ਅਖੌਤੀ ਦਸਮ ਗ੍ਰੰਥ ਦੇ ਕੋਝੇ ਦਰਸ਼ਨ -: ਅਵਤਾਰ ਸਿੰਘ ਮਿਸ਼ਨਰੀ

ਅੱਜ ਸਿੱਖ ਕੌਮ ਨੂੰ ਸਿਧਾਂਤਕ ਤੌਰ ਤੇ ਜਾਗਣ ਦੀ ਲੋੜ ਹੈ। ਖਾਲਸਾ ਜੀ! ਜਦੋਂ ਤੋਂ ਹੀ ਦਸਮ ਗ੍ਰੰਥ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਣ ਬੜਾ ਸਪੱਸ਼ਟ ਹੈ ਕਿ ਇਸ ਗ੍ਰੰਥ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਟਕਰਾਉਂਦੀ ਹੈ। ਜਿਸ ਗ੍ਰੰਥ ਨੂੰ ਅਸੀਂ ਆਪਣੇ ਪਰਿਵਾਰ ਵਿੱਚ, ਮਾਂ-ਬਾਪ, ਭੈਣ-ਭਰਾ ਇਕੱਠੇ ਬੈਠ ਕੇ ਪੜ੍ਹ ਵੀ ਨਹੀਂ ਸਕਦੇ, ਉਹ ਕਿਸੇ ਕੌਮ ਦਾ ਗ੍ਰੰਥ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ? ਵੇਖੋ! ਸ਼੍ਰੋ. ਗੁ. ਪ੍ਰ. ਕਮੇਟੀ ਨੇ ਵੀ ਆਪਣੇ ੩ ਅਗਸਤ, ੧੯੭੩ ਦੇ ਪੱਤਰ ਨੰ: ੩੬੬੭੨ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਦੀ ਰਾਇ ਲਿਖੀ ਸੀ ਕਿ “ਚਰਿਤ੍ਰੌਪਖਿਆਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ। ਇਹ ਹਿੰਦੂ ਮਿਥਿਹਾਸਿਕ ਸਾਖੀਆਂ ਦਾ ਉਤਾਰਾ ਹੈ” ਸੋ ਹੋਰ ਗ੍ਰੰਥਾਂ ਜਾਂ ਸਾਖੀਆਂ ਦਾ ਉਤਾਰਾ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਿਵੇਂ ਹੋ ਸਕਦਾ ਹੈ? ਪਰ ਅੱਜ ਦੇ ਸਾਰੇ ਦੇ ਸਾਰੇ ਵਿਕ ਚੁੱਕੇ ਪੁਜਾਰੀ, ਜੱਥੇਦਾਰ ਅਕਾਲ ਤਖਤ, ਮੁੜ ਆਪਣੇ ਹੀ ਫੈਸਲੇ ਦੇ ਉਲਟ ਕੰਮ ਕਿਉਂ ਕਰ ਰਹੇ ਹਨ? ਸਾਫ ਜ਼ਾਹਰ ਹੈ ਕਿ ਉਨ੍ਹਾਂ ਦੀ ਘੰਟੀ ਹੋਰ ਕਿਤੋਂ ਹੀ ਵਜਾਈ ਜਾ ਰਹੀ ਹੈ!

ਦਸਮ ਗ੍ਰੰਥ ਦੀ ਵੰਨਗੀ ਪੇਸ਼ ਕਰਦੀਆਂ ਕੁਝ ਉਦਾਹਰਣਾਂ

ਕਾਂਮ ਕਰੀੜਾ ਦਾ ਨਕਸ਼ਾ ਬੰਨਣਾ- ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥੧੧॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥੧੨॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥੧੩॥ (ਦਸਮ ਗ੍ਰੰਥ-੯੬੭ ਚ੍ਰਿਤਰ-੧੧੧) ਦੋਹਾਂ (ਸੈਕਸੀ ਆਸ਼ਕਾਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੰਮੇ ਇਉਂ ਮਰੋੜੇ ਜਾ ਰਹੇ ਸਨ ਜਿਵੇਂ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਲਗਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਣੇ ਇੰਝ ਲੱਗ ਰਹੇ ਸਨ ਜਿਵੇਂ ਭੱਥੇ ਵਿੱਚ ਬੱਧੇ ਹੋਏ ਤੀਰ ਹੋਣ।

ਦਸਮ ਗ੍ਰੰਥ ਵਿਚੋਂ ਕੇਸ ਨਾਸ ਸਿਖਿਆ-ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦ ਪੁਰਾਨਨ ਮੈਂ ਸੁਨਿ ਪਾਈ॥ ਹਸਿ ਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈ ਕੈ ਹਸੀ ਚੰਚਲਾ ਤਾਰੀ॥ (ਚ੍ਰਿਤਰ-੧੯੦) ਭਾਵ ਇਸਤ੍ਰੀ ਦੀਆਂ ਝਾਂਟਾਂ (ਗੁਪਤ ਅੰਗ ਉਪਰਲੇ ਵਾਲ) ਉਸਤਰੇ ਨਾਲ ਮੁੰਨ ਸੁੱਟੀਆਂ।

ਜਿਹੜੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖਾਲਸੇ ਨੂੰ ਪੰਜ ਕਰਾਰਾਂ ਦੀ ਬਖਸ਼ਿਸ਼ ਕੀਤੀ ਹੋਵੇ, ਓਹੀ ਗੁਰੂ ਸਾਹਿਬ, ਕਿਸੇ ਔਰਤ ਦੇ ਕਿਸੇ ਆਦਮੀ ਨਾਲ ਲੰਬਾ ਸਮਾਂ ਨਾਜ਼ਾਇਜ ਸ਼ਰੀਰਕ ਸਬੰਧ ਬਣਾਈ ਰੱਖਣ ਲਈ ਤੇ ਉਸੇ ਹੀ ਔਰਤ ਦੇ ਆਪਣੇ ਪਤੀ ਦੇ ਅੱਖੀਂ ਘੱਟਾ ਪਾ ਕੇ ਕਾਮ ਕ੍ਰੀੜਾ ਕਰਨ ਲਈ, ਕੇਸ ਨਾਸਕ ਪਾਉਡਰ ਵਰਤਣ ਦੀ ਤਜ਼ਵੀਜ ਕਦੇ ਵੀ ਨਹੀਂ ਸਨ ਕਰ ਸਕਦੇ। ਕੇਸ ਨਾਸਕ ਪਾਊਡਾਰ ਦੁਨੀਆਂ ਵਿੱਚ ਪਹਿਲੀ ਵਾਰ ਸੰਨ ੧੮੪੦ ਵਿੱਚ ਨਿਊਯਾਰਕ ਵਿੱਚ ਵਿਕਿਆ ਹੈ। ਇਸ ਕਰਕੇ ਇਹ ਗ੍ਰੰਥ ਵੀ ੧੮੭੦-੮੦ ਵਿੱਚ ਹੀ ਲਿਖਿਆ ਗਿਆ ਹੈ।

ਤਾਂਹਿ ਕੇਸ ਅਰਿ ਬਕਤ੍ਰ ਲਗਾਯੋ॥ ਸਭ ਕੇਸਨ ਕੌ ਦੂਰਿ ਕਰਾਯੋ॥ ਪੁਰਖ ਤੇ ਇਸਤ੍ਰੀ ਕਰਿ ਡਾਰੀ॥ ਮਿਤ ਪਤਿ ਲੈ ਤੀਰਥਨ ਸਿਧਾਰੀ॥ (ਦਸਮ ਗ੍ਰੰਥ-੧੦੧੭, ਚ੍ਰਿਤਰ ਨੰਬਰ ੧੩੮) ਉਸ ਦੇ ਮੂੰਹ ਤੇ ਵਾਲ-ਸਾਫ ਤੇਲ ਲਾਇਆ ਅਤੇ ਉਸਦੇ ਵਾਲ ਸਾਫ ਕਰ ਦਿੱਤੇ। ਉਸਨੂੰ ਪੁਰਖ ਤੋਂ ਇਸਤਰੀ ਬਣਾ ਦਿੱਤਾ ਅਤੇ ਮਿਤਰ ਤੇ ਪਤੀ ਨੂੰ ਨਾਲ ਲੈ ਕੇ ਤੀਰਥ ਯਾਤਰਾ ਤੇ ਚੱਲ ਪਈ। ਬੋਲਿ ਭੇਦ ਸਭ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ (ਦਸਮ ਗ੍ਰੰਥ-੧੩੦੮, ਚ੍ਰਿਤਰ-੩੫੨)

ਐ ਮੇਰੇ ਪਿਆਰੇ ਵੀਰੋ ਤੇ ਭੈਣੋ! ਜ਼ਰਾ ਕੁ ਸੋਚੋ, ਕੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਕੇਸ ਰੱਖਣੇ ਜ਼ਰੂਰੀ ਕਰਕੇ, ਆਪ ਹੀ ਕੇਸ ਨਾਸਕ ਪਾਊਡਰ ਨਾਲ ਕੇਸ ਲਾਹ ਕੇ, ਕਿਸੇ ਜ਼ਨਾਨੀ ਨੂੰ ਕਿਸੇ ਹੋਰ ਮਰਦ ਨਾਲ ਰੰਗ ਰਲੀਆਂ ਮਨਾਉਣ ਦੇ ਤਰੀਕੇ ਵੀ ਦੱਸਣਗੇ? ਜਾਂ ਅਜਿਹੀ ਗੰਦੀ ਕਵਿਤਾ ਸਿਖਿਆ ਲਈ ਕਿਸੇ ਗ੍ਰੰਥ ਵਿੱਚ ਚੜ੍ਹਾਉਣਗੇ?

