ਅਕਾਲਪੁਰਖ ਅੱਗੇ ਅਰਦਾਸ ਤਾਂ ਅਕਾਲਪੁਰਖ ਨੂੰ ਸਿਮਰ ਕੇ ਹੋ ਸਕਦੀ ਹੈ, ਨਾ ਕਿ ਭਗੌਤੀ ਨੂੰ ਸਿਮਰ ਕੇ -: ਸ. ਉਪਕਾਰ ਸਿੰਘ ਫ਼ਰੀਦਾਬਾਦ

– 2003 ਵਿਚ ਮੌਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ ਵਿਚ ਵੀ ਭਗੌਤੀ ਦਾ ਖਹਿੜਾ ਛੱਡ ਕੇ ਦਲੇਰੀ ਭਰਿਆ ਕਦਮ ਚੁੱਕਿਆ ਗਿਆ
ਜਸਪ੍ਰੀਤ ਕੌਰ ਫਰੀਦਾਬਾਦ : 12 ਦਸੰਬਰ 2015

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਦੁਬਈ ਦੀਆਂ ਸੰਗਤਾਂ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਇਕ ਸਾਹਸ ਵਾਲਾ ਕਦਮ ਚੁਕੱਦਿਆਂ ਭਗੌਤੀ ਦੇਵੀ ਤੋਂ ਖਹਿੜਾ ਛੱਡਾ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ। ਉਨ੍ਹਾਂ ਦਸਿਆ ਕਿ 2003 ਵਿਚ ਮੌਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ ਵਿਚ ਵੀ ਇਹ ਦਲੇਰੀ ਭਰਿਆ ਕਦਮ ਚੁੱਕਿਆ ਗਿਆ ਤੇ ਉਥੇ ਹਾਜ਼ਰੀਨ ਸੰਗਤਾਂ ਨੇ ਭਗੌਤੀ ਨੂੰ ਛੱਡ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ ਸੀ। ਇਸ ਤੋਂ ਇਲਾਵਾ ਦੇਸ਼ ਵਿਦੇਸ਼ਾਂ ਵਿਚ ਬੈਠੀਆਂ ਅਨੇਕਾਂ ਜਾਗਰੂਕ ਧਿਰਾਂ ਨੇ ਤਾਂ ਕਦੋਂ ਦਾ ਭਗੌਤੀ ਦੇਵੀ ਦਾ ਤਿਆਗ ਕਰ ਦਿੱਤਾ ਹੈ ਅਤੇ ਉਹ ਅਪਣੇ ਸਮਾਗਮਾਂ ਵਿਚ ਕੇਵਲ ਅਕਾਲਪੁਰਖ ਦਾ ਧਿਆਨ ਧਰ ਕੇ ਹੀ ਅਰਦਾਸ ਦੀ ਅਰੰਭਤਾ ਕਰਦੇ ਹਨ।

