ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ? (ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) – ਭਾਗ ਪਹਿਲਾ -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਟੈਲੀਫੋਨ +91 98761 04726

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਵਿਵਾਦ ਕੋਈ ਨਵੀਂ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲਾਂ ਬਾਅਦ, ਇਹ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸ ਬਾਰੇ ਵਿਵਾਦ ਚਲਦੇ ਹੀ ਰਹੇ ਹਨ। ਇਸ ਬਾਰੇ ਮੁਖ ਤੌਰ ‘ਤੇ ਚਾਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਉਭਰ ਕੇ ਸਾਮ੍ਹਣੇ ਆਉਂਦੇ ਰਹੇ ਹਨ।

1) ਇਕ ਉਹ ਜੋ ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕ੍ਰਿਤ ਮੰਨਦੇ ਹਨ,
2) ਦੂਸਰੇ, ਜੋ ਇਸ ਦੇ ਕੇਵਲ ਤ੍ਰਿਆ ਚਰਿਤ੍ਰ ਭਾਗ ਨੂੰ ਛੱਡ ਕੇ ਬਾਕੀ ਸਾਰੇ ਨੂੰ ਗੁਰੂ ਕ੍ਰਿਤ ਮੰਨਦੇ ਹਨ,
3) ਤੀਸਰੇ, ਜੋ ਕੇਵਲ ਪਹਿਲੇ 38 ਪੰਨਿਆਂ (ਕੁਝ ਬੰਦ ਛੱਡਕੇ) ਨੂੰ ਹੀ ਗੁਰੂ ਕ੍ਰਿਤ ਮੰਨਦੇ ਹਨ ’ਤੇ ਬਾਕੀ ਸਾਰੇ ਨੂੰ ਰੱਦ ਕਰਦੇ ਹਨ,
4) ਚੌਥੇ, ਜੋ ਸਾਰੀ ਪੁਸਤਕ ਨੂੰ ਹੀ ਗੁਰੂ ਕ੍ਰਿਤ ਨਹੀਂ ਮੰਨਦੇ।

ਪਹਿਲੇ ਪਹਿਲ ਸਾਰੀ ਬਚਿੱਤ੍ਰ ਨਾਟਕ ਪੁਸਤਕ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਸਿੱਖ ਰਹਿਤ ਮਰਯਾਦਾ(1945 ਈ) ਵਿੱਚ ਜਿਥੇ ਨਿੱਤਨੇਮ ਵਿੱਚ ਤਿੰਨ ਬਾਣੀਆਂ ਜਾਪ, 10 ਸਵੈਯੇ(ਸ੍ਰਾਵਗ ਸੁਧ ਵਾਲੇ) ਅਤੇ ਕਬਿਯੋ ਬਾਚ ਬੇਨਤੀ ਚੌਪਈ, ਇਸ ਪੁਸਤਕ(ਗ੍ਰੰਥ) ਵਿੱਚੋ ਪਾ ਦਿੱਤੀਆਂ ਗਈਆਂ, ਉਥੇ ਪਾਹੁਲ ਤਿਆਰ ਕਰਨ ਵਾਸਤੇ ਵੀ ਇਹ ਤਿੰਨ ਰਚਨਾਵਾਂ ਗੁਰੁ ਗਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਪੜ੍ਹੀਆਂ ਜਾਂਦੀਆਂ ਹਨ। ਇਸ ਕਾਰਨ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਤਿੰਨ ਰਚਨਾਵਾਂ ਪ੍ਰਤੀ ਇਕ ਸ਼ਰਧਾ ਭਾਵਨਾ ਜੁੜ ਗਈ, ਇਸ ਲਈ ਇਨ੍ਹਾਂ ਦੇ ਖਿਲਾਫ ਬੋਲ ਕੇ ਕੋਈ ਵਿਅਕਤੀ ਕੌਮੀ ਕਰੋਪੀ ਸਹੇੜਨ ਦਾ ਹੀਆ ਨਹੀਂ ਸੀ ਕਰਦਾ।

