹਰੀ ਦਾ ਮੂੰਡਾ ਦੁਕਾਨ ਤੇ ਕੰਮ ਕਰਣ ਲੱਗ ਪਿਆ  ਤੇ ਘਰ ਦਾ ਗੁਜਾਰਾ ਵੀ ਹੋਣ ਲੱਗ ਪਿਆ ।  ਸਮਾਂ ਬੀਤਿਆ ਤਾਂ ਇਕ ਦਿਨ ਉਹ ਮੂੰਡਾ  ਵੀ ਹੀਰਿਆਂ ਦਾ ਪਾਰਖੀ ਬਣ ਗਿਆ।

ਚਾਚੇ ਨੇ ਇਕ ਦਿਨ ਕਹਿਆ , “ਪੁਤੱਰ ਉਹ ਹਾਰ ਲੈ ਆ,  ਹੁਣ ਕੀਮਤ ਬਹੁਤ ਵੱਧੀ ਹੋਈ ਹੈ, ਚੰਗੇ ਪੈਸੇ ਮਿਲ ਜਾਂਣਗੇ”। ਦੂਜੇ ਦਿਨ ਜੋਹਰੀ ਦਾ ਮੂੰਡਾ ਕੰਮ ਤੇ ਆਇਆ ਤਾਂ ਚਾਚੇ ਨੇ ਹਾਰ ਬਾਰੇ ਪੁਛਿਆ। ਜੋਹਰੀ ਦਾ ਮੂੰਡਾ ਕਹਿਣ ਲੱਗਾ, ” ਚਾਚਾ ਉਹ ਹਾਰ ਤਾਂ ਨਕਲੀ ਨਿਕਲਿਆ , ਇਸ ਕਰਕੇ ਮੈਂ ਉਹ ਹਾਰ ਨਹੀ ਲਿਆਇਆ।”

ਚਾਚੇ ਨੇ ਹੱਸ ਕੇ ਕਹਿਆ, “ਪੁੱਤਰ ਮੈਂ ਜਾਂਣਦਾ ਸੀ ਕਿ ਉਹ ਹਾਰ ਨਕਲੀ ਹੈ, ਲੇਕਿਨ ਮੈਂ, ਉਸ ਵੇਲੇ ਤੈਨੂੰ ਇਸ ਕਰਕੇ ਨਹੀ ਸੀ ਦਸਿਆ ਕਿ , ਤੇਰੇ ਮਨ ਵਿਚ ਆਵੇਗਾ ਕਿ ਚਾਚਾ ਵੀ ਸਾਡੀ ਗਰੀਬੀ ਦਾ ਮਜਾਕ ਉਡਾ ਰਿਹਾ ਹੈ। ਸਾਡੇ ਪਿਉ ਦੇ ਸਾਂਭੇ, ਹੀਰਿਆਂ ਦੇ ਹਾਰ ਨੂੰ ਨਕਲੀ ਦਸ ਰਿਹਾ ਹੈ। ਅੱਜ ਹੁਣ ਤੂੰ ਹੀਰਿਆਂ ਦਾ ਖੁਦ ਪਾਰਖੀ ਬਣ ਗਿਆ ਹੈ,  ਤੇ ਤੈਨੂੰ  ਕਿਸੇ ਕੋਲੋਂ ਪੁੱਛਣ ਦੀ ਲੋੜ ਹੀ ਨਹੀ ਪਈ ਕਿ ਉਹ ਹਾਰ ਨਕਲੀ ਹੈ ਕਿ ਅਸਲੀ ।