ਸੱਤ ਵਾਰ ਕੱਢੀ ਸ਼ਰਾਬ ਦੇ ਰੰਗ-ਹੋ ਸਾਤ ਬਾਰ ਮਦਿਯਾਨ ਤੇ ਮਦਹਿ ਚੁਆਇ ਕਰਿ॥੫॥ (ਪੰਨਾ-੧੨੪੪, ਚ੍ਰਿਤਰ-੨੯੬) ਬਲੀ ਆਠ ਸੈ ਮਹਿਖ ਮੰਗਾਯੋ॥ ਭੱਛ ਭੋਜ ਪਕਵਾਨ ਪਕਾਯੋ॥ ਮਦਰਾ ਅਧਿਕ ਤਹਾ ਲੈ ਧਰਾ॥ ਸਾਤ ਬਾਰ ਜੁ ਚੁਆਇਨਿ ਕਰਾ॥ ੧੦॥ (ਪੰਨਾ-੧੨੮੬, ਚ੍ਰਿਤਰ-੩੩੦) ਸੋਈ ਮਦ ਲੈ ਤਹਾ ਸਿਧਾਈ॥ ਸਾਤ ਬਾਰ ਬਹੁ ਭਾਂਤ ਚੁਆਈ॥ (ਪੰਨਾ-੧੩੩੭ ਚ੍ਰਿਤਰ-੩੮੧)

ਗੁਰੂ ਅਰਜਨ ਸਾਹਿਬ ਦੇ ਕਾਤਲ ਨੂੰ ਆਦਲ ਲਿਖਣਾ-ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥ (ਦਸਮ ਗ੍ਰੰਥ-੯੧੬ ਚ੍ਰਿਤਰ-੮੨) ਆਦਿਲ ਦਾ ਮਤਲਬ ਹੈ ਨਿਆਂਕਾਰ। ਜਿਸ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਜੇਲ੍ਹ ਵਿੱਚ ਡੱਕੀ ਰੱਖਿਆ ਹੋਵੇ, ਪੜ-ਦਾਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਉਪਰੋਂ ਤੱਤੀ ਰੇਤ ਪਾ ਕੇ ਜਿਉਂਦੇ ਜੀਅ ਸਾੜ ਦਿੱਤਾ ਗਿਆ ਹੋਵੇ, ਇਸ ਤਰ੍ਹਾਂ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਕਦੇ ਵੀ ਨਿਆਂਕਾਰ ਨਹੀਂ ਲਿਖ ਸਕਦੀ। ਬਾਕੀ ਜਹਾਂਗੀਰ ਨੇ ਤੁਜਕੇ ਜਹਾਂਗੀਰ ਵਿੱਚ ਸਿੱਖ ਲਹਿਰ ਨੂੰ ਝੂਠ ਦੀ ਦੁਕਾਨ (ਦੁਕਾਨਿ-ਬਾਤਲ) ਕਿਹਾ ਹੈ। ਇਸ ਦੇ ਬਾਵਜੂਦ ਵੀ ਤੁਸੀਂ ਕਿਸ ਦਲੀਲ ਨਾਲ ਇਹ ਮੰਨਣ ਨੂੰ ਤਿਆਰ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਜਹਾਂਗੀਰ ਨੂੰ ਨਿਆਂਕਾਰ ਲਿਖ ਸਕਦੇ ਸਨ?

ਜਬਰਦਸਤੀ ਗੁਦਾ ਭੋਗ- ਜਿਸ ਗ੍ਰੰਥ ਵਿੱਚ ਨੌਜਵਾਨ ਛੋਕਰੇ ਨੂੰ ਤੰਘ ਕਰਨ ਲਈ ਗੁਦਾ (ਗਾਂਡ) ਵਿੱਚ ਭੱਖੜੇ ਦਾ ਕੰਡਾ ਦੇਣ ਦੀ ਤਜਵੀਜ਼ ਦੱਸੀ ਗਈ ਹੋਵੇ, ਕੀ ਉਹ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋ ਸਕਦਾ ਹੈ? ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਂਤੇ ਅਧਿਕ ਦੁਖਤਿ ਤਹਿ ਕੀਯਾ॥(ਚਰਿਤ੍ਰ-੩੭੮) ਚਰਿਤ੍ਰ-੪੦੨ ਦੀ ਸੰਖੇਪ ਵਿਚਾਰ (ਦਸਮ ਗ੍ਰੰਥ-੧੩੫੬)

ਚਿੰਜੀ ਸ਼ਹਿਰ ਦੇ ਰਾਜੇ ਚਿੰਗਸ ਸੇਨ ਨੂੰ ਇੱਕ ਸਦਾ ਕੁਆਰਿ ਜਵਾਨ ਕੁੜੀ ਆਪਣੇ ਘਰ ਬੁਲਾ ਕੇ ਕਾਮ ਵਾਸ਼ਨਾ ਅਧੀਨ ਹੱਥ ਜੋੜਦੀ ਹੈ ਤੇ ਪੈਰੀਂ ਡਿਗਦੀ ਹੋਈ ਤਰਲੇ ਲੈਂਦੀ ਹੈ ਪਰ ਰਾਜਾ ਨਹੀਂ ਮੰਨਦਾ ਤਾਂ ਆਪਣੀਆਂ ਸਹੇਲੀਆਂ ਰਾਹੀਂ ਉਸ ਰਾਜੇ ਦੀਆਂ ਬਾਹਵਾਂ ਜਕੜ ਕੇ, ਪੱਗ ਲਹਾ ਕੇ, ਉਸ ਦੇ ਸਿਰ ਵਿੱਚ ੭੦੦ ਜੁਤੀ ਮਾਰਨ ਉਪ੍ਰੰਤ, ਦਮ ਦਿਵਾ ਕੇ ੯੦੦ ਜੁੱਤੀ ਹੋਰ ਮਾਰਦੀ ਹੈ ਇਉਂ ੧੬੦੦ ਜੁੱਤੀ ਖਾ ਕੇ ਰਾਜਾ ਭੋਗ ਕਰਨ ਲਈ ਤਿਆਰ ਹੋ ਜਾਂਦਾ ਹੈ। ਦਸਮ ਗ੍ਰੰਥ ਦੀ ਰਚਨਾ ਵਿੱਚ ਇਸ ਤਰ੍ਹਾਂ ਲਿਖਿਆ ਹੈ-ਜਬ ਭੁਪਤਿ ਇੱਕ ਬਾਤ ਨਾ ਮਾਨੀ॥ ਸ਼ਾਹ ਸੁਤਾ ਤਬ ਅਧਿਕ ਰਸਾਨੀ॥੧੬॥ ਸ਼ਖੀਯਨ ਨੈਨ ਸੈਨ ਕਰ ਦਈ॥ ਰਾਜਾ ਕੀ ਬਹੀਆਂ ਗਹਿ ਲਈ॥ ਪਕਰ ਰਾਵ ਕੀ ਪਾਗ ਉਤਾਰੀ॥ ਪੰਨਹੀ ਮੂੰਡ ਸਤ ਸੇ ਝਾਰੀ॥੧੮॥ ਸ਼ਾਹ ਸੁਤਾ ਜਬ ਯੋ ਸੁਨਿ ਪਾਈ॥ ਨੈਨ ਸੈਨ ਦੇ ਸਖੀ ਹਟਾਈ॥ …ਆਪੁ ਗਹੀ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥੨੩॥ ਪੋਸਤ, ਭਾਂਗ, ਅਫੀਮ ਖਿਲਾਏ॥ ਆਸਨ ਤਾਂ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋਂ ਭਏ॥੨੪॥ ਭੱਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਮਨ ਕਰਤ ਭੂਪ ਕੇ ਭਈ॥੨੫॥ ਇਸ ਤੋਂ ਅੱਗੇ ਵੀ ਇਹ ਰਚਨਾ ਇੰਝ ਹੀ ਚਲੀ ਜਾ ਰਹੀ ਹੈ। ੪੦੨ ਚਰਿਤ੍ਰ ਵਿਚੋਂ ਸਿਖਿਆ ਤਾਂ ਇਹੀ ਮਿਲਦੀ ਹੈ ਕਿ ਜੇ ਜਨਾਨੀ ਸੈਕਸ ਵਾਸਤੇ ਅਵਾਜ ਮਾਰੇ ਤਾਂ ਢਿੱਲ੍ਹ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਰਾਜੇ ਵਾਂਗਰ ੧੬੦੦ ਜੁੱਤੀ ਖਾ ਕੇ ਵੀ ਜਨਾਨੀ ਨਾਲ ਸੈਕਸ ਤਾਂ ਕਰਨਾ ਹੀ ਪੈਣਾ ਹੈ।

ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨਿ ਧਰਾ॥ ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥੨੫॥ ਜੇ ਪ੍ਰਭ ਪਰਮ ਪੁਰਖ ਉਪਜਾਏ॥ ਤਿਨ ਤਿਨ ਆਪਨੇ ਰਾਹ ਚਲਾਏ॥ ਮਹਾਦੀਨ ਤਬਿ ਪ੍ਰਬ ਉਪਰਾਜਾ॥ ਅਰਬ ਦੇਸ ਕੇ ਕੀਨੋ ਰਾਜਾ॥੨੬॥ (ਬਚਿਤ੍ਰ ਨਾਟਕ, ਅਧਿਆਇ ਛੇਵਾਂ) ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਬਚਿਤ੍ਰ ਨਾਟਕ ਨੂੰ ਗੁਰੂ ਜੀ ਦੀ ਆਪਣੀ ਜ਼ਬਾਨੀ ਸਵੈ-ਜੀਵਨੀ ਮੰਨਿਆ ਜਾਂਦਾ ਹੈ ਕੀ ਇਹ ਠੀਕ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਦੀ ਕੋਈ ਵੀ ਵਾਕਫੀਅਤ ਨਹੀਂ ਸੀ? ਇਹ ਤਾਂ ਹੋ ਨਹੀਂ ਸਕਦਾ ਸਗੋਂ ਇਸ ਗ੍ਰੰਥ ਦਾ ਤਾਂ ਲਿਖਾਰੀ ਹੀ ਕੋਈ ਹੋਰ ਹੈ। ਬਚਿਤ੍ਰ ਨਾਟਕ ਦੇ ਇਸ਼ਟ ਦੀ ਭਾਵਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਨਾਲ ਮੇਲ ਨਹੀਂ ਖਾਂਦੀ। ਸਿਰਫ ਟੂਕ ਮਾਤਰ ਦਸਮ ਗ੍ਰੰਥ ਪੰਨਾ-੨੫੪ ਤੇ ੴ ਵੀ ਗੁਰੂ ਗ੍ਰੰਥ ਸਾਹਿਬ ਵਾਲੇ ੴ ਨਾਲ ਮਿਲਦਾ ਨਹੀਂ ਤੇ ਫਤਹ (ਫਤੇ) ਫਤਹਿ ਦੇ ਵਿੱਚ ਵੀ ਅੰਤਰ ਹੈ। ਇਹ ਇਸ ਕਰਕੇ ਨਹੀਂ ਕਿ ਲਿਖਾਰੀ ਨੂੰ ਲਿਖਣਾ ਨਹੀਂ ਆਉਂਦਾ ਬਲਕਿ ਸਾਨੂੰ ਸਾਡੀ ਅਸਲੀਅਤ ਨਾਲੋਂ ਤੋੜਨ ਦੇ ਮਕਸਦ ਨਾਲ ਇਹ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਨੂੰ ਸਿੱਖ ਸੰਗਤਾਂ ਨੂੰ ਇਹ ਪਤਾ ਹੀ ਨਾਂ ਚੱਲੇ ਕਿ ੴ ਤੇ ਫਤਹਿ ਕਿਵੇਂ ਲਿਖੇ ਜਾਂਦੇ ਹਨ?

ਅੰਗ੍ਰੇਜੀ ਲਫਜ਼ ਦੀ ਵਰਤੋਂ-ਏਕ ਮਾਰਗ ਦੂਰ ਹੈ ਦੂਸਰ ਨੀਅਰ ਰਾਮ॥੬੪॥ (ਦਸਮ ਗ੍ਰੰਥ-੧੯੪) “ਨੀਅਰ” ਲਫਜ਼ ਅੰਗਰੇਜ਼ੀ ਦਾ ਹੈ ਇਸ ਕਰਕੇ ਇਹ ਗ੍ਰੰਥ ਵੀ ਅੰਗਰੇਜ਼ਾਂ ਦੇ ਜਮਾਨੇ ਵਿੱਚ ਲਿਖਿਆ ਗਿਆ ਹੈ।

ਅਖੌਤੀ ਦਸਮ ਗ੍ਰੰਥ ਬਾਰੇ ਕੁਝ ਸਵਾਲ
ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ? ਇਸ ਲਈ ਸ੍ਰ. ਜਸਬਿੰਦਰ ਸਿੰਘ ਡੁਬਈ ਵਾਲਿਆਂ ਨੇ ਪੰਜ ਕਰੋੜ ਰੁਪਏ ਦਾ ਇਨਾਮ ਰੱਖਿਆ ਹੈ। ਕੋਈ ਪਰੂਫਾਂ ਸਾਹਿਤ ਦੱਸੇ ਕਿ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ? ਪਰ ਅੱਜ ਤੱਕ ਕਿਸੇ ਨਹੀਂ ਦੱਸਿਆਂ ਕਿਉਂ? ਕੀ ਗੁਰੂ ਗੋਬਿੰਦ ਸਿੰਘ ਜੀ ਹੀ ਦਸਮ ਗ੍ਰੰਥ ਦੇ ਲਿਖਾਰੀ ਹਨ? ਜੇ ਹਨ ਤਾਂ ਕੀ ਉਹ ਅਸ਼ਲੀਲ ਰਚਨਾਵਾਂ ਅਤੇ ਨਸ਼ਿਆਂ ਵਾਲੇ ਗ੍ਰੰਥ ਦੇ ਕਰਤਾ ਸਨ? ਜੇ ਨਹੀਂ ਤਾਂ ਕਿਸ ਦੋਖੀ ਨੇ ਉਨ੍ਹਾਂ ਨੂੰ ਦਸਮ ਗ੍ਰੰਥ ਦਾ ਕਰਤਾ ਲਿਖਿਆ ਹੈ?

ਜੇ ਕੋਈ ਪੁਸਤਕ ਬਚਿਤ੍ਰ ਨਾਟਕ ਹੈ ਤਾਂ ਉਸ ਦਾ ਬਾਰ-ਬਾਰ ਨਾਂ ਬਦਲਨ ਦੀ ਇਜ਼ਾਜ਼ਤ ਕਿਸ ਨੇ ਅਤੇ ਕਿਉਂ ਦਿੱਤੀ? ਕੀ ਕਿਸੇ ਨੂੰ ਅਧਿਕਾਰ ਹੈ ਕਿ ਉਹ ਕਿਸੇ ਦੂਜੇ ਲਿਖਾਰੀ ਦੇ ਲਿਖੇ ਗ੍ਰੰਥ ਦਾ ਨਾਂ ਬਦਲ ਦੇਵੇ? ਜੇ ਨਹੀਂ ਤਾਂ ਬਚਿਤ੍ਰ ਨਾਟਕ ਦਾ ਨਾਂ ਕਿਉਂ ਅਤੇ ਕਿਸ ਨੇ ਬਦਲਿਆ?

ਜੇ ਭਾਈ ਰਣਧੀਰ ਸਿੰਘ ਜੀ ਅਨੁਸਾਰ ਰਾਗ ਮਾਲਾ ਜਿਸਦਾ ਕੋਈ ਲਿਖਾਰੀ ਨਹੀਂ, ਗੁਰਬਾਣੀ ਨਹੀਂ ਤਾਂ ਬਚਿਤ੍ਰ ਨਾਟਕ ਜਿਸਦੇ ਲਿਖਾਰੀ ਦਾ ਕੋਈ ਅਤਾ-ਪਤਾ ਨਹੀਂ ਗੁਰਬਾਣੀ ਕਿਵੇਂ ਹੋ ਸਕਦਾ ਹੈ?

ਕੁਝ ਕੁ ਚੰਗੀਆਂ ਤੇ ਬਾਕੀ ਸਭ ਗੰਦੀਆਂ, ਮਨਮੱਤੀ ਅਤੇ ਮਨੁੱਖਤਾ ਵਿਰੋਧੀ ਰਚਨਾਵਾਂ ਨੂੰ ਰਲਗਡ ਕਿਸ ਨੇ ਕੀਤਾ?