ਇਸ ਦਾ ਇਕ ਹੋਰ ਵੱਡਾ ਕਾਰਨ ਇਹ ਸੀ ਕਿ ਭਾਵੇਂ ਸ਼ਰਧਾ-ਭਾਵਨਾ ਅਧੀਨ ਨਿਤਨੇਮ ਵਿੱਚ ਇਹ ਬਾਣੀਆਂ ਤਾਂ ਸਾਰੇ ਰਟੀ ਜਾਂਦੇ ਸਨ, ਪਰ ਬਾਕੀ ਬਚਿੱਤ੍ਰ ਨਾਟਕ ਨੂੰ ਕੋਈ ਵਿਰਲਾ ਹੀ ਪੜ੍ਹਦਾ ਸੀ। ਸੁਭਾਵਕ ਹੀ ਬਹੁਤੇ ਸਿੱਖ ਵਿਦਵਾਨ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ, ਵਿਚਾਰਨ ਤੱਕ ਹੀ ਸੀਮਤ ਰਹਿੰਦੇ ਸਨ। ਵੱਧ ਤੋਂ ਵੱਧ “ਅੰਮ੍ਰਿਤ ਕੀਰਤਨ” ਨਾਮੀ ਪੋਥੀ ਵਿੱਚ ਛਪੀਆਂ, ਇਸ ਪੁਸਤਕ ਵਿਚਲੀਆਂ ਕੁਝ ਰਚਨਾਵਾਂ ਦਾ ਕੀਰਤਨ ਕੁਝ ਖਾਸ ਮੌਕਿਆਂ ਤੇ ਕੀਤਾ ਜਾਂਦਾ ਸੀ ਅਤੇ ਕੁਝ ਚੋਣਵੇਂ ਕਥਾਕਾਰ ਅਤੇ ਲਿਖਾਰੀ ਵੀ ਉਨ੍ਹਾਂ ਵਿੱਚਲੇ ਕੁਝ ਪ੍ਰਮਾਣ ਵੀ ਆਪਣੀਆਂ ਵਿਚਾਰਾਂ ਵਿੱਚ ਜੋੜ ਲੈਂਦੇ ਸਨ, ਜੋ ਅੱਜ ਵੀ ਜਾਰੀ ਹੈ। ਜਿਵੇਂ ਜਿਵੇਂ ਵਿਵਾਦ ਵੱਧਣ ਨਾਲ ਵਧੇਰੇ ਸੂਝਵਾਨਾਂ ਨੇ ਇਸ ਨੂੰ ਪੜ੍ਹਨਾ, ਪੜਚੋਲਣਾ ਅਤੇ ਗੁਰਮਤਿ ਦੀ ਕਸਵੱਟੀ ਉਤੇ ਪਰਖਣਾ ਸ਼ੁਰੂ ਕੀਤਾ ਤਾਂ ਇਸ ਸਾਰੇ ਪੋਥੇ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਵਧਣ ਲੱਗੀ। ਸਭ ਤੋਂ ਪਹਿਲਾਂ ਜਿਸ ਭਾਗ ਤੇ ਆਕੇ ਸਭ ਸੂਝਵਾਨਾਂ ਦੀ ਸ਼ੰਕਾ ਖੜੀ ਹੁੰਦੀ ਰਹੀ, ਉਹ ਇਸ ਦਾ ਚਰਿਤ੍ਰੋਪਖਯਾਨ (ਤ੍ਰਿਆ ਚਰਿਤ੍ਰ) ਭਾਗ ਹੈ, ਕਿਉਂਕਿ ਇਸ ਭਾਗ ਵਿੱਚ ਜੋ ਅਨੈਤਿਕ ਅਤੇ ਆਚਰਣ-ਹੀਨਤਾ ਵਾਲੀਆਂ ਕਹਾਣੀਆਂ ਹਨ, ਅਤੇ ਉਨ੍ਹਾਂ ਨੂੰ ਬਿਆਨ ਕਰਨ ਲਈ ਜੋ ਅਸ਼ਲੀਲ ਭਾਸ਼ਾ ਵਰਤੀ ਗਈ ਹੈ, ਉਸ ਕਾਰਨ ਇਸ ਨੂੰ ਗੁਰੂ ਕ੍ਰਿਤ ਮੰਨਣ ਤੇ ਕਿਸੇ ਵੀ ਸੂਝਵਾਨ ਗੁਰਸਿੱਖ ਦਾ ਮਨ ਨਹੀਂ ਮੰਨਦਾ। ਇਸ ਨਾਲ ਸਾਰੀ ਬਚਿੱਤ੍ਰ ਨਾਟਕ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਕ੍ਰਿਤ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ।

ਇਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਨੇ ਇਸਨੂੰ ਤ੍ਰਿਆ ਚਰਿਤ੍ਰ ਭਾਗ ਦੇ ਬਗੈਰ ਛਾਪਿਆ ਅਤੇ ਚੰਡੀਗੜ੍ਹ ਦੇ ਇਕ ਜਗਿਆਸੂ ਵਿਦਵਾਨ ਸ੍ਰ. ਸੰਤੋਖ ਸਿੰਘ ਵਲੋਂ ਬੇਨਤੀ ਚੌਪਈ ਦੇ ਸੰਧਰਭ ਵਿੱਚ, ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦੇ ਜੁਆਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਨੰ: 36672 ਮਿਤੀ 03-8-1973 ਵਿੱਚ ਵੀ ਇਸ ਗਲ ਦੀ ਪ੍ਰੋੜਤਾ ਕੀਤੀ ਗਈ ਕਿ ‘ਪਖਯਾਨ ਚਰਿਤ੍ਰ’, ਗੁਰੂ ਕ੍ਰਿਤ ਨਹੀਂ ਹੈ। ਇਸ ਚਿੱਠੀ ਦੀ ਸ਼ਬਦਾਵਲੀ ਇਸ ਤਰ੍ਹਾਂ ਹੈ:

“ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸੰਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।

“ਚਰਿਤ੍ਰੋ ਪਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।”

ਦਸਤਖਤ, ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ,
ਸ਼੍ਰੋ.ਗੁ.ਪ੍ਰ.ਕਮੇਟੀ ਲਈ

ਅੱਜ ਖੋਜ ਇਸ ਗਹਰਾਈ ਤੱਕ ਪਹੁੰਚ ਗਈ ਹੈ ਕਿ ਹੁਣ ਬਹੁਤ ਸਾਰੇ ਸੂਝਵਾਨ ਗੁਰਸਿੱਖਾਂ ਨੇ ਹਿੰਮਤ ਕਰਕੇ ਨਿਤਨੇਮ ਅਤੇ ਪਾਹੁਲ ਤਿਆਰ ਕਰਨ ਸਮੇਂ, ਗੁਰੁ ਗਰੰਥ ਸਾਹਿਬ ਜੀ ਦੀਆਂ ਬਾਣੀਆਂ ਤੋਂ ਅਲਾਵਾ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਅਤੇ ਸਾਰੀ ਬਚਿਤ੍ਰ ਨਾਟਕ ਪੁਸਤਕ ਨੂੰ ਹੀ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਕੌਮ ਉਤੇ ਅਮਰਵੇਲ ਵਾਂਗੂੰ ਛਾਏ ਸਾਧ ਲ੍ਹਾਣੇ / ਸੰਤ ਸਮਾਜ, ਜੋ ਹਿੰਦੂਤਵੀ ਵਿਚਾਰਧਾਰਾ ਅਤੇ ਹਿੰਦੂਤਵੀ ਸ਼ਕਤੀਆਂ ਦੇ ਪ੍ਰਭਾਵ ਅਧੀਨ ਅਖੌਤੀ ਦਸਮ ਗ੍ਰੰਥ ਨੂੰ ਸਭ ਤੋਂ ਵਧੇਰੇ ਪ੍ਰਚਾਰਦਾ ਹੈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨਾ ਚਾਹੁੰਦਾ ਹੈ, ਨੇ ਸਾਰੀ ਖੇਡ ਹੱਥੋਂ ਜਾਂਦੀ ਵੇਖੀ ਤਾਂ ਉਹ ਪੂਰੀ ਤਾਕਤ ਨਾਲ ਇਸ ਦੀ ਪਿੱਠ ਤੇ ਆ ਗਏ ਅਤੇ ਚਰਿਤ੍ਰੋ ਪਖਿਯਾਨ ਵਿਚਲੀਆਂ ਰੁਮਾਂਸਵਾਦੀ ਅਤੇ ਕਾਮੁਕ ਰਚਨਾਵਾਂ ਬਾਰੇ ਇਹ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਇਹ ਸਮਝਾਉਣ ਲਈ ਰਚੀਆਂ ਹਨ ਕਿ ਇਹ ਜੋ ਮਾੜੇ ਕਰਮ ਹਨ ਉਹ ਤੁਸੀਂ ਨਹੀਂ ਕਰਨੇ।