ਸ. ਉਪਕਾਰ ਸਿੰਘ ਨੇ ਦਸਿਆ ਕਿ ਅਸਲ ਵਿਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਭਗੌਤੀ ਕੀ ਵਿਚੋਂ ਜਿਸ ਭਗੌਤੀ ਸਿਮਰ ਕੈ.. ਨੂੰ ਸਿੱਖ ਅਰਦਾਸ ਦਾ ਮੁੱਖੜਾ ਬਣਾ ਕੇ ਸਾਜਸ਼ ਤਹਿਤ ਸਿੱਖ ਰਹਿਤ ਮਰਿਆਦਾ ਵਿਚ ਦਰਜ ਕੀਤਾ ਗਿਆ ਹੈ ਉਹ ਅਸਲ ਵਿਚ ਇਕ ਦੇਵੀ ਹੈ। ਜਿਸ ਨੂੰ ਅਖੌਤੀ ਦਸਮ ਗ੍ਰੰਥ ਵਿਚ ਹੀ ਕਦੇ ਦੁਰਗਾ, ਮੰਗਲਾ, ਜਯੰਤੀ, ਕਾਲੀ, ਚੰਡੀ, ਕਾਲਕਾ, ਕਪਾਲਿਨੀ, ਹਿੰਗੁਲਾ, ਪਿੰਗੁਲਾ, ਸ਼ਿਵਾ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਹ ਗੱਲ ਵਾਰ ਭਗੌਤੀ ਕੀ ਦੀ 55 ਤੇ ਅੰਤਲੀ ਪਉੜੀ ਪੜ੍ਹਨ ਨਾਲ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਜਿਸ ਵਿਚ ਸਪਸ਼ਟ ਲਿਖਾ ਹੈ ਕਿ ਅਰਦਾਸ ਵਿਚ ਦਰਜ਼ ਭਗੌਤੀ ਸਿਮਰ ਕੈ ….ਵਾਲਾ ਬੰਦ ਦੁਰਗਾ ਪਾਠ ਦਾ ਹਿੱਸਾ ਹੈ। (ਦੁਰਗਾ ਪਾਠ ਬਣਾਇਆ ਸਭੇ ਪਉੜੀਆ ਫੇਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ॥55॥ – ਅਖੌਤੀ ਦਸਮ ਗ੍ਰੰਥ/ਵਾਰ ਭਗੌਤੀ ਕੀ) ਜੇਕਰ ਕਿਸੇ ਨੂੰ ਇਸ ਗੱਲ ਬਾਬਤ ਸ਼ੰਕਾ ਹੋਵੇ ਤਾਂ ਉਹ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਵਿਰਸਾ ਸਿੰਘ ਦੇ ਡੇਰੇ ਵੱਲੋਂ 5 ਭਾਗਾਂ ਵਿਚ ਛੱਪੇ ਦਸਮ ਗ੍ਰੰਥ ਦੇ ਅਰਥ ਪੜ੍ਹ ਕੇ ਅਪਣਾ ਭੁਲੇਖਾ ਦੂਰ ਕਰ ਸਕਦਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਸਮਾਜ ਜਾਗਰੂਕ ਹੋ ਰਿਹਾ ਹੈ ਅਤੇ ਅਖੌਤੀ ਦਸਮ ਗ੍ਰੰਥ ਤੋਂ ਖਹਿੜਾ ਛੱਡਾ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮੁਤਾਬਕ ਜੀਵਨ ਜਿਉਣ ਲਈ ਨਿਡਰਤਾ ਨਾਲ ਫੈਸਲੇ ਲੈ ਰਿਹਾ ਹੈ ਜਿਸ ਨਾਲ ਪੰਥ ਵਿਰੋਧੀਆਂ ਦੀਆਂ ਤੜਫਨਾ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨੂੰ ਇੰਨ੍ਹਾਂ ਤੜਫਨ ਦੀ ਲੋੜ ਨਹੀਂ, ਕਿਉਂਕਿ ਪਿਛਲੀ ਦਿਨੀਂ ਅਖੌਤੀ ਜੱਥੇਦਾਰਾਂ ਵੱਲੋਂ ਸੌਦਾ ਸਾਧ ਦੀ ਮੁਆਫੀ ਨੂੰ ਸਹੀ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜੋ ਗੁਰੂ ਦੀ ਗੋਲਕ ਦਾ ਲੱਖਾਂ ਰੁਪਇਆਂ ਅੰਨ੍ਹੇ ਵਾਹ ਸੁਟਿਆ ਗਿਆ ਉਸ ਨਾਲ ਤੁਹਾਡੇ ਪੰਥ ਹਿਤੈਸ਼ੀ ਹੋਣ ਦਾ ਪੱਕਾ ਸਬੂਤ ਮਿਲ ਚੁੱਕਾ ਹੈ ਤੇ ਅਕਾਲੀ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਲਗਾਤਾਰ ਬੇਅਦਬੀ ਵਾਲੀਆਂ ਘਟਨਾਵਾਂ ਤੋਂ ਸਿੱਖ ਸੰਗਤਾਂ ਚੰਗੀ ਤਰ੍ਹਾਂ ਸਮਝ ਚੁਕੀਆਂ ਹਨ, ਕਿ ਅਖੌਤੀ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਵਾਗਡੋਰ ਸਾਂਭਣ ਦੇ ਸਮਰਥ ਨਹੀਂ ਹਨ । ਇਸ ਲਈ ਹੁਣ ਸਿੱਖਾਂ ਨੂੰ ਸਿੱਖ ਮਸਲਿਆਂ ਦੇ ਹੱਲ ਲਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵਿਵਾਦਤ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਵਾਰ ਭਗੌਤੀ ਕੀ ਵਿਚ ਭਗੌਤੀ ਇਕ ਦੇਵੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇਵੀ ਦੇਵਤਾਵਾਂ ਦੀ ਹੋਂਦ ਨੂੰ ਨਹੀਂ ਮੰਨਦੀ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਉਤੇ ਨਿਸ਼ਚਾ ਰਖਣ ਵਾਲੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫੈਸਲੇ ਨੂੰ ਸਮਝਦਿਆਂ ਹੋਇਆ ਬਿਨਾਂ ਦੇਰੀ ਕੀਤੇ ਨਿਡਰਤਾ ਨਾਲ ਅਪਣੇ ਸਮਾਗਮਾਂ ਵਿਚ ਹੋਣ ਵਾਲੀ ਅਰਦਾਸ ਵਿਚੋਂ ਭਗੌਤੀ ਨਾਂ ਦੀ ਦੇਵੀ ਨੂੰ ਬਹਾਰ ਕੱਢ ਕੇ, ਅਕਾਲਪੁਰਖ ਅੱਗੇ ਅਰਦਾਸ ਕਰਦਿਆਂ ਬ੍ਰਾਹਮਣਵਾਦੀ ਸੋਚ ਦੇ ਮਨਸੂਬਿਆਂ’ਤੇ ਪਾਣੀ ਫੇਰ ਦੇਣਾ ਚਾਹੀਦਾ ਹੈ।

Tag Cloud

DHARAM

Meta