ਅਖੌਤੀ ਦਸਮ ਗ੍ਰੰਥ ਦੇ ਵੱਖ ਵੱਖ ਨਾਮ ਕਿਉਂ ਰੱਖੇ ਗਏ? ਜਿਵੇਂ ਬਚਿਤ੍ਰ ਨਾਟਕ, ਦਸਵੇਂ ਪਾਤਸ਼ਾਹ ਕਾ ਗ੍ਰੰਥ, ਦਸਮ ਗਰੰਥ ਅਤੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ। ਵੱਖ ਵੱਖ ਬੀੜਾਂ ਵਿੱਚ, ਪਾਠ ਭੇਦ ਕਿਉਂ ਹਨ ਅਤੇ ਰਚਨਾਵਾਂ ਮੇਲ ਕਿਉਂ ਨਹੀਂ ਖਾਂਦੀਆਂ?

ਕੀ ਗੁਰੂ ਗੋਬਿੰਦ ਸਿੰਘ ਜੀ ਦੇ ਤਖੱਲਸ ਦਸਮ ਪਾਤਸ਼ਾਹ, ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼, ਕਲਗੀਧਰ, ਸ਼ਾਹਿਨਸ਼ਾਹ, ਪੁੱਤਰਾਂ ਦੇ ਦਾਨੀ, ਕਲਮ ਦੇ ਧਨੀ, ਸੰਤ-ਸਿਪਾਹੀ, ਸ਼ਮਸ਼ੀਰੇ-ਬਹਾਦਰ, ਸ਼ਾਹ-ਸਵਾਰ, ਸਿੰਘ-ਸਾਹਿਬ ਅਤੇ ਖਾਲਸਾ ਆਦਕਿ ਸਨ ਜਾਂ ਰਾਮ, ਸ਼ਾਮ ਕਾਲ ਅਤੇ ਮਹਾਂਕਾਲ ਆਦਿਕ।

ਜਿਸ “ਮਹਾਂਕਾਲ” ਦਾ ਸਿੱਖ ਬਣਨ ਲਈ ਮਧੁਰਾ ਪੀਣੀ ਅਤੇ ਨਸ਼ੇ ਸੇਵਨ ਕਰਨੇ ਪੈਣ ਉਸ ਦਾ ਦਸਮ ਗੁਰੂ ਨਾਲ ਕੀ ਸਬੰਧ ਹੋ ਸਕਦਾ ਹੈ?

ਕੀ “ਚੁਣ ਚੁਣ ਛਤੁਰ ਹਮਾਰੈ ਮਾਰੀਐ” (ਦਸਮ ਗ੍ਰੰਥ) ਗੁਰਮਤਿ ਹੈ? ਜਦ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾਂ ਕੇ ਸਾਜਨ” (ਗੁਰੂ ਗ੍ਰੰਥ) ਦਾ ਸਿਧਾਂਤ ਠੀਕ ਹੈ?

ਦੱਸੋ ਇਸ ਅਖੌਤੀ ਦਸਮ ਗ੍ਰੰਥ ਤੋਂ ਪਹਿਲੇ ਨੌਂ ਗ੍ਰੰਥ ਕਿਹੜੇ ਅਤੇ ਕਿੱਥੇ ਕਿੱਥੇ ਪ੍ਰਕਾਸ਼ ਹਨ?

ਕੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਗੁਰਬਾਣੀ ਹੈ? ਅਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਬਾਹਰੀ ਕਿਸੇ ਵੀ ਰਚਨਾਂ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਜਾ ਸਕਦਾ ਹੈ?

ਕੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਬਾਕੀ ਗੁਰੂਆਂ-ਭਗਤਾਂ ਨਾਲੋਂ ਵੱਖਰਾ ਸੀ ਅਤੇ ਸਿੱਖ ਪੰਥ ਦੇ ਕਰਤਾ-ਧਰਤਾ ਮੁਖੀ ਬਾਬਾ ਨਾਨਕ ਸਨ ਜਾਂ ਦਸਵੇਂ ਜਾਂਨਸ਼ੀਨ?

ਕੀ ਅਕਾਲ ਪੁਰਖ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਨਿਵਾਜ ਕੇ ਕੋਈ ਨਵਾਂ ਪੰਥ (ਮੈ ਆਪਣਾ ਸੁਤ ਤੋਹਿ ਨਿਵਾਜਾ॥ਪੰਥ ਪ੍ਰਚੁਰ ਕਰਬੇ ਕਉ ਸਾਜਾ-ਦਸਮ ਗ੍ਰੰਥ) ਚਲਾਉਣ ਦਾ ਹੁਕਮ ਦਿੱਤਾ ਸੀ? ਕੀ ਬਾਕੀ ਭਗਤ ਅਤੇ ਸਿੱਖ ਗੁਰੂ ਸਾਹਿਬਾਂਨ ਰੱਬੀ ਪੁੱਤਰ ਨਹੀਂ ਸਨ?

ਜੇ ਬਾਕੀ ੬ ਗੁਰੂਆਂ, ੧੫ ਭਗਤਾਂ, ੧੧ ਭੱਟਾਂ ਅਤੇ ੩ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਤ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂ ਨਹੀਂ? ਜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ “ਗੁਰੂ ਗ੍ਰੰਥ ਸਾਹਿਬ” ਵਿਖੇ ਚੜ੍ਹਾ ਸਕਦੇ ਸਨ ਤਾਂ ਆਪਣੀ ਹੁੰਦੀ ਤਾਂ ਕਿਉਂ ਨਾਂ ਚੜ੍ਹਾਉਂਦੇ?

ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਅਤੇ ਖੰਡੇ ਦੀ ਪਾਹੁਲ ੧੬੯੯ ਤੱਕ ਸਿੱਖਾਂ ਦਾ ਨਿਤਨੇਮ ਕਿਹੜਾ ਸੀ?

ਦਸ਼ਮੇਸ਼ ਨੇ ਬਾਕੀ ਗੁਰੂਆਂ ਵਾਂਗ ਆਪਣੀ ਰਚਨਾ ਵਿੱਚ ਮਹੱਲੇ ਦੀ ਥਾਂ ਪਾ: ੧੦ਵੀਂ ਕਿਉਂ ਵਰਤਿਆ ਹੈ? ਅਤੇ ਨਾਨਕ ਨਾਮ ਦੀ ਮੋਹਰ ਕਿਉਂ ਨਹੀਂ ਲਾਈ? ਕੀ ਦਸਵੇਂ ਗੁਰੂ ਵਿੱਚ ਜੋਤਿ ਬਾਕੀ ਗੁਰੂਆਂ ਤੋਂ ਵੱਖਰੀ ਸੀ?

ਜੇ ਦਸਮ ਗ੍ਰੰਥ ਦੀ ਅਸ਼ਲੀਲ ਰਚਨਾ ਗੁਰਬਾਣੀ ਹੈ ਤਾਂ “ਸਿੱਖ ਰਹਿਤ ਮਰਯਾਦਾ” ਵਿਖੇ ਇਸ ਦਾ ਕੀਰਤਨ ਕਰਨ ਦਾ ਜਿਕਰ ਕਿਉਂ ਨਹੀਂ?

ਬਾਕੀ ਗੁਰੂ ਅਤੇ ਭਗਤ ਸ੍ਰਿਸ਼ਟੀ ਦੀ ਪਦਾਇਸ਼ ਕਰਤਾਰ ਤੋਂ ਮੰਨਦੇ ਹਨ ਤੇ ਅਖੌਤੀ ਦਸਮ ਗ੍ਰੰਥ ਕਿਸੇ ਦੈਂਤ ਦੇ ਕੰਨ ਦੀ ਮੈਲ ਤੋਂ ਐਸਾ ਫਰਕ ਕਿਉਂ?

ਜਿਸ ਔਰਤ ਜਗਤ ਜਨਨੀ ਨੂੰ, ਗੁਰੂ ਨਾਨਕ ਸਾਹਿਬ ਵਡਿਆਈ ਦਿੰਦੇ ਹੋਣ, ਕੀ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ, ਉਸ ਨੂੰ ਨੀਵਾਂ ਅਤੇ ਮੰਦਾ ਲਿਖ ਸਕਦੇ ਸਨ?

ਦਸਮ ਗ੍ਰੰਥ ਅਨੁਸਾਰ ਮਰਦ ਨੂੰ ਆਪਣੀ ਔਰਤ ਨੂੰ ਦਿਲ ਦਾ ਭੇਦ ਨਹੀਂ ਦੱਸਣਾ ਚਾਹੀਦਾ, ਕੀ ਇਹ ਗੁਰਮਤਿ ਹੈ?

