ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਹਰਨਾਮ ਸਿੰਘ ਧੁੰਮਾਂ ਦੀਆਂ ਕੋਸ਼ਿਸ਼ਾਂ ਦੀ ਸਿੱਖ ਸੰਸਥਾਵਾਂ ਵੱਲੋਂ ਜ਼ੋਰਦਾਰ ਨਿੰਦਾ

ਕੈਲੀਫੋਰਨੀਆ, 31 ਅਕਤੂਬਰ (ਹੁਸਨ ਲੜੋਆ ਬੰਗਾ)-ਇਕ ਪਾਸੇ ਵਿਸ਼ਵ ਭਰ ‘ਚ ਜਿਥੇ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿਚ ਅਸਹਿਜ ਮਾਹੌਲ ਬਣਿਆ ਹੋਇਆ, ਉਥੇ ਇਸੇ ਮਾਹੌਲ ਦੇ ਮੱਦੇਨਜ਼ਰ ਹਰ ਥਾਂ ਜਿਥੇ ਵੀ ਕੋਈ ਆਪਣੀ ਹੋਂਦ ਰੱਖਣ ਵਾਲੀ ਸਿੱਖ ਸੰਸਥਾ ਹੈ ਜਾਂ ਗੁਰਦੁਆਰਾ ਹੈ, ਉਥੇ ਵਿਚਲੀ ਸਥਿਤੀ ਨੂੰ ਨਜਿੱਠਣ ਲਈ ਗੰਭੀਰ ਵਿਚਾਰਾਂ ਤੇ ਹੱਲ ਲਈ ਯਤਨ ਹੋ ਰਹੇ ਹਨ ਪਰ ਇਸ ਮੌਕੇ ਪੰਜਾਬ ਵਿਚ ਕਿਹੜਾ ਸਿੱਖ ਆਗੂ ਕੀ ਕਰ ਰਿਹਾ। ਉਸ ਉੱਪਰ ਵੀ ਬਾਹਰ ਬੈਠੇ ਸਿੱਖ ਇਕ-ਇਕ ਮਿੰਟ ਕੜੀ ਨਜ਼ਰ ਰੱਖ ਰਹੇ ਹਨ।

ਸਮੂਹਿਕ ਤੌਰ ‘ਤੇ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਦੀ ਕਰੜੀ ਆਲੋਚਨਾ ਕੀਤੀ ਹੈ। ਸਿੱਖ ਯੂਥ ਆਫ਼ ਅਮਰੀਕਾ ਦੇ ਭਾਈ ਜਸਜੀਤ ਸਿੰਘ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਦੀ ਇਸ ਔਖੇ ਸਮੇਂ ‘ਤੇ ਕਾਰਗੁਜ਼ਾਰੀ ਕੋਈ ਵਧੀਆ ਨਹੀਂ ਹੈ ਤੇ ਸਗੋਂ ਉਨ੍ਹਾਂ ਦੀ ਅਕਾਲੀਆਂ ਨਾਲ ਸਾਂਝ ਜੱਗ ਜ਼ਾਹਰ ਹੋ ਗਈ ਹੈ ਤੇ ਉਹ ਉਲਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਗਿਆਨੀ ਗੁਰਬਚਨ ਸਿੰਘ, ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ।

ਇਸ ਦੌਰਾਨ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਇਸ ਸਮੇਂ ਸਮੁੱਚੇ ਸਿੱਖ ਪੰਥ ਦਾ ਮਸਲਾ ਹੈ ਤੇ ਸਿੱਖ ਲੀਡਰ ਆਪਣੀ ਹਊਮੇ ਨੂੰ ਤਿਆਗਣ ਤੇ ਜਿਹੜੇ ਆਗੂ ਨਵਾਂ ਜਥੇਦਾਰ ਆਪਣੀ ਮਰਜ਼ੀ ਦਾ ਲਗਾਉਣ ਦਾ ਜੁਗਾੜ ਲਗਾ ਰਹੇ ਹਨ, ਉਨ੍ਹਾਂ ਨੂੰ ਵੀ ਸਿੱਖ ਸੰਗਤ ਮੁਆਫ਼ ਨਹੀਂ ਕਰੇਗੀ। ਪੰਜਾਬ ਵਿਚ ਹਾਲ ਹੀ ਵਿਚ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਰੋਸ ਵਿਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਵਿਚੋਂ ਵੀ ਧੁੰਮਾਂ ਮੁਕੰਮਲ ਤੌਰ ‘ਤੇ ਗ਼ੈਰ-ਹਾਜ਼ਰ ਰਿਹਾ।

ਧੁੰਮਾਂ ਦੀਆਂ ਇਨ੍ਹਾਂ ਗਤੀਵਿਧੀਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਈ ਜਸਪਾਲ ਸਿੰਘ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਕੈਨੇਡਾ ਨੇ ਕਿਹਾ ਕਿ ਵਿਦੇਸ਼ਾਂ ਵਿਚਲੇ ਸਿੱਖ ਚਾਹੁੰਦੇ ਹਨ ਕਿ ਐੱਸ.ਜੀ.ਪੀ.ਸੀ. ਨਵੇਂ ਜਥੇਦਾਰ ਲਈ ਆਮ ਸਹਿਮਤੀ ਬਣਾਏ ਜਾਂ ਫਿਰ ਉਸ ਨੂੰ ਬਣਾਇਆ ਜਾਵੇ, ਜਿਸ ਨੂੰ ਸਿੱਖ ਧਰਮ ਬਾਰੇ ਤੇ ਵਿਸ਼ਵ ਮਾਮਲਿਆਂ ਬਾਰੇ ਜਾਣਕਾਰੀ ਹੋਵੇ। ਸ਼ਰਨਜੀਤ ਸਿੰਘ ਸਿੱਖ ਕੌਂਸਲ ਸੈਂਟਰਲ ਕੈਲੀਫੋਰਨੀਆ ਨੇ ਕਿਹਾ ਕਿ ਧੁੰਮਾਂ ਨੂੰ ਪੰਜਾਬ ਦੀ ਲੀਡਰਸ਼ਿਪ ਵੱਲੋਂ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਧੁੰਮਾਂ ਦੀ ਗੱਲ ਮੰਨ ਕੇ ਅਕਾਲੀ ਇਕ ਵਾਰ ਫ਼ਿਰ ਪੰਥ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੇ ਹਨ। ਧੁੰਮਾਂ ਨੇ ਭਾਈਚਾਰੇ ਲਈ ਕਦੀ ਗੱਲ ਨਹੀਂ ਕੀਤੀ। ਪ੍ਰਧਾਨ ਨੇ ਕਿਹਾ ਕਿ ਅਸੀਂ ਬਹੁਤ ਨਰਾਜ਼ ਹਾਂ ਕਿ ਧੁੰਮਾਂ ਨੂੰ ਬਾਦਲ ਦਲ ਤੇ ਐੱਸ.ਜੀ.ਪੀ.ਸੀ. ਵੱਲੋਂ ਏਨੀ ਮਹੱਤਤਾ ਦਿੱਤੀ ਜਾ ਰਹੀ ਹੈ।

ALL ARTICLES AND NEWS

Tag Cloud

DHARAM

Meta