ਇਸ ਵਿਚਾਧਾਰਾ ਦੇ ਪ੍ਰਤੀਕਰਮ ਵਜੋਂ, ਉਨ੍ਹਾਂ ਸੂਝਵਾਨ ਸੱਜਣਾਂ, ਜੋ ਪਹਿਲਾਂ ਕੇਵਲ ਇਤਨਾ ਹੀ ਕਹਿ ਕੇ ਸਮਝਾਉਣ ਦਾ ਯਤਨ ਕਰਦੇ ਸਨ ਕਿ ਇਸ ਵਿਚਲੀਆਂ ਰਚਨਾਵਾਂ ਅਸ਼ਲੀਲਤਾ ਨਾਲ ਭਰਪੂਰ ਹਨ ਅਤੇ ਸਤਿਗੁਰੂ ਐਸੀਆਂ ਰਚਨਾਵਾਂ ਨਹੀਂ ਰੱਚ ਸਕਦੇ, ਨੇ ਇਨ੍ਹਾਂ ਅਸ਼ਲੀਲਤਾ ਅਤੇ ਆਚਰਣ-ਹੀਨਤਾ ਭਰਪੂਰ ਰਚਨਾਵਾਂ ਨੂੰ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਤਾਂਕਿ ਭੋਲੇ-ਭਾਲੇ ਅਨਜਾਣ ਸਿੱਖ ਇਨ੍ਹਾਂ ਰਚਨਾਵਾਂ ਦੀ ਸਚਾਈ ਅਤੇ ਇਨ੍ਹਾਂ ਦਾ ਪੱਖ ਪੂਰਨ ਵਾਲਿਆਂ ਦੀਆਂ ਪੰਥ-ਵਿਰੋਧੀ ਚਾਲਾਂ ਨੂੰ ਵਧੇਰੀ ਸਪਸ਼ਟਤਾ ਨਾਲ ਸਮਝ ਸਕਣ।

ਪੰਥ-ਦਰਦੀਆਂ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੇ ਖਿਲਾਫ਼, ਸਿੱਖੀ-ਭੇਖ ਵਿੱਚ ਵਿਚਰਣ ਵਾਲੇ ਵਿਕਾਊ ਲੋਕਾਂ ਵਿਚ ਇਤਨੀ ਗਿਰਾਵਟ ਵੇਖਣ ਨੂੰ ਮਿਲੀ ਕਿ ਅੰਧ ਵਿਸ਼ਵਾਸ ਵਿੱਚ ਗਲਤਾਣ, ਸੁਆਰਥ ਨਾਲ ਲਬਰੇਜ਼ ਅਤੇ ਧੜੇਬੰਦੀ ਨੂੰ ਪਹਿਲ ਦੇਣ ਵਾਲੇ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਹਮਾਇਤੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੁਝ ਪੰਕਤੀਆਂ ਅਸ਼ਲੀਲਤਾ ਭਰਪੂਰ ਹਨ।