ਕੀ ਤ੍ਰਿਆ ਚ੍ਰਿਤਰ ਵਰਗੀ ਕਾਮ ਉਕਸਾਊ ਅਤੇ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੀ ਗੰਦੀ ਰਚਨਾਂ, ਗੁਰੂ ਗੋਬਿੰਦ ਸਿੰਘ ਜੀ ਜੀ ਜਾਂ ਉਨ੍ਹਾਂ ਦੇ ਕਿਸੇ ਸਿੱਖ ਦੀ ਲਿਖੀ ਹੋ ਸਕਦੀ ਹੈ?

ਕੀ ਸਿੱਖ ਨੂੰ ਕਿਸੇ ਵੀ ਪ੍ਰਕਾਰ ਦਾ ਮਾਰੂ ਨਸ਼ਾ ਅਤੇ ਸੱਤਵਾਰ ਕੱਢੀ ਸ਼ਰਾਬ ਸੇਵਨ ਕਰਨੀ ਚਾਹੀਦੀ ਹੈ?

ਕੀ ਸੈਕਸ ਲਈ ਨਾਂ ਮੰਨਣ ਵਾਸਤੇ ਔਰਤ ਨੂੰ ਮਰਦ ਦਾ ਗੁਪਤ ਅੰਗ ਕੱਟ ਦੇਣਾਂ ਅਤੇ ਲੜਕੇ ਦੀ ਗੁਦਾ ਵਿੱਚ ਭੱਖੜੇ ਦਾ ਕੰਡਾ ਖਬੋਣਾ ਚਾਹੀਦਾ ਹੈ?

ਕੀ ਦਸਮ ਗ੍ਰੰਥ ਵਿੱਚ ਦਿੱਤੀ ਗਈ ਤੀਰਥ ਯਾਤਰਾ ਦੀ ਸਿਖਿਆ ਅਤੇ ਯੱਗ ਹਵਨ ਕਰਨੇ ਅਤੇ ਜਾਨਵਰਾਂ ਦੀਆਂ ਬਲੀਆਂ ਦੇਣੀਆਂ ਗੁਰਮਤਿ ਕਰਮ ਹਨ?

ਕੀ ਜਾਤਿ, ਬਰਾਦਰੀ ਤੇ ਉਚ-ਨੀਚ ਕੁਲਾਂ ਨੂੰ ਗੁਰਮਤਿ ਮਾਨਤਾ ਦਿੰਦੀ ਹੈ? ਜੇ ਨਹੀਂ ਤਾਂ ਅਖੌਤੀ ਦਸਮ ਗ੍ਰੰਥ ਵਿਖੇ ਐਸਾ ਕਿਉਂ ਹੈ? ਛਤਰੀ ਕਉ ਪੂਤ ਹਉਂ ਬਾਮਣ ਕਉ ਨਾਹਿ॥ (ਦਸਮ ਗ੍ਰੰਥ)

ਕੀ ਕੇਵਲ ਬਾਮਣਾਂ ਨੂੰ ਦਾਨ ਦੇਣਾ ਅਤੇ ਦੂਜਿਆਂ ਨੂੰ ਘੂਰਨਾ ਗੁਰਮਤਿ ਹੈ? ਛਪੈ ਛੰਦ॥ ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸ਼ਟਿ ਦਿਖੈਯਹੁ॥ (ਦਸਮ ਗ੍ਰੰਥ)

ਕੀ ੨੧ ਤੇ ੨੩ ਵਾਲੇ ਚਰਿਤ੍ਰਾਂ ਅਨੁਸਾਰ ਭੇਸ ਬਦਲ ਕੇ ਪਰਾਈ ਔਰਤ ਕੋਲ ਜਾਣਾ ਗੁਰਮਤਿ ਹੈ?

ਕੀ ਕੋਈ ਇੱਕ ਹੇਮ (ਬਰਫ) ਦਾ ਕੁੰਡ ਸਿੱਖਾਂ ਦਾ ਧਰਮ ਅਸਥਾਂਨ ਹੋ ਸਕਦਾ ਹੈ ਜਿਸ ਦੀ ਕਥਾ ਪਿਛਲੇ ਜਨਮ ਨਾਲ ਜੋੜੀ ਗਈ ਹੈ? ਜਦ ਕਿ ਦੁਨੀਆਂ ਵਿੱਚ ਅਨੇਕਾਂ ਹੀ ਹੇਮਕੁੰਡ (ਬਰਫ ਦੇ ਕੁੰਡ) ਹਨ।

ਕੀ ਗੁਰਮਤਿ ਪਿਛਲੇ ਜਨਮ ਜਾਂ ਪਹਿਲੀ ਉਮਰ ਦੇ ਕਰਮਾਂ ਨੂੰ ਮਾਨਤਾ ਦਿੰਦੀ ਹੈ? ਜੇ ਹਾਂ ਤਾਂ ਬਾਬਾ ਲਹਿਣਾ ਪਹਿਲੇ ਦੇਵੀ ਭਗਤ ਅਤੇ ਬਾਬਾ ਅਮਰਦਾਸ ਤੀਰਥ ਸੇਵੀ ਸਨ। ਕੀ ਫਿਰ ਅੱਜ ਸਿੱਖਾਂ ਨੂੰ ਵੀ ਦੇਵੀ ਭਗਤ ਅਤੇ ਤੀਰਥ ਸੇਵੀ ਹੋਣਾਂ ਚਾਹੀਦਾ ਹੈ?

ਕੀ ਸਿੱਖਾਂ ਦਾ ਗੁਰੂ ਸ਼ਬਦ ਹੈ ਜਾਂ ਵੱਖ-ਵੱਖ ਸ਼ਸ਼ਤਰ ਹਨ? ਜਹੀ ਹਮਾਰੈ ਪੀਰ॥ (ਦਸਮ ਗ੍ਰੰਥ)

ਕੀ ਗੁਰੂ ਗੋਬਿੰਦ ਸਿੰਘ ਚੰਡੀ ਦੇ ਪੁਜਾਰੀ ਸਨ? ਜੇ ਨਹੀਂ ਤਾਂ ਇਹ ਕਿਉਂ ਲਿਖਿਆ? ਦੁਰਗਾ ਪਾਠ ਬਣਾਇਆ ਸਭੇ ਪਾਉੜੀਆਂ॥ ਫੇਰਿ ਨ ਜੂਨੀ ਆਇਆ ਜਿਨਿ ਇਹੁ ਗਾਇਆ॥ (ਦਸਮ ਗ੍ਰੰਥ)

ਕੀ ਗੁਰੂ ਗੋਬਿੰਦ ਸਿੰਘ ਜੀ ਭੁਲੱਕੜ ਸਨ? ਭੂਲ ਹੋਇ ਤਉ ਲਿਓ ਸਧਾਰੋ॥ ਜਾਂ ਗਇਉ ਯਾਦ ਤੇ ਭੂਲ (ਦਸਮ ਗ੍ਰੰਥ) ਜਦ ਕਿ ਗੁਰੂ ਤੇ ਕਰਤਾਰ ਕਦੇ ਭੁੱਲਦੇ ਨਹੀਂ-ਭੁਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰੁ॥ (ਗੁਰੂ ਗ੍ਰੰਥ)

ਕੀ ਗੁਰੂ ਗੋਬਿੰਦ ਸਿੰਘ ਕਪਾਲ ਮੋਚਨ ਤੀਰਥ ਤੇ, ਯਾਤਰੂਆਂ ਦੀਆਂ ਧੋਖੇ ਅਤੇ ਧੱਕੇ ਨਾਲ ਪੱਗਾਂ ਲਾਹ ਕੇ, ਸਿੱਖਾਂ ਨੂੰ ਸਿਰਪਾਓ ਦੇ ਸਕਦੇ ਸਨ? ਜੋ ਇਸ ਗ੍ਰੰਥ ਵਿੱਚ ਸ਼ਰੇਆਮ ਲਿਖਿਆ ਹੋਇਆ ਹੈ।

ਕੀ ਅਯਾਸ਼ੀ, ਵਰ-ਸਰਾਪ ਦੇ ਕੇ ਡਰੌਨ ਅਤੇ ਮਨੁੱਖਤਾ ਦਾ ਖੂਨ ਪੀਣ ਵਾਲੇ ਕਥਿਤ ਮਨੋਕਲਪਿਤ ਦੇਵੀ ਦੇਵਤਿਆਂ ਦੀਆਂ ਮਿਥਿਹਾਸਕ ਅਤੇ ਰੋਮਾਂਟਿਕ ਕਥਾ ਕਹਾਣੀਆਂ ਗੁਰੂ ਜੀ ਲਿਖ ਸਕਦੇ ਸਨ? ਅਤੇ ਇਨ੍ਹਾਂ ਦੀ ਹੱਦੋਂ ਵੱਧ ਉਸਤਤਿ ਕਰਨੀ, ਸਿੱਖਾਂ ਨੂੰ ਕੀ ਸਿਖਿਆ ਦਿੰਦੀ ਹੈ? ਇਤਿ ਸ੍ਰੀ ਦੇਵੀ ਜੂ ਕੀ ਉਸਤਤਿ ਸਮਾਪਤਮ॥ (ਦਸਮ ਗ੍ਰੰਥ-੨੫੫)

ਜਿਹੜੇ ਗ੍ਰੰਥ ਜਾਂ ਪੁਸਤਕ ਦੀ ਰਚਨਾ ਘਰ-ਪ੍ਰਵਾਰ, ਸਭਾ-ਸੁਸਾਇਟੀ, ਪਿਉ-ਪੁੱਤਰ, ਪਤੀ-ਪਤਨੀ, ਮਾਂ-ਧੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਰੇਡੀਓ, ਟੀ.ਵੀ. ਅਤੇ ਧਰਮ ਅਸਥਾਨਾਂ ਵਿੱਚ ਨਿਝੱਕ ਹੋ ਕੇ ਨਾਂ ਪੜ੍ਹੀ ਜਾ ਸੱਕੇ, ਕੀ ਉਹ ਗੁਰਬਾਣੀ ਹੋ ਸਕਦੀ ਹੈ?