ਮਨੁਖ ਦਾ ਹਮੇਸ਼ਾਂ ਹੀ ਇਹ ਸੁਭਾਵ ਰਿਹਾ ਹੈ  ਕਿ , ਜੱਦ ਤੱਕ ਉਸਨੂੰ ਗਿਆਨ ਨਾਂ ਹੋਵੇ,   ਉਹ ਅਸਲ ਅਤੇ ਨਕਲ ਦੀ ਪਛਾਣ ਨਹੀ ਕਰ ਸਕਦਾ। ਸਗੋ ਨਕਲੀ ਨੂੰ ਨਕਲੀ ਕਹਿਣ ਵਾਲਿਆਂ ਤੇ ਹੀ ਡਾਂਗ ਚੁੱਕ ਲੈੰਦਾ ਹੈ। ਮੇਰੇ ਵੀਰੋ ! ਅੱਜ ਸਾਡੇ ਪੰਥ ਵਿੱਚ ਵੀ ਅਖੌਤੀ ਦਸਮ ਗ੍ਰੰਥ ਨਾਮ ਦੀ ਨਕਲੀ ਕਿਤਾਬ ਨੂੰ ਲੈ ਕੇ ਇਹ ਹੀ ਸੁਭਾਅ ਕੰਮ ਕਰ ਰਿਹਾ ਹੈ। ਬਹੁਤੇ ਸਿੱਖਾਂ ਨੇ ਇਸ ਬਚਿਤੱਰੀ ਪੋਥੇ ਨੂੰ ਪੜ੍ਹਨਾਂ ਤਾਂ ਦੂਰ , ਵੇਖਿਆ ਤਕ ਨਹੀ ਹੂੰਦਾ, ਲੇਕਿਨ ਉਹ ਵੀ ਇਸ ਨੂੰ ਦਸਮ ਬਾਣੀ  ਕਹੀ ਜਾਂਦੇ ਨੇ। ਜਦੋਂ ਕੋਈ ਸਿੱਖ,  ਜਿਸਨੂੰ  ਇਸ ਕੂੜ ਪੋਥੀ ਦੀ ਪਛਾਂਣ ਹੋ ਜਾਂਦੀ ਹੈ ਤੇ ,  ਉਹ ਦੂਜਿਆਂ ਨੂੰ  ਕਹਿੰਦਾ ਹੈ ਕਿ, “ਇਹ ਤਾਂ ਨਕਲੀ ਹੈ” ।  ਇਸ ਬਾਰੇ  ਗਿਆਨ ਨਾਂ ਹੋਣ ਕਾਰਣ  ਅਤੇ ਅਪਣੇ ਗੁਰੂ ਪ੍ਰਤੀ ਅਪਾਰ  ਸ਼ਰਧਾਂ ਦੇ ਕਾਰਣ,  ਇਸ ਨੂੰ ਦਸਮ ਪਿਤਾ ਦੀ ਬਾਣੀ , ਸਮਝਣ ਵਾਲੇ ਉਨ੍ਹਾਂ ਨਾਲ  ਲੜਨ ਹੀ ਲੱਗ ਪੈੰਦੇ ਹਨ।

ਇਸ ਕਿਤਾਬ ਨੂੰ ਦਸਮ ਬਾਣੀ ਸਮਝਣ ਵਾਲਿਆਂ ਦਾ ਵੀ ਕਸੂਰ ਸਿਰਫ ਇਤਨਾਂ ਹੀ ਹੂੰਦਾ ਹੈ ਕਿ ਉਹ ਪਾਰਖੀ ਨਹੀ ਹੂੰਦੇ। ਪਿਆਰ ਤਾਂ ਅਪਣੇ ਗੁਰੂ ਨਾਲ ਉਹ ਵੀ ਉੱਨਾਂ ਹੀ ਕਰਦੇ ਹਨ, ਜਿਨ੍ਹਾਂ ਇਸ  ਕਿਤਾਬ ਨੂੰ ਨਕਲੀ ਕਹਿਣ ਵਾਲੇ ਕਰਦੇ ਨੇ । ਫਰਕ ਸਿਰਫ ਇਹ ਹੂੰਦਾ ਹੈ ਕਿ ਇਕ ਪਾਰਖੀ ਹੂੰਦਾ ਹੈ ਜਿਸਨੂੰ  ਨੂੰ ਅਸਲ ਅਤੇ ਨਕਲ ਦੀ ਪਛਾਂਣ ਹੋ ਚੁਕੀ ਹੂੰਦੀ ਹੈ ਅਤੇ ਦੂਜੇ ਸਿਰਫ ਦੂਜਿਆ ਦੇ ਕਹੇ ਤੇ ਹੀ ਚੱਲ ਰਹੇ ਹੂੰਦੇ ਹਨ। ਕਾਸ਼ ! ਸਾਰੇ ਸਿੱਖ ਉਸ ਜੋਹਰੀ ਦੇ ਲੜਕੇ ਵਾਂਗ ਆਪਣੇ ਆਪ,   ਅਸਲ ਅਤੇ ਨਕਲ ਦੀ ਪਛਾਂਣ ਕਰ ਸਕਣ ਦੇ ਕਾਬਿਲ ਹੋ ਜਾਂਦੇ , ਤਾਂ ਇਹ ਝਗੜਾ ,  ਇਹ ਦੁਬਿਧਾ ਕੌਮ ਵਿੱਚ ਕਦੀ ਵੀ ਖੜੀ ਨਹੀ ਸੀ ਹੋਣੀ । ਕਾਸ਼ !  ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ,  ਉਸ ਵਿੱਚ ਲਿੱਖੀ ਬਾਣੀ  ਨੂੰ ਹੀ ਘਸਵੱਟੀ ਬਣਾਂ ਕੇ , ਇਸ ਕਿਤਾਬ ਨੂੰ, ਇਕ  ਵਾਰ ਪਰਖ ਲੈੰਦਾ , ਤਾਂ ਵੀ ਇਸ ਕੌਮ ਦੇ , ਦੋ ਟੋਟੇ ਨਹੀ ਸਨ ਹੋਣੇ ।

ਇੰਦਰਜੀਤ ਸਿੰਘ, ਕਾਨਪੁਰ

Tag Cloud

DHARAM

Meta