ਜ਼ਰਾ ਸੋਚੀਏ ਕਿ ਇਸ ਤੋਂ ਦੁੱਖਦਾਈ ਹੋਰ ਕੀ ਹੋ ਸਕਦਾ ਹੈ ਕਿ ਕੋਈ ਸਿੱਖ ਅਖਵਾਉਣ ਵਾਲਾ ਵਿਅਕਤੀ ਹੀ ਕੇਵਲ ਆਪਣੀਆਂ ਗ਼ਲਤ ਭਾਵਨਾਵਾਂ ਨੂੰ ਸਹੀ ਠਹਿਰਾਉਣ ਲਈ ਬਗੈਰ ਸਮਝੇ ਵਿਚਾਰੇ ਆਪਣੇ ਸਤਿਗੁਰੂ ਦੀ ਪਾਵਨ ਬਾਣੀ ਨੂੰ ਹੀ ਅਸ਼ਲੀਲ ਆਖਣ ਲਗ ਪਏ। ਆਪਣੇ ਇਸ ਵਿਚਾਰ ਦੀ ਪੁਸ਼ਟੀ ਵਿੱਚ ਉਹ ਇਹ ਦਲੀਲ ਦੇਂਦੇ ਹਨ ਕਿ ਬਚਿੱਤ੍ਰ ਨਾਟਕ ਵਿਰੋਧੀ ਵੀ ਤਾਂ ਬਚਿੱਤ੍ਰ ਨਾਟਕ ਵਿਚਲੀਆਂ ਰਚਨਾਵਾਂ ਨੂੰ ਅਸ਼ਲੀਲ ਆਖਦੇ ਹਨ, ਜਿਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਲਗਦੀ ਹੈ। ਇਸ ਤੋਂ ਇਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਅਜਿਹੇ ਲੋਕ ਬਚਿੱਤ੍ਰ ਨਾਟਕ ਪੁਸਤਕ (ਅਖੌਤੀ ਦਸਮ ਗ੍ਰੰਥ) ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਣਾ ਲੋਚਦੇ ਹਨ, ਜਦਕਿ ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਗੱਦੀ ਬਖਸ਼ੀ ਹੈ।

ਇਥੇ ਇਹ ਯਾਦ ਕਰਾਉਣਾ ਕੁਥਾਂ ਨਹੀਂ ਹੋਵੇਗਾ ਕਿ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ ਉਸ ਸਮੇਂ ਇਸ ਬਚਿੱਤ੍ਰ ਨਾਟਕ ਨਾਮੀ ਪੁਸਤਕ (ਅਖੌਤੀ ਦਸਮ ਗ੍ਰੰਥ) ਦੀ ਕੋਈ ਹੋਂਦ ਹੀ ਨਹੀਂ ਸੀ। ਕਿਉਂਕਿ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ੀ ਹੈ, ਗੁਰੂ ਗ੍ਰੰਥ ਸਾਹਿਬ ਜੀ ਹੀ ਹਮੇਸ਼ਾ ਲਈ ਸਾਡੇ ਵਾਹਿਦ ਸਤਿਗੁਰੂ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਸੰਸਾਰ ਦਾ ਕੋਈ ਵੀ ਹੋਰ ਗ੍ਰੰਥ ਨਹੀਂ ਕਰ ਸਕਦਾ। ਪਰੰਤੂ ਜਦੋਂ ਗਿਆਨ ਵਿਹੂਣੀਆਂ ਅੰਧ ਵਿਸ਼ਵਾਸੀ ਭਾਵਨਾਵਾਂ ਜੀਵਨ ਤੇ ਵਧੇਰੇ ਭਾਰੂ ਹੋ ਜਾਂਦੀਆਂ ਹਨ ਤਾਂ ਮਨੁੱਖ ਇਹ ਵੀ ਨਹੀਂ ਸਮਝ ਸਕਦਾ ਕਿ ਅਸੀਂ ਆਪਣੇ ਇਸ਼ਟ ਉੱਤੇ ਅਤੇ ਆਪਣੇ ਸਤਿਗੁਰੂ ਉੱਤੇ ਹੀ ਸ਼ੰਕਾ ਕਰ ਰਹੇ ਹਾਂ। ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਵਿਅਕਤੀ ਦੇ ਜੀਵਨ ਦੀ ਇਹ ਸਭ ਤੋਂ ਨੀਵੀਂ ਅਤੇ ਮੰਦਭਾਗੀ ਅਵਸਥਾ ਹੈ।

ਚਲਦਾ…

Tag Cloud

DHARAM

Meta