ਦਮਦਮੀ ਟਕਸਾਲ ਅਤੇ ਨਿਹੰਗ ਜਥੇਬੰਦੀਆਂ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਸਿੱਖ ਰਹਿਤ ਮਰਯਾਦਾ ਦੇ ਉਲਟ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਦੀਆਂ ਹਨ। ਕੀ ਅਜਿਹਾ ਕਰਨਾ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਦੀ ਤੌਹੀਨ ਨਹੀਂ? ਜੇ ਹੈ ਤਾਂ ਪੰਥ ਇਨ੍ਹਾਂ ਨੂੰ ਤਲਬ ਕਰਕੇ ਸਜਾ ਕਿਉਂ ਨਹੀਂ ਦਿੰਦਾ?

ਕੀ ਜਹਾਂਗੀਰ ਵਰਗੇ ਮਹਾਂਸ਼ਰਾਬੀ, ਅਯਾਸ਼ੀ, ਬੇਗੁਨਾਹਾਂ ਦੇ ਕਾਤਲ ਅਤੇ ਬੇਇਨਸਾਫ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਅਦਲੀ (ਨਿਆਂਕਾਰੀ) ਲਿਖ ਸਕਦੇ ਸਨ? ਜਿਵੇਂ ਕਿ-ਜਹਾਂਗੀਰ ਅਦਲੀ ਮਰ ਗਯੋ॥ (ਦਸਮ ਗ੍ਰੰਥ)

ਜੇ ਅਖੌਤੀ ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਹੈ ਤਾਂ ਉਨ੍ਹਾਂ ਨੇ ਇਸ ਵਿੱਚ ਖੰਡੇ ਦੀ ਪਾਹੁਲ ਵਰਗੀ ਮਹਾਂਨ ਘਟਨਾਂ ਦਾ ਜਿਕਰ ਕਿਉਂ ਨਹੀਂ ਕੀਤਾ? ਅਤੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜਿਕਰ ਕਰਦੇ ਹੋਏ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂ ਭੁਲਾ ਦਿੱਤਾ ਹੈ?

ਜੇ ਅਖੌਤੀ ਦਸਮ ਗ੍ਰੰਥ ਤੋਂ ਹੀ ਬੀਰ ਰਸ ਮਿਲਦਾ ਹੈ ਤਾਂ ਫਿਰ ਦਸਵੇਂ ਗੁਰੂ ਤੋਂ ਪਹਿਲਾਂ ਦੇ ਬੀਰ ਰਸੀ ਰਾਜੇ, ਭਗਤ, ਗੁਰੂ ਅਤੇ ਸਿੱਖ ਕਿਥੋਂ ਬੀਰ ਰਸ ਲੈਂਦੇ ਸਨ?

ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ ਗੁਣ ਭਰਪੂਰ ਅਤੇ ਸਿੱਖਾਂ ਦਾ ਪਾਰਉਤਾਰਾ ਕਰਨ ਦੇ ਸਮਰੱਥ ਹੈ ਤਾਂ ਫਿਰ ਕਿਸੇ ਵਿਵਾਦਿਤ ਗ੍ਰੰਥ, ਜੋ ਜਾਤ-ਪਾਤ, ਵਹਿਮ-ਭਰਮ, ਸੁੱਚ-ਭਿੱਟ, ਤੀਰਥ-ਇਸ਼ਨਾਨ, ਔਰਤ ਨਿੰਦਾ, ਦੇਵੀ-ਦੇਵਤਾ, ਬ੍ਰਾਹਮਣ, ਥੋਥੇ ਕਰਮਾਂ, ਊਚ-ਨੀਚ ਅਤੇ ਨਸ਼ਿਆਂ ਦਾ ਉਪਦੇਸ਼ਕ ਹੋਵੇ, ਦੀ ਸਿੱਖਾਂ ਨੂੰ ਕੀ ਲੋੜ ਹੈ?

ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ “ਗੁਰੂ ਗ੍ਰੰਥ ਸਾਹਿਬ” ਨੂੰ ਦਿੱਤੀ ਸੀ ਜਾਂ ਅਖੌਤੀ ਦਸਮ ਗ੍ਰੰਥ ਨੂੰ?

ਕੀ ਵਰ ਸਰਾਪ ਮੰਗਣੇ ਗੁਰਮਤਿ ਹਨ? ਜੇ ਨਹੀਂ ਤਾਂ ਗੁਰੂ ਜੀ ਨਸ਼ੇ ਪੀਣ ਵਾਲੇ ਕਲਪਿਤ “ਸ਼ਿਵਾ” ਤੋਂ ਵਰ ਮੰਗ ਸਕਦੇ ਸਨ? ਜੋ ਅੱਕ, ਧਤੂਰੇ ਅਤੇ ਸੱਪਾਂ ਦੇ ਜ਼ਹਿਰ ਦਾ ਨਸ਼ਈ ਸੀ-ਦੇਹ ਸ਼ਿਵਾ ਬਰ ਮੋਹਿ ਇਹੈ–॥ (ਦਸਮ ਗ੍ਰੰਥ)

ਕੀ ਗੁਰੂ ਗੋਬਿੰਦ ਸਿੰਘ ਇੱਕ ਕਰਤਾਰ ਤੋਂ ਬਿਨਾਂ ਕਿਸੇ ਕਿਰਤਮ ਸੂਰਜ, ਚੰਦ ਅੱਗੇ ਬੇਨਤੀਆਂ, ਅਰਦਾਸਾਂ ਕਰਦੇ ਲਿਲਕੜੀਆਂ ਕੱਢ ਸਕਦੇ ਸਨ? ਦੇਖੋ! ਹੇ ਰਵਿ ਹੇ ਚੰਦੁ ਮੇਰੀ ਅਬੇ ਬੇਨਤੀ ਸੁਨਿ ਲੀਜੈ॥ (ਦਸਮ ਗ੍ਰੰਥ)

ਕੀ ਦਸਮ ਗ੍ਰੰਥ ਅਨੁਸਾਰ ਬਾਲ ਗੁਰੂ ਗੋਬਿੰਦ ਰਾਇ ਦਾ ਜਨਮ ਤ੍ਰਿਬੈਣੀ ਨਦੀ ਤੇ ਪੁੰਨ, ਦਾਨ ਕਰਨ ਅਤੇ ਪੰਡਤਾਂ ਤੋਂ ਵੇਦ ਪਾਠ ਕਰਾਉਣ ਨਾਲ ਹੋਇਆ ਸੀ?

ਕੀ ਅਖੌਤੀ ਦਸਮ ਗ੍ਰੰਥ ਨੇ ਸਿੱਖਾਂ ਨੂੰ ਅਖੌਤੀ ਹੇਮਕੁੰਟ ਪਰਬਤ ਦੇ ਪੁਜਾਰੀ ਨਹੀਂ ਬਣਾਇਆ? ਅਤੇ ਕੀ ਇਹ ਗ੍ਰੰਥ ਸਿੱਖਾਂ ਨੂੰ ਕਾਮੀ, ਕ੍ਰੋਧੀ, ਨਸ਼ਈ, ਧੋਖੇਬਾਜ, ਧਾੜਵੀ ਅਤੇ ਕਾਤਲ ਮੰਨੇ ਗਏ ਅਵਤਾਰਾਂ, ਦੇਵੀ-ਦੇਵਤਿਆਂ ਅਤੇ ਰਾਕਸ਼ ਦੈਂਤਾਂ ਦੇ ਪੁਜਾਰੀ ਨਹੀਂ ਬਣਾਉਂਦਾ?

ਕੀ ਉੱਚੇ-ਸੁੱਚੇ ਕਿਰਦਾਰ ਵਾਲੇ ਬਹਾਦਰ ਅਤੇ ਜੰਗਜੂ ਨਿਹੰਗ ਸਿੰਘਾਂ ਨੂੰ ਅਖੌਤੀ ਦਸਮ ਗ੍ਰੰਥ ਨੇ ਅਫੀਮ ਖਾਣੇ, ਪੋਸਤ, ਭੰਗ ਅਤੇ ਸੋਮਰਸ (ਸ਼ਰਾਬ) ਪੀਣੇ ਨਹੀਂ ਬਣਾਇਆ ਅਤੇ ਬਹੁਤੇ ਨਿਹੰਗ ਸਿੰਘਾਂ ਵਿੱਚ ਪਰਾਈ ਔਰਤ ਅਤੇ ਮੁੰਡੇਬਾਜੀ ਦੀ ਆਦਿਤ, ਇਸ ਗ੍ਰੰਥ ਦੇ ਤਿਰੀਆ ਚਰਿਤਰਾਂ ਤੋਂ ਨਹੀਂ ਪਈ?

ਕੀ ਦਸਮ ਗ੍ਰੰਥ ਦੇ ਪੁਜਾਰੀ ਨਿਹੰਗਾਂ ਦਾ ਨਸ਼ੇ ਪੀ ਕੇ ਗਰੀਬ ਕਿਸਾਨਾਂ ਦੀਆਂ ਫਸਲਾਂ ਉਜਾੜਨਾਂ ਅਤੇ ਧੱਕੇਸ਼ਾਹੀ ਨਾਲ ਉਗਰਾਹੀ ਕਰਨਾ ਗੁਰਮਤਿ ਹੈ?

ਹਰ ਵੇਲੇ ਅਰਦਾਸਿ ਵਿੱਚ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਪੜ੍ਹਨ ਵਾਲਾ ਸਿੱਖ, ਜੇ ਫਿਰ ਵੀ ਕਿਸੇ ਗੁਰਮਤਿ ਵਿਰੋਧੀ ਅਸ਼ਲੀਲ ਗ੍ਰੰਥ ਨੂੰ ਮੰਨਦਾ ਹੈ ਤਾਂ ਉਸ ਤੋਂ ਵੱਧ ਬੇਈਮਾਨ ਅਤੇ ਅਕ੍ਰਿਤਘਣ ਹੋਰ ਕੌਣ ਹੈ?

ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਬਾਹਰੀ ਕਿਸੇ ਵੀ ਰਚਨਾਂ ਨੂੰ ਗੁਰਬਾਣੀ ਦਾ ਦਰਜਾ ਦਿੱਤਾ ਜਾ ਸਕਦਾ ਹੈ ਅਤੇ ਕੀ ਕਿਸੇ ਅਸ਼ਲੀਲ ਰਚਨਾਂ ਵਾਲੀ ਪੁਸਤਕ ਨੂੰ “ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੀਦਾ ਹੈ?

ਕੀ ਸ਼੍ਰੋਮਣੀ ਕਮੇਟੀ, ਸ੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਫੈਡਰੇਸ਼ਨਾਂ ਅਤੇ ਹੋਰ ਪੰਥਕ ਜਥੇਬੰਦੀਆਂ ਨੂੰ ਨਹੀਂ ਪਤਾ ਕਿ ਕਿੱਥੇ-ਕਿੱਥੇ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਅਸ਼ਲੀਲ ਗ੍ਰੰਥਾਂ ਦਾ ਪ੍ਰਕਾਸ਼ ਹੋ ਰਿਹਾ ਹੈ?

ਕੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੁਨੀਆਂ ਦੀਆਂ ਬਾਕੀ ਪੁਸਤਕਾਂ ਜਾਂ ਗ੍ਰੰਥ, ਵਧੇਰੇ ਜਾਣਕਾਰੀ ਅਤੇ ਕੰਪੈਰੇਟਿਵ ਸਟੱਡੀ ਵਾਸਤੇ ਪੜ੍ਹਨੇ ਚਾਹੀਦੇ ਹਨ ਜਾਂ ਸਿੱਖ ਗੁਰੂਆਂ ਦੀ ਬਾਣੀ ਮੰਨ ਕੇ?

ਜਿਵੇਂ ਇਸਾਈਆਂ ਦਾ ਧਰਮ ਗ੍ਰੰਥ ਬਾਈਬਲ, ਮੁਸਲਮਾਨਾਂ ਦਾ ਕੁਰਾਨ, ਯਹੂਦੀਆਂ ਦਾ ਤੌਹਰਾ ਆਦਿਕ ਧਰਮ ਗ੍ਰੰਥ ਹਨ ਫਿਰ ਕੀ ਸਿੱਖਾਂ ਦਾ ਵੀ ਆਪਣਾ ਧਰਮ ਗ੍ਰੰਥ ਕੇਵਲ ਤੇ ਕੇਵਲ ਇੱਕ “ਗੁਰੂ ਗ੍ਰੰਥ ਸਾਹਿਬ” ਹੀ ਕਿਉਂ ਨਹੀਂ?

ਅਠਾਰਵੀਂ ਸਦੀ ਸਮੇਂ ਹੋਂਦ ਵਿੱਚ ਆਉਣ ਵਾਲਾ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ? ਅਤੇ ਵੱਖ-ਵੱਖ ਆਪਾ ਵਿਰੋਧੀ ਰਹਿਤਨਾਮੇ ਅਤੇ ਮਿਥਿਹਾਸਕ ਗ੍ਰੰਥਾਂ ਵਾਲੇ ਭੰਬਲ ਭੂਸੇ ਕਾਂਸ਼ੀ ਤੋਂ ਪੜ੍ਹੇ, ਬ੍ਰਾਹਮਣੀ ਰੰਗਤ ਵਿੱਚ ਰੰਗੇ ਹੋਏ, ਨਿਰਮਲੇ ਅਤੇ ਉਦਾਸੀ ਵਿਦਵਾਨਾਂ ਨੇ ਨਹੀਂ ਪਾਏ?

ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸੰਪੂਰਨ ਗੁਰੂ ਨਹੀਂ ਹਨ? ਜੇ ਹਨ ਤਾਂ ਫਿਰ ਨਿਤਨੇਮ ਅਤੇ ਖੰਡੇ ਦੀ ਪਾਹੁਲ ਵੇਲੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹ ਕੇ, ਅਸੀਂ ਗੁਰੂ ਨੂੰ ਅਧੂਰਾ ਸਾਬਤ ਕਰਨ ਦਾ ਅਪਰਾਧ ਕਿਉਂ ਕਰਦੇ ਹਾਂ?

ਕੀ ਅਜਿਹੇ ਵਿਵਾਦਿਤ ਗ੍ਰੰਥ ਦਾ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ, ਕਦੇ ਨਿਰਪੱਖ ਅਤੇ ਗੰਭੀਰ ਹੋ ਕੇ ਸੋਚਣਗੀਆਂ, ਕਿ ਅਖੌਤੀ ਦਸਮ ਗ੍ਰੰਥ ਕਿਵੇਂ ਪੰਥ ਵਿਰੋਧੀਆਂ ਨੇ, ਦਸਵੇਂ ਗੁਰੂ ਦੇ ਨਾਂ ‘ਤੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕਰਕੇ, ਸਿੱਖ ਕੌਮ ਨੂੰ ਬੜੀ ਸ਼ਾਤਰਤਾ ਨਾਲ ਅੰਧਵਿਸ਼ਵਾਸ਼ੀ ਅਤੇ ਦੋਫਾੜ ਹੋਣ ਦੇ ਰਾਹੇ ਪਾਇਆ?

ਕੀ ਗੁਰਬਾਣੀ, ਅਜਿਹੇ ਗੈਰ ਗੁਰੂ ਪਦਵੀ ਵਾਲੇ, ਕਵੀਆਂ ਦੀਆਂ ਰਚਨਾਵਾਂ ਵਾਲੇ ਗ੍ਰੰਥ ਵਿੱਚ ਅੰਕਤ ਹੋ ਸਕਦੀ ਹੈ?

ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੀ ਹਰ ਤਰ੍ਹਾਂ ਨਾਲ ਅਗਵਾਈ ਕਰ ਸਕਦੀ ਹੈ ਫਿਰ ਕੁਝ ਸਿੱਖ ਹੋਰਨਾਂ ਗ੍ਰੰਥਾਂ ਤੇ ਟੇਕ ਕਿਉਂ ਰੱਖਦੇ ਹਨ?

ਅਖੌਤੀ ਦਸਮ ਗ੍ਰੰਥ ਸਿੱਖਾਂ ਨੂੰ ਲਵ-ਕੁਛ ਦੀ ਔਲਾਦ ਦਸਦਾ ਹੈ, ਕੀ ਇਹ ਠੀਕ ਹੈ?

ਕੀ ਮੱਸੇ ਰੰਗੜ ਦਾ ਸਿਰ ਵੱਢਣ ਵਾਲਾ ਬਹਾਦਰੀ ਭਰਿਆ ਕਾਰਨਾਮਾਂ, ਦਸਮ ਗ੍ਰੰਥ ਦੀਆਂ ਗੰਦੀਆਂ ਰਚਨਾਵਾਂ ਨੂੰ ਮਾਨਤਾ ਦੇਣ ਦਾ ਪੈਮਾਨਾਂ ਹੋ ਸਕਦਾ ਹੈ? ਅਤੇ ਕਿਸੇ ਦੁਸਟ ਦਾ ਸਿਰ ਵੱਢਣ ਨਾਲ ਕੱਚੀ ਅਸ਼ਲੀਲ ਰਚਨਾ ਸੱਚੀ ਗੁਰਬਾਣੀ ਬਣ ਜਾਂਦੀ ਹੈ?

ਜੇ ਦਸਮ ਗੁਰੂ ਨੇ ਕੰਪੈਰੇਟਿਵ ਸਟੱਟੀ ਵਾਸਤੇ ਹਿੰਦੂ ਗ੍ਰੰਥਾਂ ਦਾ ਉਲੱਥਾ ਕੀਤਾ ਹੈ ਤਾਂ ਫਿਰ ਹੋਰ ਧਰਮ ਗ੍ਰੰਥਾਂ ਦਾ ਕਿਉਂ ਨਹੀਂ? ਕੀ ਗੁਰੂ ਜੀ ਬਾਕੀ ਧਰਮਾਂ ਨਾਲ ਨਫਰਤ ਕਰਦੇ ਸਨ?

ਕੀ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਨੂੰ ਬਾਕੀ ਗੁਰੂਆਂ ਤੋਂ ਅਲੱਗ ਕਰਨ ਦੀ ਸੋਚੀ-ਸਮਝੀ ਸ਼ਾਜਸ ਨਹੀਂ?

ਕੀ ਗੁਰੂ ਗੋਬਿੰਦ ਸਿੰਘ ਜਾਂ ਉਨ੍ਹਾਂ ਦੇ ਨਿਕਟਵਰਤੀ ਸਿੱਖ ਵਿਦਵਾਨਾਂ ਨੇ ਜੋ ਇਤਿਹਾਸਕ ਜਾਂ ਸਾਹਿਤਕ ਰਚਨਾਵਾਂ ਲਿਖੀਆਂ ਸਨ ਜੋ ਬਹੁਤ ਸਾਰੀਆਂ ਵੈਰੀਆਂ ਦੇ ਹੱਥ ਆ ਗਈਆਂ ਅਤੇ ਸਰਸਾ ਪਾਰ ਕਰਦੇ ਸਮੇਂ ਰੁੜ ਅਤੇ ਕੁਝ ਬਚ ਗਈਆਂ, ਨੂੰ ਲੱਭ ਅਤੇ ਇਕੱਤਰ ਕਰਕੇ “ਵਿਦਿਆ ਸਾਗਰ ਗ੍ਰੰਥ” ਨਾਂ ਦੀ ਵੱਖਰੀ ਪੋਥੀ ਨਹੀਂ ਬਣਾਈ ਜਾ ਸਕਦੀ?

ਭਲਿਓ ਇੱਕ ਗ੍ਰੰਥ, ਪੰਥ, ਨਿਸ਼ਾਨ ਅਤੇ ਵਿਧਾਨ ਬਹਾਦਰ ਕੌਮਾਂ ਦੀ ਵੱਖਰੀ ਪਹਿਚਾਨ ਦੇ ਪ੍ਰਤੀਕ ਹਨ। ਇਸ ਲਈ ਸਿੱਖ ਵੀ ਇੱਕ ਵੱਖਰੀ, ਵਿਲੱਖਣ ਅਤੇ ਬਹਾਦਰ ਕੌਮ ਹੈ ਅਤੇ ਉਸ ਦਾ ਆਪਣਾ ਗ੍ਰੰਥ, ਪੰਥ, ਵਿਧਾਨ, ਕੈਲੰਡਰ ਅਤੇ ਨਿਸ਼ਾਨ ਹੈ ਜਿਸ ਤੋਂ ਮਨੁਕਰ ਨਹੀਂ ਹੋਇਆ ਜਾ ਸਕਦਾ, ਪਰ ਅੱਜ ਪੰਥ ਦੋਖੀ ਅਤੇ ਦੋਗਲੇ ਲੋਕ ਸਿੱਖਾਂ ਦੇ ਕਈ ਗ੍ਰੰਥ, ਪੰਥ, ਮਰਯਾਦਾਵਾਂ ਅਤੇ ਕੈਲੰਡਰ ਲਿਖ ਪ੍ਰਚਾਰ ਕੇ, ਕੌਮ ਦੀ ਵਿਲੱਖਣਤਾ ਨੂੰ ਨੇਸਤੋ-ਨਬੂੰਦ ਕਰਨ ਲਈ, ਤਰਲੋ ਮੱਛੀ ਹੋ ਰਹੇ ਹਨ। ਸੰਪ੍ਰਦਾਵਾਂ, ਡੇਰੇ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ ਜੋ ਬ੍ਰਾਹਮਣ ਦੇ ਕਾਸ਼ੀ ਵਾਲੇ ਤੋਤਾ ਰਟਨੀ ਪਾਠ ਪੜ੍ਹਾ ਰਹੇ ਹਨ। ਧਰਮ ਅਸਥਾਨਾਂ ਨੂੰ ਪੂਜਾ ਦੇ ਅੱਡੇ ਬਣਾ ਕੇ ਪੁਜਾਰੀ ਥਾਪੇ ਜਾ ਰਹੇ ਹਨ। ਹੁਣ ਗੁਰੂ ਗ੍ਰੰਥ ਵੀ ਸੋਹਣੇ-ਸੋਹਣੇ ਰੁਮਾਲਿਆਂ ਵਿੱਚ ਵਲੇਟ ਅਤੇ ਸੁੰਦਰ ਪਾਲਕੀਆਂ ਵਿੱਚ ਸਜਾ, ਮੂਰਤੀਆਂ ਵਾਂਗ ਮੱਥੇ ਟੇਕ ਕੇ ਪੂਜਿਆ ਜਾ ਰਿਹਾ ਹੈ।

ਸੋ ਅਖੌਤੀ ਦਸਮ ਗ੍ਰੰਥ, ਸੰਪ੍ਰਦਾਵਾਂ ਅਤੇ ਡੇਰਾਵਾਦ, ਸਿੱਖ ਕੌਮ ਦੀ ਵੱਖਰੀ ਪਹਿਚਾਨ ਅਤੇ ਸਿਧਾਂਤਕ ਵਿਚਾਰਧਾਰਾ ਨੂੰ, ਦਿਨ-ਬਾ-ਦਿਨ ਢਾਹ ਲਾ ਕੇ, ਖਤਮ ਕਰੀ ਜਾ ਰਹੇ ਹਨ। ਬਚਣ ਦਾ ਇੱਕੋ ਇੱਕ ਤਰੀਕਾ (ਇਕਾ ਬਾਣੀ ਇੱਕ ਗੁਰ) ਦੇ ਸਿਧਾਂਤ ਅਨੁਸਾਰ-ਟਕਸਾਲਾਂ, ਡੇਰੇ, ਸੰਤ-ਬਾਬਿਆਂ ਅਤੇ ਬਾਦਲਾਂ ਨੂੰ ਛੱਡਕੇ-ਇੱਕ ਗੁਰੂ ਗ੍ਰੰਥ, ਇੱਕ ਖਾਲਸਾ ਪੰਥ, ਇੱਕ ਮਰਯਾਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਤ ਹੋ ਜਾਈਏ। ਦੇਸ਼ੀ-ਵਿਦੇਸ਼ੀ ਸਾਰੇ ਗੁਰਦੁਆਰਿਆਂ ਵਿਖੇ, ਗੁਰਬਾਣੀ ਵਿਚਾਰ ਦੀਆਂ ਕਲਾਸਾਂ ਲਾ ਕੇ, ਸੰਗਤ ਨੂੰ ਗੁਰੂ ਗਿਆਨ ਦਿੱਤਾ ਜਾਵੇ ਤਾਂ ਸਿੱਖ ਕੌਮ ਦੇ ਸਿਰ ਥੋਪੇ ਗਏ ਅਖੌਤੀ ਗ੍ਰੰਥਾਂ ਅਤੇ ਸੰਤਾਂ ਤੋਂ ਸਾਡਾ ਖਹਿੜਾ ਛੁੱਟ ਸਕਦਾ ਹੈ।

Tag Cloud

DHARAM

Meta